
1606 ਈ: ਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਉੱਚਾ ਤਖ਼ਤ ਰਚਿਆ ਜਿਸ ਨੂੰ ਅਕਾਲ ਬੁੰਗਾ( ਅਕਾਲ ਤਖ਼ਤ) ਦਾ ਨਾਮ ਦਿੱਤਾ ।
ਤਖ਼ਤ ਦੀ ਉਸਾਰੀ ਦੇ ਸਮੇ ਖਾਸ ਧਿਆਨ ਦਿੱਤਾ। ਹਾੜ੍ਹ ਵਦੀ ਪੰਚਮੀ ਸੰਮਤ 1663 (ਈਸਵੀ ਸੰਨ 1606) ਨੂੰ ਛਠਮ ਪੀਰ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਅਰਦਾਸ ਕੀਤੀ। ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ। ਫੇਰ ਆਪ ਪਾਵਨ ਹੱਥੀਂ ਨੀਂਹ ਰੱਖੀ।
ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਅਠਵੇਂ ਅਧਿਆਏ ‘ਚ ਜ਼ਿਕਰ। ਹੈ:-
ਕਰੁ ਅਰਦਾਸਿ ਸ੍ਰੀ ਸਤਿਗੁਰੂ ਪੁਨਿ ਪ੍ਰਸਾਦਿ ਵਰਤਾਇ
ਪ੍ਰਿਥਮ ਨੀਵ ਸ੍ਰੀ ਗੁਰ ਰਖੀ ਅਬਚਲ ਤਖ਼ਤ ਸੁਹਾਇ
ਫਿਰ ਸਾਰਾ ਤਖਤ ਧੰਨ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਕੋਲੋਂ ਬਣਵਾਇਆ। ਕਿਸੇ ਵੀ ਰਾਜ ਮਿਸਤਰੀ ਜਾਂ ਮਜ਼ਦੂਰ ਨੇ ਹੱਥ ਨਹੀਂ ਲਾਇਆ। ਸਾਰੀ ਉਸਾਰੀ ਧੰਨ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਕੀਤੀ:-
ਕਿਸੀ ਰਾਜ ਨਹਿ ਹਾਥ ਲਗਾਯੋ।
ਬੁੱਢੇ ਔ ਗੁਰਦਾਸ ਬਨਾਯੋ ।
ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇਹ ਪਾਵਨ ਤਖ਼ਤ ਪੀਰੀ ਨਾਲ ਮੀਰੀ ਨੂੰ ਭਗਤੀ ਨੂੰ ਸ਼ਕਤੀ ਨਾਲ ਧਰਮ ਨਾਲ ਰਾਜ ਨੂੰ ਜੋੜਦਾ ਹੈ।
ਇਸੇ ਤਖ਼ਤ ‘ਤੇ ਬੈਠ ਕੇ ਸ਼ਾਮ ਦੇ ਸਮੇਂ ਧੰਨ ਸ੍ਰੀ ਗੁਰੂ ਹਰਿਗੋਬਿੰਦ ਦੀਵਾਨ ਲਗਾਉਂਦੇ। ਸਰਹਾਲੀ ਦੇ ਰਹਿਣ ਵਾਲੇ ਦੋ ਢਾਡੀ ਭਾਈ ਨੱਥਾ ਤੇ ਅਬਦੁੱਲਾ ਜੀ ਯੋਧਿਆਂ ਦੀਆਂ ਵਾਰਾਂ ਗਾਇਨ ਕਰਦੇ। ਸੰਗਤ ਘੋੜੇ , ਜਵਾਨੀਆਂ, ਸ਼ਸਤਰ ਭੇਟਾ ਕਰ ਕੇ ਮੀਰੀ ਪੀਰੀ ਦੇ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ। ਗੁਰੂ ਸਾਹਿਬ ਸੰਗਤਾਂ ਨੂੰ ਉਪਦੇਸ਼ ਕਰਦੇ ਕਿ ਜੇ ਕਿਸੇ ਦਾ ਕੋਈ ਝਗੜਾ ਹੁੰਦਾ ਹੈ ਤਾਂ ਸਤਿਗੁਰੂ ਏਥੇ ਹੀ ਸੱਚਾ ਨਿਆਂ ਕਰਦੇ ਹਨ।
ਇਹ ਆਜ਼ਾਦੀ ਭਰਿਆ ਜੀਵਨ ਸਮੇਂ ਦੀਆਂ ਹਕੂਮਤਾਂ ਨੂੰ ਕਦੇ ਰਾਸ ਨਹੀਂ ਆਇਆ। ਇਸ ਕਰਕੇ ਅਕਾਲ ਤਖ਼ਤ ਸਾਹਿਬ ‘ਤੇ ਵਾਰ ਵਾਰ ਹਮਲੇ ਹੋਏ ਤੇ ਅੱਜ ਤੱਕ ਹੋ ਰਹੇ ਨੇ। ਪਰ ਸੱਚੇ ਦਾ ਰਚਿਆ ਤਖਤ ਸਦਾ ਸਲਾਮਤ ਹੈ ਕਿਉਂਕਿ ਇਹ ਅਕਾਲ ਦਾ ਤਖ਼ਤ ਹੈ:-
ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥
ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ
ਮੇਜਰ ਸਿੰਘ