
(ਖ਼ਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)
ਇਸ ਸੰਸਾਰ ਪਰ ਹਰ ਇਕ ਆਦਮੀ ਭਾਵੇਂ ਉਹ ਮੂਰਖ ਹੋਵੇ ਭਾਵੇਂ ਪੰਡਤ ਭਾਵੇਂ ਨਿਰਧਨ ਹੋਵੇ ਯਾ ਧਨਵਾਨ, ਸਭ ਆਪਨਾ ਜੀਵਨ ਚਾਹੁੰਦੇ ਹਨ, ਪਰੰਤੂ ਇਸ ਬਾਤ ਨੂੰ ਭੀ ਸਭ ਜਾਨਦੇ ਹਨ ਕਿ ਸਾਡਾ ਸਦਾ ਦੇ ਲਈ ਜੀਵਨ ਅਸੰਭਵ ਹੈ, ਕਿਉਂਕਿ ਇਸ ਸੰਸਾਰ ਪਰ ਜੋ ਕੋਈ ਆਇਆ ਤਾਂ ਸੋਈ ਅੰਤ ਨੂੰ ਮ੍ਰਿਤੂ ਦਾ ਗ੍ਰਾਸ ਹੋਇਆ। ਵੱਡੇ-ਵੱਡੇ ਰਾਕਸ਼ ਜਿਨ੍ਹਾਂ ਨੂੰ ਲੋਕ ਆਖਦੇ ਹਨ ਕਿ ਉਨ੍ਹਾਂ ਨੇ ਕਾਲ ਨੂੰ ਕੈਦ ਕੀਤਾ ਹੋਇਆ ਸੀ ਸੋ ਭੀ ਉਸੇ ਕਾਲ ਦਾ ਗ੍ਰਾਸ ਹੋਏ। ਇਸੀ ਪ੍ਰਕਾਰ ਵੱਡੇ-ਵੱਡੇ ਅਵਤਾਰ ਜੋ ਸਾਖ੍ਯਾਤ ਈਸ਼੍ਵਰ ਕਹਲਾਉਂਦੇ ਸਨ ਸੋ ਭੀ ਇਸ ਕਾਲ ਦੀ ਚੋਗ ਹੋਏ। ਹੋਰ ਵੱਡੇ-ਵੱਡੇ ਮੁਨੀ ਅਰ ਪੌਨਾ ਧਾਰੀ ਜਿਨ੍ਹਾਂ ਨੇ ਕਾਲ ਤੇ ਬਚਨੇ ਲਈ ਜੋਗ ਵਿੱਢਾ ਨੂੰ ਸਾਧ ਕੇ ਭੀ ਓੜਕ ਨੂੰ ਇਸੀ ਕਾਲ ਦੇ ਜਾਲ ਵਿਚ ਫਸ ਕੇ ਮਰੇ, ਫੇਰ ਜਿਨ੍ਹਾਂ ਰਾਜਿਆਂ ਨੇ ਆਪਨੇ ਜੀਵਨ ਲਈ ਚਾਰ ਪ੍ਰਕਾਰ ਦੀ ਸੈਨਾ ਅਰ ਵੱਡੇ-ਵੱਡੇ ਭਾਰੀ ਕਿਲੇ ਬਨਾ ਕੇ ਚਾਰੇ ਪਾਸੇ ਤੋਪਾਂ ਨਾਲ ਦ੍ਰਿੜ ਕੀਤੇ ਸਨ ਸੋ ਭੀ ਇਸ ਸਾਰੇ ਸਾਜ਼ ਸਾਮਾਨ ਵਿੱਚੋਂ ਕਾਲ ਨੇ ਇਸ ਪ੍ਰਕਾਰ ਕੱਢ ਲੀਤੇ ਜਿਸ ਪ੍ਰਕਾਰ ਮੱਖਨ ਵਿੱਚੋਂ ਰੋਮ ਕੱਢ ਲਈਦਾ ਹੈ।
ਇਸ ਉਪਰਲੇ ਕਥਨ ਤੇ ਸਿੱਧ ਹੋ ਗਿਆ ਹੈ ਜੋ ਮਨੁੱਖ ਸਦਾ ਦੀ ਜ਼ਿੰਦਗੀ ਵਾਸਤੇ ਯਤਨ ਕਰਦਾ ਹੈ ਸੋ ਇਕ ਖ੍ਯਾਲੀ ਪੁਲਾਉ ਪਕਾਉਂਦਾ ਹੈ ਅਤੇ ਮ੍ਰਿਗ ਤ੍ਰਿਸ਼ਨਾ ਦੇ ਜਲ ਨਾਲ ਪਿਆਸ ਬੁਝਾਉਂਦਾ ਹੈ ਜੋ ਕਦਾਚਿੱਤ ਮਨੋਰਥ ਪੂਰਾ ਨਹੀਂ ਹੋਵੇਗਾ।
ਹੁਣ ਅਸੀਂ ਦਸਦੇ ਹਾਂ ਕਿ ਪੁਰਖ ਹਮੇਸ਼ਾਂ ਦਾ ਜੀਵਨ ਕਿਸ ਪਰਕਾਰ ਲਾਭ ਕਰ ਸਕਦਾ ਹੈ ਅਤੇ ਅਪਨੀ ਇੱਛਾ ਨੂੰ ਕਿਸ ਪਰਕਾਰ ਪੂਰੀ ਕਰ ਸਕਦਾ ਹੈ ਇਸ ਦਾ ਉੱਤਰ ਇਤਨਾ ਹੀ ਹੈ ਕਿ ਦਰਯਾ ਦੇ ਤਰੰਗ ਜੇ ਅਪਨੀ ਸਦਾ ਦੀ ਜ਼ਿੰਦਗੀ ਚਾਹੁਨ ਸੋ ਅਸੰਭਵ ਹੈ, ਪਰੰਤੂ ਜੇ ਕਰਕੇ ਉਹ ਅਪਨੇ ਆਪ ਨੂੰ ਅਮਰ ਰਖਨਾ ਚਾਹੁੰਦੇ ਹਨ ਤਾਂ ਅਪਨੇ ਜੀਵਨ ਨੂੰ ਦਰਿਆ ਪਰ ਕੁਰਬਾਨ ਕਰ ਦੇਨ ਜਿਸ ਦੇ ਉਹ ਤਿਰੰਗ ਹਨ, ਜਿਸ ਦਾ ਫਲ ਇਹ ਹੋਵੇਗਾ ਕਿ ਉਹ ਦਰਆਉ ਦਾ ਰੂਪ ਹੋ ਕੇ ਸਦਾ ਦੇ ਲਈ ਸੰਸਾਰ ਪਰ ਰਹ ਸਕਦੇ ਹਨ ਅਤੇ ਅਪਨੇ ਆਪ ਨੂੰ ਅਮਰ ਕਰ ਸਕਦੇ ਹਨ ਇਸੀ ਪ੍ਰਕਾਰ ਜੇ ਇਕ-ਇਕ ਕੌਮ ਰੂਪੀ ਦਰਯਾਉ ਦਾ ਮਨੁੱਖ ਰੂਪੀ ਤਿਰੰਗ ਅਪਨੇ ਆਪ ਨੂੰ ਅਮਰ ਰਖਨ ਦਾ ਯਤਨ ਕਰੇਗਾ ਸੋ ਅੰਤ ਨੂੰ ਰਹ ਜਾਏਗਾ, ਪਰੰਤੂ ਹਰ ਇਕ ਪੁਰਖ ਨੂੰ ਚਾਹੀਦਾ ਹੈ ਜੋ ਉਹ ਅਪਨਾ ਜੀਵਨ ਕੌਮ ਪਰ ਕੁਰਬਾਨ ਕਰੇ ਅਤੇ ਕੌਮ ਦੇ ਅਟੱਲ ਰੱਖਨ ਲਈ ਯਤਨ ਕਰੇ ਜਿਸ ਤੇ ਉਹ ਕੌਮ ਦੀ ਸੂਰਤ ਹੋ ਕੇ ਸਦਾ ਦੇ ਲਈ ਰਹ ਸਕਦਾ ਹੈ ਇਸ ਦੇ ਦ੍ਰਿਸ਼ਟਾਂਤ ਸਾਡੇ ਸਾਮੂਨੇ ਪਰਤੱਖ ਹਨ ਜੋ ਸਾਡੇ ਦਸੇ ਗੁਰੂ ਮਹਾਰਾਜ ਅਤੇ ਪੰਜੇ ਪ੍ਯਾਰੇ ਅਰ ਸ਼ਹੀਦ, ਜਤੀ, ਸਤੀ, ਹਠੀ, ਤਪੀ, ਭਾਵੇਂ ਅੱਜ ਕੱਲ ਸਾਡੀ ਦ੍ਰਿਸ਼ਟੀ ਦੇ ਗੋਚਰ ਨਹੀਂ ਹਨ, ਪਰੰਤੂ ਅਸੀਂ ਇਹ ਆਖ ਸਕਦੇ ਹਾਂ ਕਿ ਇਹ ਖਾਲਸਾ ਕੌਮ ਕੇਵਲ ਉਨ੍ਹਾਂ ਦਾ ਹੀ ਰੂਪ ਇਕ ਵੱਡਾ ਭਾਰੀ ਪ੍ਰਵਾਹ ਹੋ ਕੇ ਦਖਾਈ ਦੇ ਰਹੀ ਹੈ ਇਸੀ ਵਾਸਤੇ ਉਹ ਸਦਾ ਦੇ ਲਈ ਜ਼ਿੰਦੇ ਹਨ ਤਾਂਤੇ ਜੋ ਲੋਗ ਆਪਨਾ ਜੀਵਨ ਸਦਾ ਚਾਹੁੰਦੇ ਹਨ ਸੋ ਕੌਮ ਦੇ ਸਦਾ ਰਹਨ ਲਈ ਯਤਨ ਕਰਨ।
(ਖ਼ਾਲਸਾ ਅਖ਼ਬਾਰ ਲਾਹੌਰ, ੧੮ ਅਕਤੂਬਰ ੧੮੯੫, ਪੰਨਾ ੩)
ਗਿਆਨੀ ਦਿੱਤ ਸਿੰਘ