113 views 8 secs 0 comments

ਸਧਾਰਨ ਸਿੱਖਾਂ ਦੀ ਬਹਾਦਰੀ ਦਾ ਪ੍ਰਤੀਕ : ਫਾਰਵਰਡ ਡਿਫੈਂਸ, ਕਿਲ੍ਹਾ ਦਰਹਾਲ ਨੌਸ਼ਹਿਰਾ (ਜੰਮੂ)

ਲੇਖ
January 31, 2025

-ਸ. ਨਵਜੋਤ ਸਿੰਘ*

ਸੰਨ ੧੯੪੭ ਈ. ਦੀ ਦੇਸ਼ (ਭਾਰਤ-ਪਾਕਿਸਤਾਨ) ਦੀ ਵੰਡ ਸਮੇਂ ਪਾਕਿਸਤਾਨੀ ਫੌਜ ਅਤੇ ਕਬਾਈਲੀਆਂ/ਮੁਜ਼ਾਹੀਦੀਨਾਂ ਨੇ ਜੰਮੂ-ਕਸ਼ਮੀਰ ਵਿਚ ਵੱਡਾ ਹਮਲਾ ਕਰ ਦਿੱਤਾ ਸੀ। ਕਾਫੀ ਇਲਾਕਿਆਂ ’ਤੇ ਹਮਲਾ ਕਰਨ ਉਪਰੰਤ ਉਨ੍ਹਾਂ ਨੇ ਕਿਲ੍ਹਾ ਦਰਹਾਲ ਨੇੜ੍ਹੇ ਜੰਮੂ ਖੇਤਰ ਦੇ ਨੌਸ਼ਹਿਰਾ ਸ਼ਹਿਰ ਉੱਪਰ ਹਮਲਾ ਕੀਤਾ ਜਿੱਥੇ ਤਕਰੀਬਨ ੫੦ ਦੇ ਕਰੀਬ ਪਿੰਡ-ਵਾਸੀਆਂ ਜੋ ਜ਼ਿਆਦਾਤਰ ਸਿੱਖ ਸਨ, ਨੇ ੫੪ ਦਿਨਾਂ ਤਕ ਇਨ੍ਹਾਂ ਘੁਸਪੈਠੀਆਂ/ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਦੌਰਾਨ (੪ ਸਤੰਬਰ ਤੋਂ ੨੮ ਅਕਤੂਬਰ ਤਕ) ਤਕ ਭਾਰਤੀ ਫੌਜ ਦੀ ਕੋਈ ਟੁੱਕੜੀ ਨਹੀਂ ਪਹੁੰਚੀ। ਅਜਿਹੀ ਜੰਗ ਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ ਜਿੱਥੇ ਬਹੁਤ ਘੱਟ ਗਿਣਤੀ ਵਿਚ ਬਿਨਾਂ ਸਿਖਲਾਈ ਪ੍ਰਾਪਤ ਪਿੰਡ-ਵਾਸੀਆਂ ਨੇ ਵੱਡੀ ਗਿਣਤੀ ਵਿਚ ਦੁਸ਼ਮਣ ਫੌਜ ਦਾ ਤਕਰੀਬਨ ਦੋ ਮਹੀਨੇ ਡਟ ਕੇ ਮੁਕਾਬਲਾ ਕੀਤਾ ਸੀ।

ਉਸ ਸਮੇਂ ਸ. ਬਸੰਤ ਸਿੰਘ ੧੩ ਸਾਲ ਦੇ ਸਨ, ਉਨ੍ਹਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ ਪਿੰਡ ਵਿਚ ਤਕਰੀਬਨ ਪੰਜਾਹ ਦੇ ਕਰੀਬ ਨੌਜਵਾਨ ਸਨ ਜਿਨ੍ਹਾਂ ਦੇ ਮੁਖੀ ਜਥੇਦਾਰ ਰਾਮ ਸਿੰਘ ਅਤੇ ਸੂਬੇਦਾਰ ਰਣਜੀਤ ਸਿੰਘ ਸਨ, ਜੋ ਕਿ ਦੂਜੀ ਵਿਸ਼ਵ ਜੰਗ ਵਿਚ ਭਾਗ ਲੈ ਚੁੱਕੇ ਸਨ। ਉਨ੍ਹਾਂ ਨੇ ਖ਼ਤਰਾ ਦੇਖਦੇ ਹੋਏ ਪਿੰਡ-ਵਾਸੀਆਂ ਨੂੰ ਗੁਰੀਲਾ ਯੁੱਧ ਦੀ ਸਿਖਲਾਈ ਦੇਣੀ ਅਰੰਭ ਕਰ ਦਿੱਤੀ। ਉਨ੍ਹਾਂ ਪਾਸ ਤਕਰੀਬਨ ੨੦ ਦੇ ਕਰੀਬ ਦੂਰ ਮਾਰ ਕਰਨ ਵਾਲੀਆਂ ਰਾਈਫਲਾਂ ਅਤੇ ਕਾਫੀ ਮਾਤਰਾ ਵਿਚ ਗੋਲੀ-ਸਿੱਕਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਛੇ ਮਹੀਨੇ ਦਾ ਰਾਸ਼ਨ-ਪਾਣੀ ਵੀ ਇਕੱਠਾ ਕਰ ਲਿਆ ਸੀ।

ਕਬਾਈਲੀ ਅਤੇ ਪਾਕਿਸਤਾਨੀ ਫੌਜ ਨੇ ਸਰਹੱਦੀ ਇਲਾਕਿਆਂ ’ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਸਥਾਨਕ ਲੋਕਾਂ ਦਾ ਕਤਲ-ਏ-ਆਮ ਕਰਦੇ ਹੋਏ ੪ ਸਤੰਬਰ, ੧੯੪੭ ਈ. ਨੂੰ ਪਿੰਡ ਦਰਹਾਲ ‘ਤੇ ਹਮਲਾ ਕਰ ਦਿੱਤਾ। ਪਿੰਡ-ਵਾਸੀਆਂ ਨੇ ਅੱਗੋਂ ਜਵਾਬੀ ਫਾਇਰ ਖੋਲ ਦਿੱਤੇ ਅਤੇ ਬੜੀ ਗਹਿਗੱਚ ਜੰਗ ਸ਼ੁਰੂ ਹੋ ਗਈ ਜੋ ਕਿ ਤਕਰੀਬਨ ਦੋ ਮਹੀਨੇ ਤਕ ਜਾਰੀ ਰਹੀ। ਇਸ ਜੰਗ ਦੌਰਾਨ ਦਸ ਦੇ ਕਰੀਬ ਪਿੰਡ ਵਾਸੀ ਸ਼ਹੀਦ ਹੋਏ। ਇਸ ਜੰਗ ਵਿਚ ਬੀਬੀਆਂ ਨੇ ਵੀ ਵੱਧ-ਚੜ੍ਹ ਕੇ ਯੋਗਦਾਨ ਪਾਇਆ ਸੀ। ਆਖਿਰਕਾਰ ਜੰਮੂ-ਕਸ਼ਮੀਰ ਦੇ ਰਾਜੇ ਹਰੀ ਸਿੰਘ ਨੇ ਹਿੰਦੁਸਤਾਨ ਦੀ ਸਰਕਾਰ ਨਾਲ ਸਮਝੌਤਾ ਕਰਦਿਆਂ ਜੰਮੂ-ਕਸ਼ਮੀਰ ਸਟੇਟ ਨੂੰ ਹਿੰਦੁਸਤਾਨ ਵਿਚ ਸ਼ਾਮਿਲ ਕਰਨ ਦਾ ਫੈਸਲਾ ਲਿਆ। ਇਸ ਉਪਰੰਤ ਭਾਰਤੀ ਫੌਜ ਨੇ ਮੋਰਚਾ ਸੰਭਾਲਿਆ ਅਤੇ ਪਾਕਿਸਤਾਨੀ ਕਬਾਈਲਿਆਂ ਨੂੰ ਖਦੇੜ ਦਿੱਤਾ। ਇੱਥੇ ਇਹ ਜ਼ਿਕਰਯੋਗ ਹੈ ਕਿ ਪਹਿਲੀ ਭਾਰਤੀ ਫੌਜ ਜੋ ਕਸ਼ਮੀਰ ਵਿਚ ਦਾਖ਼ਲ ਹੋਈ ਉਹ ਸਿੱਖ ਰੈਜੀਮੈਂਟ ਸੀ।

ਪਿੰਡ-ਵਾਸੀਆਂ ਨੇ ਸ਼ਹੀਦ ਹੋਏ ਲੋਕਾਂ ਦਾ ਸਮਾਰਕ ਬਣਾਇਆ ਹੈ, ਜਿਸ ਦਾ ਨਾਮ ਸ਼ਹੀਦ ਗੁੜ ਰੱਖਿਆ ਹੈ। ਇਸ ਸਥਾਨ ’ਤੇ ਹਰ ਸਾਲ ੨੮ ਅਕਤੂਬਰ ਨੂੰ ਵੱਡਾ ਜੋੜ-ਮੇਲਾ ਲੱਗਦਾ ਹੈ ਅਤੇ ਭਾਰਤੀ ਫੌਜ ਦੀ ਟੁੱਕੜੀ ਇਨ੍ਹਾਂ ਸ਼ਹੀਦਾਂ ਨੂੰ ਸਲਾਮੀ ਦਿੰਦੀ ਹੈ। ਇਸ ਜੰਗ ਵਿਚ ਸ਼ਮੂਲੀਅਤ ਕਰਨ ਵਾਲੇ ਸ. ਭਗਵਾਨ ਸਿੰਘ, ਸ. ਈਸ਼ਰ ਸਿੰਘ, ਸ. ਬਸੰਤ ਸਿੰਘ, ਸ. ਰਘੂਜੀਤ ਸਿੰਘ ਹਾਲੇ ਵੀ ਜ਼ਿੰਦਾ ਹਨ ਅਤੇ ਉਹ ਇਸ ਜੰਗ ਬਾਰੇ ਜਾਣਕਾਰੀ ਸਭ ਨਾਲ ਸਾਂਝੀ ਕਰਦੇ ਹਨ। ਇਸ ਬਹਾਦਰੀ ਦੀ ਮਿਸਾਲ ਸਾਰੀ ਦੁਨੀਆ ਵਿਚ ਨਹੀਂ ਮਿਲਦੀ, ਜਿੱਥੇ ਮੁੱਠੀ ਭਰ ਪਿੰਡ-ਵਾਸੀਆਂ ਨੇ ਵੱਡੀ ਗਿਣਤੀ ਵਿਚ ਸਿਖਲਾਈ ਪ੍ਰਾਪਤ ਘੁਸਪੈਠੀਆਂ ਤੇ ਪਾਕਿਸਤਾਨੀ ਫੌਜ ਦਾ ਦੋ ਮਹੀਨੇ ਤਕ ਮੁਕਾਬਲਾ ਕੀਤਾ ਸੀ। ਸਾਲ ੨੦੨੨ ਵਿਚ ਇਸ ਸਾਕੇ ਨੂੰ ੭੫ ਸਾਲ ਹੋ ਚੁੱਕੇ
ਹਨ।

*ਸੁਪਰਵਾਈਜ਼ਰ, ਗੁਰਦੁਆਰਾ ਅੰਬ ਸਾਹਿਬ (ਪਾ: ਸਤਵੀਂ) ਐਸ. ਏ. ਐਸ. ਨਗਰ (ਮੋਹਾਲੀ)— ੧੬੦੦੬੨; ਮੋ. +੯੧੯੮੮੮੬੮੭੭੬੦