
ਮਨੁੱਖੀ ਜੀਵਨ ਦੇ ਦੋ ਪੱਖ ਅਨੇਕ ਰੂਪਾਂ ਵਿਚ ਹਨ ਜਿਵੇਂ : ਜੀਵਨ-ਮੌਤ, ਸੁੱਖ-ਦੁੱਖ, ਗਿਆਨ-ਅਗਿਆਨ, ਆਸ਼ਾਵਾਦੀ-ਨਿਰਾਸ਼ਾਵਾਦੀ, ਤੰਦਰੁਸਤ-ਬੀਮਾਰ, ਖ਼ੁਸ਼ੀ-ਗਮੀ ਤੇ ਏਸੇ ਪ੍ਰਕਾਰ ਹੀ ਚੜ੍ਹਦੀ ਕਲਾ ਤੇ ਢਹਿੰਦੀ ਕਲਾ। ਹੁਣ ਇਨ੍ਹਾਂ ਵਿਭਿੰਨ ਪੱਖਾਂ ਵਿੱਚੋਂ ਚੰਗੇਰੇ ਪੱਖ ਦੀ ਚੋਣ ਕਰਨ ਲਈ ਕਿਸੇ ਵੀ ਇਨਸਾਨ ਨੂੰ ਕਿਹਾ ਜਾਵੇ ਤਾਂ ਉਹ ਪਹਿਲ, ਜੀਵਨ, ਸੁੱਖ, ਗਿਆਨ, ਆਸ਼ਾਵਾਦ, ਤੰਦਰੁਸਤੀ, ਖੁਸ਼ੀ ਤੇ ਚੜ੍ਹਦੀ ਕਲਾ ਨੂੰ ਦੇਵੇਗਾ। ਹਰੇਕ ਮਨੁੱਖ ਢਹਿੰਦੀ ਕਲਾ ਵਾਲੀਆਂ ਗੱਲਾਂ ਨੂੰ ਨਕਾਰ ਦੇਵੇਗਾ। ਤੱਤਸਾਰ ਵਜੋਂ ਹਰ ਮਨੁੱਖ ਚੰਗਾ ਜੀਵਨ ਜੀਊਣਾ ਚਾਹੁੰਦਾ ਹੈ। ਇਸ ਲਈ ਚੜ੍ਹਦੀ ਕਲਾ ਸਭ ਦੁੱਖਾਂ ਦੀ ਦਵਾ ਹੈ। ਇਹ ਦੁੱਖ, ਬੀਮਾਰੀ, ਗਮੀ ਤੇ ਮੌਤ ਤੋਂ ਵੀ ਬੇਪਰਵਾਹ ਕਰ ਦੇਵੇਗੀ।
ਸੁਲਤਾਨ ਬਾਹੂ ਲਿਖਦਾ, “ਸੂਲੀ ਚੜ੍ਹ ਮਨਸੂਰ ਪੁਕਾਰੇ, ਮਿਲਦੇ ਇਸ਼ਕ ਹੁਲਾਰੇ ਹੂ ਇਹ ਵੀ ਇਕ ਅਵਸਥਾ ਹੈ।
ਇਸ ਸਬੰਧੀ ਡਾ: ਜਸਵੰਤ ਸਿੰਘ ਨੇਕੀ ਜੀ ਦਾ ਵਿਚਾਰ ਹੈ “ਚੜ੍ਹਦੀ ਕਲਾ-ਸੁਰਤ ਦੀ ਉੱਚੀ ਅਵਸਥਾ ਹੈ, ਜਿਸ ਵਿਚ ਨਿਰਭੈਤਾ, ਨਿਰਵੈਰਤਾ, ਆਤਮ ਗੌਰਵ ਤੇ ਆਤਮ ਸੰਪੰਨਤਾ ਦਾ ਸਦ-ਅਨੰਦ ਇਕਸਾਰ ਵਰਤਦਾ ਹੈ।” ਅੱਗੇ ਲਿਖਦੇ ਹਨ. “ਇਹ ਨਿਹੰਗ ਬਿਰਤੀ ਹੈ, ਫ਼ਿਕਰ ਤੋਂ ਅਤੀਤ, ਦੁੱਖ ਕਲੇਸ਼ ਤੋਂ ਉਤਾਂਹ, ਰੋਗ ਸੋਗ ਤੋਂ ਬੇਫ਼ਿਕਰ।”
ਚੜ੍ਹਦੀ ਕਲਾ – ਸਿੱਖ ਪੰਥ ਦੀ ਰੋਜ਼ਾਨਾ ਅਰਦਾਸ ਦਾ ਹਿੱਸਾ ਹੈ। “ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬੱਤ ਦਾ ਭਲਾ।।” ਇਸ ਵਿਚ ਨਾਮ, ਚੜ੍ਹਦੀ ਕਲਾ, ਭਾਣਾ ਤੇ ਸਰਬੱਤ ਦਾ ਭਲਾ ਚਾਰ ਸਿਧਾਂਤ, ਸਿੱਖੀ ਜੀਵਨ-ਜਾਚ ਦੇ ਮਜ਼ਬੂਤ ਥੰਮ੍ਹ ਹਨ। ਇਸੇ ਸਬੰਧੀ ਸੰਤ ਕਵੀ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ :
ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ,
ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ॥
ਹੁਣ ਸੁਰਤ ਕਿਸੇ ਵੀ ਇਨਸਾਨ ਦੀ ਹੋਵੇ, ਉਹਦੀ ਬਲਵਾਨਤਾ ਜਾਂ ਤਕੜਾਪਨ ਮਨੁੱਖ ਦੇ ਵਿਚਾਰਾਂ ਦੇ ਸਹਾਰੇ ਹੈ। ਅਜੋਕੇ ਸਮੇਂ ਵਿਚ ਘਰੇਲੂ ਕਲੇਸ਼, ਨਸ਼ੇ, ਬੇਚੈਨੀ, ਅਤਮ-ਹੱਤਿਆਵਾਂ ਤੇ ਮਨੋਰੋਗੀਆਂ ਦੀ ਭੀੜ ਸਭ ਢਹਿੰਦੀ ਕਲਾ ਦਾ ਪ੍ਰਗਟ ਰੂਪ ਹੈ। ਸਫਲ ਜੀਵਨ ਜੀਉਣ ਲਈ ਤਕੜੇ ਵਿਚਾਰਾਂ ਦੀ ਮਾਨਸਿਕ ਖੁਰਾਕ ਜ਼ਰੂਰੀ ਹੈ। ਸੋਚ ਬਲਵਾਨ ਤਾਂ ਚੰਗਾ ਜਹਾਨ ਸੋਚ ਕਮਜ਼ੋਰ ਤਾਂ ਜ਼ਿੰਦਗੀ ਬੋਰ। ਬਲਵਾਨ ਸੋਚ ਦਾ ਅਧਾਰ ਮਾਨਸਿਕ ਸਿਹਤ, ਚੰਗੀ ਮਿੱਤਰਤਾ, ਚੰਗੀ ਸੰਗਤ, ਚੰਗਾ ਸਾਹਿਤ, ਚੰਗੇ ਗੁਣ ਤੇ ਚੰਗੇ ਹੋਣ ਦੀ ਦ੍ਰਿੜਤਾ ਤੇ ਲਗਨ ਹੈ।
ਚੜ੍ਹਦੀ ਕਲਾ ਸਬੰਧੀ ਬੰਦਗੀ ਵਾਲੀਆਂ ਰੂਹਾਂ ਦੀ ਪ੍ਰੇਰਨਾ ਹੈ ਕਿ ਕਰਤੇ ਨੂੰ ਸਦਾ ਯਾਦ ਰੱਖੋ। ਜੇ ਕਰਤਾ ਇਕ ਹੈ ਤਾਂ ਸਮੂਹ ਮਾਨਵਤਾ ਵਿਚ ਨਫ਼ਰਤ ਹੋ ਈ ਨਹੀਂ ਸਕਦੀ। ਉਹਦਾ ਗੁਣ ਸਦੀਵ ਕਾਰਜਸ਼ੀਲ ਹੈ ਤਾਂ ਉਹਨੂੰ ਮੰਨਣ ਵਾਲਾ ਵਿਹਲੜ ਤੇ ਨਿਖੱਟੂ ਨਹੀਂ ਹੋ ਸਕਦਾ। ਉਹਦਾ ਗੁਣ ਨਿਰਭਉਤਾ ਤੇ ਨਿਰਵੈਰਤਾ ਹੈ, ਫਿਰ ਉਹਨੂੰ ਮੰਨਣ ਵਾਲਾ ਡਰ ਰਹਿਤ ਤੇ ਵੈਰ ਰਹਿਤ ਹੋਵੇਗਾ। ਉਸ ਪ੍ਰਭੂ ਦੇ ਭਾਣੇ ਵਿਚ ਜੀਉਣ ਵਾਲਾ ਤੇ ਸਰਬੱਤ ਦਾ ਭਲਾ ਮੰਗਣ ਵਾਲਾ ਢਹਿੰਦੀ ਕਲਾ ਵਾਲਾ ਹੋ ਈ ਨਹੀਂ ਸਕਦਾ। ਤੱਤਸਾਰ ਕਿ ਸਰਬੱਤ ਦਾ ਭਲਾ ਮੰਗ ਹੀ ਉਹ ਸਕਦਾ ਹੈ ਜੋ ਚੜ੍ਹਦੀ ਕਲਾ ਵਾਲਾ ਹੋਵੇ ਤੇ ਚੜ੍ਹਦੀ ਕਲਾ ਵਿਚ ਰਹਿ ਹੀ ਉਹ ਸਕਦਾ ਜੋ ਸਰਬੱਤ ਦਾ ਭਲਾ ਚਾਹੁੰਦਾ ਹੋਵੇ। ਇਹ ਅੱਜ ਸਮੂਹ ਮਾਨਵਤਾ ਦੀ ਲੋੜ ਹੈ।
ਇਧਰ ਖ਼ਾਲਸਈ ਬੋਲਿਆਂ ਨੂੰ ਵਾਚੀਏ ਤਾਂ ਚੜ੍ਹਦੀ ਕਲਾ ਪ੍ਰਤੱਖ ਝਲਕਦੀ ਹੈ। ਨੇਤਰਹੀਣ ਨੂੰ ਸੂਰਮਾ ਸਿੰਘ, ਟੁੱਟੀ ਛੰਨ ਨੂੰ ਸ਼ੀਸ਼ ਮਹਿਲ, ਛੋਲਿਆਂ ਨੂੰ ਬਦਾਮ ਦੁੱਧ ਨੂੰ ਸਮੁੰਦਰ, ਟੁੰਡੇ ਨੂੰ ਲੱਖ ਬਾਹਾ ਤੇ ਮੌਤ ਨੂੰ ਅਕਾਲ ਚਲਾਣਾ ਜਾਂ ਚੜਾਈ ਕਰ ਗਿਆ, ਕਿਤੇ ਸੋਗ ਜਾਂ ਢਹਿੰਦੀ ਕਲਾ ਹੈ ਈ ਨਹੀਂ। ਸੰਸਾਰ ਵਿਚ ਸਭ ਤੋਂ ਵੱਡਾ ਸੋਗ ਤੇ ਡਰ ਤਾਂ ਮੌਤ ਦਾ ਹੈ, ਜਿਸ ਸਬੰਧੀ ਭਗਤ ਕਬੀਰ ਜੀ ਸੰਸਾਰ ਨੂੰ ਡਰ ਮੁਕਤ ਕਰਦੇ ਹਨ :
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥
(ਅੰਗ ੧੩੬੫)
ਕਲਗੀਧਰ ਪਾਤਸ਼ਾਹ ਚੜ੍ਹਦੀ ਕਲਾ ਦਾ ਸਬਕ ਦ੍ਰਿੜਾਉਂਦਿਆਂ ਅਤਿ ਬਿਖਮ ਸਮੇਂ ਸਰਬੰਸ ਤੱਕ ਵਾਰ ਕੇ ਵੀ “ਯਾਰੜੇ ਦਾ ਸਾਨੂੰ ਸੱਥਰ ਚੰਗਾ, ਭਠ ਖੇੜਿਆਂ ਦਾ ਰਹਣਾ” ਉਚਾਰ ਰਹੇ ਹਨ। ਇਸ ਵਿਚ ਨਾਮ ਵੀ ਹੈ, ਭਾਣਾ ਵੀ, ਕਠਿਨ ਹਾਲਾਤਾਂ ਦਾ ਵਰਣਨ ਵੀ, ਪਰ ਚੜ੍ਹਦੀ ਕਲਾ ਬਰਕਰਾਰ ਹੈ।
ਤੱਤਸਾਰ ਕਿ ਜੀਵਨ ਜੀਉਣਾ ਇਕ ਜੁਗਤ ਹੈ। ਹਾਲਾਤ ਸਦਾ ਅਨੁਕੂਲ ਨਹੀਂ ਹੁੰਦੇ। ਸਮਝੋ ਵਗਦੀ ਹਵਾ ‘ਚ ਦੀਵਾ ਜਗਦਾ ਰੱਖਣਾ। ਕਰਤੇ ਤੇ ਕੁਦਰਤ ਨੂੰ ਸਮਝਣਾ ਹੈ। ਜੋ ਮਿਲਿਆ ਉਸ ਲਈ ਸ਼ੁਕਰਾਨਾ ਤੇ ਜੋ ਨਹੀਂ ਮਿਲਿਆ ਉਸ ਲਈ ਸਹੀ ਉੱਦਮ ਕਰਨਾ ਧਰਮ ਹੈ। ਲੁੱਟ ਦਾ ਮਾਲ ਅੰਤ ਨਾਲ ਨਹੀਂ ਜਾਣਾ (ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ) ਕਾਰੂੰ ਦੇ ਦੱਬੇ ਖ਼ਜ਼ਾਨੇ ਤੇ ਸਿਕੰਦਰ ਦੇ ਖਾਲੀ ਹੱਥ ਸਿਰਫ਼ ਕਹਾਣੀਆਂ ਨਹੀਂ, ਹਕੀਕਤ ਹੈ। ਸੰਸਾਰ ਤਾਂ ਚੱਲਦੀ ਸਰਾਂ ਹੈ, ਰਹਿਣ ਦਾ ਚਾਅ ਵੀ ਰੱਖਣਾ ਤੇ ਇਕ ਦਿਨ ਛੱਡ ਕੇ ਜਾਣ ਦਾ ਚੇਤਾ ਵੀ ਰੱਖਣਾ, ਇਹ ਚੜ੍ਹਦੀ ਕਲਾ ਦਾ ਸਬਕ चै।
ਡਾ. ਇੰਦਰਜੀਤ ਸਿੰਘ ਗੋਗੋਆਣੀ