
ਜੀਵਨ ਦਾ ਤੱਤ ਗਿਆਨ ਹੈ ਕਿ ਹੋਰਨਾਂ ਦਾ ਮਿੱਤਰ ਬਣਨ ਤੋਂ ਪਹਿਲਾਂ, ਹਰੇਕ ਇਨਸਾਨ ਪਹਿਲਾਂ ਆਪਣੇ-ਆਪ ਦਾ ਮਿੱਤਰ ਬਣੇ। ਸੂਖ਼ਮ ਭਾਵ ਕਿ ਆਪਣਾ ਮਿੱਤਰ ਆਪ ਬਣ ਕੇ ਹੀ ਆਪਣੇ ਸਬੰਧੀ-ਆਪਣੀ ਸ਼ਕਤੀ, ਸਮਰੱਥਾ, ਅਧਿਕਾਰ ਤੇ ਫ਼ਰਜ਼ਾਂ ਬਾਰੇ ਪੂਰਨ ਰੂਪ ਵਿਚ ਜਾਣ ਸਕਦਾ ਹੈ। ਗੁਰਬਾਣੀ ਵਿਚ “ਬੰਦੇ ਖੋਜੁ ਦਿਲ ਹਰ ਰੋਜ” ਅਤੇ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ” ਆਦਿ ਬੇਅੰਤ ਦੈਵੀ ਸ਼ਬਦ ਸਮੂਹ ਮਾਨਵਤਾ ਨੂੰ ਸਵੈ-ਚੇਤਨਾ ਲਈ ਜਾਗਰਤ ਕਰਦੇ ਹਨ। ਇਸ ਲਈ ਸਵੈ-ਚੇਤਨਾ ਦਾ ਸੰਖੇਪ ਭਾਵ ਸਵੈ ਦੀ ਸਮਝ ਜਾਂ ਆਪਣੇ-ਆਪ ਬਾਰੇ ਜਾਣਨਾ ਹੈ। ਹੋਰ ਸਰਲ ਸ਼ਬਦਾਂ ਵਿਚ ਆਪਣੇ ਗੁਣਾਂ ਔਗੁਣਾਂ ਦਾ ਗਿਆਨ ਅਤੇ ਸਭ ਤੋਂ ਉੱਪਰ ਆਪਣੇ ਜੀਵਨ ਉਦੇਸ਼ ਦਾ ਗਿਆਨ ਹੈ। ਸੰਸਾਰ ਵਿਚ ਮਨੁੱਖੀ ਸਰੀਰ ਕਰਮ-ਭੂਮੀ ਹੈ। ਜਿਹੋ ਜਿਹਾ ਕੋਈ ਮਨੁੱਖ ਬੀਜ ਬੀਜਦਾ ਹੈ, ਉਹੋ ਜਿਹਾ ਹੀ ਵੱਢਣਾ ਪੈਂਦਾ ਹੈ। ਗੁਰਬਾਣੀ ਵਿਚ ਚੇਤਾਵਨੀ ਹੈ :
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (ਅੰਗ ੧੩੪)
ਜੀਵਨ ਦੀ ਸਫਲਤਾ ਲਈ ਸਵੈ-ਚੇਤਨਾ ਸਬੰਧੀ ਕੋਈ ਇਨਸਾਨ ਖੁਦ ਕੀ ਕਰ ਸਕਦਾ ਹੈ? ਇੱਥੇ ਤਿੰਨ ਕੁ ਨੁਕਤਿਆਂ ਉੱਪਰ ਵਿਚਾਰ ਹੈ। ਪਹਿਲੀ ਗੱਲ ਕਿ ਹਰ ਇਨਸਾਨ ਇਹ ਸੋਚੇ ਕਿ ਇਸ ਸੰਸਾਰ ਵਿਚ ਮੇਰੇ ਕੁਝ ਫ਼ਰਜ਼ ਹਨ। ਜੇਕਰ ਮੈਂ ਚੰਗੇ ਸਮਾਜ ਦੀ ਉਮੰਗ ਕਰਦਾ ਹਾਂ ਤਾਂ ਉਨ੍ਹਾਂ ਵਿੱਚੋਂ ਇਕ ਮੈਂ ਵੀ ਹਾਂ। ਸਵੇਰ ਜਾਗਣ ਤੋਂ ਲੈ ਕੇ ਰਾਤੀਂ ਸੌਣ ਤੱਕ ਕੀ-ਕੀ ਕਰਨਾ ਹੈ। ਆਪਣੀ ਕਿਰਤ ਦੇ ਨਾਲ-ਨਾਲ ਖਾਣ-ਪੀਣ, ਰਹਿਣ-ਸਹਿਣ, ਸਮੇਂ ਦੀ ਕਦਰ, ਸਮਾਜਿਕ ਵਰਤਾਰਾ, ਗਿਆਨ ਦੀ ਲਾਲਸਾ, ਨਸ਼ਿਆਂ ਦਾ ਤਿਆਗ, ਚੰਗੇ ਖਿਆਲ, ਚੰਗੀ ਸਿਹਤ, ਆਲੇ ਦੁਆਲੇ ਦੀ ਸਾਫ ਸਫਾਈ ਤੋਂ ਲੈ ਕੇ ਮਾਤਾ-ਪਿਤਾ, ਪਰਿਵਾਰ ਦੀ ਜ਼ਿਮੇਵਾਰੀ ਆਦਿ ਸਭ ਜੀਵਨ ਦਾ ਅਹਿਮ ਹਿੱਸਾ ਹੈ। ਜੇਕਰ ਜੀਵਨ ਦੇ ਕੋਈ ਅਸੂਲ ਨਹੀਂ ਤਾਂ ਬੇ-ਅਸੂਲਾ ਜੀਵਨ ਧੱਕੇ ਧੋੜੇ ਤੇ ਜੂਨ ਹੰਢਾਉਣਾ ਹੁੰਦਾ ਹੈ। ਇਸ ਸਬੰਧੀ ਸਤਿਗੁਰਾਂ ਦਾ ਸਫਲ ਜੀਵਨ ਲਈ ਸਬਕ ਹੈ ਕਿ ਉੱਦਮੀ ਤੇ ਉਤਸ਼ਾਹੀ ਜੀਵਨ ਜੀਓ ਤੇ ਨੇਕ ਕਮਾਈ ਕਰਦਿਆਂ ਸੁੱਖ ਭੋਗੋ। ਉਸ ਕਰਤੇ ਨੂੰ ਯਾਦ ਰੱਖੋਗੇ ਤਾਂ ਪ੍ਰਭੂ ਮਿਲਾਪ ਤੇ ਵਿਸ਼ਾਲ ਗਿਆਨ ਸ਼ਕਤੀ ਨਾਲ ਚਿੰਤਾਵਾਂ ਤੋਂ ਮੁਕਤ ਵੀ ਹੋਵੋਗੇ। ਫ਼ਰਮਾਨ ਹੈ :
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ ੧॥ (ਅੰਗ ੫੨੨)
ਸਵੈ-ਚੇਤਨਾ ਦਾ ਦੂਜਾ ਨੁਕਤਾ ਕਿ ਹਰ ਇਨਸਾਨ ਆਪਣੀ ਹੋਂਦ ਉਸਾਰੂ ਕੰਮਾਂ ਵਿਚ ਬਣਾਏ, ਨਾ ਕਿ ਨਕਾਰੂ ਕੰਮਾਂ ਵਿਚ ਹੋਂਦ ਬਣਾਉਣ ਦੀ ਗਲਤੀ ਕਰੇ।
ਅਗਿਆਨਤਾ-ਵੱਸ ਕਈਆਂ ਨੂੰ ਫੋਕੇ ਹੀਰੋਇਜ਼ਮ ਦੇ ਭਰਮ ਨੇ ਜ਼ੀਰੋ ਕਰ ਦਿੱਤਾ ਤੇ ਜੀਵਨ ਬਾਜ਼ੀ ਹਾਰ ਗਏ। ‘ਜਬ ਚਿੜੀਆ ਚੁਗ ਗਈ ਖੇਤ’ ਸਭ ਬਾਅਦ ਦਾ ਪਛਤਾਵਾ ਹੁੰਦਾ ਹੈ।
ਆਪਣੇ ਵਿਰਸੇ ਤੇ ਵਿਰਾਸਤ ਤੋਂ ਬੇਮੁਖਤਾ ਨੇ ਕਈਆਂ ਦਾ ਜੀਵਨ ਕੇਵਲ ਹੰਕਾਰੀ ਤੇ ਨੀਰਸ ਬਣਾ ਦਿੱਤਾ। ਕਈ ਗੁਰ ਸਿੱਖਿਆ ਤੋਂ ਹੀ ਬੇਮੁੱਖ ਹਨ। ਕਈਆਂ ਨੇ ਨਸ਼ੇ ਤੇ ਵਿਹਲਪੁਣੇ ਨੂੰ ਹੀ ਜੀਵਨ ਲਕਸ਼ ਬਣਾ ਲਿਆ। ਬੇਅੰਤ ਹਉਮੈ ਵਿਚ ਹੀ ਤਬਾਹ ਹੋ ਗਏ। ਕਈਆਂ ਨੂੰ ਬੋਲੋੜੀਆਂ ਚਿੰਤਾਵਾਂ ਖਾ ਗਈਆਂ ਤੇ ਬੇਅੰਤ ਇਸ ਜੀਵਨ ਤੋਂ ਹੀ ਉਪਰਾਮ ਹਨ। ਆਸਾ ਦੀ ਵਾਰ ਵਿਚ ਸਤਿਗੁਰਾਂ ਦਾ ਉਪਦੇਸ਼ ਹੈ ਕਿ ਜਿਸ ਦੇ ਸਿਮਰਿਆਂ ਸੁੱਖ ਮਿਲਦਾ, ਉਸ ਮਾਲਕ ਨੂੰ ਯਾਦ ਕਰੋ ਅਤੇ ਉਹ ਕੰਮ ਕਦੇ ਨਾ ਕਰੋ ਜਿਸ ਦੀ ਫਿਰ ਸਜ਼ਾ ਭੁਗਤਣੀ ਪਵੇ ਤੇ ਸ਼ਰਮਿੰਦਗੀ ਹੋਵੇ। ਫ਼ਰਮਾਨ ਹੈ :
… ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥ (ਅੰਗ ੪੭੪)
ਸਵੈ-ਚੇਤਨਾ ਦਾ ਤੀਜਾ ਨੁਕਤਾ ਕਿ ਬਿਬੇਕੀ ਬਣਨਾ ਹੈ। ਬਿਬੇਕ ਦਾ ਕੋਸ਼ ਅਰਥ ਸਤ ਤੇ ਅਸੱਤ ਭਾਵ ਸੱਚ ਤੇ ਝੂਠ ਦਾ ਨਿਤਾਰਾ ਹੈ। ਸਮਾਜ ਵਿਚ ਫੈਲੇ ਫੋਕਟ ਕਰਮਕਾਂਡ, ਅੰਧਵਿਸ਼ਵਾਸ ਤੇ ਊਚ-ਨੀਚ ਦੇ ਵਿਤਕਰੇ ਨੂੰ ਤਿਆਗਣਾ ਹੈ। ਅੱਜ ਚਿੱਟ ਕੱਪੜੀਆ ਬਿਰਤੀ ਨਾਲੋਂ ਸ਼ੁੱਧ ਕਿਰਤੀ ਬਿਰਤੀ ਦੀ ਸਮਾਜ ਨੂੰ ਵਧੇਰੇ ਲੋੜ ਹੈ। ਉਤਰਾਅ ਚੜਾਅ ਹਰ ਯੁੱਗ ਵਿਚ ਰਹਿੰਦੇ ਹਨ। ਜੇਕਰ ਸਦਾ ਸੁੱਖ ਨਹੀਂ ਰਹਿੰਦੇ ਤਾਂ ਫਿਰ ਦੁੱਖ ਵੀ ਸਦਾ ਨਹੀਂ ਰਹਿੰਦੇ। ਰੁੱਤਾਂ ਦੇ ਬਦਲਾਓ, ਗਰਮੀ-ਸਰਦੀ, ਚਾਨਣ-ਹਨੇਰ, ਧੁੱਪ-ਛਾਂ ਆਦਿ ਜੀਵਨ ਦੇ ਸਦੀਵ ਸਾਥੀ ਹਨ। ਸਫਲ ਜੀਵਨ ਜੀਉਣ ਲਈ ਬਿਖੜੇ ਹਾਲਾਤਾਂ ਵਿਚ ਹੌਂਸਲਾ ਨਹੀਂ ਹਾਰਨਾ। ਫ਼ਰਮਾਨ ਹੈ :
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ॥
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥ (ਅੰਗ ੧੪੯)
ਅਜਿਹੇ ਦੈਵੀ ਗਿਆਨ ਦੀ ਸਮਝ ਜੀਵਨ ਨੂੰ ਬੇ-ਰਸ ਨਹੀਂ ਹੋਣ ਦਿੰਦੀ। ਚੇਤਨਾ ਤੇ ਸਿਆਣਪ ਸੌ ਤਾਲਿਆਂ ਦੀ ਚਾਬੀ ਹੈ। ਚਾਣਕੀਆ ਨੀਤੀ ‘ਚ ਲਿਖਿਆ ਕਿ ਸਿਰ ਉੱਪਰ ਛੱਤਰੀ ਹੋਵੇ ਤਾਂ ਮੀਂਹ ਦਾ ਕੀ ਡਰ, ਪੈਰੀਂ ਜੁੱਤੀ ਹੋਵੇ ਤਾਂ ਕੰਡਿਆਂ ਵਾਲੇ ਰਸਤੇ ਦਾ ਕੀ ਡਰ, ਜੇਕਰ ਸਿਆਣਪ ਹੋਵੇ ਤਾਂ ਕਿਸੇ ਪ੍ਰਕਾਰ ਦੇ ਦੁਸ਼ਮਣ ਤੋਂ ਡਰਨ ਦੀ ਲੋੜ ਨਹੀਂ, ਲੱਖਾਂ ਹੀ ਉਪਾਅ ਹਨ।
ਸਿਰ ਛਾਤਾ ਭੈ ਮੇਹ ਕੋ, ਕਾਂਟਾ ਜੂਤੀ ਪਾਇ।
ਕਿਆ ਸ਼ਤਰ ਭੈ ਚਤੁਰ ਕੋ, ਜਾ ਮਹਿ ਲਾਖ ਉਪਾਇ।
ਇਸ ਲਈ ਸਫਲ ਜੀਵਨ ਯਾਤਰਾ ਲਈ “ਸਵੈ-ਚੇਤਨਾ” ਕੀਮਤੀ ਸਬਕ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ