views 3 secs 0 comments

ਸਬਦੁ ਗੁਰੂ ਸੁਰਤਿ ਧੁਨਿ ਚੇਲਾ

ਲੇਖ
April 01, 2026

ਮਨੁੱਖ ਨੂੰ ਸੰਸਾਰ ਵਿਚ ਉਨਤੀ ਕਰਨ ਲਈ ਕਿਸੇ ਨ ਕਿਸੇ ਗੁਰੂ (ਉਸਤਾਦ) ਦੀ ਲੋੜ ਰਹਿੰਦੀ ਹੈ। ਗੁਰੂ ਦਾ ਅਰਥ ਹੀ ਹੈ ਕਿ ਜੋ ਇਸ ਮਨੁੱਖ ਦੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰੇ ਅਤੇ ਇਸ ਨੂੰ ਗਿਆਨ ਪ੍ਰਕਾਸ਼ ਵਿਖਾ ਕੇ ਮਾਰਗ ਤੇ ਤੁਰਨ ਦੇ ਯੋਗ ਬਣਾਏ। ਸੰਸਾਰਕ ਉਨਤੀ ਲਈ ਇਸ ਮਨੁੱਖ ਨੂੰ ਸਮੇਂ ਸਮੇਂ ਵੱਖ ਵੱਖ ਗੁਰੂਆਂ ਦੀ ਸ਼ਰਣ ਲੈਣੀ ਪੈਂਦੀ ਹੈ। ਮਾਂ ਬਾਪ, ਭੈਣ ਭਰਾ, ਮਿੱਤਰ ਸੰਬੰਧੀ, ਸਕੂਲ ਦੇ ਅਧਿਆਪਕ ਅਤੇ ਵਪਾਰਕ ਜੀਵਨ ਵਿਚ ਅਨੇਕਾਂ ਹੋਰ। ਜਿਉਂ ਜਿਉਂ ਮਨੁੱਖ ਵਿਕਸਿਤ ਹੁੰਦਾ ਹੈ ਉਸਦੀ ਲਾਲਸਾ ਹੋਰ ਬੁਲੰਦੀਆਂ ਛੋਹਣ ਦੀ ਕਰਦੀ ਹੈ ਅਤੇ ਉਹ ਚੰਗੇ ਤੋਂ ਚੰਗੇ ਉਸਤਾਦ ਦੀ ਭਾਲ ਕਰਦਾ ਹੈ, ਉਸਨੂੰ ਆਪਣਾ ਗਿਆਨਦਾਤਾ ਸਮਝਦਾ ਹੈ।

ਜੋ ਸੰਸਾਰਕ (ਸਮਾਜਿਕ, ਆਰਥਿਕ, ਰਾਜਨੈਤਿਕ) ਉਨਤੀ ਲਈ ਜ਼ਰੂਰੀ ਹੈ ਉਹੀ ਧਾਰਮਿਕ ਦੁਨੀਆ ਵਿਚ ਵੀ ਲੋੜੀਦਾ ਹੈ। ਮਨੁੱਖ ਦੀ ਮੂਲ ਲੋੜ ਸੁਖ ਸ਼ਾਂਤੀ ਦੀ ਪ੍ਰਾਪਤੀ ਅਤੇ ਅੰਤ ਵਿਚ ਜਨਮ ਮਰਨ ਤੋਂ ਮੁਕਤੀ ਪ੍ਰਾਪਤ ਕਰਨਾ ਹੈ। ਇਸ ਲਈ ਮਨੁੱਖ ਸਮੇਂ ਸਮੇਂ ਤੇ ਆਪਣੇ ਅਕੀਦੇ ਅਨੁਸਾਰ ਗੁਰੂ ਧਾਰਣ ਕੀਤੇ ਅਤੇ ਉਨ੍ਹਾਂ ਦੇ ਰਾਹੀਂ ਦੱਸੇ ਮਾਰਗ ਤੇ ਤੁਰਨਾ ਅਰੰਭ ਕਰ ਦਿੱਤਾ। ਵੇਖਣ ਵਿਚ ਆਉਂਦਾ ਹੈ ਕਿ ਭਾਵੇਂ ਇਹ ਸਾਰੇ ਸਾਧਨ ਹੀ ਮਨੁੱਖ ਨੂੰ ਅਨੇਕਾਂ ਤਰ੍ਹਾਂ ਦੇ ਸਰੀਰਕ ਕਰਮਾਂ ਵਿਚ ਪਾਉਣ ਵਾਲੇ ਸਨ ਅਤੇ ਸਰੀਰ ਨੂੰ ਕਸ਼ਟ ਵਿਚ ਪਾਉਣ ਵਾਲੇ ਹਨ, ਪਰ ਮਨੁੱਖ ਨੇ ਉਨ੍ਹਾਂ ਸਾਧਨਾ ਨੂੰ ਜੀਵਨ ਦੇ ਸੁਖ ਅਤੇ ਮੁਕਤੀ ਦਾ ਤਰੀਕਾ ਮਨ ਲਿਆ। ਇਸ ਪ੍ਰਕਾਰ ਮਨੁੱਖ ਪ੍ਰਭੂ ਪ੍ਰਾਪਤੀ ਤੋਂ ਵਾਂਝਾ ਰਹਿ ਕੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਵਿਅਰਥ ਹੀ ਗੁਆ ਕੇ ਤੁਰ ਗਿਆ।

ਇਸ ਤੋਂ ਇਲਾਵਾ ਮਨੁੱਖ ਦੀ ਅਗਿਆਨਤਾ ਦੀ ਉਦੋਂ ਹੱਦ ਨਾ ਰਹੀ ਜਦੋਂ ਇਸਨੇ ਜਿਸ ਸਾਧਨ (ਸਰੀਰ) ਰਾਹੀਂ ਗਿਆਨ (ਪ੍ਰਕਾਸ਼) ਪ੍ਰਗਟ ਹੁੰਦਾ ਵੇਖਿਆ, ਉਸ ਸਾਧਨ ਨੂੰ ਹੀ ਗੁਰੂ ਮੰਨ ਲਿਆ ਰੱਬ ਮਨ ਲਿਆ, ਅਤੇ ਗਿਆਨ ਪ੍ਰਕਾਸ਼ ਤੋਂ ਵਾਂਝਾ ਰਹਿ ਗਿਆ ਜਦੋਂ ਫੁਰਮਾਨ ਹੈ:

ਗਿਆਨ ਗੁਰੂ ਆਤਮ ਉਪਦੇਸੋ ਨਾਮ ਬਿਭੂਤ ਲਗਾਵੋ॥

ਇਹ ਮਨੁੱਖ ਸਰੀਰ ਦੀ ਪੂਜਾ ਵਿਚ ਜੁਟ ਗਿਆ। ਉਸ ਸਰੀਰ ਦੀ ਮੌਤ ਤੋਂ ਬਾਅਦ ਉਸਦੀ ਕਬਰ, ਮੂਰਤੀ, ਫੋਟ ਆਦਿ ਵਿਚ ਕੈਦ ਹੋ ਗਿਆ ਅਤੇ ਉਸਨੂੰ ਹੀ ਰਬ ਸਮਝ ਬੈਠਾ।

ਉਪਰੋਕਤ ਹਾਲਾਤ ਦੇ ਕਾਰਨ ਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸਿਧਾ ਨਾਲ ਚਰਚਾ ਹੋਈ ਤੇ ਉਨ੍ਹਾਂ ਪ੍ਰਸ਼ਨ ਕੀਤਾ:

ਕਵਣ ਮੂਲੁ ਕਵਣ ਮਤਿ ਵੇਲਾ॥

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥ (ਅੰਗ ੯੪੨)

ਪ੍ਰਸ਼ਨ ਬਹੁਤ ਗਹਿਰਾ ਹੈ। ਸਿਧ ਪੁੱਛਦੇ ਨੇ ਜੀਵਨ ਦਾ ਮੁੱਢ ਕੀ ਹੈ ਅਤੇ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਲਈ ਕਿਹੜੇ ਧਾਰਮਿਕ ਮਾਰਗਾਂ ਦਾ ਪ੍ਰਧਾਨਤਾ ਹੈ। ਤੁਹਾਡਾ ਗੁਰੂ ਕੋਣ ਹੈ ਜਿਸਦੇ ਤੁਸੀਂ ਚੇਲੇ ਹੋ ਕਿਉਂਕਿ ਉਸ ਸਮੇਂ ਦੇ ਧਾਰਮਿਕ ਮਨੁੱਖ ਦੀ ਮਾਨਸਿਕ
ਹਾਲਤ ਇਹ ਸੀ:

ਪੰਡਿਤੁ ਸਾਸਤ ਸਿਮ੍ਰਿਤਿ ਪੜਿਆ॥ ਜੋਗੀ ਗੋਰਖੁ ਗੋਰਖੁ ਕਰਿਆ॥ ( ਅੰਗ ੧੬੩)

ਗੁਰੂ ਤਾਂ ਸਰੀਰ ਤਕ ਹੀ ਸੀਮਿਤ ਹੋ ਗਿਆ ਸੀ।

ਪਰ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਉਨ੍ਹਾਂ ਦੇ ਸ਼ਬਦਾਂ ਵਿਚ ਸਰਬ ਵਿਆਪੀ, ਸਰਬ ਕਾਲੀ, ਘਟਿ ਘਟਿ ਵਿਚ ਰਮਿਆ ਅਕਾਲ ਪੁਰਖ਼ ਸੀ ਜਿਸ ਦੀ ਰੂਪ ਰੇਖਾ ਜਪੁ ਜੀ ਸਾਹਿਬ ਦੇ ਅਰੰਭ ਵਿਚ ਮੂਲ ਮੰਤਰ ਰਾਹੀਂ ਪ੍ਰਗਟ ਕੀਤੀ ਤੇ ਉਹ ਪਰਮਾਤਮਾ ਤੇ ਸ਼ਬਦ ਰੂਪ ਹੋ ਕੇ ਵਰਤ ਰਿਹਾ ਸੀ। ਸ਼ਬਦ (ਹੁਕਮ) ਹੀ ਸੀ ਜਿਸ ਰਾਹੀਂ ਪ੍ਰਭੂ ਪਰਮਾਤਮਾ ਨੇ ਆਪਣੇ ਆਪ ਨੂੰ ਨਿਰੰਕਾਰ ਤੋਂ ਸਾਕਾਰ ਰੂਪ ਕੀਤਾ ਅਤੇ ਇਸ ਸਾਰੇ ਪਾਸਾਰੇ ਵਿਚ ਸਮਾਂ ਕੇ ਵਰਤਣ ਲਗ ফিস।

ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।। (ਅੰਗ ੪੬੩)

ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਸਿਧਾ ਨੂੰ ਬੜੇ ਸੁੰਦਰ ਸ਼ਬਦਾਂ ਵਿਚ ਸਮਝਾਇਆ ਕਿ ਉਨ੍ਹਾਂ ਦਾ ਗੁਰੂ ਤਾਂ ਸ਼ਬਦ ਹੈ। ਕਿਉਂਕਿ ਸਾਰੇ ਸੰਸਾਰ ਦੀ ਹੋਂਦ ਹੀ ਸ਼ਬਦ ਤੋਂ ਹੈ।

ਕੀਤਾ ਪਸਾਉ ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਆਉ। (ਅੰਗ ੩)

ਇਕ ਸ਼ਬਦ ਇਕ ਹੁਕਮ ਜਿਸ ਰਾਹੀਂ ਸਾਰਾ ਦ੍ਰਿਸ਼ਟਮਾਨ ਪਸਾਰਾ ਹੋਂਦ ਵਿਚ ਆਇਆ

ਤੇ ਗੁਰੂ ਜੀ ਸਿਧਾ ਨੂੰ ਦਸਦੇ ਨੇ:

ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਅੰਗ ੯੪੩)

ਜੀਵਨ ਦਾ ਮੁਢ ਪ੍ਰਾਣ ਹਨ। ਮਨੁਖਾ ਜਨਮ ਹੀ ਐਸਾ ਸਮਾ ਹੈ ਜਦੋਂ ਪ੍ਰਭੂ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਸਤਿਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨ ਦਾ ਸਮਾਂ ਮਨੁੱਖਾ-ਜਨਮ ਹੀ ਹੈ।

ਇਹ ਸ਼ਬਦ ਵਿਚ ਗੁਰੂ ਹੈ – ਸਰੀਰ ਗੁਰੂ ਨਹੀਂ। ਸਰੀਰ ਤਾ ਕੇਵਲ ਸ਼ਬਦ ਨੂੰ ਪ੍ਰਗਟ ਕਰਨ ਦਾ ਸਾਧਨ ਹੈ। ਸ਼ਬਦ ਸਦੀਵੀ ਹੈ, ਸਾਧਨ ਨਾਸ਼ਵੰਤ ਹੈ। ਸਾਧਨ ਦੀ ਸੀਮਾ ਹੈ, ਸ਼ਬਦ ਅਸੀਮ ਅਤੇ ਘਟਿ ਘਟਿ ਵਿਚ ਵਿਆਪਕ ਹੈ।

ਤੇ ਦੂਸਰੇ ਸਵਾਲ-ਕਿਸਕਾ ਤੂੰ ਚੇਲਾ-ਗੁਰੂ ਜੀ ਫੁਰਮਾਉਂਦੇ ਹਨ “ਸੁਰਤਿ ਧੁਨਿ ਚੇਲਾ” ਅਰਥਾਤ ਉਸ ਸ਼ਬਦ ਦੀ ਧੁਨਿ ਨੂੰ ਆਪਣੀ ਸੁਰਤਿ ਵਿਚ ਟਿਕਾ ਲੈਣਾ ਹੀ ਚੇਲਾ ਹੋਣਾ ਹੈ। ਜੇ ਸੁਰਤਿ ਵਿਚ ਸ਼ਬਦ ਟਿਕ ਜਾਵੇ ਤਾਂ ਟਿਕੀ ਸੁਰਤਿ ਤੇ ਪ੍ਰਭੂ ਵਿਚ ਲੀਨ ਹੁੰਦੀ ਹੈ। ਇਸ ਲਈ ਸੁਰਤਿ ਧੁਨਿ ਚੇਲਾ। ਤੇ ਜੇ ਸਰੀਰ ਗੁਰੂ ਨਹੀਂ ਤਾ ਚੇਲਾ ਵੀ ਸਰੀਰ ਨਹੀਂ। ਇਹ ਭੁਲੇਖਾ ਗੁਰੂ ਨੇ ਕੱਢ ਦਿੱਤਾ। ਤੇ ਜੇ ਸਰੀਰ ਗੁਰੂ ਨਹੀਂ, ਚੇਲਾ ਵੀ ਸਰੀਰ ਨਹੀ ਤਾ ਇਸ ਸਰੀਰ ਨਾਲ ਕੀਤੇ ਅਨੇਕ ਕਰਮ ਮਨੁੱਖ ਨੂੰ ਪ੍ਰਭੂ ਤਕ ਪਹੁੰਚਣ ਵਿਚ ਅਸਮਰਥ ਹਨ ਤੇ ਇਸ ਲਈ ਸ਼ਬਦ-ਸੁਰਤਿ ਦਾ ਮੇਲ ਦੱਸ ਕੇ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਦਾ ਸ਼ੰਕਾ ਨਿਵਰਤ ਕਰ ਸੰਪੂਰਨ ਲੋਕਾਈ ਨੂੰ ਜੀਵਨ ਸੇਧ ਬਖਸ਼ੀ ਅਤੇ ਪ੍ਰਭੂ ਪਰਮਾਤਮਾ ਦੇ ਮਿਲਾਪ ਦਾ ਸਰਲ ਰਸਤਾ ਦਰਸਾਇਆ।

ਗੁਰੂ ਕਿਰਪਾ ਕਰੇ ਕਿ ਅਸੀਂ ਇਧਰ ਉਧਰ ਦੀ ਭਟਕਣਾ ਨੂੰ ਛੱਡ ਕੇ ਗੁਰੂ ਦੇ ਸਹੀ ਉਪਦੇਸ਼ ਨਾਲ ਜੁੜੀਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ।

– ਪ੍ਰਿੰ. ਨਰਿੰਦਰ ਬੀਰ ਸਿੰਘ