ਗੁਰੂ ਘਰ ਦੇ ਪ੍ਰਮੁੱਖ ਵਿਦਵਾਨ ਭਾਈ ਗੁਰਦਾਸ ਜੀ ਇਕ ਕਾਵਿ-ਬੰਦ ਵਿਚ ‘ਗੁਰ-ਸ਼ਬਦ ਦਾ ਮਹਾਤਮ ਦਸਦੇ ਫੁਰਮਾਨ ਕਰਦੇ ਹਨ –
ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ॥
(ਕਬਿੱਤ ਭਾਈ ਗੁਰਦਾਸ ਜੀ)
ਅਰਥਾਤ ਗੁਰਬਾਣੀ ਦੇ ਇਕ ਸ਼ਬਦ ਦੀ ਸਿੱਖਿਆ ਦੇਣ ਦਾ ਪੁੰਨ ਸੋਨੇ ਦੋ ਸੱਤ ਮੰਦਰ ਉਸਾਰਨ ਦੇ ਪੁੰਨ ਬਰਾਬਰ ਹੈ। ਨਿਰਸੰਦੇਹ ‘ਧੁਰ ਕੀ ਬਾਣੀ’ ਦੇ ਇਕ ਸ਼ਬਦ ਨੂੰ ਸਿੱਖਣਾ, ਸਿਖਾਉਣਾ ਅਤੇ ਵੀਚਾਰ ਕਰਨੀ ਬਹੁਤ ਵੱਡਾ ਨੇਕ ਅਮਲ ਹੈ। ਗੁਰਬਾਣੀ ਵਿਚ ਸ਼ਬਦ ਦੀ ਵੀਚਾਰ ਨੂੰ ਸਰਵੋਤਮ ਮੰਨਿਆ ਗਿਆ ਹੈ:-
ਸਭਸੈ ਊਪਰਿ ਗੁਰ ਸਬਦੁ ਬੀਚਾਰੁ॥
ਹੋਰ ਕਥਨੀ ਬਦਉ ਨ ਸਗਲੀ ਛਾਰੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 904)
ਐਸਾ ਕਿਉਂ ਕਿਹਾ ਗਿਆ ਹੈ? ਇਸ ਲਈ ਕਿ ‘ਸ਼ਬਦ ਦੀ ਵੀਚਾਰ’ ਹੀ ਮਨੁੱਖ ਨੂੰ ਮਨੁੱਖਾ ਜੀਵਨ ਦੇ ਸਹੀ ਲਕਸ਼ ਦੀ ਪਛਾਣ ਕਰਾਉਣ ਅਤੇ ਮਾਰਗ ਦਰਸ਼ਨ ਕਰਨ ਦੇ ਸਮਰੱਥ ਹੈ। ਕੁਦਰਤ ਦੀ ਸਾਰੀ ਰਚਨਾ ਵਿਚ ਮਨੁੱਖ ਨੂੰ ਇਸ ਲਈ ਸਰਵੋਤਮ ਮੰਨਿਆ ਜਾਂਦਾ ਹੈ ਕਿਉਂਕਿ ਉਹ ਬੁੱਧੀ ਰਾਹੀਂ ਗਿਆਨ ਪ੍ਰਾਪਤ ਕਰਨ ਦੇ ਸਮਰੱਥ ਹੈ ਅਤੇ ਬਿਬੇਕ ਰਾਹੀਂ ਪੁੰਨ-ਪਾਪ, ਚੰਗੇ-ਬੁਰੇ ਦੀ ਪਹਿਚਾਣ ਕਰ ਸਕਦਾ ਹੈ। ਸਰੀਰਕ ਜੀਵਨ ਤੋਂ ਉਪਰ ਉਠ ਕੇ ਆਤਮ-ਪਰਮਾਤਮ ਦਾ ਗਿਆਨ ਹਾਸਲ ਕਰ ਸਕਦਾ ਹੈ। ਵਿਗਾਸ-ਮਈ ਅਨੰਦ-ਮਈ ਜੀਵਨ ਜੀਉਣ ਲਈ ਯਤਨਸ਼ੀਲ ਹੋ ਸਕਦਾ ਹੈ। ਆਪਣੇ ਦੁਖਾਂ, ਕਲੇਸ਼ਾਂ, ਫਿਕਰਾਂ, ਅੰਦੇਸ਼ਿਆਂ ਤੋਂ ਮੁਕਤ ਹੋ ਸਕਦਾ ਹੈ। ਗੁਰ-ਸ਼ਬਦ ਦੀ ਵੀਚਾਰ ਸੱਚੇ-ਮਾਰਗ ਦੀ ਪਛਾਣ ਬਖਸ਼ ਕੇ ਸੱਚ ਦੀ ਪ੍ਰਾਪਤੀ ਦਾ ਖੁਦ ਸਾਧਨ ਹੋ ਨਿਬੜਦੀ ਹੈ। ਆਉ, ਗੁਰਬਾਣੀ ਦੇ ਕੁਝ ਪ੍ਰਮਾਣਾਂ ਰਾਹੀਂ ਇਸ ਗੰਭੀਰ ਅਤੇ ਅਹਿਮ ਮਸਲੇ ਨੂੰ ਵਿਚਾਰੀਏ।
ਤੀਜੇ ਪਾਤਸ਼ਾਹ ਇਕ ਸ਼ਬਦ ਵਿਚ ਇਹ ਵਿਚਾਰ ਬਖਸ਼ਦੇ ਹਨ ਕਿ ਜਿਨ੍ਹਾਂ ਮਨੁੱਖਾਂ ਅੰਦਰ ਆਤਮਕ ਸੂਝ-ਬੂਝ ਨਹੀਂ, ਜੋ ਪ੍ਰਭੂ-ਪ੍ਰੇਮ ਦੀ ਚਿਣਗ ਤੋਂ ਵਿਰਵੇ ਹਨ, ਉਹ ਮਨੁੱਖ, ਮਨੁੱਖ ਦੀ ਜੂਨ ਵਿਚ
ਹੁੰਦੇ ਹੋਏ ਵੀ ਪਸ਼ੂ ਸਮਾਨ ਹਨ :-
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥
ਓਇ ਮਾਣਸ ਜੂਨਿ ਨ ਆਖੀਅਨਿ ਪਸੁ ਢੋਰ ਗਾਵਾਰ॥
ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਿਉ ਪ੍ਰੀਤਿ ਨ ਪਿਆਰੁ॥
ਮਨਮੁਖ ਮੁਏ ਵਿਕਾਰ ਮਹਿ ਮਰਿ ਜਮਹਿ ਵਾਰੋ ਵਾਰ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1418
ਗੁਰੂ ਅਰਜਨ ਦੇਵ ਜੀ ਅਨੁਸਾਰ ਜੀਵਨ ਲਕਸ਼ ਨੂੰ ਸਮਝੇ ਬਿਨਾਂ ਮਨੁੱਖ ਦਾ ਸੰਸਾਰ ਵਿਚ ਆਉਣਾ ਵਿਅਰਥ ਹੈ। ਉਸਦਾ ਸਰੀਰ ਨੂੰ ਪਾਲਣਾ, ਸ਼ਿੰਗਾਰ ਕਰਨਾ, ਸੰਵਾਰਨਾ ਇੰਜ ਨਿਰਾਰਥਕ ਹੈ ਜਿਵੇਂ ਮੁਰਦੇ ਨੂੰ ਸ਼ਿੰਗਾਰਨਾ, ਸੰਵਾਰਨਾ :-
ਮਾਨੁਖੁ ਬਿਨੁ ਬੂਝੇ ਬਿਰਥਾ ਆਇਆ॥
ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 712)
ਗੁਰ ਸ਼ਬਦ ਦੀ ਵੀਚਾਰ ਹਲੂਣਾ ਦੇ ਕੇ ਮਨੁੱਖ ਨੂੰ ਪੁੱਛਦੀ ਹੈ, ਭਾਈ! ਸੁਣ, ਸੋਚ ਵੀਚਾਰ ਕੇ ਦਸ, ਤੂੰ ਕੌਣ ਹੈਂ? ਤੂੰ ਕਿੱਥੋਂ ਚੱਲ ਕੇ ਇਸ ਜਨਮ ਵਿਚ, ਇਸ ਸੰਸਾਰ ਵਿਚ ਆਇਆ ਹੈ? ਤੇਰਾ ਅਸਲਾ ਕੀ ਹੈ? ਤੇਰਾ ਏਥੇ ਆਉਣ ਦਾ ਮੰਤਵ ਕੀ ਹੈ? ਤੈਨੂੰ ਏਨੀ ਖਬਰ ਵੀ ਨਹੀਂ ਤੇ ਤੂੰ ਏਨਾ ਮਾਣ ਕਰਦਾ ਫਿਰਦਾ ਹੈਂ?
ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ॥
ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 999)
ਸ਼ਬਦ ਦੇ ਪ੍ਰਾਰੰਭ ਵਿਚ ਬੜਾ ਗੰਭੀਰ ਪ੍ਰਸ਼ਨ ਪੁੱਛਿਆ ਹੈ। ਹੇ ਮਨੁੱਖ! ਤੈਨੂੰ ਆਪਣੇ ਨਾਮ ਨਾਲ ਅਤਿਅੰਤ ਪਿਆਰ ਹੈ, ਸਗੋਂ ਬਹੁਤ ਅਹੰਕਾਰ ਹੈ। ਏਸੇ ਲਈ ਜਦੋਂ ਕੋਈ ਦੂਜਾ ਮਨੁੱਖ ਤੇਰਾ ਨਾਮ ਲੈ ਕੇ ਫਿੱਕੇ ਬਚਨ ਬੋਲਦਾ ਹੈ, ਗਾਲ੍ਹਾਂ ਕੱਢਦਾ ਹੈ, ਤਾਂ ਇਸ ਨਾਲ ਤੈਨੂੰ ਕਿਹੜੇ ਫੱਟ ਲਗਦੇ ਹਨ ਕਿ ਤੂੰ ਕ੍ਰੋਧਵਾਨ ਹੋ ਜਾਂਦਾ ਹੈਂ? ਇਹ ਤੇਰਾ ਨਾਮ, ਅਹੰਕਾਰ, ਕਿੱਥੇ ਟਿਕਿਆ ਹੋਇਆ ਹੈ :-
ਕਵਨ ਥਾਨ ਧੀਰਿਓ ਹੈ ਨਾਮਾ ਕਵਲ ਬਸਤੁ ਅਹੰਕਾਰਾ॥ ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 999)
ਇਸੇ ਸ਼ਬਦ ਵਿਚ ਅਗਲਾ ਪ੍ਰਸ਼ਨ ਇਹ ਹੈ ਕਿ ਮਨੁੱਖ ਦਾ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਇਹ ਤੱਤ ਗੁਣ-ਭਰਪੂਰ ਹਨ। ਪਉਣ ਤੇ ਪਾਣੀ ਸਹਿਨਸ਼ੀਅਤਾ ਦੇ ਗੁਣ ਰਖਦੇ ਹਨ। ਧਰਤੀ ਵਿਚ ਖਿਮਾ ਦਾ ਤੱਤ ਹੈ। ਫਿਰ ਇਹ ਹਉਮੈ, ਅਹੰਕਾਰ ਕਿੱਥੋਂ ਆ ਗਏ?
ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ॥
ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 999)
ਸਾਰੀ ਸਮੱਸਿਆ ਦਾ ਸਮਾਧਾਨ ਗੁਰੂ ਜੀ ਨੇ ਸ਼ਬਦ ਦੇ ਤੀਜੇ ਅਤੇ ਚੌਥੇ ਅੰਕ ਵਿਚ ਦਸ ਦਿੱਤਾ ਹੈ :-
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 712)
ਅਰਥਾਤ ਇਹ ਸਾਰਾ ਜਗਤ-ਖਿਲਾਰਾ ਨਾਸ਼ਵੰਤ ਹੈ। ਇਸ ਰਚਨਾ ਵਿਚ ਸਥਿਰਤਾ ਦਾ ਕੋਈ ਬਰਨ ਚਿਹਨ ਨਹੀਂ ਹੈ। ਜਦੋਂ ਪ੍ਰਮਾਤਮਾ ਇਸ ਖੇਡ ਨੂੰ ਸਮੇਟ ਲੈਂਦਾ ਹੈ ਤਦੋਂ ਉਹ ਇੱਕੋ ਇੱਕ ਆਪ ਹੀ ਆਪ ਹੋ ਜਾਂਦਾ ਹੈ।
ਸ਼ਬਦ ਦੀ ਵਿਚਾਰ ਦੀ ਐਸੀ ਮਾਨਤਾ ਅਤੇ ਮਹਾਨਤਾ ਹੈ ਕਿ ਇੱਕ-ਇੱਕ ਸ਼ਬਦ ਵਿਚ ਜੀਵਨ ਦਾ ਪੂਰਾ ਰਹੱਸ ਬੜੇ ਸਪੱਸ਼ਟ ਸ਼ਬਦਾਂ ਵਿਚ ਅਤੇ ਸਰਲ ਤੋਂ ਸਰਲ ਢੰਗ ਨਾਲ ਦਸ ਦਿੱਤਾ ਹੈ। ਸਫ਼ਲ ਜੀਵਨ. ਕਿਹੜਾ ਹੈ? ਕੈਸਾ ਹੈ? ਕਿਵੇਂ ਜੀਵਿਆ ਜਾਵੇ? ਗੁਰ ਸ਼ਬਦ ਦੀ ਵਿਚਾਰ ਨਾਲ ਸੱਚਾ ਮਾਰਗ ਦਿਸ ਪੈਂਦਾ ਹੈ। ਗੁਰੂ ਜੀ ਸੇਧ ਬਖਸ਼ਦੇ ਫੁਰਮਾਨ ਕਰਦੇ ਹਨ:-
ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1019)
ਜੀਵਤ ਜੀਵਤ ਜੀਵਤ ਰਹਹੁ॥
ਰਾਮ ਰਸਾਇਣੁ ਨਿਤ ਉਠਿ ਪੀਵਹੁ॥
ਹਰਿ ਹਰਿ ਹਰਿ ਹਰਿ ਰਸਨਾ ਕਹਹੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1138)
ਤ੍ਰਿਪਤਿ ਭਈ ਸਚੁ ਭੋਜਨ ਖਾਇਆ॥ ਮਨਿ ਤਨਿ ਰਸਨਾ ਨਾਮੁ ਧਿਆਇਆ॥੧॥ ਜੀਵਨਾ ਹਰਿ ਜੀਵਨਾ॥ ਜੀਵਨੁ ਹਰਿ ਜਪਿ ਸਾਧਸੰਗਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 684)
ਨਿਰਸੰਦੇਹ ਗੁਰਬਾਣੀ ਸਾਡੇ ਜੀਵਨ ਦਾ ਸਹੀ ਸਹਾਰਾ ਹੈ :-
ਜਿਉ ਮੰਦਰ ਕਉ ਥਾਮੈ ਥੰਮਨੁ॥
ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 282)
ਆਉ, ਗੁਰੂ ਦੇ ਸ਼ਬਦ ਅਤੇ ਸ਼ਬਦ ਦੀ ਵਿਚਾਰ ਤੋਂ ਸੇਧ ਲੈ ਕੇ ਜੀਵਨ ਨੂੰ ਸ਼ਬਦ ਦੀ ਸੱਚੀ ਟਕਸਾਲ ਵਿਚ ਘੜੀਏ ਤੇ ਜੀਵਨ ਵਿਚ ਨਾਮ-ਬਾਣੀ ਦੇ ਸਹਜ, ਸੰਤੋਖ, ਅਨੰਦ ਨੂੰ ਮਾਣੀਏ।
ਪ੍ਰਿੰ. ਡਾ. ਜਗਜੀਤ ਸਿੰਘ
