ਅਸੀਂ ਬਹੁਤ ਜਗ੍ਹਾ ਲਿਖਿਆ ਪੜ੍ਹਦੇ ਹਾਂ ਕਿ ਸਮੇਂ ਦੀ ਕਦਰ ਕਰੋ। ਵਿਦਿਆਰਥੀ ਦਾ ਸਵਾਲ ਕਿ ਸਮੇਂ ਦੀ ਕਦਰ ਕਿਵੇਂ ਕਰੀਏ ?
ਪਹਿਲੀ ਗੱਲ ਕਿ ਸਮਾਂ ਕੀ ਹੈ? ਸਮਾਂ (Time) ਅੰਗਰੇਜ਼ੀ-ਪੰਜਾਬੀ ਕੋਸ਼ ਵਿਚ ਇਸ ਦੇ ਅਰਥ-ਵਕਤ, ਕਾਲ, ਫੁਰਸਤ, ਮੌਕਾ, ਦਫ਼ਾ, ਮਿਆਦ, ਮੁਹਲਤ ਆਦਿ ਹਨ। ‘ਸਮ ਅਰਥ ਕੋਸ਼ (Dictionary of Synonymous) ਵਿਚ ਸਮੇਂ ਲਈ 46 ਸ਼ਬਦ ਹਨ, ਜਿਨ੍ਹਾਂ ਵਿੱਚੋਂ ਕੁਝ ਚੋਣਵੇਂ ਸ਼ਬਦ ਅਉਸਰ, ਅਰਸਾ, ਅਵਸਰ, ਘੜੀ, ਚਿਰ, ਬਾਰ, ਮਹੂਰਤ, ਮੌਕਾ, ਯੁੱਗ, ਵਕਤ, ਵੇਰ ਤੇ ਵੇਲਾ ਆਦਿ ਆਮ ਪ੍ਰਚੱਲਤ ਹਨ।
ਵਿਦਵਾਨਾਂ ਦਾ ਵਿਚਾਰ ਹੈ ਕਿ ਜੋ ਇਨਸਾਨ ਸਵੇਰੇ ਜਲਦੀ ਜਾਗਦਾ ਅਤੇ ਆਪਣੇ ਸਮੇਂ ਨੂੰ ਵਿਅਰਥ ਨਹੀਂ ਗਵਾਉਂਦਾ, ਉਹੀ ਸਫਲਤਾ ਪ੍ਰਾਪਤ ਕਰਦਾ ਹੈ। ਦਰਅਸਲ ਅਸੀਂ ਸਭ ਸਮੇਂ ਜਾਂ ਕਾਲ ਦੀ ਸੀਮਾ ਵਿਚ ਜੀਵਨ ਗੁਜ਼ਾਰਦੇ ਹਾਂ। ਕੁਦਰਤ ਸਾਰਿਆਂ ਨੂੰ ਇਕੋ ਜਿਹਾ ਸਮਾਂ ਤੇ ਮੌਕਾ ਦਿੰਦੀ ਹੈ। ਸਮੇਂ ਦੀ ਕਦਰ ਕਰਨ ਵਾਲਾ ਜਾਂ ਕੀਮਤ ਸਮਝਣ ਵਾਲਾ ਜੀਵਨ ਵਿਚ ਲਾਹਾ ਪ੍ਰਾਪਤ ਕਰ ਲੈਂਦਾ ਹੈ ਅਤੇ ਸਮੇਂ ਦੀ ਕੀਮਤ ਤੋਂ ਅਨਜਾਣ ਅਤੇ ਵਿਹਲਾ ਰਹਿਣ ਵਾਲਾ ਇਨਸਾਨ ਸਮਾਂ ਬਰਬਾਦ ਕਰ ਲੈਂਦਾ ਹੈ।
ਸਮੇਂ ਦੀ ਕਦਰ ਕੀ ਹੈ? ਅਸੀਂ ਆਪਣੇ ਰੋਜ਼ਾਨਾ ਦੇ ਕੰਮ-ਕਾਰ ਤੇ ਕਾਰ-ਵਿਹਾਰ ਲਈ ਇਸ ਦੀ ਵੰਡ ਕਰਨੀ ਹੈ ਵਿਦਿਆਰਥੀ ਜੀਵਨ ਉਸ ਦਾ ਸਫਲ ਹੁੰਦਾ, ਜਿਸ ਦੀ ਸਮਾਂ ਸੂਚੀ (Time Table) ਨਿਸਚਤ ਹੋਵੇ। ਤੁਸੀਂ ਕਿਸੇ ਵੀ ਖੇਤਰ (Field) ਦੇ ਸਫਲ ਮਨੁੱਖ ਦੀ ਜੀਵਨੀ ਪੜ੍ਹੋ ਤਾਂ ਇਕ ਨੁਕਤਾ ਸਭ ਦਾ ਸਾਂਝਾ ਹੋਵੇਗਾ ਕਿ ਉਨ੍ਹਾਂ ਨੇ ਆਪਣੇ ਜੀਵਨ ਨੂੰ ਇਕ ਨਿਯਮ (Discipline) ਅਨੁਸਾਰ ਜੀਵਿਆ। ਸਵੇਰੇ ਜਾਗਣ ਦਾ ਸਮਾਂ. ਕਸਰਤ ਜਾਂ ਸੈਰ ਦਾ ਸਮਾਂ, ਪੜਨ ਦਾ ਸਮਾਂ, ਖਾਣ ਪੀਣ ਦਾ ਸਮਾਂ, ਕਿਰਤ ਦਾ ਸਮਾਂ. ਖੋਜ ਦਾ ਸਮਾਂ, ਸੌਣ ਦਾ ਸਮਾਂ ਆਦਿ।
ਇਕ ਗੱਲ ਸਪੱਸ਼ਟ ਕਿ ਅਸੀਂ ਸਮਾਂ ਨਹੀਂ ਬਿਤਾਉਂਦੇ ਸਗੋਂ ਸਮਾਂ ਸਾਨੂੰ ਪਛਾੜ ਕੇ ਲੰਘ ਰਿਹਾ ਹੈ। ਸਾਡਾ ਬਹੁਤਾ ਸਮਾਜ ਅੱਜ ਕੱਲ੍ਹ ਕਰਦਿਆਂ ਜੀਵਨ ਦਾ ਕੀਮਤੀ ਸਮਾਂ ਬਰਬਾਦ ਕਰ ਲੈਂਦਾ ਹੈ। ਅਸੀਂ ਤਾਂ ਹਰ ਦਿਨ ਚੌਵੀ ਘੰਟਿਆਂ ਦੀ ਤਰਤੀਬ (Plan) ਨਾਲ ਵੰਡ ਕਰਨੀ ਹੈ। ਸਾਡੇ ਬਜ਼ੁਰਗਾਂ ਨੇ ਜੀਵਨ ਦਾ ਤੱਤਸਾਰ ਦਿੱਤਾ ਹੈ. “ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ। ਉਮਰ ਹੱਡਾਂ ਨੂੰ ਖਾ ਰਹੀ, ਜਿਉਂ ਲੱਕੜੀ ਨੂੰ ਘੁਣ।”
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਸਮੂਹ ਮਨੁੱਖਤਾ ਨੂੰ ਇਕ ਸਬਕ ਦਿੱਤਾ ਹੈ ਕਿ “ਵਖਤੁ ਵੀਚਾਰੇ ਸੁ ਬੰਦਾ ਹੋਇ॥” ਇਸੇ ਤਰ੍ਹਾਂ ਸਮੇਂ ਦੀ ਮਹਾਨਤਾ ਨੂੰ ਬਿਆਨ ਕਰਦਿਆਂ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਕੱਲ (Yesterday), ਜੋ ਦਿਨ ਬੀਤ ਗਿਆ ਉਹ ਦੂਰ ਚਲਾ ਗਿਆ ਅਤੇ ਭਲਕ (Tomorrow), ਆਉਣ ਵਾਲਾ ਦਿਨ ਅਜੇ ਸਾਡੇ ਪਾਸ ਨਹੀਂ ਹੈ। ਇਸ ਲਈ ਜੋ ਅੱਜ ਦਾ ਦਿਨ (Today) ਭਾਵ ਵਰਤਮਾਨ ਹੈ, ਇਹ ਸੋਚਾਂ ਸੋਚਦਿਆਂ ਹੀ ਨਾ ਬੀਤ ਜਾਵੇ ਅਤੇ ਕੀਮਤੀ ਸਮਾਂ ਮੁਫਤ ਵਿਚ ਨਾ ਗੁਆਚ ਜਾਏ। ਇਸ ਲਈ ਹਰ ਪਲ ਦਾ ਲਾਹਾ ਲਵੋ। ਭਾਈ ਸਾਹਿਬ ਜੀ ਦੇ ਕੀਮਤੀ ਬੋਲ ਸਭਨਾ ਲਈ ਪ੍ਰੇਰਕ ਸ਼ਕਤੀ ਹਨ :
‘ਕੱਲ੍ਹ ਚੁੱਕੀ ਹੈ ਬੀਤ, ‘ਭਲਕ ਅਜੇ ਹੈ ਦੂਰ, ਵਕਤ ਤੋਂ ਦੂਰ ਨਸਾਈ। ਨਹੀਂ ਵਿਚ ਹੱਥਾਂ ਆਈ। ‘ਅੱਜ’ ਅਸਾਡੇ ਕੋਲ, ਵਿਚ ਪਰ ਫ਼ਿਕਰਾਂ ਚਾਈ। ‘ਕੱਲ੍ਹ ‘ਭਲਕ ਦੀ ਸੋਚ, ‘ਅੱਜ ਇਹ ਮੁਫ਼ਤ ਗਵਾਈ।
ਡਾ. ਇੰਦਰਜੀਤ ਸਿੰਘ ਗੋਗੋਆਣੀ
