132 views 2 secs 0 comments

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

ਲੇਖ
April 14, 2025

੨੦ ਅਪ੍ਰੈਲ ਨੂੰ ਅਕਾਲ ਚਲਾਣੇ ‘ਤੇ

-ਡਾ. ਗੁਰਪ੍ਰੀਤ ਸਿੰਘ

੧੭੨੩ ਈ. ਵਿਚ ਪਿੰਡ ਈਚੋਗਿੱਲ ਵਿਖੇ ਬੀਬੀ ਗੰਗੋ ਦੀ ਕੁੱਖੋਂ ਗਿ. ਭਗਵਾਨ ਸਿੰਘ ਦੇ ਘਰ ਇਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਮ ਜੱਸਾ ਸਿੰਘ ਰੱਖਿਆ ਗਿਆ। ਜੱਸਾ ਸਿੰਘ ਦਾ ਪਿਤਾ ਭਗਵਾਨ ਸਿੰਘ ਵਜ਼ੀਰਾਬਾਦ ਵਿਖੇ ਨਾਦਰ ਸ਼ਾਹ ਦੀਆਂ ਫ਼ੌਜਾਂ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਛੋਟੇ ਘੱਲੂਘਾਰੇ ਸਮੇਂ ਜੱਸਾ ਸਿੰਘ ਸਖ਼ਤ ਜ਼ਖ਼ਮੀ ਹੋ ਗਿਆ ਸੀ। ਇਸ ਦੀ ਇਕ ਲੱਤ ਵਿਚ ਗੋਲੀ ਲੱਗੀ ਸੀ। ਛੋਟੇ ਘੱਲੂਘਾਰੇ ਤੋਂ ਬਾਅਦ ਜੱਸਾ ਸਿੰਘ ਨੇ ਸ੍ਰੀ ਅੰਮ੍ਰਿਤਸਰ ਵਿਖੇ ਰਾਮਗੜ੍ਹ ਨਾਂ ਦਾ ਕਿਲ੍ਹਾ ਬਣਾਇਆ ਜਿਸ ਤੋਂ ਇਸ ਦਾ ਨਾਮ ਰਾਮਗੜ੍ਹੀਆ ਪੈ ਗਿਆ।

ਵੱਡੇ ਘੱਲੂਘਾਰੇ ਤੋਂ ਬਾਅਦ ਜੱਸਾ ਸਿੰਘ ਸ੍ਰੀ ਅੰਮ੍ਰਿਤਸਰ ਹੀ ਰਹਿਣ ਲੱਗ ਪਿਆ। ੧੭੬੪ ਈ. ਵਿਚ ਜਦੋਂ ਸਿੰਘਾਂ ਸਰਹੰਦ ਲੁੱਟੀ ਉਸ ਵਿਚ ਜੱਸਾ ਸਿੰਘ ਵੀ ਸ਼ਾਮਲ ਸੀ। ੧੭੬੭ ਈ. ਵਿਚ ਜੱਸਾ ਸਿੰਘ ਰਾਮਗੜ੍ਹੀਆ ਨੇ ਬਟਾਲਾ, ਸ਼ਾਹਪੁਰ ਕੰਢੀ, ਗੁਰਦਾਸਪੁਰ, ਦੀਨਾਨਗਰ, ਕਲਾਨੌਰ, ਕਾਦੀਆਂ, ਘੁਮਾਣ ਤੇ ਸ੍ਰੀ ਹਰਿਗੋਬਿੰਦਪੁਰ ਨੂੰ ਆਪਣੇ ਕਬਜ਼ੇ ਹੇਠ ਕਰਕੇ ਸ੍ਰੀ ਹਰਿਗੋਬਿੰਦਪੁਰ ਨੂੰ ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਬਣਾਇਆ। ਮਾਰਚ ੧੭੮੩ ਈ. ਵਿਚ ਸਾਰੇ ਮਿਸਲਦਾਰਾਂ ਨੇ ਲਾਲ ਕਿਲ੍ਹਾ ਦਿੱਲੀ ਵਿਖੇ ਕਬਜ਼ਾ ਕਰ ਲਿਆ ਤਾਂ ਜਿਸ ਸਿੱਲ ’ਤੇ ਬੈਠ ਕੇ ਬਾਦਸ਼ਾਹ ਦੀ ਤਾਜਪੋਸ਼ੀ ਹੁੰਦੀ ਸੀ, ਉਹ ਸਿੱਲ ਜੱਸਾ ਸਿੰਘ ਉਖਾੜ ਲਿਆਇਆ। ਇਹ ਸਿੱਲ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ ਅੰਦਰ ਰਾਮਗੜ੍ਹੀਆ ਬੁੰਗੇ ਵਿਚ ਅੱਜ ਵੀ ਪਈ ਵੇਖੀ ਜਾ ਸਕਦੀ ਹੈ।

ਆਪਣੀ ਆਖ਼ਰੀ ਉਮਰ ਵਿਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸ੍ਰੀ ਹਰਿਗੋਬਿੰਦਪੁਰ ਵਿਖੇ ਠਹਿਰਿਆ। ਆਖਿਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ੨੦ ਅਪ੍ਰੈਲ ੧੮੦੩ ਈ. ਨੂੰ ਇਸ ਸੰਸਾਰ ਤੋਂ ਹਮੇਸ਼ਾ-ਹਮੇਸ਼ਾ ਲਈ ਕੂਚ ਕਰ ਗਿਆ।

ਇਸ ਤਰ੍ਹਾਂ ਇਹ ਸੂਰਬੀਰ ਸਿੱਖ ਕੌਮ ਲਈ ਅਨੇਕ ਘਾਲਣਾਵਾਂ ਘਾਲਦਾ ਹੋਇਆ ਸਿੱਖ ਰਾਜ ਸਥਾਪਿਤ ਕਰਨ ਵਿਚ ਆਪਣਾ ਯੋਗਦਾਨ ਪਾਉਂਦਾ ਰਿਹਾ।