ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਹੀ ਐਸੇ ਬਚਨ ਹਨ ਜਿਨ੍ਹਾਂ ਦਾ ਰਹਸ ਜਦ ਖੁਲ੍ਹਦਾ ਹੈ ਤਾਂ ਆਪ ਮੁਹਾਰੇ ਹੀ ਮੂੰਹੋਂ ਵਾਹ ਵਾਹ ਗੁਰੂ ਗੋਬਿੰਦ ਸਿੰਘ’ ਨਿਕਲ ਜਾਂਦਾ ਹੈ। ਜਦ ਮਹਾਰਾਜ ਨੇ ਉਚਾਰਿਆ ਕਿ ‘ਨਿਜ ਨਾਰੀ ਕੇ ਸੰਗ ਨੇਹੁ ਤੁਮ ਨਿਤ ਬਢੀਅਹੁ। ਪਰ ਨਾਰੀ ਕੀ ਸੇਜ ਭੂਲ ਸੁਪਨੇ ਨਾ ਜਈਅਹੁ’ ਤਾਂ ਅੱਜ ਹਰ ਥਾਂ ਇਹ ਪੋਸਟਰ ਲੱਗੇ ਦੇਖ ਕੇ “ਏਕਾ ਨਾਰੀ ਜਤੀ ਰਹੁ (Stick to your own partner) ਨਹੀਂ ਤਾਂ ਨਰਕ (ਏਡਜ਼) ਭੋਗੋਗੇ,’ ਗੁਰੂ ਅੱਗੇ ਸਿਰ ਝੁਕ ਜਾਂਦਾ ਹੈ।
ਅਕਾਲ ਉਸਤਤਿ ਦੇ ਮੰਗਲਾਚਰਣ ਦੇ ਸ਼ਬਦ ਹਨ :
“ਅਕਾਲ ਪੁਰਖ ਕੀ ਰਛਾ ਹਮ ਨੇ।
ਸਰਬ ਲੋਹ ਕੀ ਰਛਿਆ ਹਮ ਨੇ।
ਸਰਬ ਕਾਲ ਜੀ ਕੀ ਰਛਿਆ ਹਮ ਨੇ।
ਸਰਬ ਲੋਹ ਜੀ ਕੀ ਸਦਾ ਰਛਿਆ ਹਮ ਨੇ।”
ਇਨ੍ਹਾਂ ਸ਼ਬਦਾਂ ਦੇ ਅਰਥਾਂ ਦਾ ਰਹੱਸ ਵੀ ਨਾ ਖੁਲ੍ਹਦਾ ਜੇ ਹੁਣੇ ਹੀ ਸਾਇੰਸਦਾਨਾਂ ਦਾ ਸਾਲਾਂ-ਬੱਧੀ ਸਿੱਟਾ ਸਾਡੇ ਸਾਹਮਣੇ ਨਾ ਆਉਂਦਾ। ਸਾਇੰਸਦਾਨਾਂ ਤੇ ਵਾਤਾਵਰਨ ਦੇ ਮਾਹਿਰਾਂ ਨੂੰ ਇਹ ਹੀ ਫਿਕਰ ਖਾਈ ਜਾ ਰਿਹਾ ਸੀ ਕਿ ਸੂਰਜ ਦੀ ਗਰਮੀ ਸ੍ਰਿਸ਼ਟੀ ਤੇ ਇਤਨੀ ਵਧ ਰਹੀ ਹੈ ਅਤੇ ਸਾਗਰਾਂ ਵਿਚ ਕਾਈ-ਸਾਵਲ ਇਤਨੀ ਉੱਗ ਰਹੀ ਹੈ ਕਿ ਉਹ ਓਜ਼ੋਨ (Ozone) ਹੀ ਮੁਕਾ ਦੇਵੇਗੀ ਅਤੇ ਆਕਸੀਜਨ ਦੇ ਨਾ ਮਿਲਣ ਕਰਕੇ ਜਿਊਣਾ ਦੁਭਰ ਹੋ ਜਾਏਗਾ। ਇਸ ਨੂੰ ਸਾਇੰਸ ਦੀ ਬੋਲੀ ਵਿਚ ਗ੍ਰੀਨ ਹਾਊਸ ਈਫੈਕਟ ਆਖਦੇ ਹਨ। ਇਸ ਤਰ੍ਹਾਂ ਜਿਸ ਰੋਜ਼-ਇ-ਹਸ਼ਰ ਦਾ ਜ਼ਿਕਰ ਪੁਰਾਤਨ ਪੁਸਤਕਾਂ ਵਿਚ ਆਉਂਦਾ ਹੈ ਦੁਨੀਆ ਨੂੰ ਗ੍ਰਸ ਲਵੇਗਾ ਅਤੇ ਸਭ ਸੜ ਰਾਖ਼ ਹੋ ਜਾਵੇਗਾ। ਖੋਜਤ ਖੋਜਤ ਅਮਰੀਕਾ ਦੇ ਸਾਇੰਸਦਾਨਾਂ ਨੇ ਇਹ ਨਿਰਣਾ ਲਿਆ ਕਿ ਜੇ ਸਾਗਰਾਂ ਦੀ ਤਹਿ ਹੇਠ ਖ਼ਾਸ ਕਰਕੇ ਐਂਟਾਰਟਿਕਾ ਤਲੇ ਸਰਬ ਲੋਹ ਦੇ ਨਿੱਕੇ ਨਿੱਕੇ ਟੁਕੜੇ ਦਬਾਅ ਦਿੱਤੇ ਜਾਣ ਤਾਂ ਕਾਈ-ਸਾਵਲ ਵੀ ਸਿਰ ਨਹੀਂ ਉਠਾਏਗੀ ਅਤੇ ਸੂਰਜ ਦੀ ਤਪਸ਼ ਵੀ ਲੋਹਾ ਸੋਖ ਲਵੇਗਾ। ਓਜ਼ੋਨ ਦੀਆਂ ਤਹਿਆਂ ਬਣੀਆਂ ਰਹਿਣਗੀਆਂ। ਜੀਵਨ ਦਾਤੀ ਆਕਸੀਜਨ ਪੂਰੀ ਮਾਤਰਾ ਵਿਚ ਸ੍ਰਿਸ਼ਟੀ ਨੂੰ ਮਿਲਦੀ ਰਹੇਗੀ।
ਫਿਰ ਸਭ ਤੋਂ ਵੱਡੀ ਗੱਲ ਹੈ ਕਿ ਐਸਾ ਕਰਦਿਆਂ ਕੇਵਲ ੧੬੦੦ ਕਰੋੜ ਰੁਪਏ ਦੇ ਕਰੀਬ ਹੀ ਲੱਗਣਗੇ।
ਹੁਣ ਸਮਝ ਆਈ ਕਿ ਦਸਮੇਸ਼ ਪਿਤਾ ਨੇ ‘ਸਰਬ ਲੋਹ ਕੀ ਰਛਿਆ ਹਮ ਨੇ’ ਕਿਉਂ ਫ਼ਰਮਾਇਆ। ਆਪ ਜੀ ਨੇ ਜਿਥੇ ਸਾਨੂੰ ਸਰਬ-ਲੋਹ ਦਾ ਕੜਾ ਇਸ ਲਈ ਪਹਿਨਣ ਦਾ ਹੁਕਮ ਦਿੱਤਾ ਕਿ ਅਸੀਂ ਵਾਹਿਗੁਰੂ ਦੇ ਹੋ ਕੇ ਸੰਸਾਰ ਵਿਚ ਵਿਚਰੀਏ, ਯਕੀਨ ਦ੍ਰਿੜ੍ਹ ਰਵੇ, ਉਥੇ ਇਕ ਕਾਰਨ ਇਹ ਵੀ ਲੱਗਦਾ ਹੈ ਕਿ ਸਿੱਖ ਨੂੰ ਨਾ ਦੁਨਿਆਵੀ ਤਪਸ਼ ਸਤਾਏ ਤੇ ਨਾ ਹੀ ਆਕਾਸ਼ੀ। ਐਡਮੈਂਡ ਕੈਂਡਲਰ ਨੇ ਵੀ ਆਪਣੀ ਪੁਸਤਕ ‘ਮੈਟਲ ਆਫ਼ ਦੀ ਈਸਟ’ ਵਿਚ ਲਿਖਿਆ ਸੀ ਕਿ ਲੋਹੇ ਦੀ ਸਹੀ ਵਰਤੋਂ ਕੋਈ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਸਿੱਖੇ। ਰੁਡਯਾਰਡ ਕਿਪਲਿੰਗ ਨੇ ਭਾਵੇਂ ਹੋਰ ਪ੍ਰਸੰਗ ਵਿਚ ਕਿਹਾ ਸੀ ਪਰ ਆਖਿਆ ਬੜਾ ਢੁਕਵਾਂ ਸੀ ਕਿ :
ਸਰਬ ਲੋਹ ਹੈ ਸਭ ਤੋਂ ਉਤਮ,
ਰਖਦੇ ਹਨ ਸੁਘੜ ਸਿਆਣ।
ਪ੍ਰਿੰਸੀਪਲ ਸਤਿਬੀਰ ਸਿੰਘ
