ਇਕ ਦਿਨ ਮੈਂ ਇਕ ਸਿੱਖ ਪ੍ਰਚਾਰਕ ਨੂੰ ਆਪਣੇ ਹਮ ਵਤਨਾਂ ਦੇ ਵੱਡੇ ਇਕੱਠ ਨੂੰ ਇਉਂ ਨਿਸ਼ਾ ਕਰਵਾਉਂਦਿਆਂ ਸੁਣਿਆ ਹੈ ਕਿ ਬਾਂਹ ਵਿੱਚ ਪਾਇਆ ਸਰਬ ਲੋਹ ਦਾ ਕੜਾ ਅਸਮਾਨੀ ਬਿਜਲੀ ਦੇ ਬਚਾਉ ਲਈ ਹੈ । ਉਸ ਨੇ ਆਖਿਆ ਜਿਵੇਂ ਵੱਡੀ ਇਮਾਰਤ ਲੋਹੇ ਦੀ ਸਲਾਖ ਨਾਲ ਅਸਮਾਨੀ ਬਿਜਲੀ ਤੋਂ ਬਚਾਈ ਜਾਂਦੀ ਹੈ, ਇਵੇਂ ਗੁਰੂ ਨੇ ਬਿਜਲੀ ਦੇ ਝਟਕੇ ਤੋਂ ਸਿੱਖ ਦਾ ਬਚਾਅ ਕੀਤਾ ਹੈ । ਉਹ ਬੇਕਾਰ ਬਾਹਾਂ ਮਾਰ ਮਾਰ ਕੇ ਸਰਬ ਲੋਹ ਦੇ ਕੜੇ ਦੀ ਤਰਕ ਨੂੰ ਸਥਾਪਿਤ ਕਰਨ ਦਾ ਅਜਾਈਂ ਯਤਨ ਕਰ ਰਿਹਾ ਸੀ । ਜੋ ਕੜਾ ਸਤਿਗੁਰੂ ਜੀ ਨੇ ਸਾਨੂੰ ਸੁਗਾਤ ਵਜੋਂ ਦਿਤਾ ਹੈ, ਸਾਨੂੰ ਆਪਣੇ ਗੁਰੂ ਪਾਸੋਂ ਉਸ ਦੀ ਆਸ਼ੀਰਵਾਦ ਦੇ ਰੂਪ ਵਿੱਚ, ਜੋ ਸਾਨੂੰ ਆਪਣੇ ਮਾਤਾ ਪਿਤਾ, ਭੈਣ ਜਾਂ ਮਹਿਬੂਬਾਂ ਨਾਲੋਂ ਪਿਆਰਾ ਹੈ, ਇਹ ਕੜਾ ਸੁਗਾਤ ਵਜੋਂ ਪ੍ਰਾਪਤ ਹੋਇਆ ਹੈ । ਸਾਡੇ ‘ਤੇ ਲੱਖ ਲਾਹਨਤ ਹੈ ਜੇ ਅਸੀਂ ਵਾਰ ਵਾਰ ਇਸ ਬਾਰੇ ਦਲੀਲਾਂ ਦਿੰਦੇ ਹਾਂ। ਉਨ੍ਹਾਂ ਨੇ ਮੇਰੇ ਕੇਸਾਂ ਨੂੰ ਛੂਹਿਆ ਅਤੇ ਮੈਂ ਰੱਖ ਲਏ । ਜਦੋਂ ਮੈਂ ਆਪਣੀ ਬਾਂਹ ਹਵਾ ਵਿਚ ਘੁੰਮਾਉਂਦਾ ਹਾਂ ਤਾਂ ਮੇਰਾ ਕੜਾ ਚਮਕਦਾ ਹੈ, ਮੈਨੂੰ ਉਹ ਯਾਦ ਆਉਂਦੀ ਹੈ ਜਿਸ ਨੇ ਇਹ ਪਹਿਨਾਇਆ ਹੈ-ਐਨ ਇਸੇ ਤਰ੍ਹਾਂ ਹੀ । ਕੀ ਇਹ ਬਾਂਹ ਜਿਸ ‘ਤੇ ਸਰਬਲੋਹ ਦੇ ਕੜੇ ਦੀ ਮਾੜੀ ਜਿਹੀ ਚਮਕ ਹੈ, ਉਸ ਦੀ ਹੈ ? ਹੋਰ ਧਰਮ ਜਟਲ ਪਤ੍ਰੀਕਵਾਦ ਵਿਚ ਜੀਉਂਦੇ ਹਨ । ਮੇਰਾ, ਇਕ ਸਿੱਖ ਦਾ, ਕੋਈ ਧਰਮ ਨਹੀਂ। ਉਹ ਮੈਨੂੰ ਪਿਆਰ ਕਰਦਾ ਹੈ, ਉਸ ਨੇ ਮੈਨੂੰ ਆਪਣਾ ਬਣਾ ਲਿਆ ਹੈ । ਮਨ ਕਿਰਪਾਨ ਹੈ ਜਿਥੇ ਗੁਰੂ ਵਸਦਾ ਹੈ । ਸਰਬਲੋਹ ਦਾ ਕੜਾ ਉਸ ਦੀ ਯਾਦ ਦਾ ਚਿੰਨ੍ਹ ਹੈ ।
ਪ੍ਰੋ. ਪੂਰਨ ਸਿੰਘ
