21 views 8 secs 0 comments

ਸਰੋਵਰ

ਲੇਖ
October 28, 2025

ਸਰੋਵਰ: ਸੰਸਕ੍ਰਿਤ ਦੇ ਇਸ ਸ਼ਬਦ ਦਾ ਅਰਥ ਹੈ— ਤਾਲਾਬ, ਤਾਲ. ਸਗ ਮਨੁੱਖ ਜੀਵਨ ਵਿਚ ਜਲਾਸ਼ਯ ਦਾ ਮਹੱਤਵ ਸ਼ੁਰੂ ਤੋਂ ਹੀ ਚਲਦਾ ਆ ਰਿਹਾ ਹੈ। ਇਸੇ ਦ੍ਰਿਸ਼ਟੀ ਤੋਂ ਕਈ ਦਰਿਆਵਾਂ ਦੀ ਮਹੱਤਵ-ਸਥਾਪਨਾ ਹੋਈ ਹੈ। ਕਈ ਝੀਲਾਂ, ਤਾਲਾਬਾਂ ਨਾਲ ਵੀ ਅਧਿਆਤਮਿਕ ਮਾਨਤਾਵਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਦਰਿਆਵਾਂ ਜਾਂ ਝੀਲਾਂ ਜਾਂ ਤਾਲਾਬਾਂ ਵਿਚ ਇਸ਼ਨਾਨ ਕਰਨ ਦੇ ਅਨੇਕ ਮਹਾਤਮ ਪੁਰਾਣ ਸਾਹਿਤ ਵਿਚ ਲਿਖੇ ਮਿਲ ਜਾਂਦੇ ਹਨ। ਇਨ੍ਹਾਂ ਵਿਚ ਕੀਤਾ ਇਸਨਾਨ ਭਵ-ਸਾਗਰ ਤੋਂ ਤਰਨ ਲਈ ਉਪਯੋਗੀ ਸਮਝਿਆ ਜਾਂਦਾ ਹੈ। ਇਹੀ ਕਾਰਣ ਹੈ ਕਿ ਇਨ੍ਹਾਂ ਨਾਲ ਸੰਬੰਧਿਤ ਸਥਾਨਾਂ ਨੂੰ ‘ਤੀਰਥ’ ਕਿਹਾ ਗਿਆ ਹੈ।

ਗੁਰਬਾਣੀ ਵਿਚ ਤੀਰਥ ਇਸ਼ਨਾਨ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ ਕਿਉਂਕਿ ਗੁਰੂ ਨਾਨਕ ਦੇਵ ਜੀ ਅਨੁਸਾਰ -ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ।। (ਅੰਗ ੬੧)—ਤੀਰਥ ਨਹਾਉਣ ਦਾ ਉਦੋਂ ਤਕ ਕੋਈ ਲਾਭ ਨਹੀਂ. ਜਦੋਂ ਤਕ ਮਨ ਵਿਚੋਂ ਹੰਕਾਰ ਦੀ ਮੈਲ ਦੂਰ ਨਹੀਂ ਹੁੰਦੀ। ਸੱਚਾ ਤੀਰਥ-ਇਸ਼ਨਾਨ ਤਾਂ ਨਾਮ ਦੀ ਆਰਾਧਨਾ ਜਾਂ ਗੁਰੂ ਸ਼ਬਦ ਦਾ ਚਿੰਤਨ ਹੈ— ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ।। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ।।
(ਅੰਗ ੬੮੭)।
ਸਹੀ ਅਰਥਾਂ ਵਿਚ ਇਸ਼ਨਾਨ ਤਾਂ ਗੁਰੂ ਦੀ ਪ੍ਰਾਪਤੀ ਹੈ ਕਿਉਂਕਿ ਗੁਰੂ ਆਪਣੇ ਸੇਵਕ ਨੂੰ ਪਸੂ ਅਤੇ ਪ੍ਰੇਤ ਤੋਂ ਦੇਵਤਾ ਬਣਾ ਸਕਦਾ ਹੈ— ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ।। ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ।। ( ਅੰਗ ੧੩੨੯)

ਸਿੱਖ-ਧਰਮ ਵਿਚ ਗੁਰੂ ਦੀ ਸ਼ਰਣ ਵਿਚ ਆ ਕੇ ਸ਼ੁੱਧ ਹਿਰਦੇ ਨਾਲ ਕੀਤਾ ਇਸ਼ਨਾਨ ਪ੍ਰਵਾਨਿਤ ਹੈ। ਇਸ ਲਈ ਗੁਰੂ-ਧਾਮਾਂ ਨਾਲ ਸਰੋਵਰ ਬਣਾਉਣ ਦੀ ਲੰਬੀ ਪਰੰਪਰਾ ਹੈ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਚ ਬਾਉਲੀ ਦੀ ਉਸਾਰੀ ਕਰਵਾ ਕੇ ਹਿੰਦੂ ਧਰਮ ਦੇ ਸਮਾਨਾਂਤਰ ਉਪਚਾਰਕ ਤੀਰਥ ਦੀ ਥਾਂ ‘ਤੇ ਵਾਸਤਵਿਕ ਤੀਰਥ ਜਾਂ ਇਸਨਾਨ-ਗ੍ਰਿਹ ਬਣਾਉਣ ਦੀ ਵਿਵਸਥਾ ਕੀਤੀ ਤਾਂ ਜੋ ਸਿੱਖ ਅਤੇ ਗੁਰੂ ਦਾ ਸੰਬੰਧ ਸੱਚੇ ਅਰਥਾਂ ਵਿਚ ਪ੍ਰਗਟ ਹੋ ਸਕੇ। ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਦੇ ਨਾਲ ਸਰੋਵਰ ਬਣਵਾ ਕੇ ਨਾਮ-ਸਾਧਨਾ ਵਿਚ ਮਗਨ ਜਿਗਿਆਸੂਆਂ ਲਈ ਭਵਸਾਗਰ ਤਰਨ ਦੀ ਸਥਾਈ ਵਿਵਸਥਾ ਕੀਤੀ ਅਤੇ ਗੁਰੂ ਅਰਜਨ ਦੇਵ ਜੀ ਨੇ ਜਿਗਿਆਸੂ ਦੇ ਤਰਨ ਲਈ ਤਰਨਤਾਰਨ ਗੁਰੂ-ਧਾਮ ਅਤੇ ਸਰੋਵਰ ਦੀ ਵਿਵਸਥਾ ਕੀਤੀ। ਪਰਵਰਤੀ ਕਾਲ ਵਿਚ ਇਸ ਤਰ੍ਹਾਂ ਦੀ ਇਕ ਪਰੰਪਰਾ ਹੀ ਚਲ ਪਈ। ਹੁਣ ਮੁੱਖ ਮੁੱਖ ਇਤਿਹਾਸਿਕ ਗੁਰੂ ਧਾਮਾਂ ਨਾਲ ਸਰੋਵਰ ਬਣੇ ਹੋਏ ਹਨ ਅਤੇ ਜੋ ਗੁਰੂ ਧਾਮ ਦਰਿਆਵਾਂ ਦੇ ਕੰਢੇ ਉਤੇ ਸਥਿਤ ਹਨ, ਉਥੇ ਨਦੀਆਂ ਹੀ ਸਰੋਵਰ ਦੀ ਸਥਾਨ-ਪੂਰਤੀ ਕਰਦੀਆਂ ਹਨ।

ਸਰੋਵਰ ਦਾ ਸਿੱਖ-ਧਰਮ ਵਿਚ ਇਸ ਪੱਖੋਂ ਵੀ ਮਹੱਤਵ ਹੈ ਕਿ ਜਿਗਿਆਸੂਆ ਦੁਆਰਾ ਪਹਿਲਾਂ ਕਾਇਆ ਨੂੰ ਸਵੱਛ ਕਰਕੇ ਹੀ ਧਰਮ-ਧਾਮ ਵਿਚ ਪ੍ਰਵੇਸ਼ ਕਰਨਾ ਉਚਿਤ ਹੈ। ਇਸ ਮੰਤਵ ਦੀ ਪੂਰਤੀ ਲਈ ਸਰੋਵਰ ਜਨ- ਸਮੂਹ ਦੇ ਇਸ਼ਨਾਨ ਲਈ ਇਕ ਸਰਵ-ਸੁਲਭ ਸਾਧਨ ਹੈ। ਪਰ ਸ਼ਰਤ ਇਹੋ ਹੈ ਕਿ ਸ਼ੁੱਧ ਹਿਰਦੇ ਨਾਲ ਕੀਤਾ ਇਸ਼ਨਾਨ ਹੀ ਫਲੀਭੂਤ ਹੁੰਦਾ ਹੈ— ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ।। (ਅੰਗ ੬੧੧)

ਡਾ. ਰਤਨ ਸਿੰਘ ਜੱਗੀ