230 views 0 secs 0 comments

ਸਵੈਮਾਨ ਦੀ ਰਾਖੀ ਲਈ ਸਿੱਖ ਕੌਮ ਨਵੀਂ ਦ੍ਰਿਸ਼ਟੀ ਧਾਰਨ ਕਰੇ

ਲੇਖ
January 03, 2025

ਸਿੱਖ ਕੌਮ ਅਤੇ ਵਰਤਮਾਨ ਚੁਣੌਤੀਆਂ

ਸਿੱਖ ਕੌਮ ਦਾ ਵਰਤਮਾਨ ਸਮਾਂ ਚੁਣੌਤੀਆਂ ਭਰਿਆ ‘ਤੇ ਕਠਿਨ ਪ੍ਰੀਖਿਆਵਾਂ ਦਾ ਹੈ। ਚੁਣੌਤੀਆਂ, ਪ੍ਰੀਖਿਆਵਾਂ ਸਿੱਖ ਕੌਮ ਲਈ ਨਵੀਆਂ ਨਹੀਂ ਹਨ। ਸਿੱਖੀ ਦਾ ਉਭਾਰ ਹੀ ਸੰਘਰਸ਼ਾਂ ਤੋਂ ਹੋਇਆ ਹੈ। ਪਰ ਅੱਜ ਦੇ ਹਾਲਾਤ ਪੂਰੀ ਤਰਹ ਭਿੰਨ ਹਨ। ਬਾਬਾ ਬੰਦਾ ਸਿੰਘ ਦੇ ਰਾਜ ਦੀ ਸਮਾਪਤੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਣ ਤੱਕ ਦਾ ਸਮਾਂ ਸਿੱਖ ਕੌਮ ਦੀ ਹੋਂਦ ਬਚਾਉਣ ਦਾ ਸਮਾਂ ਸੀ। ਅੱਜ ਚੁਣੌਤੀ ਸਿੱਖੀ ਸਿਧਾਂਤਾਂ ‘ਤੇ ਸਿੱਖੀ ਵਿਰਸੇ ਨੂੰ ਬਚਾਉਣ ਦੀ ਹੈ। ਪਿੱਛਲੈ ਇੱਕ – ਡੇੜ੍ਹ ਸਾਲ ਤੋਂ ਲਗਾਤਾਰ ਕੁਝ ਨ ਕੁਝ ਅਜਿਹਾ ਵਾਪਰ ਰਿਹਾ ਹੈ ਜਿਸ ਨੇ ਚਿੰਤਾ ਵਧਾ ਦਿੱਤੀ ਹੈ। ਨਿਜ ਸੁਆਰਥ ਵਿੱਚ ਆਪਣਾ ਵਿਵੇਕ ਤੇ ਵਿਸਾਹ, ਜੋ ਸਿੱਖ ਨਿਤ ਆਪਣੀ ਅਰਦਾਸ ਵਿੱਚ ਮੰਗਦਾ ਹੈ, ਤਾਕ ਤੇ ਰੱਖ ਦਿੱਤਾ ਗਿਆ ਹੈ। ਧਰਮ ਦੀ ਦੁਰਵਰਤੋਂ ਸੱਤਾ, ਰੁਤਬੇ ਲਈ ਖੁੱਲ ਕੇ ਕੀਤੀ ਜਾਣ ਲੱਗ ਪਈ ਹੈ। ਧਾਰਮਿਕ ਸੰਸਥਾਵਾਂ, ਧਾਰਮਿਕ ਆਗੂਆਂ ਦਾ ਮਾਣ ਘੱਟ ਹੋਇਆ ਹੈ।

ਸਿੱਖ ਧਰਮ ਦਾ ਮੂਲ ਸਵਰੂਪ ਜੋ ਗੁਰੂ ਨਾਨਕ ਸਾਹਿਬ ਦੀ ਬਾਣੀ “ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ”  ਦੇ ਸੰਕਲਪ ਤੋਂ ਪੈਦਾ ਹੋਇਆ ਸੀ, ਕਿਸੇ ਹਨੇਰੇ ਕੋਨੇ ਵਿੱਚ ਗੁੰਮ ਹੋ ਗਿਆ ਜਾਪਦਾ ਹੈ। ਲੋਭ ਹੈ, ਹੰਕਾਰ ਹੈ, ਜੋਰ ਹੈ ਜਿਸ ਨਾਲ ਪੰਥ ਦੇ ਹਿਤਾਂ ਦੀ ਸਿਆਸੀ ਗੱਲ ਹੋ ਰਹੀ ਹੈ। ਇੱਕ ਸਮਾਂ ਸੀ ਜਦੋਂ ਕੌਮ ਲਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ,ਸਰਦਾਰ ਬਘੇਲ ਸਿੰਘ ਤੇ ਅਕਾਲੀ ਫੂਲਾ ਸਿੰਘ ਜਿਹੇ ਆਗੂ ਆਪਣੇ ਹਿਤ ਕੁਰਬਾਨ ਕਰਦਿਆਂ ਤਿਲ ਮਾਤਰ ਵੀ ਸੰਕੋਚ ਨਹੀਂ ਕਰਦੇ ਸਨ। ਅੱਜ ਆਪਣੇ ਹਿਤਾਂ ਲਈ ਧਾਰਮਕ ਸਿਧਾਂਤਾਂ ਦਾ ਸਵਰੂਪ ਹੀ ਵਿਗਾੜ ਦਿੱਤਾ ਜਾ ਰਿਹਾ ਹੈ। ਮਨ ਦਾ ਖੋਟ ਕੁਝ ਵੀ ਕਰਾ ਸਕਦਾ ਹੈ। ਭਗਤ ਕਬੀਰ ਜੀ ਨੇ ਅਜਿਹੇ ਸਮਿਆਂ ਲਈ ਹੀ ਕਿਹਾ ਸੀ “ਜੋਇ ਖਸਮੁ ਹੈ ਜਾਇਆ, ਪੂਤਿ ਬਾਪੁ ਖੇਲਇਆ”

ਸਿੱਖੀ ਦੇ ਆਗਮਨ ਤੇ ਚੁਣੌਤੀਆਂ

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਿੱਖ ਕੌਮ ਦਾ ਪਹਿਲਾ ਗੁਰਦੁਆਰਾ ਸੀ ਜਿਸ ਦੀ ਰਚਨਾ ਆਪ ਗੁਰੂ ਅਰਜਨ ਸਾਹਿਬ ਨੇ ਕੀਤੀ। ਗੁਰਦੁਆਰੇ ਗੁਰਮਤਿ ਦੇ ਪ੍ਰਚਾਰ ਦੇ ਕੇਂਦਰ ਸਨ। ਕਲਪਨਾ ਸੀ ਕਿ ਅਜਿਹੇ ਅਸਥਾਨ ਹੋਣ ਜਿੱਥੇ ਗੁਰਬਾਣੀ ਸਰਵਣ ਤੇ ਗਾਇਨ ਕੀਤੀ ਜਾ ਸਕੇ। ਸਾਧ ਸੰਗਤ ਕੀਤੀ ਜਾ ਸਕੇ। ਅੱਜ ਸਵੀਕਾਰ ਕਰਨ ਵਿੱਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਗੁਰਦੁਆਰਿਆਂ ਤੋਂ ਹੀ ਸਿੱਖੀ ਦਾ ਘਾਨ ਜਿਆਦਾ ਹੁੰਦਾ ਵਿਖਾਈ ਦੇ ਰਿਹਾ ਹੈ। ਕਿਉਂਕਿ ਗੁਰੂ ਘਰ ਵਿੱਚ ਸੇਵਕ ਆਉਣੇ ਸਨ ਪਰ ਪ੍ਰਬੰਧਕ ਆ ਗਏ। ਇਸ ਨੇ ਦ੍ਰਿਸ਼ਟੀ ਹੀ ਬਦਲ ਦਿੱਤੀ ਹੈ। ਪ੍ਰਬੰਧਕਾਂ ਨੂੰ ਅਗਲੀ ਛਲਾਂਗ ਸਿਆਸਤ ਦੀ ਨਜਰ ਆਉਂਦੀ ਹੈ। ਪ੍ਰਬੰਧ ਵਿਵਸਥਾ ਗੁਰਦੁਆਰਿਆਂ ਦੇ ਕਾਰ ਵਿਹਾਰ, ਮਰਿਆਦਾ ਲਈ ਵੱਡੀ ਲੋੜ ਸੀ।

ਗੁਰਮਤਿ ਅਨੁਸਾਰ ਇਹ ਸੇਵਾ ਹੈ। ਪਰ ਸੇਵਾ ਰਹੀ ਨਹੀਂ। ਇਸ ਦਾ ਲਾਭ ਉਨ੍ਹਾਂ ਨੂੰ ਵੀ ਮਿਲਿਆ ਜੋ ਗੁਰੂ ਘਰ ਦੇ ਸ਼ਬਦ ਸੇਵਕ ਸਨ। ਯੋਗ ਕੀਰਤਨੀਏ, ਕਥਾ ਵਾਚਕ ਘੱਟ ਹੁੰਦੇ ਗਏ। ਗੁਰਸਿੱਖੀ ਦੀ ਪੂਰੀ ਸਮਝ ਨਾ ਹੋਣ ਕਰਨ ਆਯੋਗ ਕੀਰਤਨੀਆਂ, ਪ੍ਰਚਾਰਕਾਂ ਨੇ ਵਿਪਰਵਾਦ ਨੂੰ ਵਧਾਵਾ ਦੇਣਾ ਆਰੰਭ ਕਰ ਦਿੱਤਾ। ਹਾਲ ਇਹ ਹੈ ਕਿ ਅੱਜ ਹਰ ਕੋਈ ਸਿੱਖੀ ਦੀ ਆਪੋ ਆਪਣਿ ਵਿਆਖਿਆ ਕਰੀ ਜਾ ਰਿਹਾ ਹੈ। ਕਿਉਂਕਿ ਇਹ ਵਿਆਖਿਆ ਗੁਰਦੁਆਰੇ ਦੀ ਸਟੇਜ ਤੋਂ ਹੁੰਦੀ ਹੈ, ਆਮ ਸਿੱਖ ਉਸ ਤੇ ਵਿਸ਼ਵਾਸ ਕਰ ਲੈਂਦਾ ਹੈ। ਪਿਛਲੇ ਸਾਲ ਇੱਕ ਨਵੀਂ ਹੋਂਦ ‘ਚ ਆਈ ਜੱਥੇਬੰਦੀ ਨੇ ਕੌਮ ਅੰਦਰ ਆਪਣੇ ਢੰਗ ਨਾਲ ਨਵੀਂ ਆਸ ਜਗਾਈ। ਇਹ ਰਾਹ ਕਿੰਨੀ ਖਰੀ ਸੀ ਇਸ ਦੀ ਢੁੰਗੀ ਪਰਖ ਕੀਤੇ ਬਿਨਾ ਪੰਜਾਬ ਦੇ ਲੋਗ ਉਸ ਨਾਲ ਜੁੜਨ ਲੱਗ ਪਏ ਕਿਉਂਕਿ ਉਹ ਬਦਲਾਵ ਚਾਹੁੰਦੇ ਸਨ। ਕਾਰਣ ਜੋ ਵੀ ਰਹੇ ਹਾਲਾਤ ਹੋਰ ਚਿੰਤਾਜਨਕ ਹੋ ਗਏ। ਅੱਜ ਇੱਕ ਭਿੰਨ ਸੋਚ ਉਭਰਦੀ ਨਜਰ ਆ ਰਹੀ ਹੈ।

ਕੁਝ ਦਿਨ ਪਹਿਲਾਂ ਸ੍ਰੀ ਮੰਜੀ ਸਾਹਿਬ, ਅੰਮ੍ਰਿਤਸਰ ਤੋਂ ਕਥਾ ਕਰਦਿਆਂ ਇੱਕ ਵੱਡੇ ਇਤਿਹਾਸਕ ਗੁਰਦੁਆਰੇ ਦੇ ਹੈਡ ਗ੍ਰੰਥੀ ਨੇ ਕੁਝ ਵੱਖ ਹੀ ਕਹਿ ਦਿੱਤਾ ਜਿਸ ਦਾ ਭਾਵ ਸੀ ਕਿ ਸਿੱਖ ਅਗਰ ਰਹਿਤ ਮਰਿਆਦਾ ਤੇ ਜੋਰ ਨਾ ਦੇਣ ਤਾਂ ਉਹ ਭਾਰਤ ਵਿੱਚ ਪੰਜਾਹ ਕਰੋੜ ਹੋ ਸਕਦੇ ਹਨ। ਇਹ ਆਂਕੜਾ ਉਨ੍ਹਾਂ ਕਿਸ ਗਣਿਤ ਨਾਲ ਪ੍ਰਾਪਤ ਕੀਤਾ ‘ਤੇ ਕਿਹੜੇ ਵਰਗ ਸਿੱਖੀ ਵਿੱਚ ਦਾਖਿਲ ਹੋਣ ਤਿਆਰ ਹਨ ਇਹ ਸਪਸ਼ਟ ਨਹੀਂ ਕੀਤਾ ਪਰ ਵੱਡਾ ਭਰਮ ਤਾਂ ਪੈਦਾ ਕਰ ਹੀ ਗਏ। ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ ਕਿ ਰੋਜ ਕਥਾ ਹੋਣੀ ਚਾਹੀਦੀ ਹੈ। ਕਮੇਟੀ ਸ਼ਾਇਦ ਇਹ ਧਿਆਨ ਦੇਣ ਦੀ ਲੋੜ ਨਹੀਂ ਸਮਝਦੀ ਕਿ ਇਸ ਮਹਾਨ ਤੇ ਇਤਿਹਾਸਕ ਸਟੇਜ ਤੋਂ ਕੀ ਬੋਲਿਆ ਗਿਆ। ਪੂਰੇ ਵਿਸ਼ਵ ਵਿੱਚ ਗੁਰਦੁਆਰੇ ਹਨ। ਉਨ੍ਹਾਂ ਦਾ ਹਾਲ ਇਸ ਤੋਂ ਵੱਖ ਨਹੀਂ ਹੈ। ਜਿਨ੍ਹਾਂ ਧਾਰਮਕ ਸਿਧਾਂਤਾਂ ਦੀ ਗੋਦ ਵਿੱਚ ਸਾਨੂੰ ਖੇਡਣਾ ਚਾਹੀਦਾ ਸੀ ਉਨ੍ਹਾਂ ਨੂੰ ਹੀ ਅਸੀਂ ਖੇਡ ਬਣਾ ਦਿੱਤਾ ਹੈ। ਸਿੱਖੀ ਨੂੰ ਖਤਰਾ ਬਾਹਰੋਂ ਨਹੀਂ ਅੰਦਰੋਂ ਹੈ।

ਇਸ ਖਤਰੇ ਦੀ ਪਛਾਣ ਕਰਨ ਤੇ ਫੌਰੀ ਕਦਮ ਚੁੱਕਣ ਦੀ ਲੋੜ ਹੈ । ਇੱਕ ਵਾਰ ਕਿਸੇ ਦੇਸ਼ ਦੇ ਸੰਵਿਧਾਨ ਦੀ ਭਿੰਨ ਵਿਆਖਿਆ ਹੋ ਸਕਦੀ ਹੈ ਕਿਉਂਕਿ ਕਈ ਪਰੰਪਰਾਵਾਂ ਵੀ ਹੁੰਦੀਆਂ ਹਨ ਜੋ ਲਿਖਿਤ ਨਹੀ ਹਨ। ਕਈ ਧਰਮਾਂ ਦੇ ਵੱਖ ਵੱਖ ਗ੍ਰੰਥ ਹਨ, ਸਹਿ ਗ੍ਰੰਥ, ਲਿਖਤਾਂ ਹਨ। ਸਿੱਖ ਧਰਮ ਸੰਸਾਰ ਦਾ ਇਕੱਲਾ ਧਰਮ ਹੈ ਜੋ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਹੈ। ਇਸ ਵਿੱਚ ਧਰਮ ਹੀ ਨਹੀਂ ਮਨੁੱਖੀ ਜੀਵਨ ਦੇ ਹਰ ਪੱਖ ਲਈ ਸੇਧ ਤੇ ਹਰ ਸਵਾਲ ਦਾ ਨਿਦਾਨ ਹੈ। ਇਸ ਸੰਪੂਰਨ ਗਿਆਨ ਦੇ ਸੂਰਜ ਦੇ ਹੁੰਦੀਆਂ ਕਿਸੇ ਸ਼ੰਕਾ, ਦੁਵਿਧਾ, ਵਿਆਖਿਆ ਦੀ ਕੋਈ ਗੁੰਜਾਇਸ਼ ਹੀ ਨਹੀ ਰਹਿੰਦੀ । ਇਸ ਦ੍ਰਿਸ਼ਟੀ ਨਾਲ ਸਿੱਖ ਪੰਥ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਵੀ ਸੀਮਤ ਹੋ ਜਾਂਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਗੁਰੂ ਹਰਿਗੋਬਿੰਦ ਸਾਹਿਬ ਨੇ ਇੱਕ ਖ਼ਾਸ ਮਕਸਦ ਨਾਲ ਕੀਤੀ ਸੀ।

ਇਤਿਹਾਸ ਤੋਂ ਪ੍ਰਾਪਤ ਹੁੰਦੇ ਸੂਤਰ ਸੰਕੇਤ ਕਰਦੇ ਹਨ ਕਿ ਗੁਰੂ ਸਾਹਿਬ ਇਸ ਅਸਥਾਨ ਤੇ ਬੈਠ ਕੇ ਆਇਆਂ ਹੋਈਆਂ ਸੰਗਤਾਂ ਨਾਲ ਸੰਵਾਦ ਕਰਿਆ ਕਰਦੇ ਸਨ। ਸਿੱਖ ਗੁਰੂ ਸਾਹਿਬਾਨ ਦਾ ਸਬੰਧ ਆਪਣੇ ਸਿੱਖਾਂ ਨਾਲ ਮਾਤਰ ਧਰਮ, ਅਧਿਆਤਮ ਦਾ ਨਹੀ, ਉਨ੍ਹਾਂ ਦੇ ਜੀਵਨ ਦੇ ਹਰ ਸੁੱਖ ਦੁੱਖ ਦਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਸਿੱਖ ਦੇ ਨਾਲ ਨਾਲ ਚੱਲਦੀ ਹੈ। ਗੁਰਸਿੱਖ ਦਾ ਜੀਵਨ ਸੁੱਖ ਨਾਲ ਭਰਪੂਰ ਕਰਦੀ ਹੈ “ਓਹ ਸਫਲ ਸਦਾ ਸੁਖਦਾਈ”। ਗੁਰੂ ਹਰਿਗੋਬਿੰਦ ਜੀ ਦੀ ਪ੍ਰੇਰਣਾ ਤੇ ਸੇਧ ਸਿੱਖ ਸੰਗਤ ਨੂੰ ਨਿਹਾਲ ਤੇ ਅਚਿੰਤ ਕਰਦੀ ਸੀ। ਬਾਅਦ ਵਿੱਚ ਗੁਰੂ ਸਾਹਿਬ ਅੰਮ੍ਰਿਤਸਰ ਤੋਂ ਕੀਰਤਪੁਰ ਆ ਗਏ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੇ ਮੇਲ ਮਿਲਾਪ ਤੇ ਮਾਰਗ ਦਰਸ਼ਨ ਦਾ ਕੇਂਦਰ ਬਣਿਆ ਰਿਹਾ। ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਮੋਰਚੀਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖ਼ਾਸ ਭੂਮਿਕਾ ਰਹੀ। ਅੱਜ ਜਦੋਂ ਕੌਮ ਤੇ ਸਿਧਾਂਤਕ ਹਮਲੇ ਹੋ ਰਹੇ ਹਨ, ਸਿੱਖੀ ਸਭਿਆਚਾਰ ਨੂੰ ਚੁਣੌਤੀਆਂ ਮਿਲ ਰਹੀਆਂ ਹਨ, ਇਤਿਹਾਸ ਵਿਗਾੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਇਸ ਦਾ ਜਵਾਬ ਬੜੀ ਹੀ ਸੂਝਬੂਝ ਨਾਲ ਦੇਣ ਦੀ ਲੋੜ ਹੈ। ਇਹ ਇੱਕ ਲੰਬੀ ਲੜਾਈ ਹੈ ਜੋ ਛੇਤੀ ਮੁੱਕਣ ਵਾਲੀ ਨਹੀ ਹੈ। ਇਸ ਨੂੰ ਜਜ਼ਬਾਤਾਂ ਵਿੱਚ ਵਹਿ ਕੇ ਨਹੀ ਲੜਿਆ ਜਾ ਸਕਦਾ।

ਸਿੱਖ ਧਰਮ ਨੂੰ ਸਿਆਸਤ ਤੋਂ ਸੁਰੱਖਿਅਤ ਕਰਨ ਦੀ ਲੋੜ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਜੀਹ ਹੋਣੀ ਚਾਹੀਦੀ ਹੈ ਕਿ ਕੌਮ ਪਹਿਲਾਂ ਆਪ ਗੁਰੂ ਸਾਹਿਬਾਨ ਦੇ ਥਾਪੇ ਸਿਧਾਂਤਾਂ ਨੂੰ ਸਮਝੇ, ਸਾਰੇ ਭਰਮ ਦੂਰ ਕਰੇ । ਇਸ ਤੋਂ ਬਾਅਦ ਹੀ ਬਾਹਰੀ ਹਮਲਿਆਂ ਤੋਂ ਕੌਮ ਦਾ ਮੂਲ ਸਵਰੂਪ ਬਚਾਇਆ ਜਾ ਸਕੇਗਾ। ਵੱਡੀ ਲੋੜ ਹੈ ਧਰਮ ਤੇ ਧਾਰਮਕ ਅਸਥਾਨਾਂ ਨੂੰ ਸਿਆਸਤ ਦਾ ਸ਼ਿਕਾਰ ਹੋਣ ਤੋਂ ਬਚਾਉਣ ਦੀ। ਸਿਆਸੀ ਦਲ ਇਤਨੇ ਖੁਦਗਰਜ਼ ਹੋ ਚੁਕੇ ਹਨ ਕੀ ਉਨ੍ਹਾਂ ਸਾਰੇ ਰਿਸ਼ਤੇ ਵੋਟ ਵਿੱਚ ਬਦਲ ਦਿੱਤੇ ਹਨ । ਆਮ ਮਨੁੱਖ ਉਨ੍ਹਾਂ ਦੀ ਜਹਿਨੀਅਤ ਸਮਝਣ ‘ਚ ਨਾਕਾਮ ਰਹਿੰਦਾ ਹੈ। ਪਤਾ ਹੀ ਨਹੀਂ ਲੱਗਦਾ ਸਿਆਸਤ ਉਸ ਨੂੰ ਕਦੋਂ ਵਰਤ ਲੈਂਦੀ ਹੈ। ਇਹ ਸਿੱਖ ਕੌਮ ਨਾਲ ਵੀ ਹੋ ਰਿਹਾ ਹੈ। ਕੋਈ ਸਿੱਖ ਜੇ ਕਿਸੇ ਸਿਆਸੀ ਦਲ ਨਾਲ ਜੁੜਿਆ ਹੈ ਤਾਂ ਸਿਆਸਤ ਉਸ ਲਈ ਧਰਮ ਤੇ ਕੌਮ ਤੋਂ ਪਹਿਲਾਂ ਹੋ ਜਾਂਦੀ ਹੈ। ਸਿਆਸਤ ਵਿੱਚ ਆਈ ਗਿਰਾਵਟ ਕਾਰਣ ਹੀ ਸਿਆਸੀ ਹਿਤ ਲਈ ਧਰਮ ਤੇ ਕੌਮ ਤੇ ਹਿਤਾਂ ਦਾ ਬਲੀਦਾਨ ਕਰਨ ‘ਚ ਕੋਈ ਸੰਕੋਚ ਨਹੀਂ ਕੀਤਾ ਜਾ ਰਿਹਾ . ਸਿਆਸੀ ਸੁਆਰਥਾਂ ਲਈ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਗੱਲ਼ ਵੱਧ ਚੜ੍ਹ ਕੇ ਕੀਤੀ ਜਾਂਦੀ ਹੈ। ਪਰ ਅੱਜ ਦੀ ਮੀਰੀ ਉਹ ਨਹੀਂ ਜੋ ਗੁਰੂ ਹਰਿਗੋਬਿੰਦ ਸਾਹਿਬ ਦੀ ਸੋਚ ਦਾ ਹਿੱਸਾ ਸੀ। ਅੱਜ ਲੋੜ ਹੈ ਕਿ ਧਰਮ, ਧਾਰਮਕ ਸੰਸਥਾਵਾਂ, ਧਾਰਮਕ ਆਗੂ ਸਿਆਸਤ ਦੀ ਪਹੁੰਚ ਤੋਂ ਪੂਰੀ ਤਰਹ ਬਾਹਰ ਹੋ ਜਾਣ।