views 19 secs 0 comments

ਸ਼ਬਦ ਗੁਰੂ: ਮਨੁੱਖ ਦਾ ਪ੍ਰੇਰਣਾ-ਸਰੋਤ

ਲੇਖ
March 08, 2026

ਸ਼ਬਦ ਗੁਰੂ ਦਾ ਸਿਧਾਂਤ ਸਿੱਖ ਧਰਮ ਦਾ ਕੇਂਦਰੀ ਸਿਧਾਂਤ ਹੈ। ਇਸ ਸਿਧਾਂਤ ਅਨੁਸਾਰ ਸੁਰਤਿ ਗੁਰਸ਼ਬਦ ਦੀ ਅਗਵਾਈ ਕਬੂਲ ਕਰਦੀ ਹੈ ਤੇ ਇਸ ਦੀ ਭਾਵ-ਧੁਨੀ ਨੂੰ ਗ੍ਰਹਿਣ ਕਰਦੀ ਹੈ।

ਸਿੱਖੀ ਨੂੰ, ਸ਼ਬਦ-ਸੁਰਤਿ ਮੇਲ ਦਾ ਮਾਰਗ ਵੀ ਕਿਹਾ ਗਿਆ ਹੈ। ਸ਼ਬਦ ਸੁਰਤਿ ਦਾ ਸੰਜੋਗ ਹੀ ਸਹਿਜਯੋਗ ਹੈ। ਇਹ ਗੁਰਮਤਿ ਦਾ ਗਾਡੀ ਰਾਹ ਹੈ। ਸਿੱਖ ਧਰਮ ਦੇ ਨਿਰੰਕਾਰੀ ਸੁਭਾਅ ਨੂੰ ਪ੍ਰਗਟ ਕਰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਭਾਂਪ ਲਿਆ ਸੀ ਕਿ ਅੱਗੋਂ ਆ ਰਹੇ ਵਿਗਿਆਨਕ ਯੁੱਗ ਵਿੱਚ ਦੇਹਧਾਰੀ ਗੁਰੂ ਦੀ ਲੋੜ ਨਹੀਂ ਰਹੇਗੀ। ਇਸ ਲਈ ਉਨ੍ਹਾਂ ਨੇ ਆਪਣੇ ਸਮੇਂ ਤੋਂ ਹੀ ਗੁਰੂ ਨੂੰ ਦੇਹ ਤੋਂ ਰਹਿਤ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਸੀ। ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਦੁਆਰਾ ਉਨ੍ਹਾਂ ਦਾ ਗੁਰੂ ਪੁੱਛਣ ‘ਤੇ ਇਹ ਜੁਆਬ ਦਿੱਤਾ ਸੀ :

ਕਵਣ ਮੂਲੁ ਕਵਣ ਮਤਿ ਵੇਲਾ॥
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ….
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥

(ਰਾਮਕਲੀ ਮਹਲਾ ੧, ਅੰਗ ੯੪੨-੪੩)

ਗੁਰੂ ਰਾਮਦਾਸ ਜੀ ਨੇ ‘ਬਾਣੀ ਗੁਰੂ ਗੁਰੂ ਹੈ ਬਾਣੀ’ ਦੇ ਫੁਰਮਾਨ ਰਾਹੀਂ ਬਾਣੀ ਪ੍ਰਤੀ ਗੁਰੂ ਹੋਣ ਦੇ ਸਿਧਾਂਤ ਨੂੰ ਪ੍ਰਪੱਕ ਕੀਤਾ। ਭਾਈ ਗੁਰਦਾਸ ਜੀ ਅਨੁਸਾਰ ਵੀ ਗੁਰੂ ਦੀ ਸ਼ਖ਼ਸੀਅਤ ਗੁਰੂ ਦੇ ਸ਼ਬਦ ਵਿੱਚ ਹੈ।

ਗੁਰ ਮੂਰਤ ਗੁਰ ਸਬਦੁ ਹੈ, ਸਾਧ ਸੰਗਤ ਵਿੱਚ ਪਰਗਟਿ ਆਇਆ।

ਆਦਿ ਗ੍ਰੰਥ ਦੀ ਪਵਿੱਤਰ ਬੀੜ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਅਕਤੂਬਰ 1708 ਈ: ਵਿੱਚ ਗੁਰੂ ਦੀ ਪਦਵੀ ‘ਤੇ ਸੁਸ਼ੋਭਿਤ ਕੀਤਾ ਤੇ ਸ਼ਬਦ ਦੀ ਖੋਜ ਅਰਥਾਤ ਵਿਚਾਰ ਨੂੰ ਮਨੁੱਖ ਦੀ ਸਾਧਨਾ ਲਈ ਰਹਿਬਰ ਬਣਾਇਆ। ਉਨ੍ਹਾਂ ਨੇ, ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਆਦਿ ਗ੍ਰੰਥ ਨੂੰ ਖਾਲਸਾ ਕੌਮ ਦਾ ਗੁਰੂ ਥਾਪਣ ਵੇਲੇ ਕਿਹਾ

ਆਤਮਾ ਗੁਰੂ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਪਰਚਾ ਸ਼ਬਦ ਦਾ, ਓਟ ਅਕਾਲ ਦੀ।

ਇਸ ਇਨਕਲਾਬੀ ਕਦਮ ਨਾਲ ਸਿੱਖ ਧਰਮ ਇਕ ਨਿਰੰਤਰ ਪਰਿਵਰਤਨ ਤੇ ਵਿਕਾਸਸ਼ੀਲ ਪਰੰਪਰਾ ਦਾ ਰੂਪ ਧਾਰ ਗਿਆ।

ਗੁਰ-ਸ਼ਬਦ ਦੀ ਸਾਧਨਾ ਤੇ ਅਭਿਆਸ ਨਾਲ ਵਿਅਕਤੀ ਦੀ ਸੁਰਤਿ ਮੱਤ, ਮਨ ਤੇ ਬੁੱਧ ਘੜੀ ਜਾਂਦੀ ਹੈ। ਸ਼ਬਦ ਅਕਾਲ ਪੁਰਖ ਦੀ ਬਖ਼ਸ਼ਿਸ਼ ਲੈ ਕੇ ਗੁਰੂ ਦਾ ਜ਼ਹੂਰ ਬਣ ਕੇ, ਸਿੱਖ ਲਈ ਅਥਾਹ ਰੋਸ਼ਨੀ ਦਾ ਸੋਮਾ ਬਣਦਾ ਹੈ। ਉਸ ਦੇ ਜੀਵਨ ਦੇ ਧੁੰਦਲੇ ਰਾਹਾਂ ਨੂੰ ਪ੍ਰਕਾਸ਼ਮਾਨ ਕਰਦਾ ਹੈ। ਉਸ ਦੀ ਪ੍ਰਤਿਭਾ ਦੀ ਸ਼ਕਤੀਸ਼ਾਲੀ ਉਸਾਰੀ ਕਰਦਾ ਹੈ। ਇਕ ਸਿੱਖ ਦੀ ਆਤਮਾ ਵਿੱਚ ਜੋ ਵੀ ਗਿਆਨ, ਵਿਵੇਕ, ਚੜ੍ਹਦੀ ਕਲਾ ਵਾਲੀ ਗਤੀਸ਼ੀਲ ਸੋਚ, ਪ੍ਰਕਾਸ਼ਮਈ ਜੀਵਨ ਜੁਗਤ, ਸਬਰ ਸਿਦਕ ਆਦਿ ਤੱਤ ਹਨ, ਇਹ ਸਾਰੇ ਸ਼ਬਦ ਤੋਂ ਹੀ ਪੈਦਾ ਹੁੰਦੇ ਹਨ। ਇਸ ਤਰ੍ਹਾਂ ਗੁਰ ਸ਼ਬਦ ਇਕ ਸਿੱਖ ਲਈ ਸਦੀਵੀ ਧਰਵਾਸ ਟੇਕ ਤੇ ਆਸਰਾ ਬਣਿਆ ਰਹਿੰਦਾ ਹੈ। ਸ਼ਬਦ ਦਾ ਚਿੰਤਨ ਉਸ ਲਈ ‘ਸੂਰਬੀਰ ਬਚਨ ਕੇ ਬਲੀ ਦੀ ਪਦਵੀ ਪ੍ਰਦਾਨ ਕਰਦਾ ਹੈ। ਉਸ ਦੀ ਆਤਮਾ ਨੂੰ ਧਨ-ਦੌਲਤ ਦੀ ਮੁਥਾਜੀ ਤੋਂ ਸੁਤੰਤਰ ਕਰਦਾ ਹੈ। ਜਿਵੇਂ:

ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ ॥
ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ ॥
(ਰਾਮਕਲੀ ਮਹਲਾ ੧, ਅੰਗ ੯੦੮)

ਸ਼ਬਦ ਗੁਰੂ ਅਜੋਕੇ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਪੇਸ਼ ਕਰਦਾ ਹੈ। ਅਜੋਕਾ ਮਨੁੱਖ ਅੰਦਰੂਨੀ ਇਕਲਾਪੇ, ਨੈਤਿਕ ਪਤਨ, ਸਭਿਆਚਾਰਕ ਖਿਚੋਤਾਣ, ਕਥਨੀ ਤੇ ਕਰਨੀ ਦੇ ਫ਼ਰਕ, ਦੁਬਿਧਾ ਅਰਥਾਤ ਮਾਨਸਕ ਅਧੋਗਤੀ ਦਾ ਸ਼ਿਕਾਰ ਹੈ। ਵਿਗਿਆਨਕ ਪ੍ਰਾਪਤੀਆਂ ਦੇ ਨਾਲ ਨਾਲ ਉਹ ਆਪਣੀ ਰੂਹ ਨੂੰ ਇਕਸੁਰ ਕਰਨ ਵਿੱਚ ਸਫ਼ਲ ਰਿਹਾ ਹੈ। ਪਦਾਰਥਕ ਲਾਭਾਂ ਮਗਰ ਉਹ ਦੌੜ ਰਿਹਾ ਹੈ ਤੇ ਪ੍ਰੇਮ-ਪਿਆਰ ਇਤਫਾਕ ਆਦਿ ਦੀਆਂ ਕਦਰਾਂ-ਕੀਮਤਾਂ ਨੂੰ ਪਿੱਛੇ ਸੁੱਟ ਗਿਆ ਹੈ। ਉਹ ਗੁਰੂ ਨਾਨਕ ਦੇ ਮਾਇਆ ਪ੍ਰਤੀ ਦ੍ਰਿਸ਼ਟੀਕੋਣ ਨੂੰ ਭੁੱਲ ਗਿਆ ਹੈ ਕਿ ਦੌਲਤ ਦੁਨੀਆਂ ਨੂੰ ਖ਼ਰਾਬ ਕਰਦੀ ਹੈ। ਪਾਪ ਤੋਂ ਬਿਨਾਂ ਇਹ ਇਕੱਠੀ ਨਹੀਂ ਹੁੰਦੀ ਤੇ ਮਰਨ ‘ਤੇ ਇਹ ਨਾਲ ਨਹੀਂ ਜਾਂਦੀ।

ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥

(ਰਾਗ ਆਸਾ ਮਹਲਾ ੧,ਅੰਗ ੪੧੭)

ਬਹੁਤੇ ਰਾਜਨੀਤਕ ਤੇ ਧਾਰਮਿਕ ਆਗੂ ਜੰਗਲੀ ਜਿਹੇ ਬਣ ਗਏ ਹਨ। ਉਨ੍ਹਾਂ ਵਿੱਚ ਬੇਵਿਸ਼ਵਾਸੀ, ਖੁਦਗਰਜ਼ੀ, ਧੋਖੇਬਾਜ਼ੀ, ਪੱਖ-ਪਾਤੀ ਰੰਗ ਢੰਗ, ਵੈਰ-ਵਿਰੋਧ ਈਰਖਾ ਆਦਿ ਦੁਰ-ਪ੍ਰਵਿਰਤੀਆਂ ਦੀ ਸ਼ਮੂਲੀਅਤ ਹੋ ਗਈ ਹੈ, ਸੁਖਮਨੀ ਸਾਹਿਬ ਵਿੱਚ ਮਨੁੱਖ ਦੀ ਅਰਧ-ਮਾਨਵੀ ਸਥਿਤੀ ਦਾ ਵਰਨਣ ਇਸ ਤਰ੍ਹਾਂ ਕੀਤਾ ਗਿਆ ਹੈ :

ਬੈਰ ਬਿਰੋਧ ਕਾਮ ਕ੍ਰੋਧ ਮੋਹ॥ ਝੂਠ ਬਿਕਾਰ ਮਹਾ ਲੋਭ ਧ੍ਰੋਹ॥

ਇਆਹੂ ਜੁਗਤਿ ਬਿਹਾਨੇ ਕਈ ਜਨਮ ॥
ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥
ਮਨੁੱਖ ਜਾਤੀ ਦੀ ਪਸ਼ੂ ਬਿਰਤੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਗੁਰੂ ਅਰਜਨ ਦੇਵ ਜੀ ਅਨੁਸਾਰ ਮਨੁੱਖੀ ਚਮੜੀ ਵਿੱਚ ਇਕ ਪਸ਼ੂ-ਨੁਮਾ ਮਨੁੱਖ ਹੀ ਲਪੇਟਿਆ ਪਿਆ ਹੈ। ਦੂਜੇ ਸ਼ਬਦਾਂ ਵਿੱਚ ਚਮੜੀ ਤਾਂ ਮਨੁੱਖ ਦੀ ਹੈ ਪਰ ਇਸ ਵਿੱਚ ਲਪੇਟਿਆ ਮਨੁੱਖ ਆਪਣੀ ਪ੍ਰਵਿਰਤੀ ਵਜੋਂ ਪਸ਼ੂ ਸਮਾਨ ਹੈ। ਜਿਸ ਦਾ ਦਿਲ ਅੰਦਰੋਂ ਕਾਲਾ ਹੋਇਆ ਪਿਆ ਹੈ। ਉਹ ਸ਼ਕਲ ਵਜੋਂ ਤਾਂ ਮਨੁੱਖ ਹੈ ਪਰ ਉਸ ਦੇ ਕੰਮ ਪਸ਼ੂ ਸਮਾਨ ਹਨ।

-ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥
ਸਲੋਕ ਮਹਲਾ ੫, ਅੰਗ ੧੨੮੪)
-ਕਰਤੂਤਿ ਪਸੂ ਕੀ ਮਾਨਸ ਜਾਤਿ ॥
(ਗਉੜੀ ਸੁਖਮਨੀ ਮ: ੫, ਅੰਗ ੨੬੭)

ਅਜੋਕੇ ਮਨੁੱਖ ਦੇ ਪ੍ਰੇਰਣਾ-ਸ੍ਰੋਤ ਤਬਾਹ ਹੋ ਗਏ ਹਨ, ਨਿੱਜੀ-ਇਛਾਵਾਂ ਦੀ ਪੂਰਤੀ, ਲਿੰਗੀ ਅਜ਼ਾਦੀ, ਕਿਸੇ ਕਿਸਮ ਦਾ ਦਖ਼ਲ ਬਰਦਾਸ਼ਤ ਨਾ ਕਰਨ ਦੀ ਪ੍ਰਵਿਰਤੀ ਨੇ ਪਰਿਵਾਰਕ ਸੰਜਮ ਨੂੰ ਤਬਾਹ ਕਰ ਦਿੱਤਾ ਹੈ। ਇਸੇ ਕਾਰਨ ਅਸੱਭਿਅਤਾ ਫੈਲੀ ਹੈ। ਵਿਸ਼ਵਾਸ ਦੀ ਕਮੀ ਕਾਰਨ ਮਨੁੱਖ ਦੀ ਰੂਹਾਨੀਅਤ ਡੋਲ ਗਈ ਹੈ। ਇਸੇ ਲਈ ਇਕ ਪਾਸੇ ਮਨੁੱਖੀ ਜੀਵਨ ਵਿੱਚ ਕੀਮਤਾਂ ਦੀ ਭੰਨ-ਤੋੜ, ਨਿਰਾਸਤਾ, ਉਦਾਸੀ, ਲਾਚਾਰੀ ਤੇ ਹਿੰਮਤ ਹਾਰ ਕੇ ਬਹਿ ਜਾਣ ਦੀਆਂ ਰੁਚੀਆਂ ਉਤਪੰਨ ਹੋਈਆਂ ਹਨ ਤੇ ਦੂਜੇ ਪਾਸੇ ਸਮਾਜਕ ਟੱਕਰਾਂ, ਸੋਸ਼ਣ, ਨਫ਼ਰਤ, ਵੈਰ ਤੇ ਹਿੰਸਾ ਦੀਆਂ ਪ੍ਰਵਿਰਤੀਆਂ ਉਤਪੰਨ ਹੋਈਆਂ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਵਿਸ਼ਵਵਿਆਪੀ, ਗਤੀਸ਼ੀਲ, ਮਨੁੱਖੀ ਇਕਸੁਰਤਾ ਤੇ ਵਿਕਾਸ ਦੀ ਪ੍ਰਤੀਕ ਹੈ। ਇਹ ਅਜੋਕੇ ਮਨੁੱਖ ਦੇ ਸੰਕਟ ਦਾ ਸਮਾਧਾਨ ਕਰਦੀ ਹੈ ਤੇ ਨਵੇਂ ਸਮਾਜਿਕ ਸਿਲਸਿਲੇ ਦੀ ਸਥਾਪਨਾ ਲਈ ਆਧਾਰ ਪ੍ਰਦਾਨ ਕਰਦੀ ਹੈ।

‘ਏ ਮਨ ਮੇਰਿਆ ਤੂੰ ਸਦਾ ਰਹੁ ਹਰਿ ਨਾਲੇ’ ( ਅੰਗ ੯੧੭) ਦਾ ਅੰਤਿਮ ਸੱਚਾਈ ਨਾਲ ਹਮੇਸ਼ਾਂ ਰਹਿਣ ਦਾ ਸੰਦੇਸ਼, ਮਨੁੱਖ ਦੀ ਅੰਦਰੂਨੀ ਨਿਰਾਸ਼ਤਾ ਦਾ ਇਲਾਜ ਹੈ। ‘ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰੁ’ (ਸਿਰੀ ਰਾਗੁ ਮਹਲਾ ੧, ਅੰਗ ੬੨) ਦਾ ਗੁਰਬਾਣੀ ਫੁਰਮਾਨ ਉਸ ਦੀ ਗਵਾਚੀ ਹੋਈ ਨੈਤਿਕਤਾ ਨੂੰ ਮੋੜ ਲਿਆਉਣ ਦੇ ਸਮਰੱਥ ਹੈ। ਸਰਬੱਤ ਦੇ ਭਲੇ ਦਾ ਸੰਦੇਸ਼ ਉਸ ਨੂੰ ਵਿਸ਼ਵਵਿਆਪੀ ਹਮਦਰਦੀ ਤੇ ਆਪਸੀ ਮੇਲ-ਮਿਲਾਪ ਦਾ ਸੰਦੇਸ਼ ਦੇ ਕੇ ਵਿਸ਼ਵ ਨਾਲ ਇਕਸੁਰ ਕਰਦਾ ਹੈ। ‘ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ’ (ਸਲੋਕ ਮਹਲਾ ੨,ਅੰਗ ੧੨੩੮) ਦਾ ਫੁਰਮਾਨ ਉਸ ਦੀ ਪਦਾਰਥਕ ਦੌੜ ਦੀ ਅਗਿਆਨਤਾ ਪ੍ਰਤੀ ਸੁਚੇਤ ਕਰਕੇ ਉਸ ਵਿੱਚ ਮਾਨਸਿਕ ਸੰਤੁਲਨ ਲਿਆਉਂਦਾ ਹੈ। ‘ਅੰਧਾ ਆਗੂ ਜੇ ਥੀਏ ਕਿਉ ਪਾਧਰੁ ਜਾਣੈ’ (ਸੂਹੀ ਮਹਲਾ ੧, ਅੰਗ ੭੬੭) ਅਤੇ ‘ਸਾਹਾ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ’ (ਆਸਾ ਮਹਲਾ ੧, ਅੰਗ ੪੧੭-੧੮) ਦੇ ਗੁਰਬਾਣੀ ਫੁਰਮਾਨ ਅਜੋਕੇ ਰਾਜਿਆਂ ਨੂੰ ਪ੍ਰਜਾ ਪ੍ਰਤੀ ਕਰਤਵਾਂ ਤੇ ਫਰਜ਼ਾਂ ਪ੍ਰਤੀ ਸੁਚੇਤ ਕਰਦੇ ਹਨ। ‘ਤਖਤਿ ਬਹੈ ਤਖਤੈ ਕੀ ਲਾਇਕ (ਮਾਰੂ ਮਹਲਾ – ੧, ਅੰਗ ੧੦੩੯) ਦਾ ਗੁਰਬਾਣੀ ਆਦੇਸ਼ ਅਜੋਕੇ ਹਾਕਮਾਂ – ਨੂੰ ਰਾਜਨੀਤਕ ਯੋਗਤਾ ਨੂੰ ਗ੍ਰਹਿਣ ਕਰਨ ਪ੍ਰਤੀ ਜਾਗਰੂਕ = ਕਰਦਾ ਹੈ। ਸ਼ਬਦ ਗੁਰੂ ਅਥਵਾ ਗੁਰਬਾਣੀ ਦਾ ਫਲਸਫ਼ਾ ਮਨੁੱਖ ਲਈ ਚੜ੍ਹਦੀ ਕਲਾ, ਰੱਬੀ ਵਿਸ਼ਵਾਸ, ਅਨੰਤ ਹੌਂਸਲਾ, ਉਤਸ਼ਾਹ ਤੇ ਰੂਹਾਨੀ ਦ੍ਰਿਸ਼ਟੀ ਦਾ ਖ਼ਜ਼ਾਨਾ ਹੈ। – ਵਿਅਕਤੀ ਦੀ ਮੁੱਖ ਲੋੜ ਆਪਣੇ ਅੰਦਰੂਨੀ ਵਤੀਰੇ ਦੀ ਤਬਦੀਲੀ ਲਈ ਸੁਰਤਿ ਦੇ ਪਰਿਵਰਤਨ ਦੀ ਹੈ।

ਡਾ. ਇੰਦਰਜੀਤ ਸਿੰਘ ਵਾਸੂ (ਫਗਵਾੜਾ)