77 views 5 secs 0 comments

ਸ਼ਹੀਦੀ ਦਿਹਾੜਾ ਪੀਰ ਬੁੱਧੂ ਸ਼ਾਹ ਜੀ

ਲੇਖ
March 21, 2025

-ਮੇਜਰ ਸਿੰਘ

ਪੀਰ ਬੁੱਧੂ ਸ਼ਾਹ ਜੀ ਦਾ ਜਨਮ 1647 ਈਸਵੀ ਵਿੱਚ ਹੋਇਆ। ਉਨ੍ਹਾਂ ਦਾ ਪੂਰਾ ਨਾਮ ਸੱਯਦ ਬਦਰ-ਉਦ-ਦੀਨ ਸੀ। ਉਮਰ ਵਿੱਚ ਪੀਰ ਜੀ ਦਸਮੇਸ਼ ਜੀ ਤੋਂ ਤਕਰੀਬਨ 19 ਵਰ੍ਹੇ ਵੱਡੇ ਸਨ, ਪਰ ਗੁਰੂ ਪਾਤਸ਼ਾਹ ਨੂੰ ਰੱਬ ਦਾ ਨੂਰ ਮੰਨਦੇ ਸਨ।

ਸਢੌਰੇ ਦੇ ਹਾਕਮ ਉਸਮਾਨ ਖ਼ਾਨ ਨੇ ਪੀਰ ਬੁੱਧੂ ਸ਼ਾਹ ਜੀ ਦੇ ਗ੍ਰਹਿ ‘ਤੇ ਹਮਲਾ ਕਰਕੇ ਪੀਰ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਜੰਗਲ ਵਿੱਚ ਲੈ ਜਾ ਕੇ ਬਹੁਤ ਹੀ ਜ਼ਾਲਮਾਨਾ ਢੰਗ ਨਾਲ ਉਨ੍ਹਾਂ ਦੇ ਪਵਿੱਤਰ ਸਰੀਰ ਦੇ ਟੁਕੜੇ-ਟੁਕੜੇ ਕਰਕੇ ਜੰਗਲ ਵਿੱਚ ਹੀ ਸੁੱਟ ਦਿੱਤੇ, ਕਿਉਂਕਿ ਪੀਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ‘ਤੇ ਸ਼ਰਧਾ ਰੱਖਦੇ ਸਨ ਅਤੇ ਭੰਗਾਣੀ ਦੇ ਯੁੱਧ ਵਿੱਚ ਉਨ੍ਹਾਂ ਨੇ ਆਪਣੇ ਭਰਾ, ਪਿਤਾ, ਚਾਰ ਪੁੱਤਰਾਂ ਅਤੇ ਸੱਤ ਸੌ ਸ਼ਰਧਾਲੂਆਂ ਦੇ ਨਾਲ ਗੁਰੂ ਮਹਾਰਾਜ ਜੀ ਦੀ ਸਹਾਇਤਾ ਕੀਤੀ ਸੀ। ਇਸ ਯੁੱਧ ਵਿੱਚ ਪੀਰ ਜੀ ਦੇ ਦੋ ਪੁੱਤਰ, ਇੱਕ ਭਰਾ, ਪਿਤਾ ਅਤੇ ਕਈ ਸ਼ਰਧਾਲੂ ਸ਼ਹੀਦ ਹੋ ਗਏ ਸਨ। ਯੁੱਧ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਆਪਣੀ ਅੱਧੀ ਦਸਤਾਰ ਅਤੇ ਕੰਘਾ ਕੇਸਾਂ ਸਮੇਤ ਪੀਰ ਜੀ ਨੂੰ ਭੇਟ ਕੀਤਾ ਸੀ। ਕੰਘਾ ਕੇਸ ਤਾਂ ਪੀਰ ਜੀ ਨੇ ਮੰਗ ਕੇ ਪ੍ਰਾਪਤ ਕੀਤੇ ਸਨ।

ਦਸਮੇਸ਼ ਪਿਤਾ ਜੀ ਨੇ ਬੰਦਾ ਸਿੰਘ ਬਹਾਦਰ ਜੀ ਨੂੰ ਨਾਂਦੇੜ ਤੋਂ ਰਵਾਨਾ ਕਰਦੇ ਸਮੇਂ ਇਹ ਵੀ ਆਖਿਆ ਸੀ ਕਿ ਸਢੌਰੇ ਦੇ ਹਾਕਮ ਉਸਮਾਨ ਖ਼ਾਨ ਨੇ ਸਾਡੇ ਪਿਆਰੇ ਪੀਰ ਬੁੱਧੂ ਸ਼ਾਹ ਜੀ ‘ਤੇ ਬਹੁਤ ਅੱਤਿਆਚਾਰ ਕੀਤਾ, ਉਸ ਨੂੰ ਵੀ ਸਜ਼ਾ ਦੇਣੀ।

ਗੁਰੂ ਬਚਨਾਂ ‘ਤੇ ਅਮਲ ਕਰਦੇ ਹੋਏ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਤੋਂ ਪਹਿਲਾਂ ਸਢੌਰਾ ਫਤਿਹ ਕੀਤਾ ਅਤੇ ਜ਼ਾਲਮ ਉਸਮਾਨ ਖ਼ਾਨ ਨੂੰ ਫਾਂਸੀ ਦੇ ਦਿੱਤੀ ਸੀ।

ਜਦੋਂ ਖ਼ਾਲਸੇ ਨੇ ਸਢੌਰੇ ‘ਤੇ ਹਮਲਾ ਕੀਤਾ, ਉਸ ਸਮੇਂ ਆਸ-ਪਾਸ ਦੇ ਦੁਖੀ ਲੋਕਾਂ ਨੇ ਉਸਮਾਨ ਖ਼ਾਨ ਦੇ ਮੁਹੱਲੇ ਨੂੰ ਅੱਗ ਲਗਾ ਦਿੱਤੀ ਸੀ, ਕਿਉਂਕਿ ਇਸ ਜ਼ਾਲਮ ਨੇ ਇਲਾਕੇ ਦੇ ਲੋਕਾਂ ਨੂੰ ਬਹੁਤ ਦੁਖੀ ਕੀਤਾ ਸੀ, ਖਾਸ ਕਰਕੇ ਗ਼ੈਰ-ਮੁਸਲਮਾਨਾਂ ਨੂੰ।

ਪੀਰ ਜੀ ਨੇ ਉਸਮਾਨ ਖ਼ਾਨ ਦੇ ਜ਼ੁਲਮ ਕਰਨ ਤੋਂ ਪਹਿਲਾਂ ਹੀ ਆਪਣੀ ਬੇਗਮ ਨਸੀਰਾਂ ਜੀ ਨੂੰ ਇੱਕ ਪੁੱਤਰ ਅਤੇ ਪੋਤਰਿਆਂ ਸਮੇਤ ਨਾਹਨ ਦੇ ਰਾਜੇ ਕੋਲ ਭੇਜ ਦਿੱਤਾ ਸੀ, ਜਿਸ ਕਰਕੇ ਪਰਿਵਾਰ ਬਚ ਗਿਆ।

ਪ੍ਰਿੰਸੀਪਲ ਸਤਿਬੀਰ ਸਿੰਘ ਜੀ ਲਿਖਦੇ ਹਨ ਕਿ ਜਦੋਂ ਮੈਂ ਪਾਕਿਸਤਾਨ ਗਿਆ, ਤਾਂ ਪੀਰ ਜੀ ਦੇ ਖਾਨਦਾਨ ਵਿੱਚੋਂ ਕੁਝ ਲੋਕ ਮੈਨੂੰ ਮਿਲੇ। ਉਨ੍ਹਾਂ ਨੇ ਇਸ ਗੱਲ ਦਾ ਸ਼ਿਕਵਾ ਕੀਤਾ ਕਿ ਸਿੱਖ ਪੀਰ ਬੁੱਧੂ ਸ਼ਾਹ ਜੀ ਦੀ ਸ਼ਹਾਦਤ ਨੂੰ ਭੁੱਲ ਗਏ ਹਨ।

#ਨੋਟ: ਪੀਰ ਬੁੱਧੂ ਸ਼ਾਹ ਜੀ ਦਾ ਜਨਮ ਅਸਥਾਨ ਅਤੇ ਹਵੇਲੀ ਅੱਜ ਵੀ ਸਢੌਰੇ ਵਿੱਚ ਮੌਜੂਦ ਹੈ। ਹਵੇਲੀ ਦੀ ਹਾਲਤ ਬਹੁਤ ਖਸਤਾ ਹੈ। ਸਢੌਰੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਬਣਾਏ ਕਿਲ੍ਹੇ ਦੇ ਵੀ ਕੁਝ ਅਵਸ਼ੇਸ਼ ਮੌਜੂਦ ਹਨ। ਇੱਕ ਖੂਹ ਵੀ ਹੈ। ਉਸ ਸਮੇਂ ਦਾ ਇੱਕ ਨਿੰਮ ਦਾ ਬਿਰਖ ਵੀ ਹੈ, ਜਿਨ੍ਹਾਂ ਦੀਆਂ ਤਸਵੀਰਾਂ ਨਾਲ ਸ਼ਾਮਿਲ ਹਨ।

ਅੱਜ 21 ਮਾਰਚ 1705 ਨੂੰ ਪੀਰ ਬੁੱਧੂ ਸ਼ਾਹ ਜੀ ਦਾ ਮਹਾਨ ਸ਼ਹੀਦੀ ਦਿਹਾੜਾ ਹੈ।

ਪੀਰ ਬੁੱਧੂ ਸ਼ਾਹ ਜੀ ਦੀ ਮਹਾਨ ਕੁਰਬਾਨੀ ਅਤੇ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ।