ਦੂਜੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਅਟਾਰੀ ਤੇ ਖੜ ਵੱਡੇ ਵੀਰ ਨੂੰ ਰਣ ਤੱਤੇ ਚ ਵੈਰੀਆਂ ਦੇ ਡੱਕਰੇ ਕਰਦਿਆਂ ਜੰਗੀ ਪੈਂਤੜੇ ਵਰਤਦਿਆਂ ਬੜੇ ਗੌਹ ਨਾਲ ਤੱਕ ਰਹੇ ਮੰਨਲੋ ਜਿਵੇਂ ਉਸਤਾਦ ਦੇ ਕੋਲੋਂ ਸੰਥਿਆ ਲੈਣ ਰਹੇ ਹੋਣ ਵੱਡੇ ਫਰਜੰਦ ਦੀ ਸਹਾਦਤ ਤੇ ਜਦੋ ਗੁਰੂ ਪਿਤਾ ਨੇ ਜੈਕਾਰੇ ਲਾਏ ਤਾਂ ਬਾਬਾ ਜੁਝਾਰ ਸਿੰਘ ਨੇ ਵੀ ਨਾਲ ਅਵਾਜ਼ ਬੁਲੰਦ ਕੀਤੀ ਸੀ।
ਪੰਜਵੇਂ ਪਾਤਸ਼ਾਹ ਦੇ ਬਚਨ ਆ ।
ਰਣੁ ਦੇਖਿ ਸੂਰੇ ਚਿਤ ਉਲਾਸਿ
ਅਨੁਸਾਰ ਵੱਡੇ ਵੀਰ ਦੀ ਸ਼ਹਾਦਤ ਤੋ ਬਾਦ ਛੋਟੇ ਨੂੰ ਵੀ ਚਾਅ ਚੜਿਆ ਆਪ ਹੱਥ ਜੋੜ ਕਿਆ ਗੁਰੂ ਪਿਤਾ ਹੁਣ ਅਗਲਾ ਜਥਾ ਮੈ ਲੈਕੇ ਜਾਵਾਂਗਾ ਮੈਂ ਵੀ ਵੱਡੇ ਵੀਰ ਵਾਂਗ ਜੰਗ ਚ ਜੂਝਾਗਾ ਤੁਸੀਂ ਏਥੇ ਖੜ ਕੇ ਵੇਖਿਓ ਚੋਜੀ ਪ੍ਰੀਤਮ ਵੇਖ ਸੁਣਕੇ ਮੁਸਕਰਾਏ ਤੇ ਮਜ਼ਾਕ ਦੇ ਲਹਿਜੇ ਨਾਲ ਕਿਹਾ ਲਾਲ ਜੀ ਤਾਨੂੰ ਲੜਨਾ ਅਉਂਦਾ…..
ਹੱਥ ਜੋੜ ਬਾਬਾ ਜੀ ਨੇ ਕਿਹਾ ਪਾਤਸ਼ਾਹ ਲੜਨਾ ਨਹੀਂ ਆਉਂਦਾ ਪਰ ਮੈਨੂੰ ਮਰਨਾ ਤੇ ਆਉਦਾ ਸਿਰ ਲਾਹੁਣੇ ਨਹੀਂ ਅਉਦੇ ਪਰ ਆਪਣਾ ਸਿਰ ਤਲੀ ਤੇ ਰੱਖਣਾ ਅਉਦਾ ਕਿਰਪਾ ਕਰੋ ਹੁਣ ਮੈਨੂੰ ਭੇਜੋ
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ ।
ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ ।
ਗੁਰੂ ਪਿਤਾ ਨੇ ਘੁੱਟ ਕੇ ਗਲ ਨਾਲ ਲਾਇਆ ਕਿਆਂ ਅਸੀਂ ਕਦੇ ਕਿਸੇ ਨੂੰ ਅਜ ਤਕ ਸ਼ਹਾਦਤ ਤੋਂ ਨਹੀਂ ਰੋਕਿਆ ਗੁਰਦੇਵ ਪਿਤਾ ਨੂੰ ਅਹੀ ਆਪ ਬੇਨਤੀ ਕੀਤੀ ਸੀ ਦਿੱਲੀ ਜਾਣ ਲੀ ਤਾਡੇ ਵੱਡੇ ਭਰਾ ਨੂੰ ਵੀ ਥਾਪੜਾ ਦੇ ਕੇ ਤੋਰਿਆ ਸੀ ਤਾਨੂੰ ਵੀ ਨਹੀ ਰੋਕਾਂਗੇ ਜਾਓ ਅਕਾਲ ਪੁਰਖ ਤਾਂਨੂੰ ਬਲ ਬਖਸ਼ੇ ਅਹੀ ਤੁਹਾਨੂੰ ਅਕਾਲ ਪੁਰਖ ਦੇ ਸਪੁਰਦ ਕਰਦੇ ਆ
ਮਰੋ ਜਾਂ ਮਾਰ ਦਿਓ ਪੁੱਤਰ ਜੀ ਤੁਹੀ ਪੰਥ ਦੇ ਮਲਾਹ ਹੋ (ਬੇੜਾ ਚਲਉਣ ਆਲਾ ) ਜਾਓ ਸਿਰ ਭੇਟ ਕਰੋ ਤਾਂਕੇ ਧਰਮ ਦੀ ਬੇੜੀ ਚੱਲੇ
ਬੇਟਾ, ਹੋ ਤੁਮ ਹੀ ਪੰਥ ਕੇ ਬੇੜੇ ਕੇ ਖ਼ਵੱਯਾ ।
ਸਰ ਭੇਟ ਕਰੋ ਤਾਕਿ ਚਲੇ ਧਰਮ ਕੀ ਨੱਯਾ ।
ਅਟਾਰੀ ਤੋ ਥੱਲੇ ਆ ਬਾਬਾ ਜੁਝਾਰ ਸਿੰਘ ਜੀ ਨੂੰ ਆਪ ਸ਼ਸਤਰ ਸਜਾ ਤਿਆਰ ਕੀਤਾ ਏਸ ਵੇਲੇ ਬਾਬਾ ਜੀ ਦੀ ਉਮਰ ਸਿਰਫ 14 ਸਾਲ ਕੁਝ ਮੀਨੇ ਸੀ ਬਾਜ਼ਾਵਾਲੇ ਬਾਪੂ ਨੇ ਥਾਪੜਾ ਦਿੱਤਾ ਤੇ ਕਿਆ ਹਾਡੇ ਮਨ ਦੀ ਬੜੀ ਰੀਝ ਆ ਤੁਹਾਨੂੰ ਤੇਗ ਚਲਾਉਂਦਿਆਂ
ਆ ਵੇਖਾਂ ਤੇ ਸੀਨੇ ਤੇ ਬਰਛੀ ਖਾਂਦਿਆਂ ਵੇਖਾਂ (ਧੰਨ ਪਿਤਾ 🙏)
ਖ਼ਵਾਹਿਸ਼ ਹੈ ਤੁਮ੍ਹੇਂ ਤੇਗ਼ ਚਲਾਤੇ ਹੂਏ ਦੇਖੇਂ !
ਹਮ ਆਂਖ ਸੇ ਬਰਛੀ ਤੁਮ੍ਹੇਂ ਖਾਤੇ ਹੂਏ ਦੇਖੇਂ !!
ਪੰਜ ਪਿਆਰਿਆਂ ਚੋ ਭਾਈ ਸਾਹਿਬ ਸਿੰਘ ਤੇ ਕੁਝ ਹੋਰ ਸਿੰਘ ਬਾਬਾ ਜੀ ਦੇ ਨਾਲ ਤਿਆਰ ਹੋਏ ਦਰਵਾਜ਼ਾ ਖੁੱਲ੍ਹਾ ਗੜ੍ਹੀ ਤੋਂ ਬਾਹਰ ਨਿਕਲਦਿਆਂ ਹੀ ਬੰਦੂਕਾਂ ਦੀ ਸ਼ਲਖ ਛੱਡੀ ਧੜਾਧੜ ਗੋਲੀਆਂ ਨਾਲ ਕਈਆਂ ਦੇ ਸੀਨੇ ਪਾੜਤੇ ਪਹਿਲੇ ਕਦਮ ਈ ਬਾਬਾ ਜੀ ਨੇ ਏਡਾ ਜ਼ਬਰਦਸਤ ਹਮਲਾ ਕੀਤਾ ਕੇ ਸ਼ੇਰਾਂ ਵਾਂਗ ਗੱਜਦੇ ਵੈਰੀ ਗਿੱਦੜਾਂ ਵਾਗ ਡਹਲ ਗਏ
ਜਬ ਫ਼ਤਹ ਗਜਾ ਕਰ ਗਏ ਜੁਝਾਰ ਥੇ ਰਨ ਮੇਂ ।
ਹਰ ਸ਼ੇਰ, ਬਘੇਲਾ ਨਜ਼ਰ ਆਨੇ ਲਗਾ ਬਨ ਮੇਂ ।
ਬੰਦੂਕਾਂ ਖਾਲੀਆਂ ਹੋਈਆਂ ਤੇ ਬਾਬਾ ਜੀ ਨੇ ਬਰਛਾ ਕੱਢ ਲਿਆ 10/11 ਨੇ ਘੇਰਾ ਪਾ ਲਿਆ ਬਾਬਾ ਜੀ ਨੇ ਸਾਰੇ ਨਬੇੜ ਤੇ ਫੇ 20/25 ਕੱਠੇ ਹੋ ਅਏ ਸਭ ਦੇ ਡਰਕੇ ਕਰਕੇ ਅਜੇ ਦੋ ਕਦਮ ਤੁਰੇ ਕੇ 40/50 ਨੇ ਘੇਰਾ ਪਾਲਿਆ ਬਾਬਾ ਜੀ ਨੇ ਬਾਜ਼ੀਗਰ ਵਾਂਗ ਪੈਤੜੇ ਬਦਲਦਿਆਂ ਸਭ ਦਾ ਫਾਤੀਆਂ ਪੜਤਾ ਬੜੀ ਚੀਕ ਚਿਹਾੜਾ ਪੈ ਗਿਆ ਵੈਰੀ ਦਲ ਤਰਾਹ ਤਰਾਹਿ ਕਰ ਉਠਿਆ ਕਹਿਣ ਬੱਚ ਬੱਚ ਲੜੋ ਏਤੋਂ ਸੁਣਿਆ ਏ ਕਲਗੀ ਵਾਲੇ ਦਾ ਛੋਟਾ ਫਰਜੰਦ ਆ।
ਦਸ ਬੀਸ ਕੋ ਜ਼ਖ਼ਮੀ ਕੀਯਾ ਦਸ ਬੀਸ ਕੋ ਮਾਰਾ ।
ਇਕ ਹਮਲੇ ਮੇਂ ਇਸ ਏਕ ਨੇ ਇਕੀਸ ਕੋ ਮਾਰਾ ।
ਖ਼ੱਨਾਸ ਕੋ ਮਾਰਾ ਕਭੀ ਇਬਲੀਸ ਕੋ ਮਾਰਾ ।
ਗ਼ੁਲ ਮਚ ਗਯਾ ਇਕ ਤਿਫ਼ਲ ਨੇ ਚਾਲੀਸ ਕੋ ਮਾਰਾ ।
ਬਚ ਬਚ ਕੇ ਲੜੋ ਕਲਗ਼ੀਓਂ ਵਾਲੇ ਕੇ ਪਿਸਰ ਸੇ ।
ਯਿਹ ਨੀਮਚਾ ਲਾਏ ਹੈਂ ਗੁਰੂ ਜੀ ਕੀ ਕਮਰ ਸੇ ।
ਕਵੀ ਸੰਤੋਖ ਸਿੰਘ ਲਿਖਦੇ ਬਾਬਾ ਜੁਝਾਰ ਸਿੰਘ ਮੈਦਾਨ ਚ ਐਂ ਫਿਰਦੇ ਜਿਵੇਂ ਹਿਰਨਾਂ ਦੇ ਝੁੰਡ ਚ ਬੱਬਰ ਸ਼ੇਰ ਗੱਜ ਦਾ ਮਰਨ ਦਾ ਕੋਈ ਡਰ ਨੀ ਨੇਜੇ ਨਾਲ ਵੈਰੀਆਂ ਨੂੰ ਪਰੋ ਪਰੋ ਕੇ ਲੋਥਾਂ ਤੇ ਲੋਥਾਂ ਚਾੜ੍ਹਤੀਆਂ ਢੇਰ ਲਾਤੇ ਮੁਰਦਿਆਂ ਦੇ ਨਵਾਬ ਵਜੀਦੈ ਤੋ ਸੁਣ ਵੈਰੀ ਜਦੋ ਕੱਠੇ ਹੋ ਚੜ੍ਹਦੇ ਆ ਬਾਬਾ ਜੀ ਐਂ ਹਲੂਣਾ ਦਿੰਦੇ ਜਿਵੇਂ ਪਾਣੀ ਚ ਮਗਰਮੱਛ ਉਛਲਦਾ ਜਥੇ ਦੇ ਸਿੰਘ ਜ਼ਖਮੀ ਹੋ ਸ਼ਹੀਦੀਆਂ ਪਉਣ ਡਏ ਸੀ ਬਾਬਾ ਜੀ ਦਾ ਘੋੜਾ ਆਖਰੀ ਸਾਹਾਂ ਤੇ ਘੋੜਾ ਛੱਡ ਪੈਦਲ ਹੋ ਪਏ ਸਾਰਾ ਸਰੀਰ ਲਹੂ ਲੁਹਾਨ ਹੋਇਆ ਪਿਆ ਹੈ ਪਰ ਰਣ ਵੇਖ ਸੂਰਮੇ ਨੂੰ ਚਾਅ ਚੜਦਾ ਨੇਜਾ ਟੁੱਟ ਗਿਆ ਤੇ ਸ੍ਰੀ ਸਾਹਿਬ ਕੱਢ ਲੀ। ਕੱਦੂ ਵਾਂਗ ਮੁਗਲ ਤੇ ਪਹਾੜੀ ਫੌਜ ਦੇ ਸਿਰ ਲਉੰਦਿਆਂ ਉ ਵੀ ਟੱਟ ਗ ਤਾਂ ਵੀ ਸਾਮਣੇ ਹੋਣ ਹੌਸਲਾਂ ਨਹੀ ਸੀ ਤਾਂ ਇੱਕ ਪਠਾਣ ਨੇ ਪਿੱਛੋਂ ਦੀ ਬਰਸ਼ੀ ਮਾਰੀ ਐਂ ਦਸਮੇਸ਼ ਦਾ ਦੂਜਾ ਫਰਜੰਦ ਵੀ ਵੱਡੇ ਵੀਰ ਨੂੰ ਜਾ ਮਿਲਿਆ ਕਲਗੀਧਰ ਪਿਤਾ ਨੇ ਜੈਕਾਰੇ ਲਾਏ ਤੇ ਅਕਾਲ ਪੁਰਖ ਦਾ ਸ਼ੁਕਰਨਾ ਕੀਤਾ
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ ।
ਏਦਾ 8 ਪੋਹ ਦਿਨ ਸ਼ੁਕਰਵਾਰ ਨੂੰ ਚਮਕੌਰ ਦੀ ਧਰਤੀ ਤੇ ਸੰਸਾਰ ਦਾ ਸਭ ਤੋਂ ਅਨੋਖਾ ਯੁੱਧ ਹੋਇਆ ਜਿੱਥੇ ਇੱਕ ਪਾਸੇ ਓਸ ਵੇਲੇ ਦੀ ਏਸੀਆ ਦੀ ਸਭ ਤੋਂ ਵੱਡੀ ਤਾਕਤ ਸਭ ਤਰ੍ਹਾਂ ਦੇ ਹਥਿਆਰਾਂ ਤੋਪਾਂ ਘੋੜੇ ਊਠ ਜੰਗੀ ਹਾਥੀਆਂ ਨਾਲ ਲੈਸ 10 ਲੱਖ ਦੀ ਫੌਜ ਦੂਜੇ ਪਾਸੇ 40 ਭੁੱਖੇ-ਪਿਆਸੇ ਸਿੱਖ ਜਿੰਨਾ ਕੋਲ ਸ਼ਸਤਰ ਵੀ ਗਿਣਤੀ ਦੇ ਸੀ ਸ਼ਾਮ ਤੱਕ ਮੈਦਾਨ ਚ ਇਨ੍ਹਾਂ ਲਹੂ ਵਹਿ ਚੁਕਾ ਸੀ ਕੇ ਜਿਵੇ ਮੋਹਲੇਧਾਰ ਮੀਹ ਪੈਕੇ ਵਹਿਣ ਵਗਦੇ ਆ ਚਮਕੌਰ ਦੇ ਰੇਤਲੇ ਟਿੱਬਿਆਂ ਚ ਲਹੂ ਮਿੱਝ ਨਾਲ ਰੌਣੀ ਕਰਤੀ ਧਰਤੀ ਹੀ ਨਹੀ ਸੂਰਜ ਵੀ ਲਾਲ ਹੋ ਕੇ ਘਰ ਨੂੰ ਮੁੜ ਗਿਆ
ਜੋਗੀ ਜੀ ਆਂਦੇ
…..ਚਲਦਾ…..
ਮੇਜਰ ਸਿੰਘ, ਉਪਸੰਪਾਦਕ
