ਸ਼ਹੀਦੀ ਸ਼ਤਾਬਦੀ ਕਾਨਫਰੰਸ ਦੇ ਇੰਤਜ਼ਾਮ/ਪ੍ਰਬੰਧਾਂ ਸਬੰਧੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਪ੍ਰਬੰਧਕਾਂ ਨਾਲ ਕੀਤਾ ਵਿਚਾਰ-ਵਟਾਂਦਰਾ

ਸੰਤ ਬਾਬਾ ਅਮੀਰ ਸਿੰਘ ਜੀ

“ਜਵੱਦੀ ਟਕਸਾਲ” ਵੱਲੋਂ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦੀ ਤਿੰਨ ਦਿਨਾਂ ਕਾਨਫਰੰਸ 10,11ਅਤੇ 12 ਨੂੰ

ਲੁਧਿਆਣਾ 7 ਮਈ ()-“ਵਿਸਮਾਦੁ ਨਾਦੁ” ਸੰਸਥਾ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ “ਜਵੱਦੀ ਟਕਸਾਲ” ਵੱਲੋਂ ਸ੍ਰਿਸ਼ਟੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 10,11 ਅਤੇ 12 ਮਈ ਨੂੰ ਤਿੰਨ ਰੋਜ਼ਾ ਕਾਨਫਰੰਸ ਕਰਵਾਈ ਜਾ ਰਹੀ ਹੈ। ਜਿਸਦੇ ਇੰਤਜ਼ਾਮ/ਪ੍ਰਬੰਧਾਂ ਸਬੰਧੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਡਾ: ਹਰਜੋਧ ਸਿੰਘ, ਸ੍ਰ: ਰਣਜੋਧ ਸਿੰਘ ਜੀ.ਐੱਸ. ਵਾਲੇ ਡਾ. ਅਨੁਰਾਗ ਸਿੰਘ, ਡਾ. ਜੋਗਿੰਦਰ ਸਿੰਘ, ਡਾ. ਮੇਜਰ ਸਿੰਘ ਆਦਿ ਪ੍ਰਬੰਧਕਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਵਿਚਾਰ-ਵਟਾਂਦਰੇ ਉਪਰੰਤ ਮੀਡੀਆ ਦੇ ਰੂ-ਬ-ਰੂ ਗੱਲਬਾਤ ਕਰਦਿਆਂ ਬਾਬਾ ਜੀ ਨੇ ਦੱਸਿਆ ਕਿ ਗੁਰੂ ਸਾਹਿਬਾਨ ਸੰਸਾਰ ਵਿਚੋਂ ਈਰਖਾ-ਦਵੈਸ਼, ਜ਼ਬਰ-ਜ਼ੁਲਮ ਆਦਿ ਬਦੀਆਂ ਦਾ ਖਾਤਮਾ ਕਰਕੇ ਪਰਉਪਕਾਰੀ, ਨੇਕੀ, ਦਇਆ ਆਦਿ ਵਰਗੇ ਗੁਣਾਂ ਨਾਲ ਧਰਮ ਦਾ ਓਟ ਆਸਰਾ ਬਣਾ ਕੇ ਮਾਨਸਿਕ ਤੌਰ ਤੇ ਗੁਲਾਮ ਹੋ ਚੁੱਕੇ ਲੋਕਾਂ ਦਾ ਸਮਾਜਿਕ ਪੱਧਰ ਉਤਾਂਹ ਕੀਤਾ। ਉਨ੍ਹਾਂ ਨੇ ਧਾਰਮਿਕ ਪੱਧਰ ‘ਚ ਆ ਚੁੱਕੀ ਗਿਰਾਵਟ ਨੂੰ ਦੂਰ ਕੀਤਾ। ਸਮੁੱਚੀ ਲੋਕਾਈ ਨੂੰ ਧਾਰਮਿਕ ਰਹਿਬਰਾਂ ਨੂੰ “ਅਪਨਾ ਬਿਗਾਰਿ ਬਿਰਾਂਨਾ ਸਾਂਢੇ” ਵਾਲੀ ਜੀਵਨ ਜਾਂਚ ਅਨੁਸਾਰ ਜੀਵਨ ਢਾਲਣ ਦੀ ਪ੍ਰੇਰਨਾ ਦਿੱਤੀ।
ਉਨ੍ਹਾਂ ਦੱਸਿਆ ਕਿ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਅਰੰਭੇ ਕਾਰਜਾਂ ਤਹਿਤ ਜਵੱਦੀ ਟਕਸਾਲ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ-ਫਲਸਫੇ ਨੂੰ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦੀ ਇਹ ਤਿੰਨ ਦਿਨਾਂ ਕਾਨਫਰੰਸ ਕਰਵਾਈ ਜਾ ਰਹੀ ਹੈ। ਜਿਸ ਵਿੱਚ ਕੋਲਕਾਤਾ ਤੋਂ ਉਚੇਚੇ ਤੌਰ ਤੇ ਪੋ: ਹਿਮਾਂਦਰੀ ਬੈਨਰਜੀ ਸਾਬਕਾ ਮੁਖੀ ਗੁਰੂ ਨਾਨਕ ਚੇਅਰ ਜਾਦਵਪੁਰ, ਡਾ: ਐੱਸ. ਪੀ. ਸਿੰਘ ਉਬਰਾਏ, ਪੋ: ਕਰਮਜੀਤ ਸਿੰਘ ਵਾਇਸ ਚਾਂਸਲਰ ਗੁਰੂ ਨਾਨਕ ਦੇਵ ਯੁਨੀ:, ਪੋ: ਦਵਿੰਦਰ ਸਿੰਘ ਸਿੱਧੂ, ਡਾ: ਕੁਲਦੀਪ ਚੰਦ ਅਗਨੀਹੋਤਰੀ, ਡਾ: ਸੁਰਿੰਦਰਪਾਲ ਸਿੰਘ ਸੁੰਨੜ ਯੂ.ਐੱਸ. ਏ., ਪ੍ਰੋ: ਬਲਜਿੰਦਰ ਕੌਰ ਖਹਿਰਾ, ਡਾ: ਗੁਜਣਜੋਤ ਕੌਰ ਪਟਿਆਲਾ, ਡਾ: ਭਲਿੰਦਰ ਸਿੰਘ, ਪ੍ਰਿੰਸੀਪਲ ਬਲਜੀਤ ਸਿੰਘ, ਡਾ: ਸਹਿਜਪਾਲ ਸਿੰਘ, ਡਾ: ਮਨਦੀਪ ਸਿੰਘ, ਡਾ: ਸਤੀਸ਼ ਕੁਮਾਰ ਸ਼ਰਮਾ, ਭਾਈ ਮਤੀਦਾਸ ਜੀ ਦੇ ਪ੍ਰਵਾਰ ਵਿਚੋਂ ਸ੍ਰ: ਚਰਨਜੀਤ ਸਿੰਘ ਆਦਿ ਹੋਰ ਵੀ ਨਾਮਵਰ ਵਿਦਵਾਨ ਗੁਰੂ ਸਾਹਿਬ ਜੀ ਦੇ ਜੀਵਨ ਦਰਸ਼ਨ, ਸ਼ਹੀਦੀ, ਬਿਰਤਾਂਤ ਅਤੇ ਜੋ ਉਨਾਂ ਵਲੋਂ ਸਮੇਂ-ਸਮੇਂ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਆਦਿ ਨੂੰ ਅਕਾਦਮਿਕ ਤੌਰ ਤੇ ਮੁਲਾਂਕਣ ਕਰਨਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਵੱਦੀ ਟਕਸਾਲ ਦਾ ਇਹ ਨਿਮਾਣਾ ਜਿਹਾ ਉਪਰਾਲਾ ਸੰਗਤਾਂ ਲਈ ਲਾਭਕਾਰੀ ਸਾਬਤ ਹੋਵੇਗਾ ਅਤੇ ਸਾਡੀ ਹਰ ਸੰਭਵ ਕੋਸ਼ਿਸ਼ ਰਹੇਗੀ ਕਿ ਗੁਰੂ ਸਾਹਿਬਾਨ ਵਲੋਂ ਸਿਰਜੇ ਲਾਸਾਨੀ ਇਤਿਹਾਸ ਨੂੰ ਵਿਸ਼ਵ ਸਾਹਮਣੇ ਪ੍ਰਚਾਰੀਏ, ਕਿਉਕਿ ਅਜੋਕੇ ਸਮੇਂ ‘ਚ ਲਾਸਾਨੀ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਕਿਸੇ ਸਾਜ਼ਿਸ਼ ਤਹਿਤ ਮਨਫੀ ਕੀਤਾ ਜਾ ਰਿਹਾ ਹੈ। ਇਸ ਲਈ ਆਓ! ਆਪਸੀ ਭਰਾਤਰੀ ਭਾਵ ਅਤੇ ਪੰਥਕ ਏਕਤਾ, ਇਤਫ਼ਾਕ ਦੀ ਉਦਾਹਰਣ ਦੇਈਏ। ਮਨੁੱਖਤਾ ਸਾਹਮਣੇ ਆਪਣੇ ਸ਼ਾਨਾਮੱਤੇ ਇਤਿਹਾਸ ਅਤੇ ਗੁਰਮਤਿ ਸਿਧਾਤਾਂ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ ਲਾਮਬੰਦ ਹੋਈਏ। ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਸ਼ਹੀਦੀ ਸ਼ਤਾਬਦੀ ਮਨਾਉਣੀ ਤਾਂਹੀ ਸਫਲ ਹੋਵੇਗੀ ਜੇਕਰ ਅਸੀਂ ਉੱਚੇ-ਸੁੱਚੇ ਕਿਰਦਾਰ ਦੇ ਧਾਰਨੀ ਬਣ ਕੇ ਆਪਣੀ ਪੀੜ੍ਹੀ ਨੂੰ ਗੁਰਬਾਣੀ ਅਤੇ ਗੁਰਮਤਿ ਦੇ ਅਮੀਰ ਵਿਰਸੇ ਨਾਲ ਜੋੜ ਸਕਾਂਗੇ।