ਇਤਿਹਾਸ ‘ਚ ਜ਼ਿਕਰ ਆਉਂਦਾ ਹੈ ਕਿ ਆ ਸਿਰਕੱਢ 25 ਸਿੰਘਾਂ ਦਾ ਇੱਕ ਖਾਸ ਜਥਾ ਹਰ ਸਮੇਂ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਜੀ ਦੀ ਸੇਵਾ ‘ਚ ਰਹਿੰਦਾ ਭਾਵ ਕਿ ਗੁਰੂ ਸਾਹਿਬ ਦੀ ਸਕਿਓਰਟੀ ‘ਚ। ਏਸ ਜਥੇ ‘ਚ ਸਾਰੇ ਸਿੰਘ ਬੜੇ ਫੁਰਤੀਲੇ ਤੇ ਜੁਝਾਰੂ ਯੋਧੇ ਹੁੰਦੇ ਸੀ ਏਨਾਂ ‘ਚੋਂ ਇੱਕ ਖਾਸ ਨਾਮ ਹੈ, ਮਹਾਨ ਜਰਨੈਲ “ਭਾਈ ਊਦੈ ਸਿੰਘ ਜੀ” ਦਾ।
ਭਾਈ ਉਦੈ ਸਿੰਘ ਜੀ ਦਾ ਜਨਮ 27 ਕੱਤਕ, ਬਿਕਰਮੀ ਸੰਮਤ 1722 ਸੰਨ 1665 ਮਾਤਾ ਸੀਤੋ ਬਾਈ ਜੀ ਦੀ ਪਾਵਨ ਕੁੱਖੋਂ ਪਿਤਾ ਭਾਈ ਮਨੀ ਸਿੰਘ ਜੀ ਘਰ ਪਿੰਡ ਅਲੀਪੁਰ, ਨੇੜੇ ਮੁਲਤਾਨ (ਅੱਜਕਲ ਪਾਕਿਸਤਾਨ) ‘ਚ ਹੋਇਆ।
1666 ਨੂੰ ਪੋਹ ਮਹੀਨੇ ਕਲਗੀਧਰ ਪਿਤਾ ਜੀ ਦਾ ਪ੍ਰਕਾਸ਼ ਹੋਇਆ ਸੀ। ਸੋ ਭਾਈ ਉਦੈ ਸਿੰਘ ਦੀ ਉਮਰ ਕਲਗੀਧਰ ਜੀ ਤੋਂ ਕਰੀਬ ਸਵਾ ਕੁ ਸਾਲ ਵੱਡੇ ਸੀ। ਸਿੱਖੀ ਭਾਈ ਸਾਹਿਬ ਨੂੰ ਵਿਰਾਸਤ ‘ਚ ਮਿਲੀ। ਏਨਾਂ ਦਾ ਵੱਡਾ ਭਾਈ ਬੱਲੂ ਰਾਏ ਛੇਵੇਂ ਪਾਤਸ਼ਾਹ ਦਾ ਮਹਾਨ ਸੂਰਬੀਰ ਸਿੱਖ ਹੋਇਆ। ਭਾਈ ਦਿਆਲਾ ਜੀ ਜਿੰਨਾਂ ਨੂੰ ਮੁਗਲ ਹਕੂਮਤ ਨੇ ਚਾਂਦਨੀ ਚੌਕ ‘ਚ ਦੇਗ ‘ਚ ਉਬਾਲ ਕੇ ਸ਼ਹੀਦ ਕੀਤਾ ਭਾਈ ਉਦੈ ਸਿੰਘ ਦੇ ਤਾਇਆ ਜੀ ਸਨ।
ਭਾਈ ਸਾਹਿਬ ਦੇ ਚਾਰ ਭਰਾ ਹੋਰ ਸਨ, ਭਾਈ ਬਚਿੱਤਰ ਸਿੰਘ, ਅਨਿਕ ਸਿੰਘ, ਅਜਬ ਸਿੰਘ ਅਤੇ ਅਜਾਇਬ ਸਿੰਘ। ਸਾਰੇ ਹੀ ਬੜੇ ਸੂਰਵੀਰ ਯੋਧਾ ਸੀ। ਭਾਈ ਬਚਿੱਤਰ ਸਿੰਘ ਉਹ ਹਨ ਜਿਹਨਾਂ ਨੇ ਨਾਗਨੀ ਨਾਲ ਹਾਥੀ ਦਾ ਸਿਰ ਪਾੜਿਆ ਸੀ। ਬਾਕੀ ਤਿੰਨੇ ਭਰਾ ਚਮਕੌਰ ਸਾਹਿਬ ਦੀ ਜੰਗ ਚ ਸ਼ਹੀਦ ਹੋਏ। ਉਹਨਾਂ ਚਾਲੀ ਸਿੰਘਾਂ ‘ਚ ਤਿੰਨ ਭਾਈ ਉਦੈ ਸਿੰਘ ਦੇ ਭਰਾ ਸੀ ਭਾਵ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਸੀ। ਏਥੋਂ ਪਤਾ ਚਲਦਾ ਹੈ ਕਿ ਭਾਈ ਸਾਹਿਬ ਦੇ ਪਰਿਵਾਰ ਦਾ ਸਿੱਖੀ ਨਾਲ ਕਿੰਨਾ ਗੂੜ੍ਹਾ ਨਾਤਾ ਸੀ!
ਇਥੇ ਇੱਕ ਗੱਲ ਹੋਰ ਜ਼ਿਕਰਯੋਗ ਹੈ ਕਿ ਭੱਟ ਵਹੀਆਂ ਅਨੁਸਾਰ ਭਾਈ ਮਨੀ ਸਿੰਘ ਜੀ ਦੇ ਦੋ ਵਿਆਹ ਤੇ ਦਸ ਪੁੱਤਰਾਂ ਦਾ ਜ਼ਿਕਰ ਮਿਲਦਾ ਹੈ ਪਰ ਰਤਨ ਸਿੰਘ ਜੱਗੀ ਨੇ ਭਾਈ ਮਨੀ ਸਿੰਘ ਜੀ ਦੀ ਜੀਵਨੀ ‘ਚ ਕਲਗੀਧਰ ਜੀ ਦਾ ਇੱਕ ਹੁਕਮਨਾਮਾ ਦਿੱਤਾ ਜੋ ਸੰਮਤ 1760 ਅਨੁਸਾਰ 1703 ਈਸਵੀ ਦਾ ਹੈ। ਉਸ ‘ਚ ਭਾਈ ਸਾਹਿਬ ਦੇ ਪੰਜ ਪੁੱਤਰਾਂ ਦੇ ਹੀ ਨਾਮ ਆਏ ਹਨ, ਭਾਈ ਬਚਿੱਤਰ ਸਿੰਘ, ਊਦੈ ਸਿੰਘ ਅਜਬ ਸਿੰਘ, ਅਨਕ ਸਿੰਘ ਅਜਾਇਬ ਸਿੰਘ। ਇਸ ਹੁਕਮਨਾਮੇ ‘ਚ ਕਲਗੀਧਰ ਪਿਤਾ ਜੀ ਏਨਾਂ ਸਾਰੇ ਭਰਾਵਾਂ ਨੂੰ ਅਪਣੇ ਪੁੱਤ ਫਰਜੰਦ ਲਿਖਦੇ ਹਨ।
ਹੁਕਮਨਾਮੇ ਦੇ ਬੋਲ ਹਨ:-
“ਤੁਹੀ ਮੇਰੇ ਪੁਤਰ ਫਰਜੰਦ ਖਾਨੇ ਜਾਂਦੇ ਹੋ
ਤੁਸਾਂ ਉਪਰ ਮੇਰੀ ਖੁਸ਼ੀ ਹੈ।”
ਏਹ ਵੀ ਸਬੂਤ ਹੈ ਕਿ ਏਸ ਪਰਿਵਾਰ ‘ਤੇ ਕਿੰਨੀ ਅਥਾਹ ਕਿਰਪਾ ਸੀ। ਏਸੇ ਕਰਕੇ ਸਾਰਾ ਪਰਿਵਾਰ ਪੁਰਜਾ ਪੁਰਜਾ ਹੋ ਸਿੱਖੀ ਤੋਂ ਕੁਰਬਾਨ ਹੋ ਗਿਆ।
ਕਵੀ ਸੰਤੋਖ ਸਿੰਘ ਜੀ ਨੇ ਵੀ ਪੰਜ ਭਰਾਵਾਂ ਦਾ ਹੀ ਜ਼ਿਕਰ ਕੀਤਾ ਹੈ! ਜੋਕਿ ਹੋਰ ਖੋਜ ਦੀ ਮੰਗ ਕਰਦਾ ਹੈ!
18 ਕੁ ਸਾਲ ਦੀ ਉਮਰੇ ਭਾਈ ਉਦੈ ਸਿੰਘ ਦਾ ਵਿਆਹ ਹੋਇਆ। ਭੱਟ ਵਹੀ ਮੁਲਤਾਨੀ ਅਨੁਸਾਰ ਵਿਆਹ ਚੇਤ ਮਹੀਨੇ 1693 ਨੂੰ ਹੋਇਆ।
‘ਗੁਰੂ ਕੇ ਸ਼ੇਰ’ ਕਿਤਾਬ ‘ਚ ਭਾਈ ਉਦੈ ਸਿੰਘ ਦੇ ਪੁੱਤਰਾਂ ਦੀ ਸ਼ਹੀਦੀ ਦਾ ਵੀ ਜ਼ਿਕਰ ਹੈ- ਭਾਈ ਮਹਿਬੂਬ ਸਿੰਘ ਤੇ ਫ਼ਤਹਿ ਸਿੰਘ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਮਾਨ ਹੇਠ ਲੜਦਿਆਂ ਚਪੜ ਚਿੱੜੀ ਦੀ ਜੰਗ ਚ ਸ਼ਹੀਦ ਹੋਏ!
ਭਾਈ ਬਾਘ ਸਿੰਘ ਬਿਲਾਸਪੁਰ ਦੀ ਜੰਗ ‘ਚ ਸ਼ਹੀਦ ਹੋ। ਭਾਈ ਮੋਹਰ ਸਿੰਘ ਭਾਈ ਅਲਬੇਲ ਸਿੰਘ ਸਢੌਰੇ ਦੀ ਜੰਗ ਚ ਸ਼ਹੀਦ ਹੋਏ।
1699 ਵਿਸਾਖੀ ਵਾਲੇ ਦਿਨ ਜਦੋਂ ਦਸਮੇਸ਼ ਪਿਤਾ ਨੇ ਸਰਬੱਤ ਸੰਗਤ ਦਾ ਵਿਸ਼ੇਸ਼ ਇੱਕਠ ਕਰਕੇ ਕੇਸਗੜ੍ਹ ਸਾਹਿਬ ਖਾਲਸਾ ਪ੍ਰਗਟ ਕੀਤਾ, ਅੰਮ੍ਰਿਤ ਦੀ ਦਾਤ ਬਖਸ਼ੀ ਤਾਂ ਉਸ ਵਿਚ ਭਾਈ ਮਨੀ ਸਿਘ ਜੀ ਵੀ ਅਪਣੇ ਪੰਜਾਂ ਪੁੱਤਰਾਂ ਸਮੇਤ ਹਾਜ਼ਰ ਹੋ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਤੇ ਗੁਰੂ ਕਾ ਖਾਲਸਾ ਬਣੇ। ਭਾਈ ਮਨੀ ਰਾਮ ਤੋਂ ਮਨੀ ਸਿੰਘ। ਏਦਾਂ ਹੀ ਬਚਿੱਤਰ ਸਿੰਘ, ਊਦੈ ਸਿੰਘ ਅਜਬ ਸਿੰਘ, ਅਨਕ ਸਿੰਘ, ਅਜਾਇਬ ਸਿੰਘ ਬਣੇ। ਕਵੀ ਭਾਈ ਸੰਤੋਖ ਸਿੰਘ ਜੀ ਨੇ ਇਸ ਪਰਿਵਾਰ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ ਤੇ ਨਾਲ ਜਿਕਰ ਕੀਤਾ ਹੈ ਕਿ ਭਾਈ ਊਦੈ ਸਿੰਘ ਪੰਜੇ ਭਰਾ ਐਂ ਸੋਭਦੇ ਜਿਵੇਂ ਪੰਜ ਪਾਂਡਵ ਸੀ। ਜਿਵੇਂ ਪਾਂਡਵ ਮਹਾਂ ਭਾਰਤ ਯੁੱਧ ‘ਚ ਮਹਾਂਬਲੀ ਮੰਨੇ ਜਾਂਦੇ, ਏਦਾਂ ਏਹ ਪੰਜੇ ਭਰਾ ਮਹਾਂ ਬਲੀ ਯੋਧੇ ਹਨ, ਕਵੀ ਜੀ ਲਿਖਦੇ ਹਨ:
ਪੁਰਿ ਮੁਲਤਾਨ ਅਲੀਪੁਰਿ ਨੇਰੇ। ਮਾਈਦਾਸ ਰਜਪੂਤ ਬਸੇਰੇ।
ਤਿਸ ਕੇ ਮਨੀ ਰਾਮ ਸੁਤ ਹੋਯੋ। ਆਇ ਤਹਾਂ ਗੁਰ ਦਰਸ਼ਨ ਜੋਯੋ।
ਪੰਚ ਪੁੱਤ੍ਰ ਲੇ ਅਪਨੇ ਸਾਥ। ਸ਼ਰਨੀ ਪਰ੍ਯੋ ਰਹ੍ਯੋ ਗੁਰਨਾਥ।
ਸੋ ਪੰਚਹੁਂ ਭ੍ਰਾਤਾ ਕਰਿ ਖਰੇ। ਸਿੰਘ ਨਾਮ ਤਿਨ ਕੇ ਗੁਰ ਧਰੇ।
ਬਡੋ ਬਚਿੱਤ੍ਰ ਸਿੰਘ ਭਟ ਭਯੋ। ਉਦੇ ਸਿੰਘ ਦੂਸਰ ਬਿਦਤਯੋ।
ਅਨਕ ਸਿੰਘ ਅਰ ਅਜਬ ਸਿੰਘ ਪੁਨ। ਪੰਚਮ ਭਯੋ ਅਜਾਇਬ ਸਿੰਘ ਗੁਨਿ। ਅੰਮ੍ਰਿਤ ਖੰਡੇ ਕੋ ਤਿਨ ਦੀਨਾ। ਮਨਹੁਂ ਪੰਚ ਪਾਂਡਵ ਬਲ ਪੀਨਾ।
(ਸੂਰਜ ਪ੍ਰਕਾਸ਼ ਗ੍ਰੰਥ)
ਖਾਲਸਾ ਬਣਨ ਤੋਂ ਬਾਅਦ ਭਾਈ ਊਦੈ ਸਿੰਘ ਨੂੰ ਕਲਗੀਧਰ ਪਿਤਾ ਜੀ ਨੇ ਆਪਣੀ ਨਿੱਜੀ ਸੇਵਾ ਵਾਲੇ ਜਥੇ ‘ਚ ਸ਼ਾਮਲ ਕਰ
ਲਿਆ। ਪਾਤਸ਼ਾਹ ਨੇ ਜਿੱਥੇ ਜਾਣਾ ਹੁੰਦਾ ਜਥਾ ਨਾਲ ਹੁੰਦਾ।
1699 ਈ. ਤੋਂ ਬਾਅਦ ਅਨੰਦਪੁਰ ਸਾਹਿਬ ਦੇ ਹਲਾਤ ਛੇਤੀ ਨਾਲ ਬਦਲਣ ਲੱਗ ਪਏ। ਸੰਗਤਾਂ ਦਾ ਆਉਣਾ- ਜਾਣਾ ਵਧ ਗਿਆ। ਮੁਗ਼ਲ ਹਕੂਮਤ ਤੇ ਪਹਾੜੀ ਰਾਜੇ ਪੱਬਾਂ ਭਾਰ ਹੋ ਗਏ। ਇਸ ਸਮੇਂ ਕਈ ਘਟਨਾਵਾਂ ਵਾਪਰੀਆਂ ਜਿੰਨਾਂ ‘ਚ ਭਾਈ ਊਦੈ ਸਿੰਘ ਦਾ ਖਾਸ ਰੋਲ ਰਿਹਾ।
‘ਗੁਰੂ ਕੀਆਂ ਸਾਖੀਆਂ’ ਕਿਤਾਬ ‘ਚ ਜ਼ਿਕਰ ਹੈ ਕਿ ਇਕ ਦਿਨ ਪੋਠੋਹਾਰ ਦੀ ਸੰਗਤ ਅਨੰਦਪੁਰ ਸਾਹਿਬ ਨੂੰ ਆ ਦਰਸ਼ਨਾਂ ਰਹੀ ਸੀ ਨੂਹ ਪਿੰਡ ਦੇ ਰੰਘੜਾਂ ਨੇ ਲੁੱਟ ਲਿਆ। ਸੰਗਤ ਨੇ ਆ ਕੇ ਪਾਤਸ਼ਾਹ ਨੂੰ ਦੱਸਿਆ। ਮਹਾਰਾਜ ਨੇ ਭਾਈ ਊਦੈ ਸਿੰਘ ਨੂੰ ਹੁਕਮ ਕੀਤਾ ਕਿ ਸੌ ਸਿੰਘਾਂ ਦਾ ਜਥਾ ਤਿਆਰ ਕਰੋ। ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ‘ਚ ਅਗਲੇ ਦਿਨ ਜਥਾ ਭੇਜਿਆ। ਸਾਹਿਬਜਾਦਾ ਤੇ ਭਾਈ ਊਦੈ ਸਿੰਘ ਹੁਣਾ ਨੇ ਨੂਹ ਦੇ ਰੰਘੜਾਂ ਨੂੰ ਜੰਗੀ ਤੌਣੀ ਲਾਈ।
ਏਦਾਂ ਹੀ ਇਕ ਦਿਨ ਬਜਰੂੜ ਦੇ ਰੰਘੜਾਂ ਨੇ ਸੰਗਤ ਨੂੰ ਲੁੱਟ ਲਿਆ ਤਾਂ ਉਦੋਂ ਵੀ ਸਾਹਿਬਜ਼ਾਦਾ ਤੇ ਭਾਈ ਊਦੈ ਸਿੰਘ ਨੂੰ ਜਥਾ ਦੇ ਕੇ ਸਤਿਗੁਰੂ ਭੇਜਿਆ। ਬਜਰੂੜ ਦੇ ਰੰਘੜਾਂ ਵੀ ਮੁਕਾਬਲਾ ਕੀਤਾ ਪਰ ਵੱਸ ਨਾ ਚੱਲਿਆ, ਮੁੰਹ ਦੀ ਖਾਣੀ ਪਈ। ਇਸ ਲੜਾਈ ‘ਚ ਚਿਤੂ ਤੇ ਮਿਤੂ ਦੋ ਮੁਖੀ ਰੰਘੜ ਮਾਰੇ ਗਏ ।
‘ਗੁਰੂ ਕੀਆਂ ਸਾਖੀਆਂ’ ਪੋਥੀ ‘ਚ ਜ਼ਿਕਰ ਹੈ ਕਿ ਗਰਮੀ ਦਾ ਸਮਾਂ ਹਾੜ ਦਾ ਮਹੀਨਾ ਸੀ ਇੱਕ ਦਿਨ ਦਸਵੇਂ ਸਤਿਗੁਰੂ ਸਿੰਘਾਂ ਸਮੇਤ ਸ਼ਿਕਾਰ ਖੇਡਣ ਗਏ! ਰਾਜਾ ਬਲੀਆ ਚੰਦ ਤੇ ਆਲਮ ਚੰਦ ਨੇ ਵੇਖ ਲਿਆ ਸਿਧਾ ਤਾਂ ਸਾਹਮਣੇ ਨਈ ਹੋਏ, ਪਰ ਉਹ ਘਾਤ ਲਾ ਕੇ ਬੈਠ ਗਏ ਤੇ ਅਚਾਨਕ ਪਾਤਸ਼ਾਹ ਤੇ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਬੜੀ ਚਲਾਕੀ ਨਾਲ ਅਰਾਕੀ ਘੋੜੇ ਨੂੰ ਮੋੜਿਆ। ਨਾਲ ਹੀ ਭਾਈ ਉਦੈ ਸਿੰਘ ਭਾਈ ਆਲਮ ਸਿੰਘ ਨੂੰ ਕਿਹਾ ਕਿ ਏਨਾਂ ਦੁਸਟਾਂ ਨੂੰ ਮਜ਼ਾ ਚਖਾਉ! ਹੁਕਮ ਸੁਣ ਸਿੰਘਾਂ ਨੇ ਹਮਲਾ ਕੀਤਾ। ਚੰਗਾ ਭੇੜ ਹੋਇਆ ਬਲੀਆ ਚੰਦ ਤੇ ਆਲਮ ਚੰਦ ਦੋਵੇਂ ਸਖ਼ਤ ਜ਼ਖ਼ਮੀ ਹੋ ਗਏ। ਉਹਨਾਂ ਭੱਜ ਕੇ ਜਾਨ ਬਚਾਈ।
ਸਿੱਖ ਇਤਿਹਾਸ ‘ਚ ਇੱਕ ਸਾਖੀ ਬੜੀ ਪ੍ਰਚਲਤ ਐ, ਖੋਤੇ ਤੇ ਸ਼ੇਰ ਦੀ ਖੱਲ ਵਾਲੀ, ਪਰ ਜਿਸ ਸ਼ੇਰ ਦੀ ਖੱਲ ਲਵਾ ਕੇ ਖੋਤੇ ‘ਤੇ ਪਵਾਈ ਸੀ ਕਲਗੀਧਰ ਜੀ ਨੇ। ਏਹ ਸ਼ੇਰ ਵੀ ਭਾਈ ਉਦੈ ਸਿੰਘ ਨੇ ਹੀ ਮਾਰਿਆ ਸੀ।
ਗੱਲ ਇੰਜ ਹੋਈ ਸੀ ਕਿ ਸਉਣ ਦਾ ਮਹੀਨਾ ਸੀ, ਭਾਈ ਉਦੈ ਸਿੰਘ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਕੁਝ ਸਿੰਘਾਂ ਸਮੇਤ ਸ਼ਿਕਾਰ ਨੂੰ ਚੜਿਆ। ਅਚਾਨਕ ਇੱਕ ਬੱਬਰ ਸ਼ੇਰ ਨੇ ਭਾਈ ਊਦੈ ਸਿੰਘ ‘ਤੇ ਹਮਲਾ ਕਰ’ਤਾ। ਭਾਈ ਸਾਹਿਬ ਨੇ ਬੜੀ ਫੁਰਤੀ ਨਾਲ ਖੁਦ ਨੂੰ ਸੰਭਾਲਦਿਆਂ ਨਾਲ ਹੀ ਬੰਦੂਕ ਦਾ ਘੋੜਾ ਦੱਬ’ਤਾ। ਇੱਕ ਪੱਲ ‘ਚ ਸ਼ੇਰ ਢੇਰ ਕਰ’ਤਾ। ਸ਼ੇਰ ਬੜਾ ਤਗੜਾ ਸੀ, ਲੱਦ ਕੇ ਅਨੰਦਪੁਰ ਲੈਣ ਆਏ ਨਾਲ ਦੇ ਸਿੰਘਾਂ ਨੇ ਪਾਤਸ਼ਾਹ ਨੂੰ ਊਦੈ ਸਿੰਘ ਦੀ ਬਹਾਦਰੀ ਬਾਰੇ ਦੱਸਿਆ। ਗੁਰੂ ਸਾਹਿਬ ਬੜੇ ਖੁਸ਼ ਹੋਏ। ਦੀਵਾਨ ਭਾਈ ਸਾਹਿਬ ਸਿੰਘ ਨੂੰ ਹੁਕਮ ਕੀਤਾ ਇਸ ਸ਼ੇਰ ਦੀ ਖੱਲ ਲੁਹਾ ਕੇ ਖੋਤੇ ‘ਤੇ ਪਾ ਕੇ ਖੇਤਾਂ ‘ਚ ਛੱਡ ਦਿਉ। ਹੁਕਮ ਸੁਣ ਸਿੰਘਾਂ ਏਦਾ ਹੀ ਕੀਤਾ।
ਏਹ ਸਾਖੀ ਪ੍ਰਚਾਰਕ ਆਮ ਹੀ ਸੰਗਤ ਸੁਣਾ ਕੇ ਸਮਝਉਂਦੇ ਹਨ ਕਿ ਅਸੀਂ ਬਾਹਰੋਂ ਸ਼ੇਰ ਅੰਦਰੋਂ ਖੋਤੇ ਹੀ ਨਾ ਬਣੇ ਰਹਿ ਜਾਈਏ।
ਬੱਸੀ ਪਠਾਣਾਂ ਦੇ ਹਾਕਮ ਨੂੰ ਸੋਧਣ ਵੇਲੇ ਵੀ ਭਾਈ ਉਦੈ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਸੀ ਏਦਾਂ ਦੀਆਂ ਬੜੀਆਂ ਘਟਨਾਵਾਂ ਜਿੰਨਾਂ ‘ਚ ਭਾਈ ਊਦੈ ਸਿੰਘ ਨੇ ਅਹਿਮ ਸੇਵਾ ਨਿਭਾਈ। ਅਨੰਦਪੁਰ ਸਾਹਿਬ ਦੀਆਂ ਤਕਰੀਬਨ ਸਾਰੀਆਂ ਜੰਗਾਂ ‘ਚ ਭਾਈ ਸਾਹਿਬ ਦਾ ਅਹਿਮ ਰੋਲੀ ਰਿਹਾ। ਨਿਰਮੋਹਗੜ੍ਹ ਦੀ ਜੰਗ, ਬਸਾਲੀ ਦੀ ਜੰਗ, ਕਲਮੋਟ ਦੀ ਜੰਗ ‘ਚ ਵੀ ਵਧ ਚੜ ਕੇ ਸੇਵਾ ਕੀਤੀ।
ਭਾਈ ਊਦੈ ਸਿੰਘ ਦੇ ਜੀਵਨ ਦੀ ਇੱਕ ਹੋਰ ਬੜੀ ਮਹੱਤਵਪੂਰਨ ਘਟਨਾ ਦਾ ਜ਼ਿਕਰ ਮਿਲਦਾ ਹੈ:
ਅਨੰਦਪੁਰ ਦੀਆਂ ਜੰਗ ਵੇਲੇ ਪਹਾੜੀ ਰਾਜਿਆਂ ਨੇ ਬੜਾ ਜ਼ੋਰ ਲਾਇਆ ਲੋਹਗੜ੍ਹ ਦਾ ਕਿਲ੍ਹਾ ਤੋੜਣ ਨੂੰ ਪਰ ਸਫ਼ਲ ਨਾ ਹੋਏ। ਇੱਕ ਦਿਨ ਸ਼ਾਮ ਨੂੰ ਬੈਠਿਆਂ ਜਸਵਾਲ ਰਿਆਸਤ ਦੇ ਰਾਜੇ ਕੇਸਰੀ ਚੰਦ ਨੇ ਸਾਰੇ ਰਾਜਿਆਂ ਨੂੰ ਕਿਹਾ, ਤੁਸੀਂ. ਸਾਰੇ ਮੇਰਾ ਸਾਥ ਦਿਉ!
ਮੈਂ ਪ੍ਰਤਗਿਆ ਕਰਦਾਂ ਹਾਂ ਕਿ
ਕੱਲ੍ਹ ਨੂੰ ਆਪਣੇ ਜੰਗੀ ਹਾਥੀ ਤੋਂ ਲੋਹਗੜ੍ਹ ਕਿਲ੍ਹੇ ਦਾ ਦਰਵਾਜ਼ ਤੁੜਵਾ ਕੇ ਗੁਰੂ ਗੋਬਿੰਦ ਸਿੰਘ ਦਾ ਸਿਰ ਵੀ ਵੱਢ ਕੇ ਲਿਆਊਂ, ਜੇ ਮੈਂ ਸ਼ਾਮ ਤੱਕ ਗੋਬਿੰਦ ਸਿੰਘ ਦਾ ਸਿਰ ਨਾ ਵੱਢ ਸਕਿਆ ਤੇ ਮੈਂ ਆਪਣੇ ਪਿਉ ਦਾ ਪੁੱਤਰ ਨੀਂ। ਨਾਲ ਕਿਹਾ, ਮੈਂ ਆਪਣਾ ਸਿਰ ਕਲਮ ਕਰ’ਲੂੰ ਮੈਨੂੰ ਹਜ਼ਾਰ ਗਊ ਹੱਤਿਆ, ਬ੍ਰਹਮ ਹੱਤਿਆ, ਕੰਨਿਆ ਘਾਤ, ਕੁਲ ਘਾਤ ਤੇ ਮਿਤ੍ਰ ਦ੍ਰੋਹ ਦਾ ਪਾਪ ਲੱਗੇ ਜੇ ਮੈਂ ਝੂਠਾ ਹੋਵਾਂ।
ਸੂਹੀਏ ਰਾਹੀਂ ਕਲਗੀਧਰ ਪਿਤਾ ਨੂੰ ਏ ਸਾਰੀ ਖ਼ਬਰ ਮਿਲੀ!
ਅਗਲੇ ਦਿਨ ਹੰਕਾਰਿਆ ਹੋਇਆ ਰਾਜਾ ਕੇਸਰੀ ਚੰਦ ਘੋੜੇ ‘ਤੇ ਚੜਿਆ। ਹਾਥੀ ਤਿਆਰ ਕਰ ਕੇ ਸ਼ਰਾਬ ਪਿਆ ਕੇ ਲੋਹਗੜ੍ਹ ਵੱਲ ਤੋਰਿਆ। ਮਗਰ ਆਪ ਸਾਰੀ ਪਹਾੜੀ ਫੌਜ ਸਮੇਤ ਲੋਹਗੜ ਵੱਲ ਵਧਿਆ।
ਏਧਰੋਂ ਗੁਰੂ ਸਾਹਿਬ ਨੇ ਭਾਈ ਊਦੈ ਸਿੰਘ ਦੇ ਵੱਡੇ ਭਰਾ ਬਾਬਾ ਬਚਿੱਤਰ ਸਿੰਘ ਨੂੰ ਨਾਗਨੀ ਫੜਾ ਥਾਪੜਾ ਦੇ ਕੇ ਤੋਰਿਆ।
ਨਾਲ ਹੀ ਭਾਈ ਊਦੈ ਸਿੰਘ ਨੂੰ ਜਥਾ ਦੇ ਕੇ ਕੇਸਰੀ ਚੰਦ ਦਾ ਸਿਰ ਲਾਹ ਕੇ ਲਿਆਉਣ ਦਾ ਹੁਕਮ ਕੀਤਾ।
ਜਦੋ ਬਾਬਾ ਬਚਿੱਤਰ ਸਿੰਘ ਨੇ ਰਕਾਬਾਂ ‘ਤੇ ਖੜੇ ਹੋ ਕੇ ਹਾਥੀ ਦੇ ਮੱਥੇ ‘ਚ ਨਾਗਨੀ ਮਾਰੀ ਤੇ ਹਾਥੀ ਚੀਕਾਂ ਮਾਰਦਾ ਪਿੱਛੇ ਮੁੜਿਆ।
ਉਸੇ ਸਮੇਂ ਭਾਈ ਊਦੈ ਸਿੰਘ ਜਥੇ ਸਮੇਤ ਕੇਸਰੀ ਚੰਦ ਤੇ ਜਾ ਚੜੇ। ਭਾਈ ਸਾਹਿਬ ਨੇ ਲਲਕਾਰ ਕੇ ਕਿਆ, ਉ ਹੰਕਾਰੀਆ! ਤੂੰ ਗੁਰੂ ਸਾਹਿਬ ਦਾ ਸਿਰ ਲਾਹੁਣ ਦਾ ਪ੍ਰਣ ਕੀਤਾ। ਅਜ ਮੈਂ ਤੇਰਾ ਸਿਰ ਲਾਹ ਕੇ ਗੁਰੂ ਸਾਹਿਬ ਦੀ ਚਰਨੀਂ ਸੁੱਟੂੰ। ਲੈ ਕਰਲੈ ਵਾਰ, ਕਿਤੇ ਦਿਲ ਨ ਰਹਿ ਜਾਵੇ। ਕੇਸਰੀ ਚੰਦ ਦੰਦ ਕਰੀਚਦੇ ਨੇ ਨੇ ਵਾਰ ਕੀਤਾ, ਭਾਈ ਊਦੈ ਸਿੰਘ ਨੇ ਤਲਵਾਰ ਨਾਲ ਰੋਕਦਿਆਂ, ਮੋੜਵਾਂ ਵਾਰ ਕੀਤਾ, ਕੱਦੂ ਵਾਂਗ ਕੇਸਰੀ ਚੰਦ ਦਾ ਸਿਰ ਲੈਹ ਕੇ ਔਹ ਜਾ ਪਿਆ।
ਭਾਈ ਸਾਹਿਬ ਨੇ ਨੇਜ਼ੇ ‘ਤੇ ਟੰਗ ਕੇ ਸਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਲਿਆ ਸੁੱਟਿਆ। ਮਹਾਰਾਜ ਆ ਪਿਆ ਪਾਪੀ ਦਾ ਸਿਰ ਜੇਹੜਾ ਆਪ ਦੀ ਸ਼ਾਨ ‘ਚ ਗਲਤ ਬੋਲਦਾ ਸੀ।
ਗੁਰੂ ਸਾਹਿਬ ਨੇ ਭਾਈ ਊਦੈ ਸਿੰਘ ਨੂੰ ਬੜੀਆਂ ਰਹਿਮਤਾਂ ਨਾਲ ਨਿਵਾਜਿਆ
ਜਦੋਂ ਜੰਗਾਂ ਯੁੱਧਾਂ ਦੇ ਸਾਰੇ ਪੈਂਤੜੇ ਵਰਤ ਹਾਰ ਹੰਭ ਗਏ ਤਾਂ ਮੁਗਲ ਤੇ ਪਹਾੜੀ ਫੌਜ ਨੇ ਅਨੰਦਪੁਰ ਸਾਹਿਬ ਨੂੰ ਪੱਕਾ ਘੇਰਾ ਪਾਲਿਆ ਸੀ, ਉਦੋਂ ਵੀ ਭਾਈ ਊਦੈ ਸਿੰਘ ਪੰਜਾਂ ਭਰਾਵਾਂ ਸਮੇਤ ਗੁਰੂ ਚਰਨ ‘ਚ ਹਾਜ਼ਰ ਰਹੇ ਭਾਂਵੇ ਕਿੰਨਾ ਵੀ ਔਖਾ ਸਮਾਂ ਆਇਆ। ਕਿਤੇ ਵੀ ਭਾਈ ਊਦੈ ਸਿੰਘ ਨੇ ਗੁਰੂ ਹੁਕਮ ਦੀ ਉਲੰਘਣਾ ਨਹੀਂ ਕੀਤੀ, ਹਰ ਸਮੇਂ ਹੁਕਮ ‘ਚ ਰਹੇ!
ਅਖੀਰ 6 ਪੋਹ ਦੀ ਰਾਤ ਨੂੰ ਜਦੋ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਛੱਡਿਆ, ਉਦੋਂ ਭਾਈ ਊਦੈ ਸਿੰਘ ਦਾ ਜਥਾ ਨਿਗਰਾਨੀ ‘ਤੇ ਸੀ।
ਕਿਲ੍ਹੇ ‘ਚੋਂ ਨਿਕਲੀ ਵਹੀਰ ਅਜੇ ਸ਼ਾਹੀ ਟਿੱਬੀ ਨੇੜੇ ਹੀ ਪਹੁੰਚੀ ਸੀ ਜਦੋ ਸਾਰੀਆਂ ਸੌਹਾਂ,ਕਸਮਾਂ ਤੋੜ ਹਿੰਦੂ ਤੇ ਮੁਗਲ ਫੌਜ ਅਚਾਨਕ ਇਕ ਦਮ ਚੜ੍ਹ ਆਈ ।
ਉਸ ਸਮੇਂ ਸੱਚੇ ਪਾਤਸ਼ਾਹ ਨੇ ਆਪਣੇ ਚੋਟੀ ਦੇ ਮਹਾਨ ਜਰਨੈਲ ਭਾਈ ਉਦੈ ਸਿੰਘ ਨੂੰ ਕੋਲ ਸੱਦ ਕੇ ਵੈਰੀ ਨੂੰ ਟੱਕਰ ਦੇਣ ਦਾ ਹੁਕਮ ਕੀਤਾ।
ਕਵੀ ਸੰਤੋਖ ਸਿੰਘ ਲਿਖਦੇ ਹਨ, ਭਾਈ ਉਦੈ ਸਿੰਘ ਨੇ ਆਪ ਆਗਿਆ ਮੰਗੀ ।
‘ਹਜੂਰੀ ਸ਼ਹੀਦ’ ਕਿਤਾਬ ‘ਚ ਲਿਖਿਆ ਹੈ, ਉਸ ਸਮੇਂ ਮਹਾਰਾਜ ਨੇ ਆਪਣੇ ਗਲੇ ਦਾ ਪੁਸ਼ਾਕਾ ਬਖਸ਼ਿਆ। ਜਿਸ ਵਿਚ ਬੇਅੰਤ ਬਖਸ਼ਿਸਾਂ ਸਾਰੀ ਯੁੱਧ ਕਲਾ ਤੇ ਜੰਗੀ ਪੈਂਤੜੇ ਸੀ ।
ਸੂਰਜ ਪ੍ਰਕਾਸ਼ ‘ਚ ਲਿਖਿਆ ਹੈ , ਆਪਣੇ ਏਸ ਬੱਬਰ ਸ਼ੇਰ ਨੂੰ ਦਸਮੇਸ਼ ਪਿਤਾ ਨੇ ਆਖਰੀ ਵਾਰ ਪਾਵਨ ਹੱਥ ਦਾ ਥਾਪੜਾ ਦਿੱਤਾ।
ਗੁਰੂ ਦੀਨ ਥਾਪੀ। ਕਰੋ ਸ਼ਤ੍ ਖਾਪੀ ।
50 ਸਿਰਲੱਥ ਸੂਰਮਿਆਂ ਦਾ ਜਥਾ ਤੋਰਿਆ। ਗੁਰੂ ਸਾਹਿਬ ਨੇ ਕਿਹਾ, ਉਦੈ ਸਿੰਘਾ! ਸੂਰਜ ਉੱਦੈ (ਚੜਣ) ਹੋਣ ਤੱਕ ਏ ਕੋਈ ਵੈਰੀ ਅੱਗੇ ਨਹੀਂ ਆਉਣਾ ਚਾਹੀਦਾ, ਅੰਮ੍ਰਿਤ ਵੇਲਾ ਹੋਣਾ ਵਾਲਾ ਆਸਾ ਦੀ ਵਾਰ ਦਾ ਕੀਰਤਨ ਕਰੀਏ। ਗੁਰੂ ਬਾਬੇ ਦੀਆਂ ਖੁਸ਼ੀਆਵ ਲਈਏ।
ਭਾਈ ਸਾਹਿਬ ਨੇ ਹੱਥ ਜੋੜ ਕਿਹਾ ਕਿ ਸੱਚੇ ਪਾਤਸ਼ਾਹ ਤੁਹੀ ਮਿਹਰਾਂ ਕਰਿਉ, ਏਸ ਟਿੱਡੀ ਦਲ ਨੂੰ ਕਿਆਮਤ ਤੱਕ ਨੀ ਹਿੱਲਣ ਦਿੰਦਾ, ਏ ਹੁਣ ਜਮਾਂ ਦੇ ਰਾਹ ਈ ਜਾਣ ‘ਗੇ ਬਸ!
ਜਦੋ ਤੱਕ ਏ ਉਦੈ ਸਿੰਘ ਅਸਤ ਨੀ ਹੁੰਦਾ ਏਨਾ ਨੂੰ ਪੈਰ ਨੀ ਪੁੱਟਣ ਦਿੰਦਾ! ਪਾਤਸ਼ਾਹ ਵਹੀਰ ਨਾਲ ਅੱਗੇ ਤੁਰੇ ਗਏ।
ਗੁਰੂ ਕਾ ਲਾਲ ਵੇੈਰੀ ਦਾ ਕਾਲ ਬਣ ਆ ਖਲੋਤਾ। ਹੜ੍ਹ ਵਾਂਗ ਚੜੇ ਆਉਂਦੇ ਵੈਰੀ ਦਲ ਦੇ ਸਾਮਣੇ ਊਦੈ ਸਿੰਘ ਦਾ ਸ਼ਹੀਦੀ ਜਥਾ ਪਹਾੜ ਬਣ ਖੜ੍ਹ ਗਿਆ। ਸ਼ਾਹਿਜਾਦਾ ਅਜੀਤ ਸਿੰਘ ਪਹਿਲਾਂ ਲੜ ਰਹੇ ਸੀ, ਉਨ੍ਹਾਂ ਨੂੰ ਅੱਗੇ ਤੋਰ ‘ਤਾ। ਊਦੈ ਸਿੰਘ ਹੁਣਾ ਨੇ 12 ਘੜੀਆਂ( ਲੱਗਭੱਗ 5 ਘੰਟੇ) ਤੱਕ ਸਾਰੀ ਹਿੰਦੂ ਮੁਗਲ ਫੌਜਾਂ ਨੂੰ ਵਡੇ ਵੱਡੇ ਨਵਾਬਾਂ, ਜਰਨੈਲਾਂ, ਖੱਬੀ ਖਾਨਾਂ ਨੂੰ ਵਾਹਣੀ ਪਾ ਛੱਡਿਆ। ਏਨੀ ਵਾਢ ਕੀਤੀ ਕਿ ਜਮਰਾਜ ਗੇੜੇ ਲਾਉਂਦੇ ਹੰਭ ਗਿਆ ਹੋਊ।
ਅਖੀਰ ਲੜਦਿਆਂ ਹੋਇਆ ਇਕ ਇਕ ਕਰਕੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਭਾਈ ਉਦੈ ਸਿੰਘ ਕੱਲਾ ਰਹਿ ਗਿਆ ਜੰਗੀ ਪੈਂਤੜੇ ਤੇ ਗਲ ਪਿਆ ਚੋਲਾ ਵੇਖ ਮੁਗਲ ਜਰਨੈਲ ਇਹੀ ਸਮਝਦੇ ਰਹੇ ਏ ਗੁਰੂ ਗੋਬਿੰਦ ਸਿੰਘ ਆਪ ਹਨ ਤਾਹੀਂ ਹੱਥ ਨੀ ਆਉਂਦਾ।
ਆਪਸ ‘ਚ ਕਹਿਣ ਕੱਲਾ ਗੁਰੂ ਬਚਿਆ ਏ, ਮਾਰ’ਲੋ ਅਪਣੀ ਫਤੇਹ ਆ!
ਆਖੀਰ ਹਜ਼ਾਰਾਂ ਗਿੱਦੜਾਂ ਮਿਲ ਕੇ ਜ਼ਖ਼ਮੀ ਸ਼ੇਰ ਸੁੱਟ ਲਿਆ। ਸੰਮਤ 1762
7 ਪੋਹ ਦਿਨ ਵੀਰਵਾਰ ਨੂੰ ਇਕ ਘੜੀ ਦਿਨ ਚੜ੍ਹੇ ਭਾਈ ਊਦੈ ਸਿੰਘ ਜੀ ਸ਼ਹੀਦ ਹੋ ਗਏ। ਵੈਰੀਆ ਖੁਸ਼ੀਆਂ ਮਨਾਈ। ਗੁਰੂ ਮਾਰ’ਲਿਆ ਗੁਰੂ ਮਾਰ’ਲਿਆ, ਪਰ ਥੋੜ੍ਹੀ ਚਿਰ ਬਾਦ ਪਤਾ ਲੱਗਾ,ਕਿ ਏ ਤਾਂ ਸਿੱਖ ਸੀ। ਗੁਰੂ ਤਾਂ ਅੱਗੇ ਲੰਘ ਗਿਆ।
ਜਿਸ ਕਲਪ ਬ੍ਰਿਛ ਥੱਲੇ ਭਾਈ ਉਦੇ ਸਿੰਘ ਜੀ ਸ਼ਹੀਦ ਹੋਏ ਉਹ ਹੁਣ ਵੀ ਮੌਜੂਦ ਹੈ। ਉਤੋਂ ਵੱਡਤਾ ਪਰ ਮੁਢ ਹੈਗਾ।
ਉੱਥੇ ਹੁਣ ਸ਼ਹੀਦੀ ਅਸਥਾਨ ਬਣਿਆ।
ਗੁ: ਸ਼ਹੀਦ ਬਾਬਾ ਉਦੈ ਸਿੰਘ ਜੀ ਜੋ ਪਿੰਡ ਅਟਾਰੀ ‘ਚ ਹੈ! ਉਦੋਂ ਅਟਾਰੀ ਪਿੰਡ ਨਹੀਂ ਵੱਸਿਆ ਸੀ ਏ ਸਾਰਾ ਥਾਂ ਸ਼ਾਹੀ ਟਿੱਬੀ ਹੀ ਸਮਝੀ ਜਾਂਦੀ ਸੀ। ਪਿੰਡ ਵੱਲੋਂ ਭਾਈ ਉਦੇ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 7 ਪੋਹ ਨੂੰ ਬੜੀ ਚੜਦੀ ਕਲਾ ਨਾਲ ਮਨਾਇਆ ਜਾਂਦਾ ਹੈ।
ਭਾਈ ਸਾਹਿਬ ਦੀ ਸਾਰੀ ਉਮਰ ਕਰੀਬ 40 ‘ਚ ਸਾਲ ਬਣਦੀ ਆ ।
ਐਸੇ ਮਹਾਨ ਜਰਨੈਲ ਗੁਰੂ ਕੇ ਲਾਲ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਸ਼ਹੀਦ ਜਰਨੈਲ ਦੇ ਚਰਨਾਂ ‘ਤੇ ਵਾਰ ਵਾਰ ਪ੍ਰਣਾਮ!!
ਮੇਜਰ ਸਿੰਘ, ਉਪ ਸੰਪਾਦਕ
