ਸ਼ੇਰ-ਏ-ਪੰਜਾਬ ਦਾ ਕੋਹੇਨੂਰ

10 ਜੁਲਾਈ 1854 ਦੀ ਗੱਲ ਹੈ,ਸ਼ਾਹੀ ਪੋਸ਼ਾਕ,ਜ਼ਰੀ ਦੀ ਕਢਾਈ ਵਾਲੀ ਨੋਕਦਾਰ ਪੰਜਾਬੀ ਜੁੱਤੀ ਪਹਿਨੀ ਅਤੇ ਰਵਾਇਤੀ ਔਸਾਫ਼ਾਂ ਨਾਲ ਸੱਜਿਆ ਫੱਬਿਆ ਕੰਵਰ ਦਿਲੀਪ ਸਿੰਘ ਬੁਕਿੰਗਮ ਪੈਲਸ ਦੇ ਮੁੱਖ ਹਾਲ ਦੇ ਸਫੈਦ ਸੰਗਮਰਮਰੀ ਫ਼ਰਸ਼ ਉਪਰ ਰੱਖੇ ਲੱਕੜੀ ਦੇ ਚੌਖੱਟੇ ਉਪਰ ਖੜਾ ਸੀ……ਮਲਕਾ ਵਿਕਟੋਰੀਆ ਦੇ ਕਹਿਣ ਉਪਰ ਸ਼ਾਹੀ ਚਿੱਤਰਕਾਰ ਫਰਾਂਜ਼ ਯੇਵੀਅਰ ਵਿਨਟਰਹਾਲਟਰ ਇਕ ਕੈਨਵਸ ਉਪਰ ਸ਼ੇਰ-ਏ-ਪੰਜ਼ਾਬ ਦੇ ਪੁੱਤਰ ਦਿਲੀਪ ਸਿੰਘ ਨੂੰ ਰੰਗਾਂ ਵਿੱਚ ਕੈਦ ਕਰਨ ਲਈ ਬੁਰਸ਼ ਚਲਾ ਰਿਹਾ ਸੀ।ਕਦਮਾਂ ਦੀ ਆਵਾਜ਼ ਆਈ….ਚਿੱਤਰਕਾਰ ਦੀਆਂ ਹਿਦਾਇਤਾਂ ਅਨੁਸਾਰ ਦਿਲੀਪ ਨਾ ਹਿੱਲਿਆ ਪਰ ਚਿੱਤਰਕਾਰ ਦੇ ਝੁਕ ਕੀਤੇ ਸਿਜ਼ਦੇ ਨੇ ਅਹਿਸਾਸ ਕਰਵਾ ਦਿੱਤਾ ਕਿ ਮਲਕਾ ਦੀ ਆਮਦ ਹੈ।ਮਲਕਾ ਨੇ ਕਿਹਾ, “ਮਿ: ਫ਼ਰਾਂਜ਼…ਕੰਵਰ ਸਾਹਿਬ ਦਾ ਚਿੱਤਰ ਐਸਾ ਬਣਾਉਣਾ ਕਿ ਓਸਬੋਰਨ ਹਾਲ ਵਿੱਚ ਸ਼ਿਰਕਤ ਕਰਨ ਵਾਲਾ ਹਰ ਬਸ਼ਿੰਦਾ ਤੱਕਦਾ ਹੀ ਰਹਿ ਜਾਵੇ। ” ਮਲਕਾ ਦਿਆਂ ਹਦਾਇਤਾਂ ਵਿੱਚ ਸ਼ਰਾਰਤੀ ਅਦਾ ਸੀ…। ਦਿਲੀਪ ਸਿੰਘ ਭਾਵੇਂ ਅੱਜ ਪੂਰਾ ਰੋਹਬ ਦਾਬ ਵਿੱਚ ਸੀ….ਸੋਨੇ,ਹੀਰੇ ਮੋਤੀਆਂ ਅਤੇ ਹਾਥੀ ਦੰਦ ਦੇ ਕੀਮਤੀ ਔਸਾਫ਼ ਸੌਲਾਂ ਸਾਲ ਦੇ ਮੁੱਛ ਫੁੱਟ ਗੱਭਰੂ ਨੂੰ ਚਾਰ ਚੰਨ੍ਹ ਲਗਾ ਰਹੇ ਸਨ ਪਰ ਉਸ ਨੂੰ ਸ਼ਾਇਦ ਇਹ ਸ਼ਿੰਗਾਰ ਅਧੂਰਾ ਲੱਗ ਰਿਹਾ ਸੀ ਕਿਉਂ ਕਿ ਕੁਝ ਸਾਲ ਪਹਿਲਾਂ ਜਦੋਂ ਮਾਈ ਜਿੰਦ ਕੌਰ ਨੇ ਉਸ ਨੂੰ ਇਸੇ ਤਰਾਂ ਤਿਆਰ ਕੀਤਾ ਸੀ ਤਾਂ ਉਸ ਦੀ ਸੱਜੀ ਬਾਂਹ ਉਪਰ ਬੰਨੇ ਬਾਜੂਬੰਦ ਉਪਰ ਕੋਹੇਨੂਰ ਹੀਰਾ ਚਮਕ ਰਿਹਾ ਸੀ ਜਿਵੇਂ ਕਿ ਸ਼ੇਰੇ ਪੰਜਾਬ ਪਹਿਨਿਆ ਕਰਦੇ ਸਨ।
ਅਚਾਨਕ ਕੁਝ ਕਦਮਾਂ ਦੀ ਆਵਾਜ਼ ਆਈ ਤਾਂ ਲੇਡੀ ਲੀਨਾ ਲੋਗਨ ਸ਼ਾਹੀ ਅੰਗ ਰਖਿਅੱਕਾਂ ਨਾਲ ਟਹਿਲਦੀ ਹੋਈ ਅੰਦਰ ਆਈ ਅਤੇ ਉਸ ਨੇ ਹੱਥ ਵਿੱਚ ਇਕ ਕੀਮਤੀ ਸ਼ਿੰਗਾਰ ਡੱਬੀ ਫੜੀ ਹੋਈ ਸੀ ਉਸ ਨੇ ਇਹ ਲਿਆ ਕੇ ਮਲਕਾ ਦੇ ਹੱਥ ਫੜਾ ਦਿਤੀ ਅਤੇ ਮਲਕਾ ਨੇ ਸ਼ਰਾਰਤੀ ਜਿਹਾ ਹਾਸਾ ਹੱਸਦਿਆਂ ਉਸ ਡੱਬੀ ਨੂੰ ਖੋਹਲਿਆ ਅਤੇ ਕਿਹਾ, “ਦਿਲੀਪ…ਤੂੰ ਆਪਣਾ ਕੋਹੇਨੂਰ ਨਹੀਂ ਦੇਖਣਾ ਚਾਹੇਂਗਾ?”ਕੋਹੇਨੂਰ ਦਾ ਨਾਮ ਸੁਣਦਿਆਂ ਹੀ ਦਿਲੀਪ ਦੀਆਂ ਅੱਖਾਂ ਵਿੱਚ ਅਜ਼ੀਬ ਜਿਹੀ ਚਮਕ ਜੋ ਕਿ ਉਦਾਸੀ ਭਰੀ ਸੀ ਛਾ ਗਈ।ਮੁਸੱਵਰ ਤੋਂ ਧਿਆਨ ਲਾਂਭੇ ਚਲਾ ਗਿਆ ਅਤੇ ਲਕੜੀ ਦੇ ਚੌਖਟੇ ਤੋਂ ਉਤਰ ਕੇ ਮਲਕਾ ਦੇ ਵੱਲ ਆਇਆ।ਕੋਹੇਨੂਰ ਨੂੰ ਆਪਣੇ ਹੱਥਾਂ ਵਿੱਚ ਘੁੱਟ ਕੇ ਫੜਿਆ ਅਤੇ ਫਿਰ ਕੁਝ ਚਿਰ ਅੱਖਾਂ ਬੰਦ ਕਰਕੇ ਸੋਚਾ ਵਿੱਚ ਗਵਾਚ ਗਿਆ।
ਫਿਰ ਉਦਾਸ ਅੱਖੀਆਂ ਖੁਲੀਆਂ ਅਤੇ ਮੂੰਹ ਵਿੱਚੋਂ ਸ਼ਬਦ ਨਿਕਲੇ, “ਕੋਹਿਨੂਰ….ਮਹਾਰਾਜਾ ਸਾਹਿਬ ਦਾ ਕੋਹਿਨੂਰ..ਜਦੋਂ ਉਹਨਾਂ ਦੇ ਬਾਜ਼ੂਬੰਦ ਉਪਰ ਹੁੰਦਾ ਸੀ ਤਾਂ ਬਹੁਤ ਵੱਡਾ ਸੀ…ਹੁਣ ਚਮਕਦਾ ਤਾਂ ਸ਼ਾਇਦ ਜਿਆਦਾ ਹੈ ਮਲਕਾ ਜੀ..ਪਰ ਛੋਟਾ ਕਾਫੀ ਹੋ ਗਿਆ, ਸ਼ਾਇਦ ਜਿਵੇਂ ਧੋਖਾ ਹੁਸੀਨ ਹੁੰਦਾ ਹੈ ਪਰ ਧੋਖੇਬਾਜ਼ ਦਾ ਇਖ਼ਲਾਕ ਛੋਟਾ।”ਇਹ ਕਹਿ ਕੇ ਉਸ ਨੇ ਫਿਰ ਅੱਖਾਂ ਬੰਦ ਕੀਤੀਆਂ ਅਤੇ ਚੌਖਟੇ ਪਰ ਜਾ ਖੜਾ ਹੋਇਆ।
(ਜ਼ਿਕਰਯੋਗ ਹੈ ਕਿ ਮਲਕਾ ਨੇ ਕੋਹੇਨੂਰ ਨੂੰ ਤਰਾਸ਼ ਕੇ 190.3 ਮੀਟਰਿਕ ਕੈਰਟ ਤੋਂ 93 ਮੀਟਰਿਕ ਕੈਰਟ ਦਾ ਕਰਵਾ ਲਿਆ ਸੀ)