189 views 15 secs 0 comments

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 186ਵੀਂ ਬਰਸੀ ’ਤੇ ਵਿਸ਼ੇਸ਼

ਲੇਖ
June 29, 2025

ਕੱਲਾ ਸ਼ੇਰ ਨਹੀਂ ਚਿਖਾ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ…..

28 ਜੂਨ 1839 ਦੇ ਦਿਨ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਬਾਹਰਵਾਰ ਚੰਦਨ ਦੀ ਲੱਕੜੀ ਦੀ ਇੱਕ ਵੱਡੀ ਸਾਰੀ ਚਿਤਾ ਸਜਾਈ ਗਈ। ਇਸ ਚਿਤਾ ਉੱਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦੇਹ ਨੂੰ ਲਿਟਾਇਆ ਗਿਆ। ਕਾਂਗੜੇ ਦੇ ਰਾਜਾ ਸੰਸਾਰ ਚੰਦ ਦੀ ਪੁੱਤਰੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ‘ਗੱਦਾਨ’ ਚਿਤਾ ਵਿੱਚ ਬੈਠ ਗਈ ਅਤੇ ਉਸਨੇ ਮ੍ਰਿਤਕ ਰਣਜੀਤ ਸਿੰਘ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਲਿਆ। ਚਿਤਾ ਉੱਤੇ 3 ਹੋਰ ਰਾਣੀਆਂ ਅਤੇ 7 ਦਾਸੀਆਂ ਵੀ ਮ੍ਰਿਤਕ ਦੇਹ ਦੇ ਉਦਾਲੇ ਬੈਠ ਗਈਆਂ। ਕਰੀਬ 40 ਸਾਲ ਪਹਿਲਾਂ ਲਾਹੌਰ ਵਿੱਚ ਇੱਕ ਜੇਤੂ ਵਜੋਂ ਪ੍ਰਵੇਸ਼ ਕਰਨ ਵਾਲੇ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਇਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨਹੀਂ ਸੀ ਬਲਕਿ ਇੱਕ ਸੁਨਹਿਰੀ ਯੁੱਗ ਦਾ ਅੰਤ ਸੀ।

ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਉਸ ਦਿਨ ਬ੍ਰਾਹਮਣਾਂ ਨੇ ਸ਼ਾਸਤਰਾਂ ਅਨੁਸਾਰ ਪੂਜਾ-ਪਾਠ ਕੀਤਾ। ਸਿੱਖ ਉਪਦੇਸ਼ਕਾਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਅਤੇ ਅਰਦਾਸ ਕੀਤੀ। ਮੁਸਲਮਾਨਾਂ ਨੇ ਵੀ “ਯਾ ਅੱਲਾਹ” “ਯਾ ਅੱਲਾਹ” ਕਹਿ ਕੇ ਉਨ੍ਹਾਂ ਦਾ ਸਾਥ ਦਿੱਤਾ। ਪੂਜਾ-ਪਾਠ ਤੇ ਅਰਦਾਸਾਂ ਦਾ ਸਿਲਸਿਲਾ ਇੱਕ ਘੰਟੇ ਲਈ ਚੱਲਦਾ ਰਿਹਾ। ਭਾਈ ਗੁਰਮੁੱਖ ਸਿੰਘ ਨੇ ਕੰਵਰ ਖੜਕ ਸਿੰਘ ਨੂੰ ਬੇਨਤੀ ਕੀਤੀ ਕਿ ਰਾਣੀਆਂ ਨੂੰ ਸਤੀ ਹੋਣ ਤੋਂ ਰੋਕਿਆ ਜਾਵੇ। ਕੰਵਰ ਖੜਕ ਸਿੰਘ ਨੇ ਰਾਣੀਆਂ ਦੇ ਪੈਰੀਂ ਪੈ ਕੇ ਸਤੀ ਹੋਣ ਤੋਂ ਰੋਕਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਸਿਰ ’ਤੇ ਸਿਵਾਏ ਹੱਥ ਰੱਖ ਕੇ ਅਸੀਸ ਦੇਣ ਤੋਂ ਹੋਰ ਕੁਝ ਨਾ ਕਿਹਾ।

ਡਾ. ਹੋਨੀਬਰਗਰ ਅੱਗੋਂ ਦੱਸਦਾ ਹੈ ਕਿ 10:00 ਵਜੇ ਸਵੇਰੇ ਬ੍ਰਾਹਮਣਾਂ ਵੱਲੋਂ ਨਿਸ਼ਚਿਤ ਸਮੇਂ ਅਨੁਸਾਰ ਕੰਵਰ ਖੜਕ ਸਿੰਘ ਨੇ ਚਿਤਾ ਨੂੰ ਅਗਨੀ ਵਿਖਾਈ ਅਤੇ ਪੰਜਾਬ ਦਾ ਹਾਕਮ 4 ਰਾਣੀਆਂ ਅਤੇ 7 ਗੋਲੀਆਂ ਨਾਲ ਖ਼ਾਕ ਦੀ ਢੇਰੀ ਬਣ ਗਿਆ। ਬਲਦੀ ਚਿਤਾ ਉੱਪਰ ਅਕਾਸ਼ ਵਿੱਚ ਇੱਕ ਬੱਦਲੀ ਆਈ, ਕੁਝ ਕਣੀਆਂ ਵਰ੍ਹੀਆਂ ਤੇ ਮੌਸਮ ਸਾਫ਼ ਹੋ ਗਿਆ। ਹੁਣ ਬਿਨਾਂ ਭਾਣਾ ਮੰਨਣ ਦੇ ਹੋਰ ਕੋਈ ਚਾਰਾ ਨਹੀਂ ਸੀ। ਰੋਣ, ਪਿੱਟਣ ਤੇ ਵਿਰਲਾਪ ਮਹਿਲਾਂ ਵਿੱਚ ਸਾਰੇ ਪਾਸੇ ਪਸਰ ਗਿਆ। ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਵੀ ਵਿਰਲਾਪ ਤੇ ਕੁਰਲਾਟ ਮੱਚੀ ਹੋਈ ਸੀ। ਚੌਥੇ ’ਤੇ 30 ਜੂਨ ਨੂੰ ਫੁੱਲ ਚੁਗੇ ਗਏ। ਕੁਝ ਫੁੱਲ ਕੀਰਤਪੁਰ ਸਾਹਿਬ ਵਿਖੇ ਪਾਏ ਗਏ ਸਨ ਅਤੇ ਕੁਝ ਫੁੱਲ ਹਰ‌ਿਦੁਆਰ ਵਿਖੇ ਗੰਗਾ ਨਦੀ ਵਿੱਚ ਪਾਏ ਗਏ।

ਪੰਜਾਬ ਦੇ ਇਤਿਹਾਸ ਵਿੱਚ ਇੱਕ ਮਹਾਨ ਪੁਰਸ਼ ਦਾ ਅੰਤ ਹੋ ਚੁੱਕਾ ਸੀ। ਇਤਿਹਾਸਕਾਰ ਲਿਖਦੇ ਹਨ ਕਿ ਪੰਜਾਬ ਦੇ ਇਤਿਹਾਸ ਵਿਚ ਰਣਜੀਤ ਸਿੰਘ ਵਾਂਗ ਕਿਸੇ ਵਿਅਕਤੀ ਨੇ ਲੋਕਾਂ ਦੀ ਭਾਵਨਾਵਾਂ ਨੂੰ ਨਹੀਂ ਉਭਾਰਿਆ। ਉਹਦੀ ਦਿੱਖ ਵਿੱਚ ਉਸ ਨੂੰ ਲੋਕ-ਪ੍ਰਿਆ ਬਣਾਉਣ ਵਾਲੀ ਕੋਈ ਗੱਲ ਨਹੀਂ ਸੀ। ਉਸਦਾ ਕੱਦ ਦਰਮਿਆਨਾ ਸੀ ਤੇ ਰੰਗ ਸਾਂਵਲਾ ਸੀ, ਉਹਦੀ ਲੰਬੀ ਸਫ਼ੈਦ ਦਾਹੜੀ ਸੀ ਅਤੇ ਚਿਹਰੇ ਉੱਪਰ ਮਾਤਾ ਦੇ ਦਾਗ਼ ਸਨ। ਉਹਦੀ ਅੰਨ੍ਹੀ ਅੱਖ ਖੁੱਲ੍ਹੇ ਜ਼ਖ਼ਮ ਵਾਂਗ ਸੀ। ਐਂਮਿਲੀ ਈਡਨ ਜਿਸ ਨੇ ਰਣਜੀਤ ਸਿੰਘ ਨਾਲ ਮੁਲਾਕਾਤ ਕੀਤੀ ਹੋਈ ਸੀ ਉਹ ਲਿਖਦੀ ਹੈ ਕਿ ਬਾਵਜੂਦ ਉਹਦੀ ਪ੍ਰਭਾਵ ਰਹਿਤ ਸ਼ਕਲ ਸੂਰਤ ਦੇ ਉਸਦਾ ਚਿਹਰਾ ਸਜੀਵ ਤੇ ਪ੍ਰੇਰਨਾਦਾਇਕ ਤੇ ਹਸੂੰ-ਹਸੂੰ ਕਰਦਾ ਸੀ। ਜਿਹੜੇ ਵੀ ਲੋਕ ਉਸ ਨੂੰ ਮਿਲਦੇ, ਉਸ ਦੇ ਹੀ ਹੋ ਕੇ ਰਹਿ ਜਾਂਦੇ ਸਨ।

ਫ਼ਕੀਰ ਅਜੀਜ਼-ਉਦ-ਦੀਨ ਜੋ 1831 ਵਿੱਚ ਸ਼ਿਮਲੇ ਇੱਕ ਪ੍ਰਤੀਨਿਧ ਮੰਡਲ ਦਾ ਨੇਤਾ ਬਣ ਕੇ ਲਾਰਡ ਵਿਲੀਅਮ ਬੈਂਟਿਕ ਕੋਲ ਮੁਲਾਕਾਤ ਲਈ ਗਿਆ ਤਾਂ ਗਵਰਨਰ ਜਨਰਲ ਦੇ ਇੱਕ ਅਧਿਕਾਰੀ ਨੇ ਉਸ ਨੂੰ ਪੁੱਛਿਆ ਕਿ ਮਹਾਰਾਜੇ ਦੀ ਕਿਹੜੀ ਅੱਖ ਕਾਣੀ ਹੈ ਤਾਂ ਫ਼ਕੀਰ ਨੇ ਉੱਤਰ ਦਿੱਤਾ ਕਿ ਮਹਾਰਾਜੇ ਦੇ ਚਿਹਰੇ ਦਾ ਪ੍ਰਤਾਪ ਹੀ ਏਨਾ ਹੈ ਕਿ ਮੈਂ ਕਦੇ ਇਹ ਵੇਖਣ ਲਈ ਨਜ਼ਦੀਕ ਹੀ ਨਹੀਂ ਜਾ ਸਕਿਆ।

ਬਾਵਜੂਦ ਛੋਟੇ ਕੱਦ ਤੇ ਪਤਲੇ ਸਰੀਰ ਦੇ ਰਣਜੀਤ ਸਿੰਘ ਇਤਨਾ ਮਜ਼ਬੂਤ ਤੇ ਲਚਕੀਲਾ ਸੀ ਜਿਵੇਂ ਉਹ ਛਾਂਟੇ ਵਾਲੀ ਰੱਸੀ ਦਾ ਬਣਿਆ ਹੋਵੇ। ਉਹ ਇੱਕ ਸਰਵੋਤਮ ਘੋੜ ਸਵਾਰ ਸੀ। ਘੋੜ ਸਵਾਰੀ ਉਹਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਆਵੇਗ ਸੀ, ਇਸ ਲਈ ਘੋੜੇ ਦੀ ਸਵਾਰੀ ਕਰਦਾ-ਕਰਦਾ ਦਸ-ਦਸ ਘੰਟੇ ਕਾਠੀ ’ਤੇ ਹੀ ਰਹਿੰਦਾ। ਰਣਜੀਤ ਸਿੰਘ ਭਾਵੇਂ ਆਪ ਬਦਸੂਰਤ ਸੀ ਪਰ ਉਹ ਸੁੰਦਰ ਚੀਜ਼ਾਂ ਦਾ ਪ੍ਰੇਮੀ ਸੀ। ਉਸਦੇ ਦੁਆਲੇ ਸੁੰਦਰ ਆਦਮੀਆਂ ਤੇ ਇਸਤਰੀਆਂ ਦਾ ਝੁਰਮਟ ਰਹਿੰਦਾ ਸੀ। ਉਹਦੇ ਕੱਪੜੇ ਅਤਿਅੰਤ ਸਾਦੇ ਹੁੰਦੇ ਸਨ। ਸਿਆਲ ਵਿੱਚ ਉਹ ਕੇਸਰੀ ਕਸ਼ਮੀਰੀ ਉੱਨ ਦੇ ਕੱਪੜੇ ਪਾਉਂਦਾ ਤੇ ਗਰਮੀ ਦੀ ਰੁੱਤ ਵਿੱਚ ਮਲਮਲ ਦੇ ਕੱਪੜੇ ਪਹਿਨਦਾ, ਪਰ ਉਹ ਆਪਣੇ ਦਰਬਾਰੀਆਂ ਤੇ ਮੁਲਾਕਾਤੀਆਂ ਤੋਂ ਆਸ ਕਰਦਾ ਸੀ ਕਿ ਉਹ ਸ਼ਾਨੋ-ਸ਼ੌਕਤ ਨਾਲ ਸ਼ਾਹੀ ਲਿਬਾਸ ਤੇ ਗਹਿਣਿਆਂ ਨਾਲ ਸਜੇ ਹੋਣ। ਉਸ ਦੇ ਕੋਲ ਕਸ਼ਮੀਰੀ ਲੜਕੀਆਂ ਦੀ ਟੋਲੀ ਹੁੰਦੀ ਸੀ ਜੋ ਸੈਨਿਕਾਂ ਦੇ ਵਸਤਰਾਂ ਵਿੱਚ ਉਹਦੇ ਨਾਲ ਹੀ ਰਸਮੀ ਮੌਕਿਆਂ ’ਤੇ ਉਹਦੇ ਨਾਲ ਘੋੜਿਆਂ ’ਤੇ ਸਵਾਰ ਹੋ ਕੇ ਜਾਂਦੀ।

ਮਹਾਰਾਜਾ ਰਣਜੀਤ ਸਿੰਘ ਦੀ ਸੁੰਦਰਤਾ ਪ੍ਰਤੀ ਪ੍ਰਸ਼ੰਸਾ ਮਨੁੱਖਾਂ ਤੱਕ ਹੀ ਸੀਮਤ ਨਹੀਂ ਸੀ, ਉਹ ਖੁੱਲ੍ਹੇ ਖੇਤਾਂ ਨੂੰ ਪਿਆਰ ਕਰਦਾ ਸੀ ਤੇ ਸਵੇਰ ਵੇਲੇ ਉਹ ਘੋੜੇ ਦੀ ਅਸਵਾਰੀ ਕਰਕੇ ਦਰਿਆ ਜਾਂ ਕਿਸੇ ਬਾਗ ਵੱਲ ਨਿਕਲ ਜਾਂਦਾ। ਜਦੋਂ ਕਦੇ ਕਾਲੇ ਬੱਦਲ ਆਕਾਸ਼ ’ਤੇ ਛਾ ਜਾਣੇ ਜਾਂ ਵਰਖਾ ਸ਼ੁਰੂ ਹੋ ਜਾਣੀ ਤਾਂ ਉਸਨੇ ਸਭ ਕੰਮ ਬੰਦ ਕਰ ਦੇਣੇ ਅਤੇ ਜਸ਼ਨ ਮਨਾਉਣ ਲੱਗ ਜਾਂਦਾ। ਏਕਮ ਦਾ ਚੰਦ ਦੇਖ ਕੇ ਉਹ ਖ਼ੁਸ਼ੀ ਵਿੱਚ ਨੱਚਣ ਲੱਗਦਾ ਤੇ ਉਸਦੇ ਚੜ੍ਹਨ ’ਤੇ ਉਹ ਤੋਪ ਦੀ ਸਲਾਮੀ ਦੇਣ ਦਾ ਹੁਕਮ ਦੇ ਦਿੰਦਾ। ਮੁਗ਼ਲਾਂ ਦਾ ਬਾਗ ਸ਼ਾਲਾਮਾਰ (ਜਿਸ ਦਾ ਨਾਮ ਉਸ ਨੇ ਨਵੇਂ ਸਿਰਿਓਂ ਸ਼ਾਲਾਬਾਗ (ਪ੍ਰੇਮੀਆਂ ਦਾ ਬਾਗ) ਰੱਖਿਆ ਸੀ) ਉਸਦਾ ਮਨਪਸੰਦ ਟਿਕਾਣਾ ਸੀ, ਜਿੱਥੇ ਉਹ ਚੱਲਦੇ ਫੁਹਾਰਿਆਂ ਵਿੱਚ ਆਰਾਮ ਕਰਦਾ ਅਤੇ ਆਪਣੇ ਮਨਪਸੰਦ ਬੰਸਰੀ ਵਾਦਕ ਅਤਰ ਖਾਂ ਨੂੰ ਸੁਣਦਾ ਜਾਂ ਨਾਚ ਦੇਖਦਾ।

ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵਿਦਵਾਨਾਂ ਦਾ ਕਦਰਦਾਨ ਸੀ। ਭਾਵੇਂ ਉਹ ਬਾਦਸ਼ਾਹ ਬਣ ਗਿਆ ਸੀ ਪਰ ਫਿਰ ਵੀ ਉਸਦਾ ਆਮ ਲੋਕਾਂ ਨਾਲੋਂ ਸੰਪਰਕ ਨਹੀਂ ਟੁੱਟਿਆ ਸੀ ਤੇ ਨਾ ਹੀ ਉਹਦੀ ਕਿਸਾਨਾਂ ਨਾਲ ਹਮਦਰਦੀ ਘਟੀ ਸੀ, ਜਿਨ੍ਹਾਂ ਵਿਚੋਂ ਉਹ ਪੈਦਾ ਹੋਇਆ ਸੀ। ਉਹ ਸਜ਼ਾ ਦੇਣ ਤੋਂ ਨਫ਼ਰਤ ਕਰਦਾ ਸੀ ਅਤੇ ਉਸਨੇ ਸਾਰੀ ਉਮਰ ਵਿੱਚ ਇੱਕ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨ ਵਾਲਾ ਸੀ। ਉਹ ਕਹਿੰਦਾ ਹੁੰਦਾ ਸੀ ਕਿ “ਪ੍ਰਮਾਤਮਾ ਦੀ ਰਜ਼ਾ ਸੀ ਕਿ ਮੈਂ ਸਭ ਨੂੰ ਇੱਕ ਅੱਖ ਨਾਲ ਵੇਖਾਂ, ਇਹੋ ਕਾਰਨ ਹੈ ਕਿ ਉਸਨੇ ਮੇਰੀ ਦੂਸਰੀ ਅੱਖ ਦੀ ਰੌਸ਼ਨੀ ਖੋਹ ਲਈ”। ਉਸਦਾ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ ਹਿੰਦੂ ਸੀ ਅਤੇ ਵਿਦੇਸ਼ ਮੰਤਰੀ ਫ਼ਕੀਰ-ਉੱਦ-ਦੀਨ ਇੱਕ ਮੁਸਲਮਾਨ ਸੀ। ਉਸਦਾ ਵਿੱਤ ਮੰਤਰੀ ਦੀਨਾ ਨਾਥ ਇੱਕ ਬ੍ਰਾਹਮਣ ਸੀ। ਉਸਦੇ ਕਈ ਜਰਨੈਲ ਪੱਛਮੀ ਦੇਸ਼ਾਂ ਦੇ ਈਸਾਈ ਧਰਮ ਨਾਲ ਸਬੰਧਿਤ ਸਨ। ਉਸਨੇ ਗੁਰਦੁਆਰਿਆਂ ਦੇ ਨਾਲ ਮੰਦਰਾਂ ਤੇ ਮਸੀਤਾਂ ਉੱਪਰ ਕਾਫ਼ੀ ਧਨ ਖ਼ਰਚਿਆ।

ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰ ਮੇਜਰ ਲਾਰੰਸ ਨੂੰ ਇੱਕ ਖ਼ਤ ਲਿਖਿਆ ਸੀ ਜਿਸ ਵਿੱਚ ਉਸਨੇ ਆਪਣੇ ਬਾਰੇ ਅਤੇ ਆਪਣੀ ਬਾਦਸ਼ਾਹੀ ਬਾਰੇ ਬਹੁਤ ਖ਼ੂਬਸੂਰਤ ਵਰਣਨ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਲਿਖਦੇ ਹਨ ਕਿ “ਮੇਰੀ ਬਾਦਸ਼ਾਹੀ ਇੱਕ ਮਹਾਨ ਬਾਦਸ਼ਾਹੀ ਹੈ, ਪਹਿਲਾਂ ਇਹ ਨਿੱਕੀ ਜਿਹੀ ਸੀ, ਹੁਣ ਇਹ ਵੱਡੀ ਤੇ ਵਿਸ਼ਾਲ ਹੈ, ਪਹਿਲਾਂ ਇਹ ਛਿੰਨ-ਭਿੰਨ, ਟੁੱਟੀ-ਭੱਜੀ ਤੇ ਵੰਡੀ ਵਿਹਾਜੀ ਹੋਈ ਸੀ, ਹੁਣ ਇਹ ਬਿਲਕੁਲ ਸੰਗਠਿਤ ਹੈ। ਇਸ ਨੂੰ ਹੋਰ ਉੱਨਤ ਤੇ ਪ੍ਰਫੁੱਲਿਤ ਹੋਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਵਿੱਚ ਇਸੇ ਤਰ੍ਹਾਂ ਸੰਪੂਰਨ ਤੇ ਸੰਗਠਿਤ ਰੂਪ ਵਿੱਚ ਮਿਲਣੀ ਚਾਹੀਦੀ ਹੈ। ਤੈਮੂਰ ਦੇ ਸਿਧਾਂਤਾਂ ਤੇ ਨੇਮਾਂ ਨੇ ਮੇਰੀ ਅਗਵਾਈ ਕੀਤੀ ਹੈ, ਜਿਵੇਂ ਉਹ ਐਲਾਨ ਕਰਦਾ ਸੀ ਤੇ ਹੁਕਮ ਦਿੰਦਾ ਸੀ, ਮੈਂ ਵੀ ਓਵੇਂ ਹੀ ਕੀਤਾ ਹੈ। ਮੈਂ ਇਹ ਰਾਜ-ਭਾਗ ਵਾਹਿਗੁਰੂ ਦੀ ਮਿਹਰ ਤੇ ਉਸਦੇ ਬਖ਼ਸ਼ੇ ਹੋਏ ਬਲ ਤੇ ਬੁੱਧੀ ਰਾਹੀਂ ਫ਼ਤਿਹ ਕੀਤਾ ਹੈ। ਮੈਂ ਆਪਣੀ ਹਕੂਮਤ ਨੂੰ ਉਦਾਰਤਾ, ਜ਼ਬਤ ਤੇ ਨੀਤੀ ਨਾਲ ਬਕਾਇਦਾ ਤੇ ਸੰਗਠਿਤ ਬਣਾਇਆ ਹੈ। ਮੈਂ ਦਲੇਰ ਲੋਕਾਂ ਨੂੰ ਇਨਾਮ ਦਿੱਤੇ ਹਨ, ਯੋਗਤਾ ਨੂੰ ਜਿੱਥੇ ਤੇ ਜਦੋਂ ਵੀ ਉਹ ਨਜ਼ਰ ਆਈ ਹੈ, ਉਤਸ਼ਾਹਿਤ ਕੀਤਾ ਹੈ ਅਤੇ ਰਣਭੂਮੀ ਵਿੱਚ ਸੂਰਬੀਰਾਂ ਨੂੰ ਵਡਿਆਇਆ ਹੈ। ਮੈਂ ਸਭ ਖ਼ਤਰਿਆਂ ਤੇ ਥਕੇਵਿਆਂ ਵਿੱਚ ਆਪਣੀ ਫ਼ੌਜ ਦੇ ਅੰਗ-ਸੰਗ ਰਿਹਾ ਹਾਂ। ਮੈਂ ਪੱਖਪਾਤੀ ਰੁਚੀ ਨੂੰ ਨਾ ਮੰਤਰੀ ਮੰਡਲ ਵਿੱਚ ਤੇ ਨਾ ਹੀ ਕਦੇ ਰਣਭੂਮੀ ਵਿੱਚ ਆਪਣੇ ਹਿਰਦੇ ਅੰਦਰ ਦਾਖਲ ਹੋਣ ਦਿੱਤਾ ਹੈ। ਮੈਂ ਆਪਣੀ ਸੁੱਖ-ਸੁਵਿਧਾ ਵੱਲੋਂ ਸਦਾ ਬੇਧਿਆਨਾ ਰਿਹਾ ਹਾਂ ਤੇ ਸ਼ਹਿਨਸ਼ਾਹੀ ਖ਼ਿਲਅਤ ਪਹਿਨਣ ਦੇ ਨਾਲ-ਨਾਲ ਮੈਂ ਲੋਕਾਂ ਲਈ ਚਿੰਤਾ ਤੇ ਖ਼ਬਰਦਾਰੀ ਦਾ ਵੇਸ ਹੁਸ਼ਿਆਰੀ ਨਾਲ ਪਹਿਨਿਆ ਹੈ। ਮੈਂ ਫ਼ਕੀਰਾਂ ਤੇ ਧਰਮੀ ਪੁਰਸ਼ਾਂ ਦੀ ਸੇਵਾ ਕਰਦਾ ਰਿਹਾ ਹਾਂ ਅਤੇ ਉਨ੍ਹਾਂ ਦੀਆਂ ਅਸੀਸਾਂ ਪ੍ਰਾਪਤ ਕਰਦਾ ਰਿਹਾ ਹਾਂ। ਮੈਂ ਦੋਸ਼ੀਆਂ ਨੂੰ ਵੀ ਨਿਰਦੋਸ਼ਾਂ ਵਾਂਗ ਹੀ ਬਖ਼ਸ਼ ਦਿੰਦਾ ਰਿਹਾ ਹਾਂ ਅਤੇ ਜਿਹੜੇ ਬੰਦਿਆਂ ਨੇ ਮੇਰੀ ਜ਼ਾਤ ਵਿਰੁੱਧ ਵੀ ਹੱਥ ਉਠਾਇਆ ਹੈ, ਉਨ੍ਹਾਂ ਉੱਪਰ ਵੀ ਮੈਂ ਦਇਆ ਕੀਤੀ ਹੈ। ਸ੍ਰੀ ਅਕਾਲ ਪੁਰਖ ਜੀ ਆਪਣੇ ਸੇਵਕ ਉੱਤੇ ਇਸੇ ਲਈ ਦਿਆਲੂ ਰਹੇ ਹਨ ਤੇ ਉਹਦੀ ਰਾਜ ਸ਼ਕਤੀ ਵਿੱਚ ਵਾਧਾ ਕਰਦੇ ਰਹੇ ਹਨ। ਇੱਥੋਂ ਤੱਕ ਕਿ ਉਸ ਦੇ ਰਾਜ ਦਾ ਵਿਸਤਾਰ ਹੁਣ ਚੀਨ ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਤੱਕ ਹੋ ਗਿਆ ਹੈ ਤੇ ਇਸ ਵਿੱਚ ਸਤਲੁਜੋਂ ਪਾਰ ਦੀਆਂ ਉਪਜਾਊ ਬਸਤੀਆਂ ਵੀ ਸ਼ਾਮਿਲ ਹਨ”।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਅਕਾਲ ਚਲਾਣਾ ਪੰਜਾਬ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਸੀ। ਉਸ ਦਿਨ ਲਾਹੌਰ ਦਰਬਾਰ ਦੀ ਹਰ ਅੱਖ ਰੋਈ ਸੀ। ਰਣਜੀਤ ਸਿੰਘ ਨੇ ਪੰਜ ਦਰਿਆਵਾਂ ਦੀ ਧਰਤੀ ਉੱਪਰ ਆਪਣੀ ਅਜਿਹੀ ਛਾਪ ਛੱਡੀ ਜੋ ਕਦੇ ਮਿਟ ਨਹੀਂ ਸਕੇਗੀ। ਮਹਾਰਾਜਾ ਰਣਜੀਤ ਸਿੰਘ ਬਾਰੇ ਉਸਦੇ ਸਮਕਾਲੀ ਵਿਦੇਸ਼ੀ ਲੇਖਕ ਉਹਦੀ ਸ਼ਖ਼ਸੀਅਤ ਤੇ ਗੁਣਾ ਬਾਰੇ ਖੁੱਲ ਕੇ ਲਿਖਦੇ ਹਨ।

ਸਰਕਾਰ ਅੰਗਰੇਜ਼ੀ ਦੇ ਗਵਰਨਰ ਜਨਰਲ ਆਫ਼ ਇੰਡੀਆ ਦੇ ਮਿਲਟਰੀ ਸਕੱਤਰ ਡਬਲਿਊ.ਜੀ. ਓਸਬੋਰਨ ਨੇ ਆਪਣੇ ਵੱਡੇ ਅਫ਼ਸਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਸਬੰਧੀ ਚਿੱਠੀ ‘ਚ ਲਿਖਿਆ ਸੀ, “ਮਹਾਰਾਜਾ ਇੱਕ ਬੁੱਢੇ ਸ਼ੇਰ ਦੀ ਤਰਾਂ ਹੀ ਮਰਿਆ ਹੈ ਜਿਵੇਂ ਕਿ ਉਹ ਸਾਰੀ ਉਮਰ ਜੀਵਿਆ ਸੀ। ਉਸਦੇ ਸਾਰੇ ਮੰਤਰੀ, ਫ਼ੌਜੀ ਜਰਨੈਲ ਤੇ ਹੋਰ ਅਫ਼ਸਰ ਉਸਦੇ ਆਖ਼ਰੀ ਸਾਹ ਤੱਕ ਉਸਦਾ ਹੁਕਮ ਮੰਨਦੇ ਰਹੇ, ਜੋ ਕਿ ਇਸ ਖ਼ਿੱਤੇ ਦੇ ਰਾਜਿਆਂ ਦੇ ਆਖ਼ਰੀ ਸਮੇਂ ਵੱਲ ਦੇਖੀਏ ਤਾਂ ਬਹੁਤ ਹੀ ਹੈਰਾਨੀ ਭਰਿਆ ਹੈ। ”

ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਸ਼ਖ਼ਸੀਅਤ ਬਾਰੇ ਕੁਝ ਹੋਰ ਲੇਖਕਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ।
ਟੀ.ਐੱਚ. ਬੌਰਟਨ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਮੁਹੰਮਦ ਅਲੀ ਅਤੇ ਨਪੋਲੀਅਨ ਨਾਲ ਕਰਦਾ ਹੈ । ਮਿਸਟਰ ਜੈਕਮੌਂਟ ਨੇ ਤਾਂ ਉਸਨੂੰ ਨਿੱਕੇ ਪੱਧਰ ਤੇ ਬੋਨਾਪਾਰਟ ਆਖਿਆ ਹੈ। ਉਸ ਵਿਚ ਕੁਝ ਗੱਲਾਂ ਇਹੋ ਜਿਹੀਆਂ ਹਨ ਜਿਹੜੀਆਂ ਇਨ੍ਹਾਂ ਦੋਹਾਂ ਨੇਤਾਵਾਂ ਨਾਲ ਮੇਲ ਖਾਂਦੀਆਂ ਹਨ, ਪਰ ਉਸ ਦੇ ਸੁਭਾਅ ਅਤੇ ਆਚਰਨ ਨੂੰ ਵੇਖਿਆ ਪਤਾ ਲਗਦਾ ਹੈ ਕਿ ਉਹ ਸ਼ਾਇਦ ਇਨ੍ਹਾਂ ਦੋਹਾਂ ਤੋਂ ਉੱਤੇ ਸੀ ਅਤੇ ਇਨ੍ਹਾਂ ਦੋਹਾਂ ਤੋਂ ਵੱਧ ਪ੍ਰਭਾਵਸ਼ਾਲੀ ਸੀ ।”

ਜਾਨ ਮਾਰਸ਼ਮੈਨ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਇਕ ਅਸਾਧਾਰਣ ਸ਼ਖ਼ਸੀਅਤ ਦਾ ਮਾਲਕ ਹੋਣ ਕਰਕੇ, ਉਹ ਆਪਣੇ ਸਮੇਂ ਵਿਚ ਕੁਸਤੁਨਤੁਨੀਆਂ ਤੋਂ ਲੈ ਕਿ ਪੀਕਿੰਗ ਤਕ ਬੇਮਿਸਾਲ ਯੋਗਤਾ ਦੇ ਕਾਰਨ ਪ੍ਰਸਿੱਧ ਸੀ । ਐਂਮਲੀ ਈਡਨ ਲਿਖਦੀ ਹੈ ਕਿ ਉਹ ਆਪਣੇ ਰਾਜ ਸਿੰਘਾਸਣ ਤੇ ਬੈਠੇ ਹੋਏ ਬਹੁਤੇ ਰੋਹਬਦਾਰ ਨਹੀਂ ਸਨ ਜਾਪਦੇ, ਜਿੰਨੇ ਘੋੜੇ ਦੀ ਪਿੱਠ ਤੇ ਬੈਠੇ ਹੋਏ ਰ੍ਹੋਬੀਲੇ ਜਵਾਨ ਲਗਦੇ ਸਨ ।

ਮੈਕਰੈਗਰ ਲਿਖਦਾ ਹੈ ਕਿ “ਮਹਾਰਾਜੇ ਦੀ ਇੱਕੋ ਅੱਖ ਹੈ, ਜਿਹੜੀ ਕਾਫ਼ੀ ਵਿਸ਼ਾਲ ਹੈ। ਲਗਦਾ ਹੈ ਉਸ ਵਿਚ ਮਸ਼ਾਲਾਂ ਦੀ ਜੋਤ ਭੜਕ ਰਹੀ ਹੈ। ਉਸ ਵਿਚ ਚਮਕ ਵੀ ਹੈ ਤੇ ਅੱਗ ਵੀ। ਜਦੋਂ ਉਹ ਖ਼ੁਸ਼ ਹੁੰਦੇ ਹਨ ਤਾਂ ਉਨ੍ਹਾਂ ਦੀ ਅੱਖ ਮਿਸ਼ਾਲ ਵਾਂਗ ਚਮਕਦੀ ਹੈ, ਜਦੋਂ ਉਹ ਕਿਸੇ ਗੱਲੋਂ ਗ਼ੁੱਸੇ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਇੱਕੋ ਅੱਖ ਸ਼ੋਹਲਾ ਬਣ ਜਾਂਦੀ ਹੈ। ਮਹਾਰਾਜਾ ਗ਼ੁੱਸੇ ਹਨ ਜਾਂ ਖ਼ੁਸ਼ ਇਹ ਉਨ੍ਹਾਂ ਦੀ ਅੱਖ ਹੀ ਦਰਸਾ ਦਿੰਦੀ ਹੈ। ਉਨ੍ਹਾਂ ਦਾ ਗੱਲ ਕਰਨ ਦਾ ਢੰਗ ਸਾਦਾ ਪਰ ਦਿਲ ਖਿਚਵਾਂ ਹੈ। ਉਨ੍ਹਾਂ ਦੀ ਬੋਲਚਾਲ ਚ ਕਦੇ ਵੀ ਕਾਹਲੀ ਜਾਂ ਘਬਰਾਹਟ ਪ੍ਰਤੀਤ ਨਹੀਂ ਹੁੰਦੀ। ਉਹ ਬਾਹਰਲੇ ਦੇਸ਼ਾਂ ਤੋਂ ਆਏ ਯਾਤਰੀਆਂ, ਏਲਚੀਆਂ ਤੇ ਸਫ਼ੀਰਾਂ ਨਾਲ ਖ਼ੁਦ ਗੱਲ ਕਰਦੇ ਹਨ । ਉਹ ਗੱਲ ਦੀ ਤਹਿ ਤੇ ਛੇਤੀ ਪਹੁੰਚ ਜਾਂਦੇ ਹਨ ।”

ਹਿਊਗਲ ਲਿਖਦਾ ਹੈ ਕਿ ਮੈ ਕਦੀ ਵੀ ਉਨ੍ਹਾਂ ਨੂੰ ਜ਼ਰੀ ਵਾਲੇ ਬਸਤਰ ਪਾਇਆਂ ਜਾਂ ਜ਼ੇਵਰ ਸਜਾਇਆ ਨਹੀਂ ਵੇਖਿਆ । ਕੋਹੇਨੂਰ ਵਾਲਾ ਬਾਜ਼ੂਬੰਦ ਵੀ ਖ਼ਾਸ ਖ਼ਾਸ ਮੌਕਿਆਂ ਤੇ ਪਾਉਂਦੇ ਸਨ। ਨਹੀਂ ਤਾਂ ਰਣਜੀਤ ਸਿੰਘ ਦੀ ਰਹਿਣੀ ਬਹਿਣੀ ਬਹੁਤ ਕਰਕੇ ਆਮ ਲੋਕਾਂ ਵਰਗੀ ਸੀ ।

ਸੱਯਦ ਵਹੀਦ-ਉਦ-ਦੀਨ ਲਿਖਦੇ ਹਨ ਕਿ “ਰਣਜੀਤ ਸਿੰਘ ਲੋਕਾਂ ਦੇ ਤਸੱਵਰ ਵਿਚ ਅੱਜ ਵੀ ਓਵੇਂ ਹੀ ਜਿਉਂਦੇ ਹਨ ਜਿਵੇਂ ਉਹ ਆਪਣੇ ਪੰਜ ਭੌਤਿਕ ਸਰੀਰ ਵੇਲੇ ਜਿਊਂਦੇ ਸਨ । ਅੱਜ ਉਹ ਸਿਰਫ਼ ਉੱਥੇ ਹੀ ਨਹੀਂ ਜਿਉਂਦੇ ਜਿੱਥੇ ਅੱਜ ਕੱਲ੍ਹ ਸਿੱਖਾਂ ਦੀ ਵਸੋਂ ਹੈ (ਭਾਰਤ) ,ਬਲਕਿ ਉੱਥੇ ਵੀ, ਜਿੱਥੇ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਵੱਸ ਰਹੇ ਸਨ। ਉਹ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝੀ ਸ਼ਖ਼ਸੀਅਤਾਂ ਸਨ ਜਿਸ ਨੇ ਦੇਵ ਮਾਲਾਈ ਸਥਾਨ ਗ੍ਰਹਿਣ ਕਰ ਲਿਆ ਸੀ। ਇਸੇ ਲਈ ਪਾਕਿਸਤਾਨ ਬਣਨ ਸਮੇਂ ਜਦੋਂ ਸਿੱਖ ਉਸ ਦੇਸ਼ ਵਿਚੋਂ ਨਿਕਲ ਰਹੇ ਸਨ ਤਾਂ ਮੁਸਲਮਾਨਾਂ ਨੇ ਸਿੱਖਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਪਾਕਿਸਤਾਨ ਤੋਂ ਨਿਕਲਣ ਨਹੀਂ ਦਿੱਤਾ। ਉਨ੍ਹਾਂ ਦੀ ਹਰਮਨ ਪਿਆਰੀ ਤਸਵੀਰ ਲੋਕਾਂ ਦਿਆਂ ਮਨਾਂ ਚ ਹੁਣ ਵੀ ਅੰਕਿਤ ਹੈ। ਉਹ ਤਸਵੀਰ ਇਕ ਜੇਤੂ ਨਾਇਕ ਦੀ ਨਹੀਂ, ਸਗੋਂ ਇਕ ਦਿਆਲੂ ਬਾਪ ਦੀ ਹੈ ।”

27 ਜੂਨ 1839 ਦੀ ਸ਼ਾਮ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨਾਲ ਸਿੱਖ ਰਾਜ ਦਾ ਸੂਰਜ ਵੀ ਡੁੱਬ ਗਿਆ। ਭਾਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਹੋਇਆਂ ਪੌਣੇ ਦੋ ਸਦੀਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪੰਜਾਬੀਆਂ ਦੇ ਦਿਲਾਂ `ਤੇ ਅਜੇ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੈ।

– ਇੰਦਰਜੀਤ ਸਿੰਘ ਹਰਪੁਰਾ