
ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਦੀ ਅਰਦਾਸ
ਸ੍ਰੀ ਅੰਮ੍ਰਿਤਸਰ ਸਾਹਿਬ () ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਨਵ ਨਿਯੁਕਤ ਵਰਕਿੰਗ ਕਮੇਟੀ ਮੈਂਬਰ ਸਮੇਤ ਸਪੈਸ਼ਲ ਇਨਵਾਇਟੀ ਮੈਂਬਰ ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਸਮੂਹ ਮੈਬਰਾਂ ਨੇ ਸਰਬੱਤ ਦੇ ਭਲੇ, ਕੌਮ, ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਕੀਤੀ।
ਇਸ ਦੌਰਾਨ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਭ ਨੂੰ ਪੰਥ, ਪੰਜਾਬ ਦੀ ਚੜਦੀ ਕਲਾ ਲਈ ਪਾਰਟੀ ਵੱਲੋਂ ਵਿੱਢੇ ਜਾ ਰਹੇ ਕਾਰਜਾਂ ਸਬੰਧੀ ਜਾਣੂ ਕਰਵਾਇਆ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥ ਅਤੇ ਕੌਮ ਲਈ ਇਹ ਬੜੀ ਵੱਡੀ ਵਿਡੰਬਨਾ ਹੈ ਕਿ ਪੰਜਾਬ ਦਾ ਨੌਜਵਾਨ ਆਪਣੀ ਖੇਤਰੀ ਪਾਰਟੀ ਤੋਂ ਦੂਰ ਹੋ ਚੁੱਕਾ ਹੈ। ਨੌਜਵਾਨ ਲਗਾਤਾਰ ਨਿਰਾਸ਼ਾ ਦੇ ਆਲਮ ਵਿੱਚੋ ਗੁਜਰ ਰਹੇ ਹਨ। ਨੌਜਵਾਨ ਵਰਗ ਨੂੰ ਸਰਗਰਮ ਸਿਆਸਤ ਵਿੱਚ ਲਿਆਉਣ ਲਈ ਉਹਨਾਂ ਨੂੰ ਜੱਥੇਬੰਦਕ ਢਾਂਚੇ ਵਿੱਚ ਅਹਿਮ ਸਥਾਨ ਦਿੱਤਾ ਜਾਵੇਗਾ।
ਸੂਬਾ ਸਰਕਾਰ ਤੇ ਟਿੱਪਣੀ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਲੈਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਸਿਰ ਕਰਜ਼ਾ ਵਧਾਉਣ ਵਾਲੀ ਕੋਈ ਕਸਰ ਬਾਕੀ ਨਹੀਂ ਛੱਡੀ। ਓਹਨਾ ਕਿਹਾ ਕਿ ਸੂਬਾ ਸਰਕਾਰ ਕੋਲ ਪੰਜਾਬ ਦੇ ਲਈ ਕੋਈ ਭਵਿੱਖੀ ਯੋਜਨਾ ਨਹੀਂ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਸਾਰੇ ਨਵਨਿਯੁਕਤ ਵਰਕਿੰਗ ਕਮੇਟੀ ਮੈਂਬਰ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਇਕੱਤਰ ਹੋਏ। ਜਿੱਥੇ ਸਾਰੇ ਮੈਬਰ ਸਾਹਿਬਾਨ ਨੂੰ ਸਿਰੋਪਾਓ ਦੇਕੇ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਪੈਦਲ ਸ੍ਰੀ ਅਕਾਲ ਤਖ਼ਤ ਸਾਹਿਬ ਜਾਕੇ ਅਰਦਾਸ ਕੀਤੀ ਗਈ।