ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਮੀਟਿੰਗ 17 ਮਾਰਚ ਨੂੰ ਚੰਡੀਗੜ੍ਹ ‘ਚ, ਐਡਵੋਕੇਟ ਧਾਮੀ ਦੇ ਅਸਤੀਫੇ ‘ਤੇ ਹੋ ਸਕਦਾ ਹੈ ਵਿਚਾਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਮੀਟਿੰਗ 17 ਮਾਰਚ ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਕੋਈ ਮਹੱਤਵਪੂਰਨ ਫੈਸਲਾ ਹੋ ਸਕਦਾ ਹੈ।

ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਮੀਟਿੰਗ ਦੇ ਏਜੰਡੇ ਦੀ ਸਿੱਧੀ ਜਾਣਕਾਰੀ ਤਾਂ ਨਹੀਂ ਦਿੱਤੀ ਪਰ ਸੰਕੇਤ ਦਿੱਤਾ ਕਿ ਕਮੇਟੀ ਨਾਲ ਜੁੜੇ ਵਿਸ਼ੇ ਸ਼ਾਮਲ ਹੋਣਗੇ।

ਗੌਰਤਲਬ ਹੈ ਕਿ ਇਹ ਮੀਟਿੰਗ ਹਮੇਸ਼ਾ ਦੀ ਤਰ੍ਹਾਂ ਅੰਮ੍ਰਿਤਸਰ ਦੀ ਬਜਾਏ ਇਸ ਵਾਰ ਚੰਡੀਗੜ੍ਹ ਵਿੱਚ ਕਰਵਾਈ ਜਾ ਰਹੀ ਹੈ। ਐਡਵੋਕੇਟ ਧਾਮੀ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੂੰ ਰਾਜ਼ੀ ਕਰਨ ਲਈ ਕਈ ਕੋਸ਼ਿਸ਼ਾਂ ਹੋਈਆਂ ਪਰ ਉਨ੍ਹਾਂ ਨੇ ਅਸਤੀਫਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਉਨ੍ਹਾਂ ਨੂੰ ਮਨਾਉਣ ਦਾ ਯਤਨ ਮੁੜ ਹੋ ਸਕਦਾ ਹੈ।