ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਿਕਲੀਗਰ ਤੇ ਵਣਜਾਰੇ ਸਿੱਖ ਬੱਚਿਆਂ ਦੀ ਵਿੱਤੀ ਮਦਦ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਪੜ੍ਹ ਰਹੇ 105 ਸਿਕਲੀਗਰ ਤੇ ਵਣਜਾਰੇ ਸਿੱਖ ਬੱਚਿਆਂ ਦੀਆਂ 2023-24 ਦੀਆਂ ਫੀਸਾਂ ਲਈ 16 ਲੱਖ 70 ਹਜ਼ਾਰ ਰੁਪਏ ਦੀ ਮਦਦ ਮੁਹੱਈਆ ਕਰਵਾਈ। ਇਹ ਰਕਮ ਸਬੰਧਤ ਸਕੂਲਾਂ ਅਤੇ ਕਾਲਜਾਂ ਦੇ ਪ੍ਰਬੰਧਕਾਂ ਨੂੰ ਸੌਂਪੀ ਗਈ ਤਾਂ ਕਿ ਇਹ ਬੱਚੇ ਉੱਚੀ ਸਿੱਖਿਆ ਹਾਸਲ ਕਰ ਸਕਣ। ਇਸ ਤੋਂ ਪਹਿਲਾਂ, ਧਰਮ ਪ੍ਰਚਾਰ ਕਮੇਟੀ ਵੱਲੋਂ ਰਾਏਪੁਰ (ਛੱਤੀਸ਼ਗੜ੍ਹ) ਵਿਖੇ ਵੀ 13 ਲੱਖ 44 ਹਜ਼ਾਰ ਰੁਪਏ ਦੀ ਰਾਸ਼ੀ ਸਿਕਲੀਗਰ ਤੇ ਵਣਜਾਰੇ ਸਿੱਖ ਵਿਦਿਆਰਥੀਆਂ ਦੀ ਵਿਦਿਆ ਲਈ ਜਾਰੀ ਕੀਤੀ ਗਈ ਸੀ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਸੁਖਵਰਸ਼ ਸਿੰਘ ਪੰਨੂ ਅਤੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਇਹ ਰਕਮ ਵਿਦਿਆਕ ਸੰਸਥਾਵਾਂ ਨੂੰ ਸੌਂਪੀ। ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਰਫ ਧਾਰਮਿਕ ਪ੍ਰਚਾਰ-ਪ੍ਰਸਾਰ ਤਕ ਹੀ ਸੀਮਤ ਨਹੀਂ, ਬਲਕਿ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਵੀ ਹਮੇਸ਼ਾ ਅੱਗੇ ਰਹੀ ਹੈ। ਉਨ੍ਹਾਂ ਆਖਿਆ ਕਿ ਸਿਕਲੀਗਰ ਤੇ ਵਣਜਾਰੇ ਸਿੱਖ ਬੱਚਿਆਂ ਨੂੰ ਸੁਤੰਤਰ ਅਤੇ ਸਵੈ-ਨਿਰਭਰ ਬਣਾਉਣ ਲਈ ਹਰੇਕ ਸਾਲ ਉਨ੍ਹਾਂ ਦੀ ਸਕੂਲ ਸਿੱਖਿਆ ਦੀ ਫੀਸ ਸ਼੍ਰੋਮਣੀ ਕਮੇਟੀ ਵੱਲੋਂ ਭਰੀ ਜਾਂਦੀ ਹੈ।

ਇਹ ਉਪਰਾਲਾ ਸਾਡੇ ਭਵਿੱਖ ਨੂੰ ਸੰਵਾਰਨ ਦੇ ਨਾਲ-ਨਾਲ, ਬੇਸਹਾਰਾ ਤੇ ਆਰਥਿਕ ਤੌਰ ‘ਤੇ ਪਿੱਛੜੇ ਬੱਚਿਆਂ ਨੂੰ ਵਿਦਿਆ ਦੀ ਰੋਸ਼ਨੀ ਦੇਣ ਲਈ ਇੱਕ ਮਹੱਤਵਪੂਰਨ ਕਦਮ ਹੈ। ਹੋਰ ਸਿੱਖ ਸੰਸਥਾਵਾਂ ਨੂੰ ਵੀ ਸ਼੍ਰੋਮਣੀ ਕਮੇਟੀ ਵਾਂਗ ਅੱਗੇ ਆਉਣਾ ਚਾਹੀਦਾ ਤਾਂ ਜੋ ਸਾਡੀ ਕੌਮ ਦੇ ਹਰ ਇੱਕ ਬੱਚੇ ਨੂੰ ਵਿਦਿਆ ਪ੍ਰਾਪਤ ਕਰਨ ਦਾ ਮੌਕਾ ਮਿਲੇ ਅਤੇ ਉਹ ਭਵਿੱਖ ਵਿਚ ਖੁਦਮੁਖਤਿਆਰ ਬਣ ਸਕਣ।