157 views 19 secs 0 comments

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਵੱਡੀ ਦੇਣ ਪੰਥ ਪ੍ਰਵਾਣਿਤ ‘ਸਿੱਖ ਰਹਿਤ ਮਰਯਾਦਾ’

ਲੇਖ
May 14, 2025
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਵੱਡੀ ਦੇਣ ਪੰਥ ਪ੍ਰਵਾਣਿਤ ‘ਸਿੱਖ ਰਹਿਤ ਮਰਯਾਦਾ

-ਪ੍ਰਿੰ. ਸੁਰਿੰਦਰ ਸਿੰਘ

ਸਿੱਖ ਰਹਿਤ ਮਰਯਾਦਾ ਦੀ ਸੰਪੂਰਨਤਾ ਤਕ ਮਹੱਤਵਪੂਰਨ ਤਾਰੀਖਾਂ:-
ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਸਿੱਖ ਕੌਮ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜੋ ਕਿ ਹੋਰ ਦੇਸ਼ਾਂ ਦੇ ਸੰਵਿਧਾਨ ਵਾਂਗ ਸਿੱਖ ਪੰਥ ਦਾ ਵਿਧਾਨ ਹੈ। ਸਿੱਖ ਨੇ ਜਨਮ ਤੋਂ ਲੈ ਕੇ ਮਰਨ ਤਕ ਆਪਣੇ ਜੀਵਨ ਨੂੰ ਕਿਵੇਂ ਗੁਰੂ ਦੱਸੀ ਜੀਵਨ ਜੁਗਤ ਮੁਤਾਬਿਕ ਬਤੀਤ ਕਰਨਾ ਹੈ ਇਹ ਸਾਰੀ ਜਾਣਕਾਰੀ ‘ਸਿੱਖ ਰਹਿਤ ਮਰਯਾਦਾ’ ਵਿਚ ਸਮੁੱਚੇ ਗੁਰੂ-ਪੰਥ ਦੀ ਪ੍ਰਵਾਨਗੀ ਨਾਲ ਨਿਰਧਾਰਿਤ ਕੀਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ-ਪੰਥ ਵੱਲੋਂ ਪ੍ਰਵਾਣਿਤ ਇਹ ਸਿੱਖ ਰਹਿਤ ਮਰਯਾਦਾ ਹਰ ਸਿੱਖ ਦੇ ਨਿੱਜੀ ਅਤੇ ਪੰਥਕ ਜੀਵਨ ਵਿਚ ਹਰ ਹਾਲਤ ਵਿਚ ਲਾਗੂ ਹੋਣੀ ਚਾਹੀਦੀ ਹੈ ਪਰ ਦੇਖਣ ਵਿਚ ਆਇਆ ਹੈ ਕਈ ਸੰਪਰਦਾਵਾਂ ਤੇ ਜਥੇਬੰਦੀਆਂ ਦੇ ਵੀਰ ਇਸ ਰਹਿਤ ਮਰਯਾਦਾ ਬਾਰੇ ਕਈ ਕਿਸਮ ਦੀ ਨੁਕਤਾਚੀਨੀ ਕਰਦੇ ਹਨ। ਕੋਈ ਕਹਿੰਦਾ ਹੈ ਕਿ ਇਹ ਇੱਕ ਖਰੜਾ ਹੀ ਹੈ, ਜਿਸ ਨੂੰ ਕੋਈ ਮਾਨਤਾ ਨਹੀਂ ਮਿਲੀ। ਦਰਅਸਲ ਸੱਚ ਇਹ ਹੈ ਕਿ ਕੇਵਲ ਤੇ ਕੇਵਲ ਇਹੋ ਇੱਕੋ ਇੱਕ ਕੌਮੀ ਦਸਤਾਵੇਜ਼ ਹੈ ਜਿਸ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕੀਤਾ ਹੈ। ਇਸ ਤੋਂ ਬਿਨਾਂ ਹੋਰ ਕਿਸੇ ਵੀ ਮਰਯਾਦਾ ਨੂੰ (ਸਮੁੱਚੇ ਗੁਰੂ ਪੰਥ) ਵੱਲੋਂ ਪ੍ਰਵਾਨਗੀ ਨਹੀਂ। ਸਮੁੱਚੇ ਸੰਸਾਰ ਵਿਚ ਜਦੋਂ ਕਿਸੇ ਵੀ ਸਿੱਖ ਨੂੰ ਸਰਕਾਰੀ ਅਦਾਲਤਾਂ ਵਿਚ ਆਪਣੀ ਧਾਰਮਿਕ ਪਹਿਚਾਨ ਸੰਬੰਧੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਅਦਾਲਤਾਂ ਇਸ ਰਹਿਤ ਮਰਯਾਦਾ ਨੂੰ ਆਧਾਰ ਬਣਾ ਕੇ ਹੀ ਆਪਣੇ ਫੈਸਲੇ ਦਿੰਦੀਆਂ ਹਨ। ਗੁਰੂ-ਪੰਥ ਵੱਲੋਂ ਇਸ ਰਹਿਤ ਮਰਯਾਦਾ ਦੀ ਪ੍ਰਵਾਨਗੀ ਲਈ ਪੂਰੇ 40 ਸਾਲ ਦਾ ਸਮਾਂ ਲੱਗਾ। ਇਸ ਲਈ ਇਸ ਰਹਿਤ ਮਰਯਾਦਾ ਦੀਆਂ ਮਹੱਤਵਪੂਰਨ ਤਾਰੀਖਾਂ ਹੇਠ ਲਿਖੇ ਅਨੁਸਾਰ ਲੜੀਵਾਰ ਦਿੱਤੀਆਂ ਜਾ ਰਹੀਆਂ ਹਨ, ਤਾਂ ਕਿ ਸ਼ੰਕਾਵਾਦੀ ਵੀਰਾਂ ਦੇ ਸ਼ੰਕੇ ਨਿਿਵਰਤ ਹੋ ਸਕਣ:-
ਪਹਿਲਾ ਖਰੜਾ:- ਚੀਫ਼ ਖਾਲਸਾ ਦੀਵਾਨ ਵੱਲੋਂ ‘ਗੁਰਮਤਿ ਪ੍ਰਕਾਸ਼’ (ਭਾਗ ਸੰਸਕਾਰ) ਦੇ ਰੂਪ ਵਿਚ ਤਿਆਰ ਕੀਤਾ ਗਿਆ।

(1) ਜੂਨ 1912 ਈ.- ਨੂੰ ‘ਖਾਲਸਾ ਅਖ਼ਬਾਰ’ ਵਿਚ ਖਰੜਾ ਛਾਪਿਆ ਗਿਆ ਅਤੇ ਸਿੱਖ ਸੰਸਥਾਵਾਂ ਦੀ ਰਾਏ ਮੰਗੀ ਗਈ। ਇਸ ’ਤੇ ਵਿਚਾਰ ਕਰਨ ਲਈ 27 ਜਥੇਬੰਦੀਆਂ ਅਤੇ 105 ਵਿਦਵਾਨਾਂ ਨੇ ਭਾਗ ਲਿਆ ਤੇ ਕੁਝ ਸੋਧਾਂ ਕਰਨ ਦਾ ਫੈਸਲਾ ਕੀਤਾ ਗਿਆ।

(2) ਮਈ 1913 ਈ.- ਨੂੰ ਦੂਜੀ ਵਾਰ ਸੋਧਿਆ ਖਰੜਾ ‘ਖਾਲਸਾ ਅਖ਼ਬਾਰ’ ਵਿਚ ਦੁਬਾਰਾ ਛਾਪਿਆ ਗਿਆ। ਸੰਗਤ ਦੀ ਰਾਏ ਮੰਗੀ ਗਈ। ਇਸ ਵਾਰ 26 ਸਿੱਖ ਜਥੇਬੰਦੀਆਂ ਅਤੇ 80 ਵਿਦਵਾਨਾਂ ਨੇ ਵਿਚਾਰ-ਚਰਚਾ ਵਿਚ ਭਾਗ ਲਿਆ ਅਤੇ ਸਹਿਮਤੀ ਪ੍ਰਗਟ ਕੀਤੀ ਗਈ।

(3) 18 ਅਕਤੂਬਰ, 1914 ਈ.- ਨੂੰ ਚੀਫ਼ ਖਾਲਸਾ ਦੀਵਾਨ ਨੇ ਆਪਣੀ ਜਨਰਲ ਮੀਟਿੰਗ ਵਿਚ ਇਸ ਨੂੰ ਪਾਸ ਕੀਤਾ।

(4) ਮਾਰਚ 1915 ਈ.- ਨੂੰ ਵੱਡੀ ਗਿਣਤੀ ਵਿਚ ਛਾਪ ਕੇ ਇਸ ਨੂੰ ਸਿੱਖ ਸੰਗਤ ਵਿਚ ਵੰਡਿਆ ਗਿਆ। ਇਹੋ ਖਰੜਾ ‘ਸਿੱਖ ਰਹਿਤ ਮਰਯਾਦਾ’ ਦਾ ਆਧਾਰ ਬਣਿਆ। ਜਿਸ ਨੂੰ ਪਾਸ ਕਰਨ ਲਈ ਪੂਰੇ ਚਾਰ ਸਾਲ ਦਾ ਸਮਾਂ ਲੱਗਾ।
ਨੋਟ:- ਕਿਉਂਕਿ ਇਹ ਮਰਯਾਦਾ ਇੱਕ ਜਥੇਬੰਦੀ (ਚੀਫ਼ ਖਾਲਸਾ ਦੀਵਾਨ) ਵੱਲੋਂ ਤਿਆਰ ਕੀਤੀ ਗਈ ਸੀ, ਪਰ ਗੁਰੂ ਪਾਤਸ਼ਾਹ ਨੇ ਕਿਸੇ ਇੱਕ ਵਿਅਕਤੀ ਜਾਂ ਇੱਕ ਜਥੇਬੰਦੀ ਨੂੰ ਕੋਈ ਅਧਿਕਾਰ ਨਹੀਂ ਦਿੱਤਾ, ਸਗੋਂ ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਗੁਰਿਆਈ ਬਖ਼ਸ਼ ਕੇ ਸਮੁੱਚੇ ਖਾਲਸਾ ਪੰਥ ਨੂੰ ਗੁਰੂ ਵਾਲੇ ਅਧਿਕਾਰ ਦਿੱਤੇ ਸਨ। ਇਸ ਲਈ ਇਸ ਮਰਯਾਦਾ ਨੂੰ ਪੰਥਕ ਮਰਯਾਦਾ ਬਣਾਉਣ ਲਈ ਸਮੁੱਚੇ ਖਾਲਸਾ ਪੰਥ ਦੀ ਪ੍ਰਵਾਨਗੀ ਜ਼ਰੂਰੀ ਸੀ।ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਪ੍ਰਵਾਨਗੀ ਲੈਣ ਲਈ ਅਗਲੇ ਯਤਨ ਅਰੰਭੇ ਗਏ।

(5) 12 ਸਾਲ ਬਾਅਦ ਦੂਜਾ ਖਰੜਾ- 15 ਮਾਰਚ, 1927 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਬਣਾਉਣ ਲਈ 25 ਮੈਂਬਰੀ “ਰਹੁਰੀਤ ਸਬ ਕਮੇਟੀ” ਬਣਾਈ ਗਈ ਤੇ ਨਵਾਂ ਖਰੜਾ ਲਿਖਤੀ ਰੂਪ ਵਿਚ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ।

(6) ਚਾਰ ਸਾਲ ਬਾਅਦ- ਮਰਯਾਦਾ ਦੇ ਖਰੜੇ ਨੂੰ ਲਿਖਤੀ ਰੂਪ ਵਿਚ ਤਿਆਰ ਕਰ ਕੇ ਅਪ੍ਰੈਲ 1931 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਸਕ ਰਸਾਲੇ ‘ਗੁਰਦੁਆਰਾ ਗਜਟ’ ਵਿਚ ਛਾਪਿਆ ਗਿਆ ਤੇ ਸੰਗਤ ਦੀ ਰਾਏ ਮੰਗੀ ਗਈ।

(7) ਢਾਈ ਸਾਲ ਬਾਅਦ- 30 ਦਸੰਬਰ, 1933 ਈ. ਨੂੰ ਸਿੱਖ ਆਲ ਪਾਰਟੀਜ਼ ਦੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੁਲਾਈ ਗਈ ਅਤੇ ਇਸ ਕਮੇਟੀ ਨੇ ਸਰਬ-ਸੰਮਤੀ ਨਾਲ ਰਹਿਤ ਮਰਯਾਦਾ ਤਿਆਰ ਕਰਨ ਦੇ ਸਾਰੇ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੇ।

8) ਤਿੰਨ ਸਾਲ ਬਾਅਦ- 1 ਅਗਸਤ, 1936 ਈ. ਨੂੰ ਸਰਬ-ਹਿੰਦ ਸਿੱਖ ਮਿਸ਼ਨ ਬੋਰਡ ਵੱਲੋਂ ਖਰੜੇ ਨੂੰ ਪ੍ਰਵਾਨਗੀ ਦਿੱਤੀ।

9) ਤਿੰਨ ਮਹੀਨੇ ਬਾਅਦ- 12 ਅਕਤੂਬਰ, 1936 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵੱਲੋਂ ਸਰਬ-ਸੰਮਤੀ ਨਾਲ ਪ੍ਰਵਾਨ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਪਾਸ ਪੰਥ ਦੇ ਨਾਮ ਜਾਰੀ ਕਰਨ ਦੀ ਅਪੀਲ ਕੀਤੀ ਗਈ।

10) 8 ਜੁਲਾਈ, 1944 ਈ.:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਠ ਮੈਂਬਰਾਂ ਦੀ ਧਾਰਮਿਕ ਸਲਾਹਕਾਰ ਕਮੇਟੀ ਬਣਾਈ, ਜਿਸ ਨੂੰ ਇਸ ਮਰਯਾਦਾ ਵਿਚ ਸੋਧ ਸੁਧਾਈ (ਵਾਧ-ਘਾਟ) ਠੀਕ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ।

11) 7 ਜਨਵਰੀ, 1945 ਈ. ਨੂੰ ਅੱਠ ਮੈਂਬਰੀ ਸੋਧ ਕਮੇਟੀ (ਧਾਰਮਿਕ ਸਲਾਹਕਰ ਕਮੇਟੀ) ਨੇ ਮਰਯਾਦਾ ਵਿਚ 17 ਸੋਧਾਂ ਦੀ ਸਿਫਾਰਸ਼ ਕੀਤੀ ਅਤੇ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤੀ।

12) ਨੌਂ ਸਾਲ ਬਾਅਦ- ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 ਫਰਵਰੀ, 1945 ਈ. ਨੂੰ ਮਤਾ ਨੰ: 97 ਰਾਹੀਂ ਸੋਧਾਂ ਦੀ ਪ੍ਰਵਾਨਗੀ ਦਿੱਤੀ।

13) 1947 ਈ. ਦੀ ਦੇਸ਼-ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਬਾਰੇ ਸ਼ਬਦਾਵਲੀ ਨਿਰਧਾਰਿਤ ਕਰਨ ਸੰਬੰਧੀ – ਸੰਨ 1948 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਕੱਤਰ ਸਾਹਿਬਾਨ (ਸ. ਹਰਨਾਮ ਸਿੰਘ ਜੀ, ਅਤੇ ਸ. ਰਵੇਲ ਸਿੰਘ ਜੀ) ਵੱਲੋਂ ਕਈ ਵਿਦਵਾਨਾਂ ਅਤੇ ਚਿੰਤਕਾਂ ਦੀ ਡਿਊਟੀ ਇਹ ਸ਼ਬਦਾਵਲੀ ਲਿਖਣ ਲਈ ਲਗਾਈ ਗਈ। ਇਨ੍ਹਾਂ ਵਿਦਵਾਨਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਅਧਿਕਾਰੀ ਸ. ਜੁਗਿੰਦਰ ਸਿੰਘ ਭਸੀਨ (ਜੋ ਕਿ 19 ਸਤੰਬਰ, 2020 ਈ. ਨੂੰ 94 ਸਾਲ ਦੀ ਉਮਰ ਵਿਚ ਚੰਡੀਗੜ੍ਹ ਵਿਖੇ ਆਪਣੀ ਬੇਟੀ ਬੀਬੀ ਸਰਬਜੀਤ ਕੌਰ ਪਾਸ ਅਕਾਲ ਚਲਾਣਾ ਕਰ ਗਏ ਹਨ।) ਦੀ ਲਿਖੀ ਹੋਈ- “ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ . . .” ਸ਼ਬਦਾਵਲੀ ਪ੍ਰਵਾਨ ਹੋਈ। ਇਸ ਸ਼ਬਦਾਵਲੀ ਨੂੰ ਲਿਖਣ ਤੇ ਪ੍ਰਵਾਨ ਹੋਣ ਲਈ ਚਾਰ ਸਾਲ ਦਾ ਸਮਾਂ ਲੱਗਿਆ।

14) 25 ਜਨਵਰੀ, 1952 ਈ.- ਸ. ਜਗਮੋਹਣ ਸਿੰਘ ਜੀ “ਪੱਤਰਕਾਰ” ਇੰਗਲਿਸ਼ ਅਖਬਾਰ ਲੁਧਿਆਣਾ ਵੱਲੋਂ ਦਾਸ ਨੂੰ ਫੋਨ ਰਾਹੀਂ ਦੱਸਿਆ ਗਿਆ ਕਿ ਇਸ ਸ਼ਬਦਾਵਲੀ ਦੀ ਪ੍ਰਵਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 25 ਜਨਵਰੀ, 1952 ਈ. ਨੂੰ ਦਿੱਤੀ ਗਈ। ਜੋ ਹਮੇਸ਼ਾਂ ਲਈ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦਾ ਹਿੱਸਾ ਬਣ ਗਈ।

15) ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਬਾਰੇ ਪ੍ਰਵਾਣਿਤ ਕੀਤੀ ਗਈ ਸ਼ਬਦਾਵਲੀ:- ਸਿੱਖ ਰਹਿਤ ਮਰਯਾਦਾ ਨੂੰ ਤਿਆਰ ਕਰਨ ਸਮੇਂ ਪੰਥਕ ਵਿਦਵਾਨਾਂ ਵੱਲੋਂ ਕਿਤਨੀ ਸਖਤ ਮਿਹਨਤ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੋਵੇਗਾ ਇਸ ਗੱਲ ਦੇ ਦੋ ਚਸ਼ਮਦੀਦ ਗਵਾਹ ਜੋ ਸੰਨ 1952 ਵਿਚ ਗੁਰਧਾਮਾਂ ਬਾਰੇ ਸ਼ਬਦਾਵਲੀ ਪ੍ਰਵਾਨ ਕਰਨ ਵਾਲੀਆਂ ਮੀਟਿੰਗਾਂ ਵਿਚ ਹਿੱਸਾ ਲੈਂਦੇ ਰਹੇ। ਦੋਵਾਂ ਵਿਦਵਾਨਾਂ ਵੱਲੋਂ ਦਾਸ ਨੂੰ ਜੋ ਦੱਸਿਆ, ਉਨ੍ਹਾਂ ਦੇ ਬਿਆਨ ਹੇਠ ਲਿਖੇ ਅਨੁਸਾਰ ਦਰਜ ਕਰ ਰਿਹਾ ਹਾਂ:-

1. ਸ. ਅਤਰ ਸਿੰਘ ਭਾਗਵੰਤ ਕਸ਼ਮੀਰ ਵਾਲੇ- ਵਾਸੀ ਕੋਠੀ ਨੰ: 47, ਸੈਕਟਰ 19 ਏ, ਚੰਡੀਗੜ੍ਹ, ਜਿਨ੍ਹਾਂ ਨੇ ‘ਅਕਾਲੀ ਕੌਰ ਸਿੰਘ ਜੀ’ ਵੱਲੋਂ ਸੰਨ 1929 ਵਿਚ ਲਿਿਖਆ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿੱਤ ਸਵੱਯਾਂ ਦਾ ਤੁਕ ਤੱਤਕਰਾ 63 ਸਾਲ ਬਾਅਦ 1993 ਨੂੰ ਆਪ ਛਪਾਇਆ ਸੀ। ਇਨ੍ਹਾਂ ਨੇ ਦੱਸਿਆ ਸੀ ਕਿ “ਵਿਛੜੇ ਗੁਰਧਾਮਾਂ” ਦੀ ਸ਼ਬਦਾਵਲੀ ਬਾਰੇ ਵਿਚਾਰ ਕਰਨ ਲਈ ਚੰਡੀਗੜ੍ਹ ਵਿਖੇ ਹੋ ਰਹੀ ਮੀਟਿੰਗ ਵਿਚ ਇਹ ਵੀ ਹਾਜ਼ਰ ਸਨ, ਉਨ੍ਹਾਂ ਨੇ “ਸ੍ਰੀ ਨਨਕਾਣਾ ਸਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ” ਵਿਚ “ਤੋਂ” ਅਤੇ “ਨੂੰ” ਸ਼ਬਦ ਕਿਸ ਨਾਲ ਲੱਗੇਗਾ (ਗੁਰਧਾਮਾਂ ਜਾਂ ਪੰਥ ਨਾਲ) ਅਤੇ ਵੱਖ-ਵੱਖ ਹੋਰ ਨੁਕਤਿਆਂ ਤੇ ਵਿਦਵਾਨਾਂ ਦੀ ਚਾਰ ਦਿਨ ਲਗਾਤਾਰ ਬਹਿਸ ਹੋਈ। ਅੰਤ ਰਹਿਤ ਮਰਯਾਦਾ ਵਿਚ ਹੁਣ ਵਾਲੀ ਸ਼ਬਦਾਵਲੀ ਹੀ ਪ੍ਰਵਾਨ ਕੀਤੀ ਗਈ ਸੀ।

2. ਮਾਸਟਰ ਨਿਰਮਲ ਸਿੰਘ ਜੀ ਸਪੁੱਤਰ ਸ. ਰਾਮ ਸਿੰਘ, ਮੁਹੱਲਾ ਫਤਿਹਗੜ੍ਹ, ਸ੍ਰੀ ਅਨੰਦਪੁਰ ਸਾਹਿਬ, ਉਮਰ 82 ਸਾਲ ਨੇ ਦੱਸਿਆ:- ਸੰਨ 1952 ਈ. ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਦੂਜੀ ਮੰਜਿਲ ਉੱਤੇ 250 ਵਿਦਵਾਨਾਂ ਤੇ ਸੰਗਤ ਵਿਚ ਜਦੋਂ ਉਪ੍ਰੋਕਤ ਸ਼ਬਦਾਵਲੀ ਨੀਯਤ ਕਰਨ ਸੰਬੰਧੀ ਮੀਟਿੰਗ ਹੋ ਰਹੀ ਸੀ ਇਹ ਵੀ 16 ਸਾਲ ਦੀ ਉਮਰ ਵਿਚ ਇਸ ਮੀਟਿੰਗ ਵਿਚ ਹਾਜ਼ਰ ਸਨ। ਜਦੋਂ “ਸੇਵਾ ਸੰਭਾਲ ਦਾ ਦਾਨ” ਸ਼ਬਦ ਬਾਰੇ ਵਿਚਾਰ ਸ਼ੁਰੂ ਹੋਈ ਤਾਂ ਜਥੇਦਾਰ ਕੇਹਰ ਸਿੰਘ ਬੈਰਾਗੀ ਸਿੱਖ ਵਿਦਵਾਨ ਨੇ “ਦਾਨ” ਸ਼ਬਦ ’ਤੇ ਇਤਰਾਜ਼ ਕੀਤਾ ਕਿ “ਦਾਨ” ਸ਼ਬਦ ਪਾਂਡਿਆਂ ਦਾ ਸ਼ਬਦ ਹੈ ਜੋ ਸਿੱਖੀ ਵਿਚ ਪ੍ਰਵਾਨ ਨਹੀਂ, ਬਦਲਕੇ “ਸੇਵਾ ਸੰਭਾਲ ਦਾ ਬਲ” ਕੀਤਾ ਜਾਵੇ। “ਦਾਨ” ਅਤੇ “ਬਲ” ਸ਼ਬਦ ’ਤੇ ਲਗਾਤਾਰ ਤਿੰਨ ਦਿਨ ਬਹਿਸ ਹੋਈ। ਅੰਤ “ਦਾਨ” ਸ਼ਬਦ ਹੀ ਪ੍ਰਵਾਨ ਕੀਤਾ ਗਿਆ।

ਸੋ ਉਪਰੋਕਤ ਦੋ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ‘ਸਿੱਖ ਰਹਿਤ ਮਰਯਾਦਾ’ ਨੂੰ ਤਿਆਰ ਕਰਨ ਸਮੇਂ ਸੰਨ 1912 ਤੋਂ 1952 ਈ. ਤਕ 40 ਸਾਲ ਲਗਾਤਾਰ ਪੰਥਕ ਵਿਦਵਾਨਾਂ ਨੂੰ ਸਖਤ ਘਾਲਣਾ ਘਾਲਣੀ ਪਈ। ਇਸੇ ਕਾਰਨ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਰਹਿਤ ਮਰਯਾਦਾ ਨੂੰ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਕਿਹਾ ਜਾਂਦਾ ਹੈ। ਸੋ ਹਰ ਸਿੱਖ ਅਤੇ ਸਿੱਖ ਜਥੇਬੰਦੀ ਨੂੰ ਇਸ ਰਹਿਤ ਮਰਯਾਦਾ ਨੂੰ ਆਪਣੇ ਘਰ ਅਤੇ ਸੰਸਥਾਵਾਂ ਵਿਚ ਲਾਗੂ ਕਰਨਾ ਚਾਹੀਦਾ ਹੈ।

ਹਵਾਲੇ:-
1. ਹਵਾਲੇ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਪੰਨਾ 1 ਤੋਂ 8 ਤਕ।
2. ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਵੱਲੋਂ ਲਿਖੀ ਪੁਸਤਕ ‘ਸਿੱਖ ਰਹਿਤ ਮਰਯਾਦਾ ਦਰਪਨ’।
3. ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ, ਲੇਖਕ- ਸ. ਗੁਰਚਰਨਜੀਤ ਸਿੰਘ ਜੀ ਲਾਂਬਾ।

*ਜੂਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਮੋ. +9198550-98750