
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸਾਕਤ ਅਨੇਕਾਂ ਵਾਰ ਆਇਆ ਹੈ, ਨਿਤਨੇਮ ਦੀ ਬਾਣੀ ਸੋਹਿਲਾ ਸਾਹਿਬ ਅਨੁਸਾਰ ਸਾਕਤ ਹਰੀ ਦੇ ਰਸ ਨੂੰ ਨਹੀਂ ਜਾਣਦੇ ਤਿਨਾਂ ਦੇ ਅੰਦਰ ਹਉਮੈ ਦਾ ਕੰਡਾ ਹੈ । ਭਾਈ ਗੁਰਦਾਸ ਜੀ ਆਪਣੀ ਵਾਰ ਦੀ ਪਹਿਲੀ ਪਉੜੀ ਦੇ ਵਿੱਚ ਸਾਕਤ ਦੇ ਸਿਰ ਤੋਂ ਜਮ ਡੰਡ ਨਹੀ ਉਤਰਦਾ ਤੇ ਉਹ ਅਮੋਲਕ ਮਾਨਸ ਜਨਮ ਵਿਅਰਥ ਗਵਾ ਕੇ ਚਲੇ ਜਾਂਦੇ ਹਨ.. ਧਾਰਮਿਕ ਬੋਲਾਂ ਦੇ ਵਿੱਚ ਜਿੱਥੇ ਸਾਧ ਦੀ ਸੰਗਤ ਕਰਨ ਦਾ ਉਪਦੇਸ਼ ਹੈ, ਉੱਥੇ ਸਾਕਤ ਨੂੰ ਦੇਖਦਿਆਂ ਸਾਰ ਦੂਰੋਂ ਹੀ ਭੱਜ ਜਾਣ ਦਾ ਉਪਦੇਸ਼ ਹੈ, ਜਿੱਥੇ ਸੰਤ ਬਿਲਕੁਲ ਨਿਰਮਲ ਹੈ ਉੱਥੇ ਸਾਕਤ ਕਾਰੀ ਕੰਬਲੀ, ਕਾਲੇ ਭਾਂਡੇ ਦੀ ਤਰ੍ਹਾਂ ਹੈ:
ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ।।
ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ।।
ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗ ।।
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ।।
( ਸਲੋਕ ਭਗਤ ਕਬੀਰ ਜੀ, 1364)
ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਵਿੱਚ ਸਾਕਤ ਸੰਸਕ੍ਰਿਤ ਤੇ ਅਰਬੀ ਦੋਨਾਂ ਭਾਸ਼ਾਵਾਂ ਦਾ ਸ਼ਬਦ ਮੰਨਦੇ ਹਨ।ਉਹਨਾਂ ਦੇ ਅਨੁਸਾਰ ਸੰਸਕ੍ਰਿਤ ਦੇ ਵਿੱਚ ਸਾਕਤ ਦੇ ਅਰਥ ਸ਼ਕਤੀ ਦਾ ਉਪਾਸ਼ਕ, ਦੁਰਗਾ ਪੂਜਕ, ਤੇ ਕਾਲੀ ਦਾ ਭਗਤ ਹਨ। ਅਰਬੀ ਭਾਸ਼ਾ ਦੇ ਵਿੱਚ ਪਤਿਤ ਤੇ ਡਿੱਗਿਆ ਹੋਇਆ ਹਨ।
ਭਾਈ ਵੀਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਮਹਾਨ ਕੋਸ਼ ਦੇ ਅਰਥਾਂ ਤੋਂ ਇਲਾਵਾ ਸਾਕਤ ਦੇ ਅਰਥ ਚੁੱਪ, ਜਿੱਥੇ ਲੱਗਾ ਹੋਣਾ ਚਾਹੀਦਾ ਸੀ ਉਥੋਂ ਢਹਿ ਪਿਆ, ਜੋ ਈਸ਼ਵਰ ਤੋਂ ਦੂਰ ਹੋਵੇ ਆਦਿਕ ਕਰਦੇ ਹਾਂ, ਪ੍ਰੋਫੈਸਰ ਸਾਹਿਬ ਸਿੰਘ ਜੀ ਗੁਰਬਾਣੀ ਪਾਠ ਦਰਪਣ ਦੇ ਵਿੱਚ ਰੱਬ ਨਾਲ ਟੁੱਟੇ ਹੋਏ ਮਨੁੱਖ ਨੂੰ ਸਾਕਤ ਆਖਦੇ ਹਨ
ਜਿਵੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਪਾਵਨ ਉਪਦੇਸ਼ਾਂ ਦੇ ਵਿੱਚ ਰਾਮ ਦੀ ਵਿਆਖਿਆ ਕਰਦੇ ਹਨ, ਉਵੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਸਾਕਤ ਦੇ ਅਰਥ ਆਪਣੇ ਪਾਵਨ ਬੋਲਾਂ ਦੇ ਵਿੱਚ ਬਿਆਨ ਕਰਦੇ:
ਸਾਕਤ ਸੂਤ ਬਹੁ ਗੁਰਝੀ ਭਰਿਆ ਕਿਉ ਤਾਨ ਤਨੀਜੈ
ਜਿਸ ਤਰ੍ਹਾਂ ਦੇ ਨਾਲ ਅੰਗਰੇਜ਼ੀ ਭਾਸ਼ਾ ਦੇ ਵਿੱਚ United States of America ਨੂੰ short ਦੇ ਵਿੱਚ USA, United Kingdom ਨੂੰ UK ਲਿਖਿਆ ਜਾਂਦਾ ਹੈ,
ਸਾਕਤ ਵੀ ਉਸੇ ਤਰ੍ਹਾਂ ਦੇ ਨਾਲ ਸੰਖੇਪ ਸ਼ੈਲੀ ਦੇ ਵਿੱਚ ਲਿਖਿਆ ਜਾਂਦਾ ਹੈ :-
ਸ: ਸੂਤ
ਬਹੁ ਗੁਰਝੀ ਭਰਿਆ
ਕ : ਕਿਉਂ ਕਰਿ
ਤ : ਤਾਨ ਤਨੀਜੈ
ਸਾਕਤ ਗੁੰਝਲਾਂ ਦੇ ਨਾਲ ਭਰਿਆ ਹੋਇਆ ਸੂਤ ਹੈ, ਜਿਸ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਤਾਣਾ ਨਹੀਂ ਤਣਿਆ ਜਾ ਸਕਦਾ, ਮਨੁੱਖ ਦੀ ਬੁਧੀ ਦੇ ਵਿੱਚ ਉਲਝਣਾਂ ਹੀ ਭਰੀਆਂ ਹੋਈਆਂ ਹੁੰਦੀਆਂ ਹਨ ਜੋ ਕੇਵਲ ਗੁਰੂ ਦੀ ਸੰਗਤ ਦੇ ਕਰਕੇ ਹੀ ਸੁਲਝਦੀਆਂ ਨੇ, ਉਲਝੀ ਹੋਈ ਕੁੰਡਲਨੀ ਵੀ ਸੁਲਝ ਜਾਂਦੀ ਹੈ। ਫੁਰਮਾਨ ਹੈ:
ਕੁੰਡਲਨੀ ਸੁਰਜੀ ਸਤਸੰਗਤਿ
ਪਰਮਾਨੰਦ ਗੁਰੂ ਮੁਖਿ ਮਚਾ ।।
ਸਿਰੀ ਗੁਰੂ ਸਾਹਿਬੁ ਸਭ ਉਪਰਿ
ਮਨ ਬਚ ਕ੍ਰੰਮ ਸੇਵੀਐ ਸਚਾ।। ( ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੦੧)
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ