5 views 2 secs 0 comments

ਸਾਖੀ ਸ੍ਰੀ ਕਲਗੀਧਰ ਜੀ ਦੀ

ਲੇਖ
January 20, 2026

…ਸ੍ਰੀ ਕਲਗੀਧਰ ਜੀ ਦੇ ਜੀਵਨ ਵਿਚ ਇਕ ਸਾਖੀ ਆਉਂਦੀ ਹੈ। ਇਕ ਦਿਨ ਹਜ਼ੂਰ ਕੁਝ ਸਿੰਘਾਂ ਨੂੰ ਆਪਣੇ ਨਾਲ ਲੈ ਕੇ ਸ਼ਿਕਾਰ ਖੇਡਣ ਗਏ। ਗੁਆਂਢੀ ਕਹਿਲੂਰ ਦਾ ਰਾਜਾ ਬਾਦਸ਼ਾਹੀ ਚੁਕ ਕਰਕੇ ਅਕਾਰਨ ਹੀ ਸਿੰਘਾਂ ਦਾ ਅਤੇ ਸਤਿਗੁਰੂ ਜੀ ਦਾ ਵੈਰੀ ਬਣਿਆ ਹੋਇਆ ਸੀ। ਉਹ ਹਰ ਵੇਲੇ ਕਿਸੇ ਨਾ ਕਿਸੇ ਦਾਅ ‘ਤੇ ਰਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਉਤੇ ਕਾਰੀ ਵਾਰ ਚਲਾ ਕੇ ਬਾਦਸ਼ਾਹ ਦੀ ਖ਼ੁਸ਼ੀ ਹਾਸਲ ਕਰੇ । ਜਦੋਂ ਹਜ਼ੂਰ ਥੋੜ੍ਹੇ ਕੁ ਸਿੰਘਾਂ ਸਮੇਤ ਜੰਗਲ ਵਿਚ ਅੱਪੜੇ, ਤਾਂ ਕਹਿਲੂਰੀਏ ਦੇ ਦੋ ਸੌ ਸਿਪਾਹੀਆਂ ਨੇ (ਜੋ ਲਾਂਭੇ ਸ਼ਹਿ ਲਾਈ ਬੈਠੇ ਸਨ) ਹੱਲਾ ਬੋਲ ਦਿੱਤਾ। ਪਰ ਨੌਕਰੀ ਦੀ ਖ਼ਾਤਰ ਲੜਨਾ, ਤੇ ਪ੍ਰੇਮ-ਵਸ ਹੋ ਕੇ ਜਾਨ ਤਲੀ ਉਤੇ ਰੱਖਣੀ-ਇਹਨਾਂ ਦੋਹਾਂ ਵਿਚ ਬੇਅੰਤ ਵਿੱਥ ਹੈ। ਭਾੜੇ ਦੇ ਸਿਪਾਹੀ ਭੱਜ ਨਿਕਲੇ । ਸਿੰਘਾਂ ਨੇ ਪਿੱਛਾ ਕੀਤਾ । ਪਰ ਸਤਿਗੁਰੂ ਜੀ ਅਡੋਲ ਹੀ ਉਹਨਾਂ ਵਿਚੋਂ ਨਿਕਲ ਕੇ ਰੁੱਖਾਂ ਦੀ ਇਕ ਝੰਗੀ ਵਿਚ ਜਾ ਖਲੋਤੇ। ਪਹਾੜੀਆਂ ਦਾ ਪਿੱਛਾ ਕਰਦੇ ਸਿੰਘਾਂ ਨੂੰ ਜਦੋਂ ਅਚਨਚੇਤ ਸਤਿਗੁਰੂ ਜੀ ਨਾ ਦਿਸੇ, ਤਾਂ ਉਹ ਕੁਝ ਠਠੰਬਰ ਗਏ, ਤੇ ਕਾਹਲੀ ਨਾਲ ਪਿਛਾਂਹ ਮੁੜ ਆਏ। ਅਗੋਂ ਝੰਗੀ ਵਿਚੋਂ ਬਾਹਰ ਨਿਕਲ ਕੇ ਸਤਿਗੁਰੂ ਜੀ ਭੀ ਰਾਹ ਵਿਚ ਆਣ ਖਲੋਤੇ। ਸਿੰਘਾਂ ਦੀ ਘਬਰਾਹਟ ਤੱਕ ਕੇ ਹਜ਼ੂਰ ਨੇ ਫ਼ੁਰਮਾਇਆ ਕਿ ਸਰੀਰ ਸਦਾ ਨਾਲ ਨਹੀਂ ਨਿਭਣੇ, ਗੁਰੂ ਅਕਾਲ ਪੁਰਖ ਨੂੰ ਯਾਦ ਦੀ ਰਾਹੀਂ ਆਪਣੇ ਹਿਰਦੇ ਵਿਚ ਵਸਾਓ। ਬਸ, ਇਕੱਲ ਦੂਰ ਕਰਨ ਦਾ ਅਤੇ ਨਿਡਰ ਰਹਿਣ ਦਾ ਇਹੀ ਇਕੋ ਇਕ ਤਰੀਕਾ ਹੈ।
ਹਜ਼ੂਰ ਨੇ ਸਿੰਘਾਂ ਨੂੰ ਪੰਚਮ ਪਾਤਸ਼ਾਹ ਜੀ ਦੇ ਸ਼ਬਦ ਦਾ ਚੇਤਾ ਕਰਾਇਆ ਤੇ ਸਮਝਾਇਆ ਕਿ ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰੋ, ਇਸ ਤਰ੍ਹਾਂ ਜਿਉਂ ਜਿਉਂ ਗੁਰੂ ਆਪਣੇ ਨਾਲ ਸੰਗੀ ਦਿੱਸੇਗਾ, ਤਾਂ ਅਕਾਲ ਪੁਰਖ ਦੀ ਰਜ਼ਾ ਪਿਆਰੀ ਲੱਗਣ ਲਗ ਪਏਗੀ ਤੇ ਕੋਈ ਡਰ-ਸਹਿਮ ਨੇੜੇ ਨਹੀਂ ਆਵੇਗਾ। ਪੰਚਮ ਪਾਤਸ਼ਾਹ ਜੀ ਨੇ ਫੁਰਮਾਇਆ ਹੈ:
ਹਰਿ ਕਾ ਨਾਮੁ ਰਿਦੈ ਨਿਤ ਧਿਆਈ॥
ਸੰਗੀ ਸਾਥੀ ਸਗਲ ਤਰਾਂਈ॥੧॥
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ॥
ਸਿਮਰਿ ਸਿਮਰਿ ਤਿਸੁ ਸਦਾ ਸਮੑਾਲੇ॥੧॥ ਰਹਾਉ॥
ਤੇਰਾ ਕੀਆ ਮੀਠਾ ਲਾਗੈ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥[ਆਸਾ ਮਹਲਾ ੫]…

-ਪ੍ਰੋ. ਸਾਹਿਬ ਸਿੰਘ