
ਮਨੁੱਖੀ ਬੋਲਚਾਲ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਸਾਗੁ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਦੋ ਵਾਰ ਆਇਆ ਹੈ।ਭਗਤ ਕਬੀਰ ਜੀ ਤੇ ਗੁਰੂ ਨਾਨਕ ਸਾਹਿਬ ਆਪਣੇ ਪਾਵਨ ਬੋਲਾਂ ਦੇ ਵਿੱਚ ਇਸ ਸ਼ਬਦ ਦੀ ਵਰਤੋਂ ਕਰਦੇ ਹਨ। ਦੁਆਪਰ ਯੁੱਗ ਦੇ ਵਿੱਚ ਪਾਂਡਵਾਂ ਦੇ 13 ਸਾਲ ਦਾ ਬਨਵਾਸ ਪੂਰਾ ਹੋਣ ਤੋਂ ਕ੍ਰਿਸ਼ਨ ਜੀ ਕੌਰਵਾਂ ਤੇ ਪਾਂਡਵਾਂ ਦੀ ਸੁਲਾਹ ਕਰਾਉਣ ਦੇ ਵਾਸਤੇ ਹਸਤਨਾਪੁਰ ਆਏ, ਭੀਸ਼ਮ ਪਿਤਾਮਾ, ਅਚਾਰੀਆ ਦਰੋਣ, ਕੁਲ ਗੁਰੂ ਕ੍ਰਿਪਾਚਾਰਯ ਉਹਨਾਂ ਨੂੰ ਸਤਿਕਾਰ ਦੇ ਨਾਲ ਅੱਗੇ ਲੈਣ ਗਏ, ਵਿਚਾਰ ਵਟਾਂਦਰੇ ਤੋਂ ਉਪਰੰਤ ਰਾਤ ਨੂੰ ਕ੍ਰਿਸ਼ਨ ਜੀ ਬਿਦਰ ਦੇ ਘਰ ਚਲੇ ਗਏ , ਦੁਰਯੋਧਨ ਅਗਲੇ ਦਿਨ ਬੜੇ ਰੁੱਖੇ ਸ਼ਬਦਾਂ ਦੇ ਵਿੱਚ ਕਿਸੇ ਵੀ ਵੱਡੀ ਹਸਤੀ ਦੇ ਘਰੇ ਨਾ ਠਹਿਰਣ ਦਾ ਕ੍ਰਿਸ਼ਨ ਜੀ ਨੂੰ ਕਾਰਨ ਪੁੱਛਣ ਲੱਗਿਆ, ਕ੍ਰਿਸ਼ਨ ਜੀ ਕਹਿਣ ਲੱਗੇ ਰਾਜਨ ਤੇਰੇ ਘਰ ਦੇ ਵਿੱਚ ਕੌਣ ਆਵੇ, ਮੈਂ ਐਸਾ ਭਾਉ ਬਿਦਰ ਦੇ ਹਿਰਦੇ ਦੇ ਵਿੱਚ ਦੇਖਿਆ ਕਿ ਉਹ ਗਰੀਬ ਮੈਨੂੰ ਚੰਗਾ ਲੱਗਿਆ, ਪ੍ਰੇਮ ਦੇ ਕਰਕੇ ਬਿਦਰ ਦਾ ਇੱਕ ਘਰ ਦਾ ਪਾਣੀ ਤੇਰੇ ਘਰ ਦੇ ਦੁੱਧ ਦੇ ਨਾਲੋਂ ਤੇ ਉਸ ਦੇ ਘਰ ਦਾ ਬਣਿਆ ਸਾਗੁ ਤੇਰੀ ਖੀਰ ਦੇ ਨਾਲੋਂ ਮੈਂ ਅੰਮ੍ਰਿਤ ਸਮਾਨ ਸਮਝਦਾ ਹਾਂ, ਸਾਰੀ ਰਾਤ ਮੈਂ ਉੱਥੇ ਪਰਮਾਤਮਾ ਦੇ ਗੁਣਾਂ ਗਾਉਂਦਿਆਂ ਬਤੀਤ ਕੀਤੀ ਹੈ ਲ:
ਰਾਜਨ ਕਉਨ ਤੁਮਾਰੈ ਆਵੈ ।।
ਐਸੋ ਭਾਉ ਬਿਦਰੁ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ।।
ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ ।।
ਤੁਮਰੋ ਦੂਧੁ ਬਿਦਰ ਕੋ ਪਾਨੋ ਅੰਮ੍ਰਿਤ ਕਰਿ ਮੈ ਮਾਨਿਆ ।।
ਖੀਰ ਸਮਾਨ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ ।।
ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ ।।
( ਸ੍ਰੀ ਗੁਰੂ ਗ੍ਰੰਥ ਸਾਹਿਬ, 1105)
ਗੁਰੂ ਨਾਨਕ ਸਾਹਿਬ ਸੂਰਜ ਗ੍ਰਹਿਣ ਦੇ ਮੇਲੇ ‘ਤੇ ਕੁਰਕਸ਼ੇਤਰ ਪਹੁੰਚੇ, ਆਪਣਾ ਭੋਜਨ ਤਿਆਰ ਕਰਨ ਲੱਗੇ, ਪੰਡਤਾਂ ਨੂੰ ਲੱਗਿਆ ਕਿ ਉਹ ਮਾਸ ਰਿੰਨ੍ਹ ਰਹੇ ਹਨ ਤਾਂ ਨਾਨੂ ਪੰਡਿਤ ਆਪਣੇ ਸਾਥੀਆਂ ਸਮੇਤ ਸਤਿਗੁਰਾਂ ਦੇ ਨਾਲ ਚਰਚਾ ਕਰਨ ਵਾਸਤੇ ਆਇਆ। ਮਾਸ ਤੇ ਸਾਗੁ ਦੇ ਬਾਰੇ ਸਤਿਗੁਰਾਂ ਨੇ ਪਾਵਨ ਉਪਦੇਸ਼ ਦੇਣਾ ਕੀਤਾ.
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ।।
ਕਉਣੁ ਮਾਸੁ ਕਉਣ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ।।
( ਸ੍ਰੀ ਗੁਰੂ ਗ੍ਰੰਥ ਸਾਹਿਬ, 1289)
ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਦੇ ਅਨੁਸਾਰ, ਸਾਗੁ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਤੇ ਅਰਥ ਸਬਜ਼ੀ ਨਬਾਤ ਸਰੋਂ ਪਾਲਕ ਆਦਿ ਦੀ ਭਾਜੀ ਕਰਦੇ ਹਨ। ਭਾਈ ਵੀਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਮੁਤਾਬਿਕ ਸਾਗੁ ਨੂੰ ਸੰਸਕ੍ਰਿਤ ਦੇ ਸ਼ਬਦ ਸਾਕ ਦਾ ਪੰਜਾਬੀ ਰੂਪਾਂਤਰ ਮੰਨਦੇ ਹਨ। ਉਹ ਗੰਦਲਾਂ ਜਿਨਾਂ ਦੇ ਪੱਤੇ ਰਿੰਨ੍ਹ ਕੇ ਖਾਧੇ ਜਾਣ।
ਸਾਗੁ, ਸਾਖਾ ਲਾਗੁ ਦਾ ਸੰਖੇਪ ਹੈ।
ਸੰਸਾਰ ਦੇ ਵਿੱਚ ਮਨੁੱਖ ਭੋਜਨ ਦੇ ਤਲ ‘ਤੇ ਦੋ ਹਿੱਸਿਆਂ ਦੇ ਵਿੱਚ ਵੰਡੇ ਹੋਏ ਹਨ। ਸ਼ਾਖਾਹਾਰੀ ਤੇ ਮਾਸਾਹਾਰੀ। ਅੰਗਰੇਜ਼ੀ ਭਾਸ਼ਾ ਦੇ ਵਿੱਚ ਇਸ ਨੂੰ veg ਤੇ non veg ਕਿਹਾ ਜਾਂਦਾ ਹੈ। ਸਰੋਂ ਦੀਆਂ ਗੰਦਲਾਂ ਨੂੰ ਰਿੰਨ੍ਹ ਕੇ ਬਣਾਈ ਹੋਈ ਸਬਜ਼ੀ ਨੂੰ ਵੀ ਸਾਗੁ ਕਹਿੰਦੇ ਹਨ, ਸਾਰੇ ਫਲ ਸਬਜ਼ੀਆਂ, ਦਾਲਾਂ ਸ਼ਾਖਾ ਦੇ ਨਾਲ ਹੀ ਲੱਗਦੀਆਂ ਹਨ, ਇਸ ਕਰਕੇ ਸਾਰਿਆਂ ਨੂੰ ਸਾਗੁ ਹੀ ਕਿਹਾ ਜਾਂਦਾ ਹੈ
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ।। ( ਸ੍ਰੀ ਗੁਰੂ ਗ੍ਰੰਥ ਸਾਹਿਬ, 33)
ਗਿਆਨੀ ਗੁਰਜੀਤ ਸਿੰਘ ਪਟਿਆਲਾ,
ਮੁੱਖ ਸੰਪਾਦਕ