ਪ੍ਯਾਰੇ ਖਾਲਸਾ ਭਾਈਯੋ । ਇਸ ਸੰਸਾਰ ਪਰ ਕਈ ਪ੍ਰਕਾਰ ਦੀ ਹਤ੍ਯਾ ਅਤੇ ਪਾਪ ਹਨ ਜਿਨਾ ਤੇ ਪੁਰਖ ਕਈ ਪਰਕਾਰ ਦੇ ਦੁੱਖਾਂ ਦਾ ਭਾਗੀ ਹੋ ਸਕਦਾ ਹੈ, ਪਰੰਤੂ ਸਾਡੇ ਖ੍ਯਾਲ ਵਿਚ ਹੋਰ ਸਭਨਾ ਪਾਪਾਂ ਤੇ ਕ੍ਰਿਤਘਨ ਹੋਨਾ ਅਰਥਾਤ ਕਿਸੀ ਦੇ ਕੀਤੇ ਹੋਏ ਉਪਕਾਰ ਨੂੰ ਭੁਲਾ ਦੇਣਾ ਸਭ ਤੇ ਬੁਰਾ ਹੈ ਇਸ ਪਰ ਭਾਈ ਗੁਰਦਾਸ ਜੀ ਸਾਹਿਬ ਜੀ ਨੈ ਭੀ ਪੌੜੀ ਵਿਚ ਏਹੋ ਆਖਿਆ ਹੈ ਕਿ ਕ੍ਰਿਤਘਨਤਾ ਜੇਡਾ ਹੋਰ ਕੋਈ ਪਾਪ ਨਹੀ ਹੈ ਯਥਾਇਸ ਪੌੜੀ ਤੇ ਇਹ ਸਿੱਧ ਹੁੰਦਾ ਹੈ ਕਿ ਕ੍ਰਿਤਘਨਤਾ ਕਰਨੇ ਵਾਲਾ ਪੁਰਖ ਸਭ ਨੀਚਾਂ ਤੇ ਮਹਾਂ ਨੀਚ ਹੈ ਅਤੇ ਉਸ ਦਾ ਦਰਸਨ ਕਰਨਾ ਭੀ ਮਹਾਂ ਪਾਪ ਹੈ, ਪਰੰਤੂ ਦਸਮੇਂ ਪਾਤਸਾਹਿ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਨੇ ਜੋ ਉਪਕਾਰ ਇਸ ਭਾਰਤ ਭੂਮੀ ਪਰ ਆ ਕੇ ਹਿੰਦੂ ਕੌਮ ਅਤੇ ਖਾਲਸਾ ਕੌਮ ਪਰ ਕੀਤੇ ਹਨ ਸੋ ਇਕ ਯਾ ਦੋ ਆਦਮੀ ਨਹੀ ਜਾਨਦੇ ਕਿੰਤੂ ਇਸ ਦੀ ਗੁਵਾਹੀ ਸਾਰੇ ਮਨੁਖ ਮਾਤ੍ਰ ਦੇ ਰਿਦੇ ਦੇ ਰਹੇ ਹਨ ਜਿਸ ਤੇ ਕਤਾਬਾਂ ਵਿਚ ਇਹ ਕਹਾਣੀਆਂ ਤੋਤੇ ਮੈਨਾ ਦੀ ਕਹਾਣੀਆਂ ਵਾਂਗ ਸਾਰੇ ਲੋਗ ਪੜ੍ਹਦੇ ਸੁਨਦੇ ਹਨ ਕਿ ਤੁਰਕੀ ਹਕੂਮਤ ਵਿਚ ਖਾਸ ਕਰਕੇ ਔਰੰਗਜੇਬ ਦੇ ਸਮਯ ਵਿਚ ਹਿੰਦੂਆਂ ਦੇ ਸਵਾ-ਸਵਾ ਮਨ ਜਨੇਊ ਉਤਰਦੇ ਸਨ।
ਅਤੇ ਉਨਾ ਦੇ ਪਵਿੱਤ੍ਰ ਮੰਦਰ ਗਿਰਾ ਕੇ ਮਸੀਤਾਂ ਪਾਈਆਂ ਜਾਂਦੀਆਂ ਸਨ ਅਰ ਜੋਰ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ, ਪਰੰਤੂ ਉਸ ਦਸਮੇ ਗੁਰੂ ਨੈ ਅਪਨਾ ਸਰਬੰਸ ਦੇ ਕੇ ਇਸ ਹਿੰਦੂ ਕੌਮ ਦੀ ਰਖ੍ਯਾ ਕੀਤੀ ਸੀ ਸੋ ਉਪਕਾਰ ਨੂੰ ਯਾਦ ਰਖ ਕੇ ਕੁਛ ਕਦਰ ਕੀਤਾ, ਸੋ ਕਿਯਾ ਹਿੰਦੂ ਕੌਮ ਨੈ ਦਸਮ ਗੁਰੂ ਜੀ ਦੇ ਇਸ ਉਪਕਾਰ ਨੂੰ ਯਾਦ ਰੱਖ ਕੇ ਕੁਛ ਕਦਰ ਕੀਤਾ, ਕੋਈ ਨਹੀਂ , ਕਿਉਂਕਿ ਜੇ ਇਹ ਹਿੰਦੂ ਕੌਮ ਇਸ ਦਾ ਕਦਰ ਕਰਦੀ ਤਾਂ ਇਹ ਜ਼ਰੂਰ ਕਰਦੀ ਕਿ ਅਪਨੀ ਔਲਾਦ ਨੂੰ ਸਿੰਘ ਬਨਾ ਕੇ ਸੂਰਬੀਰ ਬਨਾਉਦੀ ਜੇ ਹੋਰ ਨਾ ਹੁੰਦਾ ਤਾਂ ਇੰਨਾ ਤਾਂ ਹੁੰਦਾ ਕਿ ਜਿਸ ਦੇ ਘਰ ਚਾਰ ਪੁੱਤ੍ਰ ਹਨ ਉਨ੍ਹਾਂ ਵਿੱਚੋਂ ਦੋ ਨਹੀਂ ਤਾਂ ਇਕ ਤਾਂ ਜਰੂਰ ਸਿੰਘ ਸਜਾਉਂਦੀ। ਸੋ ਦੇਖਨੇ ਵਿਚ ਆਇਆ ਹੈ ਜੋ ਸਗੋ ਹਿੰਦੂ ਲੋਗ ਸਿੱਖਾਂ ਤੇ ਐਥੋਂ ਤੋੜੀ ਨਫਰਤ ਕਰਦੇ ਹਨ ਕਿ ਸਿਖ ਲੜਕਾ ਜਾਨ ਕੇ ਕੁੜਮਾਈ ਨਹੀ ਕਰਦੇ ਅਰ ਅਸੀ ਅਪਨੀ ਅੱਖੀ ਦੇਖ੍ਯਾ ਅਤੇ ਕੰਨੀ ਸੁਨਿਆ ਹੈ ਕਿ ਬੇਸਕ ਜਾਤ ਭੀ ਉਚੀ ਹੈ ਅਰ ਲੜਕਾ ਭੀ ਹੋਨਹਾਰ ਹੈ ਪਰ ਇਤਨਾ ਹੀ ਘਾਟਾ ਹੈ ਜੋ ਉਹ ਸਿਖ ਹੈ ਜਿਸ ਤੇ ਰੋਕ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਸ ਛਤ੍ਰੀ ਸੋਢ ਬੰਸ ਅਵਤਾਰ ਦਾ ਇਹ ਪੰਥ ਹੈ ਜਿਸ ਛਤ੍ਰੀ ਨੈ ਸਰਵੰਸ ਗਵਾ ਕੇ ਇਨਾ ਦੀ ਰਖ੍ਯਾ ਕੀਤੀ ਹੈ ਉਸ ਦੀ ਨਸ਼ਾਨੀ ਜੋ ਕੇਸ ਹਨ ਉਨਾ ਨੂੰ ਦੇਖ ਕੇ ਭੀ ਆਨੰਦ ਨਹੀਂ ਹੁੰਦੇ ਅਰ ਸਰਾਧਾਂ ਦੇ ਦਿਨਾਂ ਵਿਚ ਕਾਵਾਂ ਨੂੰ ਪਿੱਤਰ ਬਨਾਉਨੋਂ ਨਹੀਂ ਸਰਮਾਂਦੇ,
ਪਰੰਤੂ ਦਸਮ ਗੁਰੂ ਜੀ ਦੇ ਸਿੱਖ ਦਾ ਕਾਉਂ ਜਿਤਨਾ ਭੀ ਆਦਰ ਯਾ ਕਦਰ ਨਹੀ ਕੀਤਾ ਜਾਂਦਾ, ਜਿਸ ਤੇ ਕਈ ਸਿੱਖਾਂ ਨੇ ਅਪਨੇ ਲੜਕਿਯਾਂ ਦੇ ਸਿਰ ਮੁਨਾ ਕੇ ਰੋਡੇ ਕਰ ਦਿੱਤਾ ਹੈ ਅਰ ਜਦ ਉਸ ਨੂੰ ਪੁਛੀਦਾ ਹੈ ਤਾਂ ਇਹੋ ਆਖਦਾ ਹੈ ਕਿ ਸਾਡੇ ਸਹਜਧਾਰੀ ਭਾਈ ਤਕਲੀਫ ਦਿੰਦੇ ਸਨ ਇਸ ਤੇ ਤੁਸੀ ਦੇਖ ਸਕਦੇ ਹੋ ਜੋ ਹਿੰਦੂ ਕੌਮ ਨੈ ਕ੍ਯਾ ਕੁਝ ਉਪਕਾਰ ਮੰਨ੍ਯਾ ਹੈ ਇਸ ਤੇ ਬਿਨਾ ਖਾਸ ਕਰਕੇ ਬ੍ਰਹਮਨ ਲੋਗ ਜਿਨਾਂ ਨੂੰ ਉਸ ਸਮਯ ਗੁਰੂ ਤੇ ਬਿਨਾ ਹੋਰ ਕੋਈ ਦੇਵੀ ਦੇਵਤਾ ਬਚਾਉਨੇ ਵਾਲਾ ਨਹੀਂ ਸਾ ਬਲਕੇ ਦੇਵਤਿਆਂ ਨੈ ਅਜੁਧਿਆ ਅਤੇ ਕਾਸੀ ਵਿਚ ਮੁਸਲਮਾਨਾ ਦੇ ਡਰ ਤੇ ਖੂਹਾਂ ਵਿਚ ਛਾਲਾਂ ਮਾਰੀਆਂ ਤੇ ਜਾਨਾਂ ਬਚਾਈਆਂ ਸਨ ਅਤੇ ਦਸਮ ਗੁਰੂ ਨੈ ਉਨ੍ਹਾਂ ਡਰੇ ਹੋਏ ਦੇਉਤਿਆਂ ਸਮੇਤ ਤੁਰਕੀ ਬਾਦਸਾਹਤ ਨੂੰ ਗੁਆ ਕਰਕੇ ਦੀਨੂ ਪੁਤ੍ਰ ਦੇ ਕੇ ਇਨਾਂ ਦੀ ਰਖ੍ਯਾ ਕੀਤੀ ਸੀ ਉਹੋ ਬ੍ਰਹਮਨ ਲੋਗ ਜਨਮ ਅਤੇ ਮਰਨ ਸਰ ਦੀ ਮ੍ਰਯਾਦਾ ਕਰਾਉਨ ਪਰ ਸਿਖਾਂ ਦੇ ਲੱਕੋਂ ਕੱਛਾਂ ਅਤੇ ਹਥੋਂ ਕੜੇ ਅਰ ਸਿਰਾਂ ਤੇ ਕੰਘੇ ਜੋ ਸਿੱਖੀ ਦਾ ਪੱਕਾ ਨਸਾਨ ਹੈ ਉਤਰਾ ਦਿੰਦੇ ਹਨ। ਕਯਾ ਇਸ ਤੇ ਤੁਸੀ ਕਹ ਸਕਦੇ ਹੋ ਕਿ ਹਿੰਦੂ ਕੌਮ ਨੈ ਗੁਰੂ ਜੀ ਦੇ ਉਪਕਾਰਾਂ ਦਾ ਕਦਰ ਕੀਤਾ ਯਾ ਕ੍ਰਿਤਗਯ ਰਹੇ ? ਇਸ ਬਾਤ ਨੂੰ ਅਗਲੇ ਹਫਤੇ ਤਕ ਸੋਚੋ ਜਿਸ ਤੇ ਅਸੀਂ ਅਗੇ ਇਹ ਭੀ ਲਿਖਾਂਗੇ ਕਿ ਕ੍ਯਾ ਸਿੱਖ ਭੀ ਕ੍ਰਿਤਗ੍ਯ ਰਹੇ ਯਾ ਰਹ ਸਕਨਗੇ।
-ਗਿ. ਦਿੱਤ ਸਿੰਘ
(ਖ਼ਾਲਸਾ ਅਖ਼ਬਾਰ ਲਾਹੌਰ, ੩੧ ਮਈ ੧੮੯੫, ਪੰਨਾ ੩
