7 views 15 secs 0 comments

(ਸਾਡੀ ਸਿਹਤ-1) ਦਵਾਈਆਂ ਨੂੰ ਹਾਰ

ਲੇਖ
November 20, 2025

ਦਵਾ-ਮਨੁੱਖੀ ਵਿਕਾਸ ਲੜੀ ਦੀ ਇਕ ਪ੍ਰਾਪਤੀ ਹੈ। ਦਵਾ ਦਾ ਮਨੁੱਖੀ ਵਿਕਾਸ ਦੇ ਇਤਿਹਾਸ ਵਿਚ ਇਕ ਅੱਹਮ ਯੋਗਦਾਨ ਹੈ। ਪਰ ਜਦੋਂ ਇਸ ਸੰਦਰਭ ਦੇ ਹੁੰਦੇ ਹੋਏ ਦਵਾਈਆਂ ਦੇ ਹਾਰ ਜਾਣ ਦੀ ਗੱਲ ਕਰਦੇ ਹਾਂ ਤਾਂ ਇਹ ਆਪਣੇ ਆਪ ਵਿਚ ਆਪਾ-ਵਿਰੋਧੀ ਧਾਰਨਾ ਜਾਪਦੀ ਹੈ।

ਦਵਾ-ਨਿਸ਼ਚਿਤ ਹੀ ਮਨੁੱਖੀ ਜ਼ਿੰਦਗੀ ਵਿਚ ‘ਦਰਦ’ ਦੂਰ ਕਰਨ ਦਾ ਇਕ ਬਹੁਤ ਵੱਡਾ ਉਪਰਾਲਾ ਹੈ। ਦਰਦ-ਜੋ ਭਾਵੇਂ ਕਿਸੇ ਵੀ ਤਰ੍ਹਾਂ ਦੀ ਅਸੁਖਾਵੀਂ ਸਥਿਤੀ ਵਿਚੋਂ ਪੈਦਾ ਹੋਵੇ। ਉਹ ਸਥਿਤੀ ਸਰੀਰਕ ਹੋ ਸਕਦੀ ਹੈ, ਮਾਨਸਿਕ ਜਾਂ ਸਮਾਜਿਕ ਹੋ ਸਕਦੀ ਹੈ। ਮਨੁੱਖ ਦਾ ਇਹ ਉਪਰਾਲਾ ਨਵੇਕਲਾ ਹੈ। ਇਹ ਉਦੱਮ ਸਿਰਫ ਮਨੁੱਖ ਕਰ ਸਕਿਆ ਹੈ। ਇਹ ਜੀਵਾਂ-ਜਾਨਵਰਾਂ ਦੇ ਹਿੱਸੇ ਨਹੀਂ ਆਇਆ। ਹਾਂ, ਉਹ ਜਾਨਵਰ ਜਰੂਰ ਇਸ ਉਪਰਾਲੇ ਤੋਂ ਫਾਇਦਾ ਹਾਸਿਲ ਕਰ ਸਕੇ ਹਨ, ਜੋ ਮਨੁੱਖਾਂ ਦੇ ਨੇੜੇ ਹਨ ਜਾਂ ਉਨ੍ਹਾਂ ਦੇ ਪਾਲਤੂ ਹਨ ਜਾਂ ਕਹੀਏ ਮਨੁੱਖਾਂ ਦੇ ਸਹਾਇਕ ਹਨ।

ਦੂਸਰੇ ਪਾਸੇ ਜੇ ਇਸ ਦੇ ਉਲਟ ਨਜ਼ਰ ਮਾਰੀਏ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ, ਜਾਂ ਦੇਖ ਸਕਦੇ ਹਾਂ ਕਿ ਜੀਵਾਂ-ਜਾਨਵਰਾਂ ਵਿਚ ਬੀਮਾਰੀਆਂ ਦੀ ਸਥਿਤੀ ਘੱਟ ਵੀ ਹੈ।

ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡੇ ਕੋਲ ਸਾਰੇ ਜਾਨਵਰਾਂ ਬਾਰੇ, ਉਸ ਤਰ੍ਹਾਂ ਦੇ ਖੋਜ ਅਧਾਰਿਤ ਤੱਥ ਨਹੀਂ ਹਨ ਪਰ ਫਿਰ ਵੀ ਜੋ ਕੁਝ ਆਲੇ-ਦੁਆਲੇ ਵਾਪਰਦਾ ਦੇਖਦੇ ਹਾਂ, ਉਸ ਦੇ ਆਧਾਰ ਤੇ ਅਤੇ ਤੁਲਨਾਤਮਕ ਪੱਖ ਤੋਂ ਜਰੂਰ ਕੁਝ ਕਹਿ ਸਕਦੇ ਹਾਂ। ਪਰ ਇਸ ਦੇ ਨਾਲ ਹੀ ਇਹ ਤੱਥ ਤਾਂ ਸਾਡੀ ਜਾਣਕਾਰੀ ਦਾ ਹਿੱਸਾ ਹੈ ਕਿ ਕੁਦਰਤ ਦੀ ਆਪਣੀ ਇਕ ਅਜਿਹੀ ਸਰੀਰਕ ਪ੍ਰਣਾਲੀ ਹੈ ਜਿਸ ਦੇ ਤਹਿਤ ਬੀਮਾਰੀਆਂ ਤੋਂ ਲੜਿਆ ਜਾ ਸਕਦਾ ਹੈ। ਮਨੁੱਖਾਂ ਉਪਰ ਹੋਈਆਂ ਖੋਜਾਂ ਦੇ ਆਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਮਨੁੱਖੀ ਸਰੀਰ ਵਿਚ ਮਨੁੱਖੀ ਸਰੀਰ ਨੂੰ ਬਚਾਅ ਕੇ ਰੱਖਣ ਦੀ ਇਕ ਪੂਰੀ ਪ੍ਰਣਾਲੀ ਹੈ। ਮਨੁੱਖੀ ਸਰੀਰ ਅੰਦਰ ਨਾੜਾਂ ਵਿਚ ਦੌੜ ਰਿਹਾ ਖੂਨ ਅਤੇ ਉਸ ਦੇ ਤੱਤ ਇਹ ਕਾਰਜ ਬਾਖੂਬੀ ਨਿਭਾਉਂਦੇ ਹਨ। ਜਦੋਂ ਵੀ ਕਿਸੇ ਤਰ੍ਹਾਂ ਕਿਸੇ ਜੀਵਾਣੂ ਦਾ ਹਮਲਾ ਹੁੰਦਾ ਹੈ, ਸਰੀਰ ਦੇ ਬਚਾਉ ਤੱਤ ਜਾਂ ਬਚਾਅ ਪ੍ਰਣਾਲੀ ਦੇ ਸਿਪਾਹੀ ਇਕੋਦਮ ਹਰਕਤ ਵਿਚ ਆ ਜਾਂਦੇ ਹਨ ਤੇ ਜੀਵਾਣੂ ਉੱਪਰ ਇਕ ਤਰ੍ਹਾਂ ਦਾ ਹਮਲਾ ਹੋ ਜਾਂਦਾ ਹੈ। ਕੋਸ਼ਿਸ਼ ਰਹਿੰਦੀ ਹੈ ਕਿ ਇਹ ਹਮਲਾਵਰ ਜੀਵਾਣੂ, ਸਰੀਰ ਦੀ ਸਰਹਦ ਤੇ ਹੀ ਮਾਰ ਮੁਕਾਏ ਜਾਣ। ਇਥੋਂ ਤਕ ਕਿ ਸਰੀਰ ਤੇ ਸੱਟ ਲਗਦੀ ਹੈ, ਖੂਨ ਵਗਦਾ ਹੈ, ਉਹ ਡੇਢ-ਦੋ ਮਿੰਟਾਂ ਵਿਚ ਜੰਮ ਜਾਂਦਾ ਹੈ। ਜੇ ਉਸ ਵਿਚ ਜੰਮਣ ਵਾਲਾ ਗੁਣ ਨਾ ਹੋਵੇ ਤਾਂ ਖੂਨ ਵੱਗ ਵੱਗ ਕੇ ਹੀ ਮੁੱਕ ਜਾਵੇ ਤੇ ਵਿਅਕਤੀ ਮਰ ਜਾਵੇ। ਇਸੇ ਤਰ੍ਹਾਂ ਖੂਨ ਦੇ ਅੰਦਰ, ਸਰੀਰ ਦੀ ਸੱਟ ਨੂੰ ਠੀਕ ਕਰਨ, ਉਸ ਜਖਮ ਨੂੰ ਰਾਜੀ ਕਰਕੇ ਫਿਰ ਸਾਵਾਂ-ਪੱਧਰਾ ਕਰਨ ਦੀ ਸਮਰਥਾ ਹੈ। ਅਸੀਂ ਇਸ ਗੱਲ ਨੂੰ ਅਕਸਰ ਕਹਿੰਦੇ-ਵਿਚਾਰਦੇ ਹਾਂ ਕਿ ਮਾੜੀ ਮੋਟੀ ਠੰਡ ਜਾਂ ਛੋਟੀ ਮੋਟੀ ਖੁਰਾਕ ਦੀ ਅਣਗਹਿਲੀ ਵੇਲੇ, ਕੁਝ ਵਿਅਕਤੀ ਛੇਤੀ ਬਿਮਾਰ ਪੈ ਜਾਂਦੇ ਹਨ ਤੇ ਕਿਹਾ ਜਾਂਦਾ ਹੈ ਕਿ ਇਸ ਦਾ ਸਰੀਰ ਕਮਜੋਰ ਹੈ। ਭਾਵ ਇਹ ਕਿ ਇਸ ਦੀ ਸਰੀਰ ਵਿਚ ਬਾਹਰੀ ਔਖੀਆਂ, ਮੁਸ਼ਕਿਲ ਅਤੇ ਅਸਾਵੀਆਂ ਹਾਲਾਤਾਂ ਨਾਲ ਲੜਣ ਦੀ ਤਾਕਤ ਘੱਟ ਹੈ।

ਕਹਿਣ ਤੋਂ ਭਾਵ ਇਹ ਹੈ ਕਿ ਸਰੀਰ ਵਿਚ ਇਹ ਇਕ ਪ੍ਰਣਾਲੀ ਹੈ ਜੋ ਕਿ ਹਾਲਾਤਾਂ ਨਾਲ ਜੂਝਣਾ ਜਾਣਦੀ ਹੈ। ਇਹ ਹਾਲਾਤ ਕਦੋਂ ਮਨੁੱਖ ਦੇ ਵਿਰੁਧ ਹੋ ਜਾਂਦੇ ਹਨ, ਉਹ ਕੁਝ ਵਖਰੇ ਪਹਿਲੂ ਹਨ।

1. ਪਹਿਲੀ ਗੱਲ ਤਾਂ ਇਹ ਸਮਝਣੀ ਕਿ ਕਿਸ ਖਾਸ ਵਿਅਕਤੀ ਵਿਚ ਬੀਮਾਰੀਆਂ ਨਾਲ ਲੜਣ ਦੀ ਸਮਰਥਾ ਸ਼ਕਤੀ ਨਹੀਂ ਹੈ ਤੇ ਨਾਲ ਹੀ ਸਵਾਲ ਉਠਦਾ ਹੈ ਕਿ ਉਹ ਕਿਉਂ ਨਹੀਂ?

2. ਦੂਸਰੀ ਗੱਲ ਹੈ, ਸਮਰਥਾ ਸ਼ਕਤੀ ਦੇ ਬਾਵਜੂਦ ਹਮਲਾਵਰ ਹਾਵੀ ਹੋ ਜਾਂਦਾ ਹੈ, ਤਾਂ ਫਿਰ ਉਹ ਕਿਹੜੀਆਂ ਹਾਲਤਾਂ ਹਨ।

ਮਨੁੱਖ ਇਕ ਕੁਦਰਤ ਦਾ ਪ੍ਰਾਣੀ ਹੈ। ਉਸ ਵਿਚ ਕੁਦਰਤ ਦੇ ਵਿਕਾਸ ਮੁਤਾਬਕ ਜੋ ਵੀ ਪਹਿਲੂ ਸਾਹਮਣੇ ਆਏ ਹਨ, ਉਹ ਸਾਰੇ ਜੀਵਾਂ ਤੋਂ ਵੱਧ ਸੂਖਮ ਅਤੇ ਕਾਰਜ ਵਿਚ ਵੱਧ ਮਾਹਿਰ ਹਨ। ਦਿਮਾਗ, ਦਿਲ, ਗੁਰਦੇ, ਜਿਗਰ ਅਤੇ ਹੋਰ ਰਸਾਇਣ-ਹਾਰਮੋਨ ਪੈਦਾ ਕਰਨ ਵਾਲੇ ਅੰਗ, ਸਭ ਆਪਣੀ ਮਾਹਿਰਾਨਾ ਕਾਰਜ ਦੇ ਇਕ ਵਧੀਆ ਨਮੂਨੇ ਹਨ।

ਇਸ ਦੇ ਨਾਲ ਹੀ, ਇਹ ਗੱਲ ਵਿਚਾਰਨ ਦੀ ਲੋੜ ਹੈ ਕਿ ਮਨੁੱਖ, ਬਾਕੀ ਜੀਵਾਂ-ਜਾਨਵਰਾਂ ਦੀ ਬਨਿਸਪਤ ਇਕ ਸਮਾਜਿਕ ਪ੍ਰਾਣੀ ਵੀ ਹੈ। ਉਹ ਕੁਦਰਤ ਦੇ ਪੈਦਾ ਕੀਤੇ ਤਰਲ ਪਦਾਰਥਾਂ, ਹਾਰਮੋਨਜ ਅਤੇ ਰਸਾਇਨਾਂ ਦੇ ਨਿਯੰਤ੍ਰਣ ਤੋਂ ਇਲਾਵਾ ਸਮਾਜਿਕ ਨਿਯਮਾਂ ਹੇਠ ਵੀ ਗਤੀਸ਼ੀਲ ਹੁੰਦਾ ਹੈ। ਉਹ ਸਿਰਫ ਨੀਲੇ ਅਸਮਾਨ ਹੇਠ ਹੀ ਨਹੀਂ, ਆਪਣੀ ਬਣਾਈ ਹੋਈ ਇਕ ਛੱਤ ਹੇਠ ਵੀ ਰਹਿੰਦਾ ਹੈ। ਉਹ ਸਿਰਫ ਕੁਦਰਤ ਦੀਆਂ ਹਵਾਵਾਂ-ਆਫਤਾਵਾਂ, ਤੇਜ ਧੁੱਪ ਅਤੇ ਬਾਰਿਸ ਨੂੰ ਹੀ ਇਨ-ਬਿਨ ਨਹੀਂ ਸਹਿੰਦਾ, ਸਗੋਂ ਆਪਣੀ ਸਰੀਰ ਦੇ ਤਾਪਮਾਨ ਮੁਤਾਬਕ, ਆਪਣੇ ਸੁੱਖ ਮੁਤਾਬਕ ਕਦੇ ਹੀਟਰ ਅਤੇ ਕਦੇ ਏ.ਸੀ., ਕੂਲਰ ਵੀ ਵਰਤਦਾ ਹੈ ਜਾਂ ਮਕਾਨਾਂ ਦੀ ਬਣਤਰ ਨੂੰ ਉਸ ਮੁਤਾਬਕ ਉਸਾਰ ਲੈਂਦਾ ਹੈ।

ਸਮਾਜਿਕ ਨਿਯਮਾਂ ਹੇਠ ਕਾਰਜਸ਼ਾਲੀ ਹੋਣ ਕਰਕੇ, ਉਹ ਜਦੋਂ ਜੀਅ ਚਾਹੇ, ਕੁਦਰਤ ਵਿਚ ਜੋ ਵੀ ਪੈਦਾ ਹੋਇਆ ਹੈ, ਭੁੱਖ ਲਗਣ ਤੇ ਨਹੀਂ ਖਾ ਸਕਦਾ, ਉਹ ਸਿਰਫ ਕੁਦਰਤ ਵਿਚ ਹੀ ਨਹੀਂ ਵਿਚਰਦਾ ਸਗੋਂ ਉਸ ਨੂੰ ਕੁਦਰਤ ਦੇ ਉਲਟ ਹਨੇਰੀਆਂ ਥਾਵਾਂ, ਗਰਮ ਭੱਠੀਆਂ ਤੇ ਵੀ ਕੰਮ ਕਰਨਾ ਪੈਂਦਾ ਹੈ। ਇਸ ਤਰ੍ਹਾਂ ਅਨੇਕਾਂ ਹੀ ਹਾਲਾਤ ਅਜਿਹੇ ਸਿਰਜੇ ਗਏ ਹਨ, ਜੋ ਉਸ ਨੂੰ ਕਈ ਕੰਮ ਕਰਨ ਲਈ ਵਰਜਦੇ ਹਨ ਅਤੇ ਕੁਝ ਕੰਮ ਕਰਨ ਲਈ ਉਸ ਨੂੰ ਮਜਬੂਰਨ ਉਹ ਰਾਹ ਅਖਤਿਆਰ ਕਰਨਾ ਪੈਂਦਾ ਹੈ।

ਦਵਾਈਆਂ ਨੂੰ ਹਾਰ ਦੇ ਸੰਕਲਪ ਤੇ ਫਿਰ ਵਾਪਸ ਆਉਂਦੇ ਹੋਏ, ਅੱਜ ਸਾਨੂੰ ਇਹ ਗੱਲ ਕਿਉਂ ਕਹਿਣੀ ਪੈ ਰਹੀ ਹੈ ਕਿ ਦਵਾਈਆਂ ਕਿਸੇ ਬੀਮਾਰੀ ਦਾ ਇਲਾਜ ਨਈਂ ਹਨ। ਜੇਕਰ ਇਹ ਵੀ ਕਹੀਏ ਕਿ ਇਹ ਕਦੀ ਵੀ ਪੱਕਾ ਇਲਾਜ ਨਹੀਂ ਸੀ, ਤਾਂ ਵੀ ਇਹ ਟਿੱਪਣੀ ਕੋਈ ਅਨੌਖੀ ਨਹੀਂ ਹੈ। ਦਵਾਈਆਂ ਤਾਂ ਇਕ ਤਰ੍ਹਾਂ ਰਾਹਤ ਹੀ ਸੀ। ਇਕ ਥੁੜਚਿਰੀ ਰਾਹਤ ਤਾਂ ਜੋ ਉਸ ਆਪਾਤ ਸਥਿਤੀ ਦਾ ਟਾਕਰਾ ਕੀਤਾ ਜਾ ਸਕਦੇ ਜਾਂ ਕਿਸੇ ਅਤਿਅੰਤ ਦਰਦ ਦੀ ਸਥਿਤੀ ਨੂੰ ਕੁਝ ਆਗਮ ਨਾਲ ਲੰਘਾਇਆ ਜਾ ਸਕੇ ਤੇ ਉਦੋਂ ਤਕ ਸਰੀਰ ਦੀ ਸਮਰਥਾ ਨੂੰ ਮੁੜ ਤੋਂ ਉਸਾਰੀ ਕਰਨ ਵੱਲ ਉਚੇਚਾ ਧਿਆਣ ਦਿੱਤਾ ਜਾ ਸਕੇ।

ਅੱਜ ਦਵਾਈ ਸਨਅਤ ਅਜਿਹੀ ਹਾਲਤ ਪੈਦਾ ਕਰ ਰਹੀ ਹੈ ਤੇ ਦਵਾਈ ਨੂੰ ਜ਼ਿੰਦਗੀ ਦੇ ਅਮਲ ਨਾਲ ਇਸ ਤਰ੍ਹਾਂ ਜੋੜਿਆ ਜਾ ਰਿਹਾ ਹੈ ਕਿ ਦਵਾਈ ਮਨੁੱਖੀ ਜਿੰਦਗੀ ਦਾ ਇਕ ਜ਼ਰੂਰੀ ਹਿੱਸਾ ਬਣਾ ਦਿੱਤੀ ਗਈ ਹੈ। ਜੇਕਰ ਅਸੀਂ ਸ਼ੂਗਰ ਰੋਗ, ਬਲੱਡ ਪ੍ਰੈਸ਼ਰ ਅਤੇ ਅਜਿਹੀਆਂ ਹੋਰ ਬੀਮਾਰੀਆਂ ਦੀ ਗੱਲ ਵੀ ਕਰੀਏ ਤਾਂ ਵੀ ਬੀਮਾਰੀਆਂ ਦੇ ਇਲਾਜ ਤੋਂ ਪਹਿਲਾਂ ਇਨ੍ਹਾਂ ਬੀਮਾਰੀਆਂ ਦਾ ਸ਼ੁਰੂ ਹੋਣ/ਪੈਦਾ ਹੋਣਾ ਸਾਡੀਆਂ ਸਮਾਜਿਕ ਸਥਿਤੀਆਂ ਵਿਚ ਪਿਆ ਹੈ ਕਿ ਜੇਕਰ ਅਸੀਂ ਉਨ੍ਹਾਂ ਨੂੰ ਸਮਝੀਏ-ਅਪਣਾਈਏ ਤਾਂ ਉਹ ਬੀਮਾਰੀਆਂ ਪੈਦਾ ਹੀ ਨਾ ਹੋਣ । ਪਰ ਦਵਾਈ ਸਨਅਤ, ਬੀਮਾਰੀਆਂ ਪੈਦਾ ਹੋਣ ਦੇ ਕਾਰਨਾਂ ਵੱਲ ਅੱਖਾਂ ਮੀਟੀ ਬੈਠੀ ਹੈ, ਦਰਅਸਲ ਇਹ ਉਨ੍ਹਾਂ ਦਾ ਮਕਸਦ ਹੀ ਨਹੀਂ ਹੈ। ਉਸ ਦਾ ਆਪਣਾ ਕਾਰਨ ਹੈ, ਕਿਉਂ ਜੋ ਉਨ੍ਹਾਂ ਨੂੰ ਦਵਾਈ ਵੇਚਣ ਵਿਚ ਮੁਨਾਫਾ ਹੈ। ਤੇ ਉਦੋਂ ਤਾਂ ਹੋਰ ਵੀ ਫਾਇਦਾ ਹੈ, ਜਦੋਂ ਦਵਾਈ ਕਿਸੇ ਬੀਮਾਰੀ ਨੂੰ ਠੀਕ ਨਾ ਕਰੇ ਸਗੋਂ ਉਸ ਨੂੰ ਕਾਬੂ ਵਿਚ ਰੱਖੇ ਤੇ ਉਸ ਦਾ ਇਸਤੇਮਾਲ ਲਗਾਤਾਰ, ਤਾ-ਉਮਰ ਕਰਨਾ ਪਵੇ।

ਬੀਮਾਰੀਆਂ ਦੇ ਸਹਿਜ ਵਰਗੀਕਰਨ ਤੋਂ ਬਾਅਦ, ਹਰ ਵਰਗ ਨੂੰ ਖੋਜ-ਪੜਤਾਲ ਕਰਕੇ ਇਹ ਗੱਲ ਸਪਸ਼ਟ ਤੌਰ ਤੇ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਬੀਮਾਰੀਆਂ ਦਾ

ਵਿਗਿਆਨਕ ਹਲ ਦਵਾਈ ਦੀ ਵਰਤੋਂ ਵਿਚ ਨਹੀਂ ਹੈ। ਦੇਖਣ ਨੂੰ ਭਾਵੇਂ ਇਹ ਗੱਲ ਸਾਰਿਆਂ ਨੂੰ ਜਚਦੀ ਹੈ ਤੇ ਦਲੀਲ ਭਰਪੂਰ ਲਗਦੀ ਹੈ ਕਿ ਮਲੇਰੀਆਂ, ਟੱਟੀਆਂ, ਨਿਮੋਨੀਆ, ਟੀ.ਬੀ. ਵਰਗੀਆਂ ਜਰਮ ਨਾਲ ਹੋਣ ਵਾਲੀਆਂ ਬੀਮਾਰੀਆਂ ਲਈ ਐਂਟੀਬਾਓਟਿਕ ਦੀ ਲੋੜ ਹੈ, ਪਰ ਬੀਮਾਰੀ ਚਾਹੇ ਟੀ.ਬੀ. ਹੈ ਤੇ ਚਾਹੇ ਮਲੇਰੀਆ ਇਨ੍ਹਾਂ ਨਾਲ ਸੰਬਧਿਤ ਹੋਰ ਪਹਿਲੂ ਇਨ੍ਹਾਂ ਨੂੰ ਵਾਰੀ ਵਾਰੀ ਹੋਣ ਲਈ ਮਜਬੂਰ ਕਰਦੇ ਹਨ ਜਾਂ ਫਿਰ ਦਵਾਈਆਂ ਨਾਲ ਹੋਰ ਪਹਿਲੂ ਵੀ ਉਨੇ ਹੀ ਅਹਿਮ ਹਨ। ਦਵਾਈਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹੋਂ ਨਹੀਂ ਪੁੱਟਦੀਆਂ।

ਬੀਮਾਰੀ ਦੇ ਵਾਰ ਵਾਰ ਹਮਲਾ ਹੋਣ ਦੇ ਕਾਰਨ ਹੋਰ ਹਨ। ਜੇਕਰ ਉਨ੍ਹਾਂ ਉਪਰ ਧਿਆਨ ਦਿੱਤਾ ਜਾਵੇ ਤਾਂ ਦਵਾਈਆਂ ਦੀ ਵਰਤੋਂ ਦੀ ਲੋੜ ਹੀ ਨਾ ਪਵੇ।

ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ ਅਤੇ ਹੋਰ ਅਜਿਹੀਆਂ ਬੀਮਾਰੀਆਂ ਦੀ ਜੜ੍ਹ ਕਿਤੇ ਹੋਰ ਹੈ, ਦਵਾਈਆਂ ਉਨ੍ਹਾਂ ਲਈ ਵੈਸਾਖੀ (ਡੰਗੋਰੀ) ਹਨ। ਜਦੋਂ ਕਿ ਇਨ੍ਹਾਂ ਬੀਮਾਰੀਆਂ ਦੀ ਜੜ੍ਹ ਨੂੰ ਪਛਾਣ ਕੇ, ਵਿਅਕਤੀ ਨੂੰ ਅਪਾਹਿਜ ਹੋਣ ਤੋਂ ਰੋਕਿਆ ਜਾ ਸਕਦਾ ਹੈ।

ਸੋਕਾ-ਖੁਰਾਕ ਦੀ ਘਾਟ ਦੀ ਬੀਮਾਰੀ ਹੈ, ਮੋਟਾਪਾ-ਵਾਧੂ ਖਾਣ ਦੀ। ਨਸ਼ਿਆਂ ਦੀ ਲੱਤ
ਸਾਰੇ ਕਾਰਨ ਸਾਡੀ ਸਮਾਜਿਕ ਵਿਵਸਥਾ ਵਿਚ ਹਨ, ਉਹ ਚਾਹੇ ਪਰਿਵਾਰ ਵਿਚ ਹਨ ਜਾਂ ਕੰਮ ਵਾਲੀ ਥਾਂ ਤੇ। ਸੈਕਸ ਨਾਲ ਸਬੰਧਿਤ ਬੀਮਾਰੀਆਂ ਦਾ ਪਿਛੋਕੜ ਵੀ ਮਨੁੱਖੀ ਵਿਵਹਾਰ ਦੀ ਥਿੜਕਣ ਵਿਚ ਹੈ ਜਾਂ ਕਹੀਏ ਉਨ੍ਹਾਂ ਸਮਾਜਿਕ ਨਿਯਮਾਂ ਵਿਚ ਹੈ, ਜੋ ਮਨੁੱਖ ਨੂੰ ਅਜਿਹਾ ਵਿਵਹਾਰ ਕਰਨ ਲਈ ਮਜਬੂਰ ਕਰਦੇ ਹਨ।

ਹਵਾ-ਪਾਣੀ ਮਿੱਟੀ ਦਾ ਪ੍ਰਦੂਸ਼ਣ ਇਕ ਹੋਰ ਵਰਗ ਹੈ, ਜੋ ਬੀਮਾਰੀਆਂ ਨੂੰ ਜਨਮ ਦੇ ਰਿਹਾ ਹੈ। ਇਸ ਤਰ੍ਹਾਂ ਕਿਸੇ ਵੀ ਬੀਮਾਰੀ ਦਾ ਨਾਂ ਲੈ ਕੇ ਦੇਖੋ, ਉਸ ਦਾ ਗਹਿਰਾਈ ਨਾਲ ਵਿਸ਼ਲੇਸ਼ਣ ਕਰੋ, ਤੁਸੀਂ ਜਾਣੋਂਗੇ ਕਿ ਕਾਰਨ ਕਿਤੇ ਹੋਰ ਹਨ ਅਤੇ ਅਸੀਂ ਦਵਾਈਆਂ ਨਾਲ ਉਸ ਦਾ ਥੁੜਚਿਰਾ ਇਲਾਜ ਕਰਕੇ, ਉਨ੍ਹਾਂ ਨੂੰ ਆਪਣੀਆਂ ਪ੍ਰਾਪਤੀਆਂ ਕਹਿ ਰਹੇ ਹਾਂ। ਤੁਸੀਂ ਇਥੋਂ ਤਕ ਸੋਚ ਕੇ ਦੇਖੋ ਕਿ ਸੜਕ ਦੁਰਘਟਨਾਵਾਂ ਲਈ ਅਤੀ ਆਧੁਨਿਕ ਟਰਾਮਾ ਸੈਂਟਰ, ਕੱਟੇ ਅੰਗਾਂ ਨੂੰ ਜੋੜਣ ਦੀਆਂ ਮਸ਼ੀਨਾਂ ਤੇ ਮਾਹਿਰਾਂ ਦੀ ਗੱਲ ਹੋ ਰਹੀ ਹੈ, ਪਰ ਸੜਕ ਹਾਦਸਿਆਂ ਦੇ ਕਾਰਨਾਂ ਵਿਚ ਸੜਕਾਂ, ਵਾਹਨਾਂ, ਮਨੁੱਖੀ ਮਨ ਦੀ ਤਿਕੜੀ ਦਾ ਕਿੰਨਾ ਵੱਡਾ ਰੋਲ ਹੈ, ਉਹ ਵੀ ਸਮਝਣ ਦੀ ਲੋੜ ਹੈ।

ਜੇਕਰ ਇਨਾਂ ਬੀਮਾਰੀਆਂ ਦੀ ਸੂਚੀ ਨੂੰ ਇਸ ਪੱਖ ਤੋਂ ਵਿਚਾਰੀਏ, ਤਾਂ ਕਿ ਇਹ ਦੂਸਰਾ ਸੱਚ ਨਹੀਂ ਹੈ ਕਿ ਬੀਮਾਰੀ ਦੇ ਇਲਾਜ ਲਈ ਖਰੀਦ ਸ਼ਕਤੀ ਇਕ ਮਹੱਤਵਪੂਰਨ ਪਹਿਲੂ ਹੈ। ਸਿਹਤ ਇਕ ਵਿਕਣ ਵਾਲੀ ਚੀਜ ਹੋ ਗਈ ਹੈ । ਜੇ ਆਪਾਂ ਸਿਹਤ ਨੂੰ ਚੰਗੀ ਖੁਰਾਕ, ਚੰਗਾ ਵਧੀਆ ਘਰ ਅਤੇ ਸਾਫ-ਸੁਥਰੇ ਵਾਤਾਵਰਨ ਨਾਲ ਜੋੜਦੇ ਹਾਂ ਤਾਂ ਕਿ ਇਹ ਸਭ ਕੁਝ ਖਰੀਦ ਸ਼ਕਤੀ ਨਾਲ ਨਹੀਂ ਜੁੜਿਆ ਹੋਇਆ ਹੈ।

ਨਾਲ ਹੀ ਜੇਕਰ ਅਨਪੜ੍ਹਤਾ ਕਾਰਨ ਲੋਕੀ ਚੰਗੇ ਡਾਕਟਰ ਜਾਂ ਡਾਕਟਰੀ ਸਹੂਲਤਾਂ ਹਾਸਿਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਅਨਪੜ੍ਹ ਰਹਿਣ ਵਿਚ ਕਸੂਰ ਕਿਸ ਦਾ ਹੈ।

ਲੋਕਾਂ ਨੂੰ ਅਨਪੜ੍ਹ ਰਖਿਆ ਵੀ ਜਾਂਦਾ ਹੈ। ਅਜੋਕੇ ਪਰਿਪੇਖ ਵਿਚ, ਜਿਥੇ ਸਿਖਿਆ ਖੇਤਰ ਵਿਚ ਨਿਜੀ ਦਖਲ ਵਧ ਗਿਆ ਹੈ, ਪ੍ਰਾਈਵੇਟ ਸਕੂਲਾਂ ਦੀ ਭਰਮਾਰ ਹੈ ਤਾਂ ਉਹ ਸਕੂਲ ਕਿਸ ਦੀ ਪਹੁੰਚ ਵਿਚ ਹਨ? ਅਨਪੜ੍ਹਤਾ ਅਤੇ ਵਹਿਮ ਭਰਮ ਦਾ ਤਾਂ ਸਿੱਧਾ ਰਿਸ਼ਤਾ ਹੈ ਹੀ, ਫਿਰ ਲੋਕੀਂ ਆਪਣੀ ਮੰਦੀ ਸਿਹਤ ਲਈ, ਇਲਾਜ ਕਰਵਾਉਣ ਵਾਸਤੇ ਅੰਧਵਿਸ਼ਵਾਸਾਂ, ਟੋਟਕਿਆਂ ਦਾ ਸਹਾਰਾ ਲੈਣਗੇ ਹੀ ਅਤੇ ਤਾਂਤਰਿਕਾਂ, ਬਾਬਿਆਂ ਕੋਲ ਜਾਣਗੇ ਹੀ।

ਅਜੋਕੇ ਮੁਕਾਬਲੇਬਾਜ਼ੀ ਦੇ ਯੁਗ ਵਿਚ, ਭੱਜ ਨੱਠ ਅਤੇ ਅਸੁਰੱਖਿਆ ਦੇ ਮਾਹੌਲ ਵਿਚ, ਕੁਲ ਮਿਲਾ ਕੇ ਤਨਾਉ ਹੀ ਇਕ ਵੱਡੀ ਪ੍ਰਾਪਤੀ ਹੈ। ਹਰ ਵਕਤ ਤਨਾਉ ਰਹੇ ਤਾਂ ਬੀਮਾਰੀ ਨਾ ਹੋਵੇ, ਇਹ ਕਿਵੇਂ ਸੰਭਵ ਹੈ। ਤਨਾਉ ਆਪਣੇ ਆਪ ਵਿਚ ਇਕ ਬੀਮਾਰੀਆਂ ਦੇ ਵਰਗ ਨੂੰ ਜਨਮ ਤਾਂ ਦਿੰਦਾ ਹੀ ਹੈ, ਪਰ ਇਹ ਸਰੀਰ ਦੀ ਸੁਰਖਿਆ ਪ੍ਰਣਾਲੀ ਨੂੰ ਵੀ ਕਮਜੋਰ ਕਰਦਾ है।

ਸਾਡੀ ਜ਼ਿੰਦਗੀ ਵਿਚ ਸਭਿਆਚਾਰ, ਰੀਤੀ-ਰਿਵਾਜਾਂ ਦਾ ਵੀ ਆਪਣਾ ਯੋਗਦਾਨ ਹੈ। ਇਹ ਕਿਵੇਂ ਜਿੰਦਗੀ ਨੂੰ ਢਾਲਦੇ ਅਤੇ ਰਾਹ ਦਿਖਾਉਂਦੇ ਹਨ। ਕਿਵੇਂ ਖਾਣਾ-ਪਹਿਨਣਾ ਹੈ, ‘ਕਿਵੇਂ ਉੱਠਣਾ-ਸੋਣਾ ਹੈ ਅਤੇ ਹੋਰ ਕਾਰਜ ਨਿਭਾਉਂਣੇ ਹਨ, ਇਹ ਸਾਡੀ ਜ਼ਿੰਦਗੀ ਨੂੰ ਇਕ ਹੋਰ ਵਰਗ ਹੈ ਜਿਸ ਪਿੱਛੇ ਸਾਡਾ ਬਿਮਾਰ ਸਮਾਜਿਕ ਢਾਂਚਾ ਜੁੰਮੇਵਾਰ ਹੈ। ਮਨੋਰੋਗਾਂ ਦੇ ਗਤੀਸ਼ੀਲਤਾ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਇਕ ਪਹਿਲੂ ਹੋਰ ਜੋ ਅਜੋਕੇ ਸਮੇਂ ਵਿਚ ਭਾਰੂ ਹੋ ਰਿਹਾ ਹੈ ਉਹ ਹੈ, ਮਨੁੱਖ ਨੂੰ ਮਨੁੱਖ ਦੇ ਤੋਰ ਤੇ ਮਨਫੀ ਕਰਕੇ, ਉਸ ਨੂੰ ਸਿਰਫ ਅੱਖਾਂ, ਕੰਨ, ਦਿਮਾਗ, ਦਿਲ, ਗੁਰਦੇ, ਜਿਗਰ, * ਹੱਡੀਆਂ ਆਦਿ ਤਕ ਸੀਮਤ (ਮਹਿਦੂਦ) ਕਰ ਦਿੱਤਾ ਗਿਆ ਹੈ। ਮਾਹਿਰ ਤੋਂ ਅੱਗੇ ਸੁਪਰ ਮਾਹਿਰ ਹੋਣ ਦੀ ਪ੍ਰਵਿਰਤੀ ਨੇ ਮਨੁੱਖ ਨੂੰ ਬਹੁਤ ਜਿਆਦਾ ਫਾਇਦਾ ਨਹੀਂ ਪਹੁੰਚਾਇਆ, ਸਗੋਂ ਉਸ ਨੂੰ ਵੱਖ ਵੱਖ ਥਾਵਾਂ ਤੇ ਭਟਕਾਇਆ ਹੀ ਹੈ।

ਮਨੁੱਖ ਨੂੰ ਮਨੁੱਖ ਦੇ ਤੌਰ ਤੇ ਮਨਫੀ ਕਰਕੇ, ਜਿਥੇ ਮਾਹਿਰ ਆਪਣੀ ਵਿਦਵੱਤਾ ਦੀ ਗੱਲ ਕਰਦੇ ਹਨ, ਉਥੇ ਇਹ ਸਮਾਜ ਵਿਚ ਡਾਕਟਰ ਮਰੀਜ ਦੇ ਫਾਸਲੇ ਨੂੰ ਵੀ ਵਧਾ ਰਹੇ ਹਨ। ਮਰੀਜ ਡਾਕਟਰ ਕੋਲ ਪਹੁੰਚਣ ਲਈ ਸੰਗਦੇ, ਘਬਰਾਉਂਦੇ, ਡਰਦੇ ਹਨ। ਇਸ ਤੋਂ ਇਲਾਵਾ ਨਾ-ਬਰਾਬਰੀ ਅਤੇ ਵਿਤਕਰੇ ਵਾਲੇ ਸਮਾਜ ਵਿਚ ਇਕ ਮਨੁੱਖ, ਦੂਸਰੇ ਮਨੁੱਖ ਨੂੰ ਇਕ ਅਜਿਹਾ ਅਸੁਰਖਿਆ ਦਾ ਮਾਹੌਲ ਦੇ ਰਿਹਾ ਹੈ ਕਿ ਇਕ ਮਨੁੱਖ, ਦੂਸਰੇ ਮਨੁੱਖ ਦੀ ਬੀਮਾਰੀ ਦਾ ਕਾਰਨ ਬਣ ਰਿਹਾ ਹੈ।

ਇਸ ਲਈ ਇਕ ਵਾਰੀ ਮੁੜ ਵਿਚਾਰਨ ਦੀ ਲੋੜ ਹੈ ਕਿ ਮਨੁੱਖ ਨੂੰ ਮਨੁੱਖ ਦੇ ਤੌਰ ‘ਤੇ ਸਮੁੱਚ ਵਿਚ ਸਮਝਣ ਅਤੇ ਅਧਿਐਨ ਕਰਨ ਦੀ ਲੋੜ ਹੈ। ਇਸ ਸਮਾਜ ਨੂੰ ਮਨੁੱਖ ਅਤੇ ਕੁਦਰਤ ਦੇ ਰਿਸਤੇ ਨਾਲ ਜੋੜਣ ਅਤੇ ਉਸਾਰਣ ਦੀ ਜਰੂਰਤ ਹੈ।

(*ਪ੍ਰੋਫੈਸਰ, ਸਰਕਾਰੀ ਮੈਡੀਕਲ ਕਾਲਜ,ਅੰਮ੍ਰਿਤਸਰ)

ਡਾ. ਸ਼ਿਆਮ ਸੁੰਦਰ ਦੀਪਤੀ*