50 views 0 secs 0 comments

ਸਾਡੇ ਦਾਨ ਦੇ ਹਿੱਸੇ

ਲੇਖ
October 28, 2025

ਅੱਜ ਕਲ ਜਦ ਅਸੀਂ ਅਪਨੇ ਪੰਥ ਦੇ ਹਰ ਇੱਕ ਪਾਸੇ ਵੱਲ ਖ੍ਯਾਲ ਕਰਦੇ ਹਾਂ ਤਦ ਬਹੁਤ ਹੀ ਖਰਾਬ ਹਾਲਤ ਵਿੱਚ ਦੇਖਦੇ ਹਾਂ ਕਿਉਂਕਿ ਇਸਦੇ ਗੁਰਦੁਆਰੇ ਖਸਤਾ ਹਾਲ ਪਾਏ ਜਾਂਦੇ ਹਨ, ਇਸੇ ਤਰ੍ਹਾਂ ਇਸਦੇ ਪਾਸ ਉਪਦੇਸ਼ਕ ਫੰਡ ਲਈ ਧੇਲਾ ਭੀ ਨਹੀਂ ਹੈ ਫਿਰ ਇਸਦੇ ਬਿਹੰਗਮ ਸਿੰਘਾਂ ਨੂੰ ਬਸਤ੍ਰ ਅਤੇ ਪ੍ਰਸ਼ਾਦੇ ਭੀ ਨਹੀਂ ਲਭਦੇ ਇਸਤੇ ਅੱਗੇ ਇਸ ਦੇ ਅਖਬਾਰ ਅਤੇ ਪ੍ਰੇਸ ਟੁਟਦੇ ਜਾਂਦੇ ਹਨ ਅਰ ਕਾਲਜ ਅਤੇ ਮੁਦਰੱਸੇ ਭੁੱਖ ਦੇ ਦੁੱਖ ਨੇ ਦਬਾ ਲੀਤੇ ਹਨ, ਜਿਸਤੇ ਕੋਈ ਪਾਸਾ ਭੀ ਇਸ ਦਾ ਠੀਕ ਤੌਰ ਪਰ ਨਹੀਂ ਦਿਖਾਈ ਦੇਂਦਾ॥

ਇਸਤੇ ਕਈ ਲੋਗ ਇਹ ਨਤੀਜਾ ਨਿਕਾਲਨ ਗੇ ਕਿ ਖਾਲਸਾ ਪਾਸ ਯਾ ਤਾਂ ਰੁਪੱਯਾ ਨਹੀਂ ਹੈ ਅਰ ਜੇ ਹੈ ਤਾਂ ਇਸ ਵਿੱਚ ਉਦਾਰਤਾ ਨਹੀਂ ਹੋਵੇਗੀ ਪਰੰਤੂ ਅਸੀਂ ਇਸਦਾ ਉੱਤ ਇਤਨਾ ਹੀ ਦੇਂਦੇ ਹਾਂ ਕਿ ਖਾਲਸਾ ਪਾਸ ਸਭ ਕੁਛ ਹੈ ਪ੍ਰੰਤੂ ਇਸ ਪਾਸ ਉਸਦੇ ਵਰਤਨ ਦੀ ਇੱਕ ਤਰਕੀਬ ਨਹੀਂ ਹੈ ਜਿਸਤੇ ਅਸੀਂ ਖਾਲਸਾ ਲਈ ਦਾਨ ਦੇ ਤਿੰਨ ਸੀਗੇ ਦਸਦੇ ਹਾਂ, ਜਿਸ ਪਰ ਅਮਲ ਕਰਨ ਤੇ ਸਾਰੇ ਮਨੋਰਥ ਪੂਰੇ ਹੋ ਸਕਦੇ ਹਨ॥

ਸਭ ਤੇ ਪਹਿਲਾ ਜਨਮ ਸੰਸਕਾਰ ਹੈ, ਉਸ ਸ ਜਿਤਨਾ ਰੁਪੱਯਾ ਖਾਲਸਾ ਖੁਸ਼ੀ ਵਿੱਚ ਅੰਨਮਤੀਆਂ ਨੂੰ ਦੇਨ ਪਰ ਖਰਚ ਕਰਦਾ ਹੈ ਉਸ ਥੋਂ ਅੱਧਾ ਭੀ ਗੁਰ ਮ੍ਰਯਾਦਾ ਪਰ ਖਰਚ ਕਰੇ ਤਦ ਸਭ ਕੁਛ ਸਿੱਧ ਹੋ ਸਕਦਾ ਹੈ ਜਿਸ ਦਾ ਤਤਾਪ੍ਰਜ ਇਹ ਹੈ ਕਿ ਜਿਸ ਨੇ ਉਸ ਖੁਸ਼ੀ ਦੇ ਮੌਕੇ ਪਰ ੧੦ ਰੁਪਏ ਖਰਚ ਕਰਨੇ ਹੋਨ ਸੋ ਪੰਜ ਹੀ ਕਰੇ ਜਿਸ ਵਿੱਚੋਂ ਕੁਝ ਤਾਂ ਓਸੇ ਸਮਯ ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਠ ਪਰ ਅਰਦਾਸਾ ਅਤੇ ਬਾਕੀ ਗੋਲਕ ਵਿੱਚ ਪਾ ਦੇਵੇ

ਇਸੇ ਤਰ੍ਹਾਂ ਬਯਾਹ ਅਤੇ ਚਲਾਣੇ ਪਰ ਭੀ ਜੋ ਰੁਯਾ ਅੰਨਮਤੀਆਂ ਨੂੰ ਦਿੱਤਾ ਜਾਂਦਾ ਹੈ ਸੋ ਸਭ ਪੰਥ ਦੇ ਉੱਤਮ ਕੰਮਾਂ ਲਈ ਗੋਲਕ ਵਿੱਚ ਰੱਖਿਆ ਜਾਏ ਅਰ ਇਹ ਗੋਲਕ ਹਰ ਇੱਕ ਨੱਗਰ ਵਿੱਚ ਖੋਲੇ ਜਾਨ ਅਤੇ ਹਰ ਇੱਕ ਸਿੰਘ ਸ਼ਾਦੀ ਗਮੀ ਦੇ ਸਮਯ ਪਰ ਇਨ੍ਹਾਂ ਵਿੱਚ ਅਪਨਾ ਦਾਨ ਪਾਉਂਦਾ ਰਹੇ, ਜਿਸਤੇ ਸਾਲ ਮਗਰੋਂ ਉਸ ਨੂੰ ਖੋਲ ਕੇ ਜਦ ਦੇਖਿਆ ਜਾਏ ਤਦ ਸੈਂਕੜਿਆਂ ਤਕ ਨੌਬਤ ਹੋਵੇਗੀ ਜਿਸ ਨੂੰ ਉਸ ਨੱਗਰ ਦੇ ਮੁਖੀਏ ਸਿੰਘ ਉਸਦੇ ਹਿੱਸੇ ਕਰ ਦਿਆ ਕਰਨ, ਜਿਨ੍ਹਾਂ ਵਿੱਚੋਂ ਇੱਕ ਗੁਰ ਦੁਆਰਿਆਂ ਦਾ, ਦੂਜਾ ਉਪਦੇਸ਼ਕਾਂ ਦਾ, ਤੀਜਾ ਕਾਲਜ ਯਾ ਸਕੂਲਾਂ ਦਾ ਅਤੇ ਚੌਥਾ ਅਖਬਾਰ ਨੂੰ ਦਿੱਤਾ ਜਾਵੇ ਇਸ ਰੀਤੀ ਦੇ ਪਰਚਲਤ ਹੋਨ ਤੇ ਆਸ਼ਾ ਪੈਂਦੀ ਹੈ ਜੋ ਸਾਰੇ ਮਨੋਰਥ ਸਿੱਧ ਹੋ ਸਕਦੇ ਹਨ। ਆਸ਼ਾ ਹੈ ਕਿ ਇਸ ਤਜਵੀਜ਼ ਨੂੰ ਬਹੁਤ ਸਾਰੇ ਭਾਈ ਵਿਚਾਰਨਗੇ॥

(ਖ਼ਾਲਸਾ ਅਖ਼ਬਾਰ ਲਾਹੌਰ, ੯ ਮਾਰਚ ੧੯੦੦, ਪੰਨਾ ੫-੬)

ਗਿਆਨੀ ਦਿੱਤ ਸਿੰਘ