15 views 8 secs 0 comments

ਸਾਡੇ ਸ਼ਹੀਦ-ਗੰਜ

ਲੇਖ
September 15, 2025

(ਲੇਖਕ ਦੀ ਇਹ ਲਿਖਤ ਪੁਰਾਤਨ ਹੈ, ਪਰ ਪ੍ਰਭਾਵਸ਼ਾਲੀ ਹੈ, ਜੋਕਿ ਵਰਤਮਾਨ ਵਿਚ ਵੀ ਪ੍ਰਸੰਗਿਕ ਹੈ, ਇਥੇ ਅਸੀਂ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰ ਰਹੇ ਹਾਂ। -ਸੰਪਾਦਕ)

ਸ਼ਹੀਦ-ਗੰਜ, ਕਿਸੇ ਪੂਜਨੀਕ ਸ਼ਹੀਦ ਦੀ ਯਾਦ ਦਾ ਨਿਸ਼ਾਨ ਹੋਂਦਾ ਹੈ। ਸ਼ਹੀਦ ਦੀ ਸ਼ਹੀਦੀ ਵਾਲੀ ਜਗਹ ‘ਤੇ ਇਕ ਇਮਾਰਤ ਬਣਾਈ ਜਾਂਦੀ ਹੈ । ਆਮ ਤੌਰ ‘ਤੇ ਏਹ ਇਮਾਰਤ ਗੁੰਬਦਦਾਰ ਹੋਂਦੀ ਹੈ, ਜਿਸ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ । ਖੰਡਾ, ਕ੍ਰਿਪਾਨ ਤੇ ਕੁਝ ਚੱਕ੍ਰ ਆਦਿ ਵੀ ਰੱਖੇ ਹੋਏ ਹੋਂਦੇ ਹਨ। ਕਦੇ ਕਦਾਈਂ ਸੰਗਤਾਂ ਕੁਣਕਾ (ਕੜਾਹ ਪ੍ਰਸ਼ਾਦ) ਚਾੜ੍ਹਦੀਆਂ ਹਨ ਜੋ ਵੰਡਿਆ ਜਾਂਦਾ ਹੈ । ਓਥੋਂ ਦੇ ਸੇਵਾਦਾਰ (ਭਾਈ) ਨੂੰ ਕੜਾਹ ਪ੍ਰਸ਼ਾਦ ਵਰਤਾਉਣਾ, ਝਾੜੂ ਦੇਣਾ, ਅਸਵਾਰਾ ਸਾਹਿਬ ਸੰਤੋਖਣਾ ਤੇ ਪ੍ਰਕਾਸ਼ ਕਰਨਾ ਹੀ ਆਉਂਦਾ ਹੋਂਦਾ ਹੈ ਜਾਂ ਵਧ ਤੋਂ ਵਧ ਸ਼ਹੀਦ ਦਾ ਨਾਂ ਦੱਸ ਸਕਦਾ ਹੈ । ਕਈ ਚੰਗੇ ਸ਼ਹੀਦ-ਗੰਜਾਂ ਦੇ ਭਾਈ ਵੀ ਨਿਰੇ ਆਲੇ-ਭੋਲੇ ਹੀ ਹੁੰਦੇ ਹਨ। ਓਹਨਾਂ ਨੂੰ ਕੋਈ ਥਹੁ ਨਹੀਂ ਹੋਂਦਾ ਕਿ ਸ਼ਹੀਦ ਕੌਣ ਸੀ, ਕਿਸ ਨੇ ਕੀਤਾ, ਕਿਸ ਗੱਲ ਕਰ ਕੇ ਸ਼ਹੀਦ ਹੋਇਆ ਤੇ ਸ਼ਹੀਦ ਦੇ ਇਲਾਕੇ ਵਿਚ ਸ਼ਹਾਦਤ ਮਗਰੋਂ ਕੀ ਅਸਰ ਹੋਇਆ ?

ਵੱਡਿਆਂ ਸ਼ਹੀਦ-ਗੰਜਾਂ ਵਿਚ ਲਾਗਲੇ ਇਲਾਕੇ ਦੀਆਂ ਸੰਗਤਾਂ ਨੂੰ ਆਮ ਕਰ

ਕੇ ਤੇ ਗੁਰਦੁਆਰਾ ਕਮੇਟੀਆਂ ਨੂੰ ਖ਼ਾਸ ਕਰਕੇ ਚਾਹੀਦਾ ਹੈ ਕਿ ਸ਼ਹੀਦ-ਗੰਜਾਂ ਦੀ ਰੌਣਕ ਵਧਾਉਣ । ਅਸਲੀ ਰੌਣਕ, ਜ਼ਾਹਿਰਦਾਰੀ ਨਹੀਂ। ਅਸਲੀ ਰੌਣਕ ਤਾਂ ਹੋ ਸਕਦੀ ਹੈ, ਜੇ ਸ਼ਹੀਦ ਦੀ ਸ਼ਹਾਦਤ ਦਾ ਸਰਸਰੀ ਹਾਲ ਇਮਾਰਤ ਦੇ ਮੋਹਰਲੇ ਬੂਹੇ ਉੱਤੇ ਲਿਖਿਆ ਜਾਏ। ਏਸ ਤੋਂ ਬਿਨਾਂ ਕਿਸੇ ਚੰਗੇ ਸਿਆਣੇ ਤੋਂ, ਚੁਵਰਕੀਏ ਪੈਮਫਲੈਟ ਵਿਚ ਵੀ ਹਾਲ ਲਿਖਾਇਆ ਹੋਇਆ ਹੋਵੇ, ਜੋ ਭਾਈ ਹਰ ਇਕ ਨੂੰ ਪੜ੍ਹ ਕੇ ਸੁਣਾਏ ਤੇ ਕਿਸੇ ਖ਼ਾਹਿਸ਼ਮੰਦ ਨੂੰ ਦੇ ਵੀ ਦਿਆ ਕਰੇ । ਸ਼ਹੀਦ ਦੇ ਸੰਬੰਧ ਵਿਚ ਜਿਥੇ ਜਿਥੇ ਇਤਿਹਾਸ ਵਿਚ ਜ਼ਿਕਰ ਆਇਆ ਹੋਵੇ, ਓਹਨਾਂ ਥਾਵਾਂ ‘ਤੇ ਨਿਸ਼ਾਨੀਆਂ ਰੱਖੀਆਂ ਹੋਣ, ਤਾਂ ਜੋ ਚਾਹਵਾਨ ਯਾਤਰੀ ਦੇ ਸਭ ਕੁਝ ਪਿੜ ਪੱਲੇ ਪੈ ਸਕੇ। ਸ਼ਹੀਦ ਗੰਜ ਵਿਚ ਤੌਫ਼ੀਕ ਮੁਤਾਬਿਕ ਸਾਕੇ ਦੀਆਂ ਤਸਵੀਰਾਂ ਬਣਵਾ ਕੇ ਲਟਕਾਈਆਂ ਜਾਣ ਜਾਂ ਕੰਧਾਂ ਉਤੇ ਖਿੱਚਵਾਈਆਂ ਜਾਣ । ਤਸਵੀਰਾਂ ਅਨਪੜ੍ਹਾਂ ਨੂੰ ਲੈਕਚਰਾਂ ਦਾ ਕੰਮ ਦੇ ਸਕਦੀਆਂ ਹਨ। ਤਸਵੀਰਾਂ ਤੋਂ ਸਾਡਾ ਮਨੋਰਥ, ਪ੍ਰਚਾਰ ਹੋਣਾ ਚਾਹੀਦਾ ਹੈ, ਤਸਵੀਰ ਪੂਜਾ ਨਹੀਂ। ਮੂਰਤਾਂ ਬਾਲਾਂ ਉੱਤੇ ਕਾਫ਼ੀ ਅਸਰ ਪਾਂਦੀਆਂ ਹਨ। ਤੀਵੀਆਂ ਉੱਤੇ ਵੀ ਮੂਰਤ ਦਾ ਜਾਦੂ ਚੰਗਾ ਚੱਲ ਜਾਂਦਾ ਹੈ । ਜੇ ਚੰਗੇ ਹੁਨਰ ਨਾਲ ਸਜੀਆਂ ਹੋਈਆਂ ਹੋਣ, ਤਾਂ ਪੜ੍ਹੇ ਹੋਏ ਵੀ ਕਾਫ਼ੀ ਫ਼ਾਇਦਾ ਉਠਾ ਸਕਦੇ ਹਨ । ਤਸਵੀਰਾਂ ਰਾਹੀਂ ਸਾਡਾ ਮੋਇਆ ਹੋਇਆ ਆਰਟ ਮੁੜ ਸੁਰਜੀਤ ਹੋ ਸਕਦਾ ਹੈ । ਜੇ ਮੂਰਤੀ ਪੂਜਾ ਹੋਣ ਹੀ ਲੱਗ ਪਵੇ, ਤਾਂ ਭਾਈ ਹੱਥ ਬੰਨ੍ਹ ਕੇ ਰੋਕੇ, ਨਿੰਮ੍ਰਤਾ ਤੋਂ ਕੰਮ ਲਵੇ, ਪ੍ਰੇਮ ਨਾਲ ਸਮਝਾਵੇ।

ਕਿਸੇ ਇਕੱਠ ‘ਤੇ ਜਦੋਂ ਮਹੀਨੇ, ਤਿਮਾਹੀ ਜਾਂ ਸਾਲ ਬਾਅਦ ਇਲਾਕਾ ਜੁੜ ਸਕਦਾ ਹੋਵੇ, ਓਦੋਂ ਸ਼ਹੀਦ ਦੀ ਸ਼ਹਾਦਤ ਉੱਤੇ ਵਾਰਾਂ ਪੜ੍ਹਾਈਆਂ ਜਾਣ ਤੇ ਜੇ ਹੋ ਸਕੇ ਤਾਂ ਕਵੀਆਂ ਤੋਂ ਨਵੀਆਂ ਚੀਜ਼ਾਂ ਲਿਖਵਾਈਆਂ ਜਾਣ ਤਾਂ ਹੋਰ ਵੀ ਚੰਗਾ ਹੈ । ਜਦੋਂ ਸ਼ਹੀਦ ਦਾ ਵਰ੍ਹੇ ਪਿੱਛੋਂ ਦਿਨ ਆਵੇ, ਓਦੋਂ ਢਾਡੀਆਂ ਅਤੇ ਕਵੀਆਂ ਨੂੰ ਸੱਦਿਆ ਜਾਏ । ਇਕ ਦੋ ਚੰਗੇ ਲੈਕਚਰਾਰਾਂ ਤੋਂ ਵੀ ਦੋ ਚਾਰ ਲੈਕਚਰ ਕਰਵਾਉਣੇ ਚਾਹੀਦੇ ਹਨ । ਲੈਕਚਰਾਰ ਸ੍ਰੋਤਿਆਂ ਦੀ ਸਮਝ ਮੁਤਾਬਿਕ ਸ਼ਹੀਦ ਦੀ ਜੀਵਨੀ ਦੇ ਹਰ ਪਹਿਲੂ ਉੱਤੇ ਚਾਨਣਾ ਪਾਉਣ ।

ਭਾਵੇਂ ਚਾਰ ਛਾਬੜੀਆਂ ਤੇ ਚਾਰ ਖਡੌਣਿਆਂ ਦੀਆਂ ਹੱਟੀਆਂ ਵੀ ਲੱਗਣ ਤੇ ਲੋਕਾਂ ਦੇ ਲੜ ਬੰਨ੍ਹ ਕੇ ਲੈ ਜਾਣ ਵਾਲੀ ਸ਼ੈਅ ਵੱਲ ਵੀ ਧਿਆਨ ਦਿਤਾ ਜਾਵੇ ਪਰ ਸ਼ਹੀਦ-ਗੰਜ ਬਨਾਉਣ ਦਾ ਤਾਂ ਹੀ ਫ਼ਾਇਦਾ ਹੈ, ਜੇ ਅਸੀਂ ਵੀ ਓਸ ਤੋਂ ਕੋਈ ਜੀਵਨ ਵਾਲੀ ਗੱਲ ਸਿੱਖੀਏ । ਜੇ ਸ਼ਹੀਦ ਨੂੰ ਸ਼ਸਤਰ ਪਿਆਰੇ ਸਨ, ਤਾਂ ਦੁਸਹਿਰੇ ਉੱਤੇ ਜਿਸ ਤਰ੍ਹਾਂ ਤੀਰ ਕਮਾਨ ਤੇ ਤਲਵਾਰਾਂ, ਬਾਲਾਂ ਲਈ ਵਿਕਦੀਆਂ ਹਨ, ਓਸੇ ਤਰ੍ਹਾਂ ਦਾ ਸ਼ਹੀਦ ਦਾ ਪਿਆਰਾ ਸ਼ਸਤਰ ਬਣਾ ਕੇ ਸਾਨੂੰ ਵੇਚਣਾ ਚਾਹੀਦਾ ਹੈ। ਬਾਲਾਂ ‘ਤੇ ਏਸ ਤਰ੍ਹਾਂ ਵਧੇਰੇ ਅਸਰ ਹੋ ਸਕਦਾ ਹੈ। ਮਾਪਿਆਂ ਨੂੰ, ਉਤਸ਼ਾਹ ਨਾਲ ਖਡੌਣੇ ਲੈ ਕੇ ਦੇਣੇ ਚਾਹੀਦੇ ਹਨ ਤੇ ਰਾਤੀਂ ਬੱਚਿਆਂ ਦੀ ਬਲੀ ਵਿਚ ਸ਼ਹੀਦ ਦੀ ਕਥਾ ਸੁਣਾਉਣੀ ਚਾਹੀਦੀ ਹੈ ।

ਮੇਲੇ ਸਮੇਂ ਇਲਾਕੇ ਦੇ ਸਕੂਲਾਂ ਵਿਚ ਅਖਵਾ ਭੇਜਣਾ ਚਾਹੀਦਾ ਹੈ ਕਿ ਵਿਦਿਆਰਥੀ ਸ਼ਹਾਦਤ ਉੱਤੇ ਲੇਖ ਲਿਖਣ, ਜੋ ਨਿੱਕੇ ਜਿਹੇ ਸਮਾਗਮ ਵਿਚ ਪੜ੍ਹਾਏ ਜਾਣ ਤੇ ਏਸ ਤਰ੍ਹਾਂ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ ਜਾਵੇ ।

ਜੇ ਸ਼ਹੀਦ ਵੱਡਾ ਸੂਰਮਾ ਤੇ ਜਰਨੈਲ ਹੋਵੇ, ਤਾਂ ਓਹ ਜਿਵੇਂ ਦੁਸ਼ਮਣ ਨਾਲ ਜੂਝਿਆ ਸੀ, ਉਸ ਨੂੰ ਦਰਸਾਉਣ ਵਾਲਾ ਚਿਤਰ ਬਣਵਾ, ਸ਼ੀਸ਼ੇ ਵਿਚ ਜੜਾ ਕੇ ਰੱਖਣਾ ਚਾਹੀਦਾ ਹੈ। ਏਸ ਚਿੱਤਰ ਤੋਂ ਸਿਆਣਿਆਂ ਨੂੰ ਤਾਂ ਆਪਣੇ ਆਪ ਹੀ ਲਾਭ ਪੁੱਜ ਜਾਣਾ ਹੈ ਤੇ ਸਮਝਾਉਣ ਨਾਲ ਬਾਲਾਂ ਦੇ ਦਿਮਾਗਾਂ ਉਤੇ ਵੀ ਅਸੀਂ ਅਮਿੱਟ ਨਕਸ਼ਾ ਵਾਹ ਸਕਦੇ ਹਾਂ । ਜੇ ਸ਼ਹੀਦ-ਗੰਜ ਦੇ ਫ਼ੰਡ ਖੁਲ੍ਹ ਦੇਣ ਤਾਂ ਅਖ਼ਬਾਰ ਤੇ ਕੁਝ ਰਸਾਲਿਆਂ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ। ਸੇਵਾਦਾਰ ਏਨਾ ਕੁ ਜ਼ਰੂਰ ਪੜ੍ਹਿਆ ਹੋਣਾ ਚਾਹੀਦਾ ਹੈ, ਜੋ ਮਹੀਨੇ ਦੇ ਮਹੀਨੇ ਸ਼ਹੀਦ ਦਾ ਇਤਿਹਾਸ ਸੋਹਣੀ ਤਰ੍ਹਾਂ ਸੁਣਾ ਸਕੇ । ਵੱਡਿਆਂ ਸ਼ਹੀਦ-ਗੰਜਾਂ ਨਾਲ ਮੁਸਾਫ਼ਰਾਂ ਲਈ ਕੋਠੜੀਆਂ ਵੀ ਹੋਣੀਆਂ ਚਾਹੀਦੀਆਂ ਹਨ। ਜਿਹੜਾ ਮੁਸਾਫ਼ਰ ਸੁੱਖ ਦੀ ਰਾਤ ਗੁਜ਼ਾਰੇਗਾ, ਓਹ ਉਮਰ ਭਰ ਸ਼ਹੀਦ-ਗੰਜ ਨੂੰ ਯਾਦ ਰਖੇਗਾ। ਏਸ ਤਰ੍ਹਾਂ ਸ਼ਹੀਦ-ਗੰਜ ਸਾਨੂੰ ਅਮਰ ਪ੍ਰਚਾਰਕ ਦਾ ਕੰਮ ਦੇ ਸਕਦੇ ਹਨ ।

ਸ. ਹਰਿੰਦਰ ਸਿੰਘ ਰੂਪ