5 views 23 secs 0 comments

ਸਾਰੀਆਂ ਕੌਮਾਂ ਸਿੱਖੀ ਦੀ ਸੂਰਤ ‘ਚੋਂ ਪੈਦਾ ਹੋਈਆਂ

ਲੇਖ
January 07, 2026

ਸਿੱਖ ਧਰਮ ਦੇ ਅਤੇ ਖਾਸ ਕਰਕੇ ਕੇਸਾਂ ਦੇ ਵਿਰੋਧੀ ਆਮ ਤੌਰ ‘ਤੇ ਇਹ ਚਰਚਾ ਕਰਦੇ ਰਹਿੰਦੇ ਹਨ ਕਿ ਸਿੱਖ ਹਿੰਦੂਆਂ ‘ਚੋਂ ਪੈਦਾ ਹੋਏ ਹਨ, ਚੰਗੇ ਚੰਗੇ ਸਿਆਣੇ ਸੱਜਣ ਵੀ ਇਸ ਭੁਲੇਖੇ ਵਿੱਚ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਉਹ ਲੋਕ ਕੇਸਾਧਾਰੀਆਂ ਦੀ ਹੋਂਦ ਗੁਰੂ ਨਾਨਕ ਸਾਹਿਬ ਤੋਂ ਮੰਨਦੇ ਹਨ।
ਵਾਸਤਵ ਵਿੱਚ ਇਹ ਗੱਲ ਗਲਤ ਹੈ, ਸੱਚਾਈ ਇਹ ਹੈ ਕਿ ਕੇਸਾਧਾਰੀ ਲੋਕਾਂ ਦਾ ਬਾਨੀ ਈਸ਼ਵਰ ਆਪ ਹੀ ਹੈ, ਭਾਵੇਂ ‘ਪਾਰਬ੍ਰਹਮ ਗੁਰ ਨਾਹੀ ਭੇਦ’ ਮਹਾਂਵਾਕ ਦੇ ਭਾਵ ਅਨੁਸਾਰ ਸਤਿਗੁਰੂ ਅਤੇ ਈਸ਼ਵਰ ਵਿੱਚ ਭੇਦ ਨਹੀਂ, ਪਰ ਇਹ ਸਤਰਾਂ ਲਿਖਣ ਤੋਂ ਸਾਡਾ ਭਾਵ ਇਹ ਹੈ ਕਿ ਕੇਸ ਮਨੁੱਖ ਨੂੰ ਉਸ ਸਮੇਂ ਤੋਂ ਹੀ ਨਹੀਂ ਮਿਲੇ, ਜਦ ਗੁਰੂ ਨਾਨਕ ਸਾਹਿਬ ਦਾ ਪਰਕਾਸ਼ ਹੋਇਆ। ਇਹ ਤਾਂ ਆਦਿ ਹਨ ਅਤੇ ਜਦ ਤੋਂ ਮਨੁੱਖ ਦੀ ਰਚਨਾ ਹੋਈ ਹੈ, ਕੇਸ ਨਾਲ ਹੀ ਸਨ।
ਇਹ ਕੌਣ ਨਹੀਂ ਜਾਣਦਾ ਕਿ ਕੇਸਾਂ ਦੀ ਕਾਂਟ ਛਾਂਟ ਨਾਈ ਕ੍ਰਿਤ ਅਰਥਾਤ ਕੈਂਚੀ ਕ੍ਰਿਤ ਹੈ, ਈਸ਼ਵਰ ਕ੍ਰਿਤ ਨਹੀਂ। ਇਹ ਗੱਲ ਸੰਸਾਰ ਭਰ ਵਿੱਚ ਕੋਈ ਸਾਬਤ ਨਹੀਂ ਕਰ ਸਕਦਾ ਕਿ ਜਦ ਮਨੁੱਖ ਸ਼੍ਰੇਣੀ ਦੀ ਉਤਪਤੀ ਹੋਈ ਤਾਂ ਕੁੱਝ ਆਦਮੀਆਂ ਦੀ ਹਜਾਮਤ ਹੋਈ ਹੋਈ ਸੀ ਅਤੇ ਕੁੱਝ ਕੇਸਾਂ ਵਾਲੇ ਸਨ, ਨਾ ਹੀ ਅੱਜ ਤੱਕ ਕੋਈ ਇਨਸਾਨ ਅਜਿਹਾ ਪੈਦਾ ਹੋਇਆ ਹੈ, ਜਿਸ ਦੇ ਕੇਸ ਕੱਟੇ ਹੋਏ ਹੋਣ। ਇਸ ਦਾ ਭਾਵ ਸਪੱਸ਼ਟ ਹੈ ਕਿ ਕੇਸਾਂ ਦੀ ਹੋਂਦ ਕੁਦਰਤੀ ਅਤੇ ਆਦਿ ਕਾਲ ਤੋਂ ਹੈ । ਹੁਣ ਪਾਠਕ ਆਪ ਹੀ ਸੋਚਣ ਕਿ ਸਿੱਖੀ ਦੀ ਸੂਰਤ ਨੂੰ ਵਿਗਾੜ ਕੇ ਹੋਰ ਕੌਮਾਂ ਬਣੀਆਂ ਹਨ ਜਾਂ ਉਨ੍ਹਾਂ ਕੌਮਾਂ ਵਿਚੋਂ ਸਿੱਖ।
ਜੇ ਮਜ਼੍ਹਬੀ ਤੁਅੱਸਬ ਜਾਂ ਜ਼ਿਦ ਵਿੱਚ ਆ ਕੇ “ਮੈਂ ਨ ਮਾਨੂੰ” ਵਾਲੀ ਗੱਲ ਨਾ ਕੀਤੀ ਜਾਵੇ ਤਾਂ ਹਰ ਇਕ ਆਦਮੀ ਨੂੰ ਇਹ ਮੰਨਣਾ ਪਵੇਗਾ ਕਿ ਸਿੱਖੀ ਸੂਰਤ ‘ਚੋਂ ਸਾਰੀਆਂ ਕੌਮਾਂ ਦੀਆਂ ਸੂਰਤਾਂ ਬਣੀਆਂ ਹਨ, ਕਿਉਂਕਿ ਸਿੱਖ ਕੇਸਾਂ ਵਾਲੀ ਕੌਮ ਨੂੰ ਕਿਹਾ ਜਾਂਦਾ ਹੈ ਅਤੇ ਕੇਸ ਮਨੁੱਖੀ ਰਚਨਾ ਦੇ ਸਮੇਂ ਤੋਂ ਹੀ ਚੱਲੇ ਆ ਰਹੇ ਹਨ।
ਆਮ ਲੋਕਾਂ ਦੀ ਜੋ ਇਹ ਧਾਰਨਾ ਹੈ ਕਿ ਸਿੱਖ ਆਪਣੇ ਆਪ ਵਿੱਚ ਕੋਈ ਵੱਖਰੀ ਕੌਮ ਨਹੀਂ, ਸਿੱਖ ਹਿੰਦੂਆਂ ‘ਚੋਂ ਪੈਦਾ ਹੋਏ ਹਨ ਅਤੇ ਹਿੰਦੂ ਕੌਮ ਦਾ ਹੀ ਇਹ ਅੰਗ ਹਨ, ਇਹ ਗੱਲ ਬਿਲਕੁਲ ਗਲਤ ਤੇ ਬੇ-ਬੁਨਿਆਦ ਹੈ। ਵਾਸਤਵ ਵਿਚ ਸਿੱਖ ਇਕ ਵੱਖਰੀ ਅਤੇ ਆਦਿ ਕੌਮ ਹੈ, ਜੋ ਰੱਬੀ ਰਜ਼ਾ ਦੀ ਵਿਸ਼ਵਾਸੀ ਹੈ।

‘ਸਿੱਖ’ ਦੇ ਅਰਥ ਹਨ ਸਿੱਖਿਆ ਨੂੰ ਮੰਨਣ ਵਾਲਾ ਸਿਖਿਆਰਥੀ। ਸੰਸਾਰ ਭਰ ਵਿੱਚ ਪ੍ਰਮੁੱਖ ਸਿੱਖਿਆ ਅਤੇ ਹੁਕਮ ਦੋ ਹਨ, ਇਕ ਪਰਮਾਤਮਾ ਦਾ ਅਤੇ ਦੂਜਾ ਗੁਰੂ ਦਾ ਸਿੱਖ ਉਹ ਹੈ ਜੋ ਦੋਵੇਂ ਹੁਕਮ ਮੰਨੇ ਅਤੇ ਰਜ਼ਾ ਵਿੱਚ ਰਾਜ਼ੀ ਰਹੇ। ਕੇਸਾਂ ਦੀ ਉਤਪਤੀ ਅਤੇ ਪਾਲਣਾ ਪਰਮਾਤਮਾ ਦੇ ਹੁਕਮ ਅੰਦਰ ਹੋਈ ਅਤੇ ਹੋ ਰਹੀ ਹੈ। ਜੋ ਇਨ੍ਹਾਂ ਨੂੰ ਕਟਦਾ ਹੈ, ਉਹ ਰੱਬੀ ਰਜ਼ਾ ਵਿੱਚ ਸਿੱਧਾ ਦਖਲ ਦੇ ਰਿਹਾ ਹੈ, ਇਸ ਲਈ ਉਹ ਸਿੱਖ ਕਹਾਣ ਦਾ ਹੱਕਦਾਰ ਨਹੀਂ। ਗੁਰੂ ਦਾ ਹੁਕਮ ਹੈ ਕਿ ਸਿੱਖ ਕੇਸ ਨਾ ਕਟਾਏ ਅਤੇ ਰੱਬੀ ਸੂਰਤ ਨੂੰ ਨਾ ਵਿਗਾੜੇ।
ਕੁਰਾਨ ਦੀ ਇਕ ਆਇਤ ਅਨੁਸਾਰ ਮਨੁੱਖ ਨੂੰ ਰੱਬ ਨੇ ਆਪਣੀ ਸਾਕਾਰ ਸੂਰਤ ਵਰਗਾ ਸਾਜਿਆ ਹੈ। ਜੋ ਸੰਸਾਰ ਭਰ ਦੇ ਮਨੁੱਖਾਂ ਲਈ ਸਮਾਨ ਹੈ।
ਦੁਨੀਆਂ ਭਰ ਦੇ ਪੁਰਾਤਨ ਇਤਿਹਾਸ ਅਤੇ ਵੇਦ ਸ਼ਾਸਤਰ ਇਸ ਹਕੀਕਤ ਨੂੰ ਸਿੱਧ ਕਰ ਰਹੇ ਹਨ ਕਿ ਮਨੁੱਖ ਜਨਮ ਤੋਂ ਕੇਸਾਧਾਰੀ ਹੈ। ਅਤੇ ਸੰਸਾਰ ਭਰ ਦੇ ਪੁਰਾਤਨ ਕੇਵਲ ਧਾਰਮਕ ਹੀ ਨਹੀਂ, ਸਗੋਂ ਰਾਜਸੀ ਆਗੂ ਵੀ ਕੇਸਾਧਾਰੀ ਸਨ, ਜੋ ਸਮੁੱਚੇ ਤੌਰ ‘ਤੇ ਇਕ ਰੱਬੀ ਕੌਮ ਸਨ।
ਇਹ ਗੱਲ ਠੰਢੇ ਦਿਲ ਨਾਲ ਸਮਝਣੀ ਅਤੇ ਸਹਿਣ ਕਰਨੀ ਚਾਹੀਦੀ ਹੈ ਕਿ ਸਿੱਖ ਇਕ ਆਦਿ ਅਤੇ ਰੱਬੀ ਕੌਮ ਹੈ,

ਜਿਸ ‘ਚੋਂ ਸੰਸਾਰ ਭਰ ਦੀਆਂ ਕੌਮਾਂ ਪੈਦਾ ਹੋਈਆਂ ਹਨ, ਜਿਨ੍ਹਾਂ ਦੀ ਬੁਨਿਆਦ ਮਨੁੱਖੀ ਸਿਰਜਨਾ ਕਰਕੇ ਹੈ।

ਉਪਰੋਕਤ ਗੱਲ ਦੀ ਪ੍ਰੋੜਤਾ ਲਈ ਹੇਠ ਲਿਖੀ ਇਕੋ ਦਲੀਲ ਕਾਫੀ ਹੈ। ਇਕ ਬੱਚਾ ਜੋ ਅੱਜ ਪੈਦਾ ਹੋਵੇ, ਉਸ ਨੂੰ ਕਿਸੇ ਮਜ੍ਹਬੀ ਰਹੁ-ਰੀਤ ਤੋਂ ਅਲੱਗ ਰੱਖ ਕੇ ਜੇ ਪਾਲਿਆ ਪੋਸਿਆ ਜਾਵੇ ਅਤੇ 20 ਸਾਲ ਬਾਅਦ ਉਸ ਨੂੰ ਇਕ ਚੁਰਾਹੇ ਵਿਚ ਖੜਾ ਕਰ ਕੇ ਕਿਸੇ ਵੀ ਵਿਅਕਤੀ ਤੋਂ ਜੇ ਪੁੱਛਿਆ ਜਾਵੇ ਕਿ ਇਹ ਕੌਣ ਹੈ ਤਾਂ ਯਕੀਨਨ ਹਰ ਕੋਈ ਇਹੋ ਕਹੇਗਾ, “ਇਹ ਸਿੱਖ ਹੈ।” 20 ਸਾਲ ਦੀ ਉਮਰ ਤੱਕ ਉਸਦੀ ਦਾੜ੍ਹੀ ਵੀ ਉਗ ਚੁੱਕੀ ਹੋਣੀ ਹੈ। ਉਸ ਦੀ ਸ਼ਕਲ ਸੂਰਤ ਨੂੰ ਵਿਗਾੜਿਆਂ, ਅਰਥਾਤ ਦਾੜ੍ਹੀ ਕੇਸ ਕਟਾਇਆਂ ਹੀ ਉਹ ਹਿੰਦੂ ਜਾਂ ਕਿਸੇ ਹੋਰ ਕੌਮ ਦਾ ਵਿਅਕਤੀ ਜਾਪੇਗਾ।
ਸੋ, ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਹੀ ਇਕ ਆਦਿ ਅਤੇ ਮਹਾਨ ਕੌਮ ਹੈ, ਜਿਸ ਚੋਂ ਦੁਨੀਆਂ ਭਰ ਦੀਆਂ ਕੌਮਾਂ ਪੈਦਾ ਹੋਈਆਂ ਹਨ। ਕਿਸੇ ਹੋਰ ਕੌਮ ਲਈ ਚਰਚਾ ਹੋ ਸਕਦੀ ਹੈ ਕਿ ਉਹ ਵੱਖਰੀ ਕੌਮ ਨਹੀਂ, ਪਰ ਸਿੱਖ ਕੌਮ ਲਈ ਇਹ ਚਰਚਾ ਕਰਨੀ ਅਯੋਗ ਅਤੇ ਬੇ-ਬੁਨਿਆਦ ਗੱਲ ਹੈ।
ਸੋ ਕੇਸ ਕਟਾਣ ਦੀ ਲਹਿਰ ਤਾਂ ਕਿਸੇ ਕਾਰਨ (ਜੋ ਅੱਗੇ ਚੱਲ ਕੇ ਲਿਖਿਆ ਜਾਵੇਗਾ) ਚੱਲ ਪਈ ਤੇ ਲੋਕਾਂ ਨੇ ਕੇਸ ਰੱਖਣ ਦੀ ਗੁਰਮਤਿ ਰਹੁ-ਰੀਤ ਤੋਂ ਡਿਗ ਕੇ ਦੇਖਾ ਦੇਖੀ ਇਸ ਵਿਚ ਵਹਿਣਾ ਸ਼ੁਰੂ ਕਰ ਦਿੱਤਾ ਹੈ। ਵਾਸਤਵ ਵਿਚ ਇਹ ਇਕ ਬੱਜਰ ਪਾਪ ਹੈ, ਜਿਸ ਦਾ ਹੁਣ ਐਨਾ ਜੋਰ ਹੋ ਗਿਆ ਹੈ ਕਿ ਆਮ ਆਦਮੀ ਕੇਸਾਂ ਵਰਗੀ ਪਵਿੱਤਰ ਰੱਬੀ ਦਾਤ ਲਈ ਕਈ ਤਰ੍ਹਾਂ ਦੇ ਊਲ ਜਲੂਲ ਬੋਲਣ ਲੱਗ ਪਏ ਹਨ। ਜੇ ਮਜ੍ਹਬ ਜਾਂ ਧਰਮ ਦੇ ਸੁਆਲ ਨੂੰ ਲਿਆ ਜਾਵੇ ਤਾਂ ਦੁਨੀਆਂ ਭਰ ਵਿਚ ਸਿੱਖ ਧਰਮ ਤੋਂ ਬਿਨਾਂ ਕੋਈ ਧਰਮ ਵੀ ਈਸ਼ਵਰੀ ਸਿੱਧ ਨਹੀਂ ਹੁੰਦਾ, ਕਿਉਂਕਿ ਦੂਜੇ ਧਰਮਾਂ ਵਿੱਚ ਕੇਸਾਂ ਵਾਲੀ ਰੱਬੀ ਆਗਿਆ ਦੀ ਉਲੰਘਣਾ ਹੋ ਰਹੀ ਹੈ ਅਤੇ ਸਿੱਖ ਧਰਮ ਰੱਬੀ ਬਣਤਰ ਨੂੰ ਜਿਉਂ ਦਾ ਤਿਉਂ ਰੱਖਦਾ ਹੈ। ਸਿੱਖ ਗੁਰੂ ਸਾਹਿਬਾਨ ਨੇ ਕੇਸ ਪੈਦਾ ਕਰਨ ਦੀ ਮਰਯਾਦਾ ਨਹੀਂ ਤੋਰੀ, ਸਗੋਂ ਇਨ੍ਹਾਂ ਦੇ ਕੱਟਣ ਦੀ ਕੁਰੀਤੀ ਨੂੰ ਰੋਕਿਆ ਹੈ।

ਨਿਰੰਕਾਰ ਨੇ ਇਸ ਪੰਥ ਦੇ ਪ੍ਰਚਾਰਨ ਦੀ ਡਿਊਟੀ ਗੁਰੂਆਂ ਦੀ ਲਾਈ ਸੀ, ਪਰ ਇਸਦਾ ਸਾਜਣਹਾਰ ਉਹ ਆਪ ਹੀ ਹੈ, ਕਿਉਂਕਿ ਰੱਬੀ ਧਰਮ ਤੋਂ ਲੋਕੀਂ ਗਿਰਨ ਅਰਥਾਤ ਈਸ਼ਵਰੀ ਮਜ੍ਹਬ (ਸਿੱਖੀ) ਤੋਂ ਪਤਿਤ ਹੋਣ ਲੱਗ ਪਏ ਸਨ। ਇਸ ਲਈ ਗੁਰੂ ਸਾਹਿਬ ਸੰਸਾਰ ‘ਤੇ ਪ੍ਰਗਟੇ, ਜਿਨ੍ਹਾਂ ਨੇ ਕੇਸਾਂ ਦੇ ਕੱਟਣ ਨੂੰ
ਰੱਬੀ ਧਰਮ ਵਿਰੁੱਧ ਕੁਰਹਿਤ ਕਰਾਰ ਦੇ ਕੇ ਇਸ ਕੁਰੀਤੀ ਨੂੰ ਰੋਕ ਦਿੱਤਾ। ਭਾਵੇਂ ਕਈ ਲੋਕਾਂ ਨੇ ਹੁਕਮ ਦੀ ਪਾਲਣਾ ਨਹੀਂ ਕੀਤੀ, ਪਰ ਗੁਰੂ ਸਾਹਿਬ ਦਾ ਸਭ ਪ੍ਰਾਣੀ-ਮਾਤਰ ਨੂੰ ਇਹੀ ਉਪਦੇਸ਼ ਸੀ ਕਿ ਰੱਬੀ ਹੁਕਮ ਦੀ ਪਾਲਣਾ ਕਰੋ, ਅਰਥਾਤ ਸਾਬਤ ਸੂਰਤ ਰਹੋ।

ਇਹ ਗੱਲ ਠੀਕ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਵਿਸ਼ਵਾਸ ਦੇ ਤਿਆਗ ਲਈ ਕੜਾ, ਪਰ ‘ਤਨ’ ਦੇ ਤਿਆਗ ਲਈ ਕਛਹਿਰਾ ਅਤੇ ਧਰਮ ਦੀ ਰੱਖਿਆ ਲਈ ਕ੍ਰਿਪਾਨ ਆਦਿ ਕਕਾਰ ਪਹਿਨਾਕੇ ਮਨੁੱਖ ਨੂੰ ਆਦਰਸ਼ਕ ਮਨੁੱਖ ਬਣਾ ਦਿੱਤਾ ਅਤੇ ਸਿੱਖ ਤੋਂ ਸਿੰਘ ਨਾਮ ਰੱਖ ਕੇ ਇਸ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਂਦੇ ਹੋਏ ਅੰਮ੍ਰਿਤ ਛਕਾ ਕੇ ਸੂਰਬੀਰ ਸੰਤ-ਸਿਪਾਹੀ ਦੀ ਪਦਵੀ ਦਿੱਤੀ ਹੈ, ਜਿਸ ਕਰਕੇ ਆਪ ਪੰਥ ਦੇ ਸਾਜਣਹਾਰ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਨੇ ਆਪਣੇ ਪੰਥ ਦੇ ਧਾਰਮਕ ਅਸੂਲ ਦੂਜੇ ਧਰਮਾਂ ਨਾਲੋਂ ਵਿਲੱਖਣ ਨਿਯਤ ਕੀਤੇ ਹਨ, ਪਰ ਕਿਉਂਕਿ ਇਥੇ ਸਿੱਖੀ ਦੇ ਮੁੱਖ ਅੰਗ ਕੇਸਾਂ ਦਾ ਸਵਾਲ ਚੱਲਿਆ ਹੋਇਆ ਹੈ ਅਤੇ ਕੇਸਾਂ ਵਾਲੇ ਲੋਕਾਂ ਨੂੰ ਹੀ ਮਜ੍ਹਬ ਦੇ ਪਹਿਲੂ ਤੋਂ ਸਿੱਖ ਕਿਹਾ ਜਾਂਦਾ ਹੈ, ਇਸ ਲਈ ਇਹ ਸਾਬਤ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਇਹ ਕੇਸਾਂ ਵਾਲੇ ਲੋਕ ਸ੍ਰਿਸ਼ਟੀ-ਰਚਨਾ ਦੇ ਆਦਿ ਤੋਂ ਹੀ ਚੱਲੇ ਆ ਰਹੇ ਹਨ। ਸਭਧਰਮਾਂ ਦੇ ਆਗੂ ਕੇਸਾਧਾਰੀ ਹੋਏ ਹਨ। ਕੇਸ ਕਟਾਉਣ ਦੀ ਰੀਤੀ ਕਿਸੇ ਮਜ੍ਹਬ ਦੇ ਧਾਰਮਕ ਆਗੂ ਨੇ ਨਹੀਂ ਚਲਾਈ, ਨਾ ਹੀ ਇਸ ਨੂੰ ਮੁੰਡਨ ਸੰਸਕਾਰ ਆਦਿ ਕਹਿ ਕੇ ਧਾਰਮਕ ਰੀਤੀ ਕਿਹਾ ਜਾ ਸਕਦਾ ਹੈ, ਇਹ ਸਭ ਮਨੋ-ਕਲਪਿਤ ਤਰੀਕੇ ਹਨ ਅਤੇ ਮਨੋ-ਕਲਪਿਤ ਹੀ ਮਜ੍ਹਬੀ ਰੀਤਾਂ, ਜੋ ਈਸ਼ਵਰੀ ਕ੍ਰਿਤ ਧਰਮ ਨੂੰ ਵਿਗਾੜ ਕੇ ਕਾਇਮ ਕੀਤੀਆਂ ਗਈਆਂ ਹਨ, ਅਰਥਾਤ ਕੇਸਾਂ ਵਾਲੀ ਸੂਰਤ ਨੂੰ ਅਦਲ ਬਦਲ ਕਰ ਕੇ ਬਣੀਆਂ ਹਨ, ਜੋ ਸਾਰੀਆਂ ਹੀ (ਗੁਰਮਤਿ) ਰੀਤੀ ਦੇ ਉਲਟ ਹਨ :

“ਔਰ ਮਜ਼੍ਹਬ ਸਭ ਰਚੇ ਬੰਦਿਅਨ ਅਪਨੇ ਚਿੰਨ੍ਹ ਚਲਾਇ। ਮਜ੍ਹਬ ਖਾਲਸਾ ਹੈ ਅਕਾਲ ਕਾ ਕੇਸ ਨ ਏਕ ਛਿਦਾਇ।”
(ਪੰਥ ਪ੍ਰਕਾਸ਼, ਗਿ: ਗਿਆਨ ਸਿੰਘ, ਪੰਨਾ ੬੮੮)

ਕੇਸ ਕਿਉਂ?

ਅੱਜ-ਕੱਲ੍ਹ ਆਮ ਪੜ੍ਹੇ ਲਿਖੇ ਨੌਜੁਆਨ ਇਹ ਕਹਿੰਦੇ ਹਨ ਕਿ ਜਦ ਸਾਡੇ ‘ਤੇ ਕੋਈ ਸੁਆਲ ਕਰਦਾ ਹੈ ਕਿ ਤੁਸੀਂ ਕੇਸ ਕਿਉਂ ਰੱਖੇ ਹਨ ਤਾਂ ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ।

ਇਹ ਸੁਣ ਕੇ ਮੈਂ ਹੈਰਾਨ ਹੁੰਦਾ ਹਾਂ ਕਿ ਐਨੇ ਮਾਮੂਲੀ ਅਤੇ ਗਲਤ ਪ੍ਰਸ਼ਨ ਦਾ ਉੱਤਰ ਵੀ ਸਿੱਖ ਨੌਜੁਆਨਾਂ ਨੂੰ ਨਹੀਂ ਅਹੁੜਦਾ, ਜੋ ਬੜਾ ਸਪੱਸ਼ਟ ਹੈ।
ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪ੍ਰਸ਼ਨ ਹੀ ਗਲਤ ਹੈ ਕਿ ਤੁਸੀਂ ਕੇਸ ਕਿਉਂ ਰੱਖੇ ਹਨ। ਮੈਂ ਤਾਂ ਇਹ ਸਮਝਦਾ ਹਾਂ ਕਿ ਦੁਨੀਆਂ ਵਿੱਚ ਕੋਈ ਸਿੱਖ ਨਹੀਂ, ਜਿਸ ਨੇ ਕੇਸ ਰੱਖੇ ਹੋਣ, ਕਿਉਂਕਿ ਕੇਸ ਰੱਖਣੇ ਮਨੁੱਖੀ ਕਾਢ ਨਹੀਂ, ਇਹ ਕੁਦਰਤੀ ਮਨੁੱਖੀ ਪੈਦਾਇਸ਼ ਵੇਲੇ ਆਪੇ ਈਸ਼ਵਰ ਦੇ ਹੁਕਮ ਅੰਦਰ ਉੱਗਦੇ ਹਨ ਅਤੇ ਹਰ ਮਨੁੱਖ ਦੇ ਉੱਗਦੇ ਹਨ, ਭਾਵੇਂ ਉਹ ਕਿਸੇ ਵੀ ਕੌਮ ਵਿਚ ਪੈਦਾ ਹੋਵੇ।

ਜੇ ਕੋਈ ਪ੍ਰਸ਼ਨ ਕਰੇ ਵੀ ਤਾਂ ਠੀਕ ਪ੍ਰਸ਼ਨ ਤਾਂ ਇਉਂ ਹੈ ਕਿ ਰੱਬ ਨੇ ਤੁਹਾਡੇ ਸਿਰ ‘ਤੇ ਕੇਸ ਅਤੇ ਮੂੰਹ ‘ਤੇ ਦਾੜ੍ਹੀ ਕਿਉਂ ਪੈਦਾ ਕੀਤੀ ਹੈ, ਜਿਸ ਦਾ ਉੱਤਰ ਸਪੱਸ਼ਟ ਹੈ ਕਿ ਰੱਬ ਨੂੰ ਪੁੱਛੋ, ਰੱਬ ਦੀ ਮਰਜੀ ਦਾ ਸਾਨੂੰ ਕੀ ਪਤਾ ਹੈ ਅਤੇ ਇਹ ਮਰਜੀ ਉਸ ਨੇ ਸਾਡੇ ‘ਤੇ ਹੀ ਨਹੀਂ ਵਰਤੀ, ਹਰ ਮਨੁੱਖ ‘ਤੇ ਵਰਤੀ ਹੈ। ਸਾਡੇ ਰੱਖਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਸੋ, ਇਹ ਕੋਈ ਅਜਿਹੀ ਚੀਜ਼ ਨਹੀਂ ਜਿਸ ਨੂੰ ਮਨੁੱਖ ਨੇ ਕਿਤੋਂ ਲੈ ਕੇ ਆਪਣੇ ਪਾਸ ਰੱਖਿਆ ਹੈ ਜਾਂ ਸਿਰ ‘ਤੇ ਚਮੋੜ ਲਿਆ ਹੈ। ਅਜਿਹੀ ਗੱਲ ਹੁੰਦੀ ਤਾਂ ਸੁਆਲ ਕਰਨ ਵਾਲੇ ਦੇ ਸੁਆਲ ਵਿੱਚ ਵੀ ਕੋਈ ਵਜ਼ਨ ਹੁੰਦਾ।

ਹਾਂ, ਜੇ ਕੋਈ ਇਹ ਕਹੇ ਕਿ ਤੁਸੀਂ ਹੱਥ ਵਿਚ ਸੋਟੀ ਕਿਉਂ ਰੱਖਦੇ ਹੋ? ਲੰਬਾ ਚੋਲਾ ਕਿਉਂ ਪਾਂਦੇ ਹੋ ਜਾਂ ਜੇਬ ਵਿਚ ਘੜੀ ਕਿਉਂ ਰੱਖੀ ਹੈ, ਫਿਰ ਤਾਂ ਕੋਈ ਜਵਾਬ ਹੈ, ਇਹ ਕੀ ਪ੍ਰਸ਼ਨ ਹੋਇਆ ਕਿ ਤੁਸੀਂ ਕੇਸ ਕਿਉਂ ਰੱਖੇ ਹਨ।

ਇਸ ਤਰ੍ਹਾਂ ਇਹ ਵੀ ਕੋਈ ਪ੍ਰਸ਼ਨ ਕਰ ਬਵੇਗਾ ਕਿ ਤੁਸੀਂ ਬਾਹਵਾਂ ਕਿਉਂ ਰੱਖੀਆਂ ਹਨ। ਜੋ ਚੀਜ਼ ਹੈ ਹੀ ਸਰੀਰ ਦਾ ਅੰਗ ਅਤੇ ਰੱਬ ਦੀ ਪੈਦਾਇਸ਼, ਉਸ ਬਾਰੇ ਮਨੁੱਖ ‘ਤੇ ਸੁਆਲ ਕਰਨਾ ਕਿ ਤੂੰ ਇਹ ਕਿਉਂ ਰੱਖੀ ਹੈ, ਆਪਣੀ ਅਕਲ ਦਾ ਦੀਵਾਲਾ ਕੱਢਣਾ ਹੈ।
ਹਾਂ, ਇਹ ਪ੍ਰਸ਼ਨ ਦਰੁੱਸਤ ਹੈ ਕਿ ਤੁਸੀਂ ਕੇਸ ਕਿਉਂ ਕਟਾਏ ਹਨ, ਕਿਉਂਕਿ ਕੱਟਣ ਦਾ ਕੰਮ ਮਨੁੱਖ ਆਪਣੀ ਹੱਥੀਂ ਜਾਂ ਪੈਸੇ ਦੇ ਕੇ ਕਰਵਾਂਦਾ ਹੈ, ਜੋ ਉਸ ਦੀ ਮਨੋ-ਕਲਪਿਤ ਕਾਢ ਹੈ। ਮੇਰੇ ਖਿਆਲ ਵਿੱਚ ਇਸ ਸੁਆਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ। ਇਹ ਜਵਾਬ ਭਾਵੇਂ ਮੋੜ ਤੋੜ ਕੇ ਬਣ ਜਾਵੇ ਕਿ ਮੈਂ ਜ਼ਮਾਨੇ ਦੇ ਫੈਸ਼ਨ ਅਨੁਸਾਰ ਰੱਬ ਦੀ ਬਣਤਰ ਨੂੰ ਕੰਡੈਂਮ ਕਰਦਾ ਹਾਂ, ਮਰਦਉਪੁਣੇ ਅਤੇ ਮਨੁੱਖੀ ਜਾਹੂ-ਜਲਾਲ ਨੂੰ ਨਸ਼ਟ ਕਰ ਕੇ ਦੁਨੀਆਂ ਵਿਚ ਨਸ਼ਰ ਹੋਣਾ ਅਤੇ ਬਲਹੀਣ ਹੋ ਕੇ ਰਹਿਣਾ ਚਾਹੁੰਦਾ ਹਾਂ।
ਜੇ ਨਾਲ ਹੀ ਤੁਸੀਂ ਸੁਆਲ ਕਰ ਦਿਉ ਕਿ ਜਦ ਸਾਰੀ ਦੁਨੀਆਂ ਦਾ ਬਹੁਤ ਵੱਡਾ ਹਿੱਸਾ ਹਰ ਰੋਜ਼ ਰੱਬ ਦੀ ਬਖਸ਼ੀ ਸੂਰਤ ਨੂੰ ਭੰਨਣ ਤੇ ਲੱਖਾਂ ਰੁਪਏ ਖਰਚ ਕਰਦਾ ਹੈ, ਆਪਣੇ ਅਵਤਾਰਾਂ ਪੈਗੰਬਰਾਂ ਤੋਂ ਬੇਮੁੱਖ ਬਣਦਾ ਹੈ ਅਤੇ ਰੋਜ਼ ਰਗੜ ਪੱਟੀ ਚਾੜ੍ਹਨ ਵਿਚ ਐਨਾ ਔਖਾ ਹੁੰਦਾ ਹੈ ਤਾਂ ਐਨੀ ਦੁਨੀਆਂ ਦੀ ਰਾਏ ਸਾਹਮਣੇ ਰੱਬ ਹੀ ਕਿਉਂ ਨਹੀਂ ਝੁੱਕ ਜਾਂਦਾ, ਕਿ ਜਦ ਬਹੁਤੀ ਗਿਣਤੀ ਮਨੁੱਖਾਂ ਦੀ ਇਨ੍ਹਾਂ ਦਾੜ੍ਹੀ ਕੇਸਾਂ ਨੂੰ ਪਸੰਦ ਨਹੀਂ ਕਰਦੀ ਤਾਂ ਮੈਂ ਅੱਗੋਂ ਪੈਦਾ ਹੀ ਨਾ ਕਰਾਂ ਜਾਂ ਜਿਸ ਮਨੁੱਖ ਨੇ ਮੇਰੀ ਦਿੱਤੀ ਚੀਜ਼ ਨੂੰ ਕੱਟ ਕੇ ਸੁੱਟ ਦਿੱਤਾ ਹੈ, ਉਸ ਨੂੰ ਮੈਂ ਅੱਗੋਂ ਲਈ ਨਾ ਦਿਆਂ। ਤਾਂ ਫਿਰ ਵੇਖੋ ਇਹ ਪ੍ਰਸ਼ਨ ਕਰਨ ਵਾਲੇ ਨੂੰ ਕਿਵੇਂ ਲੈਣੇ ਦੇ ਦੇਣੇ ਪੈ ਜਾਣਗੇ ਤੇ ਅਗੋਂ ਕਦੀ ਪ੍ਰਸ਼ਨ ਨਹੀਂ ਕਰੇਗਾ ਕਿ ਤੁਸੀਂ ਕੇਸ ਕਿਉਂ ਰੱਖੇ ਹਨ।
ਪਰ ਅਫਸੋਸ ਤਾਂ ਇਹ ਹੈ ਕਿ ਸਿੱਖ ਨੌਜੁਆਨ ਐਨੀ ਗੱਲ ਸੋਚਦੇ ਹੀ ਨਹੀਂ ਅਤੇ ਪ੍ਰਸ਼ਨ ਸੁਣ ਕੇ ਘਾਬਰ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਸ ਮਾਦਾ-ਪ੍ਰਸਤ ਦੁਨੀਆਂ ਵਿੱਚ ਕੇਸ ਕੱਟਣ ਦੀ ਅਵੱਗਿਆ ਕਰਨ ਵਾਲਿਆਂ ਦੀ ਗਿਣਤੀ ਐਨੀ ਜ਼ਿਆਦਾ ਹੋ ਗਈ ਕਿ ਕੇਸਾਂ ਵਾਲੇ ਐਵੇਂ ਹੀ ਢਹਿੰਦੀ ਕਲਾ ਵਿੱਚ ਪੈ ਜਾਂਦੇ ਹਨ, ਜਿਵੇਂ ਪਰਤੱਖ ਹੈ ਕਿ ਬਾਹਰ ਦੇ ਮੁਲਕਾਂ ਵਿੱਚ ਲੱਖਾਂ ਦੀ ਗਿਣਤੀ ਵਿਚ ਇਕ ਦੋ ਹੀ ਸਿੱਖ ਨੌਜੁਆਨ ਹੋਣ ਤਾਂ ਆਮ ਤੌਰ ‘ਤੇ ਪਤਿਤ ਹੋ ਜਾਂਦੇ ਹਨ। ਮਨੁੱਖੀ ਸੁਭਾਵ ਵਿੱਚ ਇਹ ਕਮਜ਼ੋਰੀ ਹੈ ਕਿ ਹੋਰ ਲਿਬਾਸ ਜਾਂ ਪਹਿਰਾਵੇ ਵਾਲੇ ਬਹੁਤੇ ਬੰਦਿਆਂ ਵਿਚ ਬੈਠਾ ਇਕ ਆਦਮੀ ਆਪਣੇ ਮਨ ਵਿੱਚ ਹੀ ਆਪਣੇ ਲਈ ਘ੍ਰਿਣਾ ਪੈਦਾ ਕਰਨ ਲੱਗ ਜਾਂਦਾ ਹੈ। ਗੁਰੂ ਕਲਗੀਧਰ ਜੀ ਨੇ ਸਾਡੇ ਨਾਮ ਨਾਲ ਸਿੰਘ ਲੱਕਬ ਲਗਾਇਆ ਹੈ, (ਜਿਸ ਦੇ ਅਰਥ ਸ਼ੇਰ ਹਨ) ਤਾਂ ਕਿ ਸਾਡੇ ਵਿਚ ਸ਼ੇਰ ਵਰਗੀ ਗੰਭੀਰਤਾ ਅਤੇ ਸ੍ਵੈ-ਮਾਨਤਾ ਵਾਲਾ ਜ਼ਜ਼ਬਾ ਕਾਇਮ ਰਹੇ। ਵੇਖੋ, ਲੱਖਾਂ ਜਾਨਵਰਾਂ ਵਿਚ ਸ਼ੇਰ ਕਦੇ ਆਪਣੇ ਆਪ ਨੂੰ ਘਟੀਆ ਮਹਿਸੂਸ ਨਹੀਂ ਕਰਦਾ। ਉਸ ਦਾ ਰੋਹਬ ਅਤੇ ਗਰਜ ਸਭ ਤੋਂ ਨਿਰਾਲੀ ਹੀ ਹੁੰਦੀ ਹੈ। ਭਾਈ ਗੁਰਦਾਸ ਜੀ ਦੇ ਕਥਨ ‘ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ’ ਅਨੁਸਾਰ ਸ਼ੇਰ ਦੀ ਗਰਜ ਸਾਹਵੇਂ ਸਭਜਾਨਵਰ ਪਲਾਂ ਵਿਚ ਅਲੋਪ ਹੋ ਜਾਂਦੇ ਹਨ।
ਪੂਰਨ ਮਨੁੱਖ (ਗੁਰੂ ਕੇ ਸਿੱਖ) ਵਿਚ ਵੀ ਵਾਹਿਗੁਰੂ ਦੇ ਭਾਣੇ ਅੰਦਰ ਸਾਬਤ ਸੂਰਤ ਰਹਿਣ, ਗੁਰੂ ਕੀ ਬਖਸ਼ੀ ਸਿੰਘ ਸੰਗਿਆ ਅਤੇ ਖਾਲਸਈ ਸਪਿਰਿਟ ਕਾਰਨ ਹੀ ਲੱਖਾਂ ਦੇ ਘੇਰੇ ਵਿਚ ਜੂਝਨ ਦੀ ਸ਼ਕਤੀ, ਸ਼ੇਰ ਵਾਲੀ ਗਰਜ ਅਥਵਾ ਅਥਾਹ ਬਲ ਹੁੰਦਾ ਹੈ, ਜਿਸ ਦੀ ਮਿਸਾਲ ਸੰਸਾਰ ਦੇ ਸਾਹਮਣੇ ਹੈ।

ਸੋ, ਸਿੱਖ ਨੌਜੁਆਨਾਂ ਨੂੰ ਆਪਣੇ ਖਾਲਸਈ ਬਾਣੇ ‘ਤੇ ਆਪ ਹੀ ਕਿੰਤੂ ਨਹੀਂ ਕਰਨੀ ਚਾਹੀਦੀ, ਹਰ ਮੁਲਕ ਅਤੇ ਹਰ ਥਾਂ ਵਿੱਚ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ ਅਤੇ ਇਹੋ ਜਿਹੇ ਕੱਚੇ ਪਿੱਲੇ ਪ੍ਰਸ਼ਨ ਕਰਨ ਵਾਲਿਆਂ ਨੂੰ ਦਲੀਲ ਨਾਲ ਨਿਰਉੱਤਰ ਕਰਨਾ ਚਾਹੀਦਾ ਹੈ।

ਸਤੰਬਰ 1963 ਦਾ ਜ਼ਿਕਰ ਹੈ। ਸਿੰਘਾਪੁਰ ਦੇ ਇਕ ਗੁਰਦੁਆਰੇ ਵਿਚ ਦਾਸ ਦੇ ਲੈਕਚਰ ਸਮੇਂ ਇਕ ਨੌਜੁਆਨ ਨੇ ਪ੍ਰਸ਼ਨ ਕੀਤਾ ਕਿ ਲੋਕੀਂ ਸਾਨੂੰ ਪੁੱਛਦੇ ਹਨ ਕਿ ਕੇਸ ਕਿਉਂ ਰੱਖਦੇ ਹੋ? ਇਸ ਦਾ ਕੀ ਉੱਤਰ ਦੇਈਏ। ਲੇਖਕ ਨੇ ਕਿਹਾ, ਇਹ ਉੱਤਰ ਦਿਆ ਕਰੋ ਕਿ ਦੁਨੀਆਂ ‘ਤੇ ਕੋਈ ਸਿੱਖ ਨਹੀਂ, ਜਿਸ ਨੇ ਕੇਸ ਰੱਖੇ ਹਨ। ਤਾਂ ਉਸ ਨੇ ਕਿਹਾ, ਇਹ ਝੂਠ ਹੈ, ਕੇਸ ਤਾਂ ਹਰ ਸਿੱਖ ਨੇ ਰੱਖੇ ਹੋਏ ਹਨ। ਦਾਸ ਲੇਖਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਹਿ ਦਿੱਤਾ ਕਿ ਮੈਂ ਤਾਂ ਦਾੜ੍ਹੀ ਕੇਸ ਨਹੀਂ ਰੱਖੇ। ਇਸ ‘ਤੇ ਸਾਰੀ ਸੰਗਤ ਹੈਰਾਨ ਰਹਿ ਗਈ। ਇਸ ਤੇ ਅਗਲਾ ਦੀਵਾਨ ਇਸ ਵਿਸ਼ੇ ‘ਤੇ ਖੁਲ੍ਹੀ ਵੀਚਾਰ ਲਈ ਨਿਯਤ ਹੋਇਆ, ਜਿਸ ਵਿੱਚ ਇਹ ਸਾਬਤ ਕੀਤਾ ਕਿ ਕੇਸ ਮਨੁੱਖ ਨਹੀਂ ਰੱਖਦਾ, ਇਹ ਕੁਦਰਤ ਦੀ ਦੇਣ ਹੈ। ਇਸ ਵੀਚਾਰ ਦੇ ਨਤੀਜੇ ਵਜੋਂ ਤਿੰਨ ਸੌ, ਮਾਈ ਭਾਈ ਨੇ ਅੰਮ੍ਰਿਤ ਛਕਿਆ, ਜਿਨ੍ਹਾਂ ਵਿਚ 18 ਹਿੰਦੂ ਵਿਅਕਤੀ ਸਿੰਘ ਸਜੇ।

ਕੇਸ ਬਿਨਾਂ ਸਿੱਖ ਅਧੂਰਾ:-

ਕਈ ਸੱਜਣ ਇਉਂ ਵੀ ਕਹਿੰਦੇ ਹਨ ਕਿ ਕੇਸਾਂ ਦਾ ਆਤਮਕ ਗੁਣਾਂ ਨਾਲ ਕੋਈ ਸਬੰਧ ਨਹੀਂ, ਜੇ ਕੇਸ ਨਾ ਹੋਣ ਤਾਂ ਵੀ ਸਿੱਖੀ ਵਿੱਚ ਕੋਈ ਫਰਕ ਨਹੀਂ ਪੈ ਸਕਦਾ।
ਇਸ ਦੇ ਉੱਤਰ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕਈ ਬਹੁ-ਗੁਣੀ ਅਰਥਾਤ ਬਹੁ-ਵਸਤਕ ਚੀਜ਼ਾਂ ਦੇ ਦੋ ਹੀ ਹਿੱਸੇ ਹੁੰਦੇ ਹਨ, ਮੁੱਖ ਅਤੇ ਗਉਣ। ਮੁੱਖ ਵਸਤੂ ਤੋਂ ਬਿਨਾਂ ਗਉਣ ਦੇ ਕੋਈ ਅਰਥ ਨਹੀਂ ਰਹਿੰਦੇ। ਇਸ ਖਿਆਲ ਦੀ ਪੁਸ਼ਟੀ ਲਈ ਇਥੇ ਕੇਵਲ ਦੋ ਉਦਾਹਰਣਾਂ ਦੇਂਦੇ ਹਾਂ:

(1) ਤੁਸੀਂ ਦਾਲ ਲੈਣ ਬਾਜ਼ਾਰ ਜਾਂਦੇ ਹੋ ਤੇ ਦੁਕਾਨਦਾਰ ਨੂੰ ਕਹਿੰਦੇ ਹੋ, ਭਾਈ! ਦਾਲ ਦੇਹ। ਜਦ ਉਹ ਦੇ ਦੇਂਦਾ ਹੈ ਤਾਂ ਘਰ ਆ ਕੇ ਘਰ ਵਾਲੀ ਨੂੰ ਕਹਿੰਦੇ ਹੋ, ਲਉ ਦਾਲ ਚਾੜ੍ਹੋ। ਜਦ ਦਾਲ ਤਿਆਰ ਹੋ ਜਾਂਦੀ ਹੈ ਤਾਂ ਤੁਸੀਂ ਰੋਟੀ ਖਾਂਦਿਆਂ ਮੰਗਦੇ ਹੋ, ਜੀ ਦਾਲ ਦਿਉ। ਇਥੇ ਵੇਖਣ ਵਾਲੀ ਗੱਲ ਹੈ ਕਿ ਬਾਜ਼ਾਰੋਂ ਆਈ ਦਾਲ ਪਾਣੀ ਵਿੱਚ ਪਾ ਕੇ ਧਰੀ ਗਈ, ਵਿੱਚ ਮਿਰਚ, ਲੂਣ, ਹਲਦੀ ਤੇ ਮਸਾਲੇ ਆਦਿ ਵੀ ਪਾ ਦਿੱਤੇ ਗਏ, ਪਰ ਉਸ ਦਾ ਨਾਮ ਫਿਰ ਵੀ ਦਾਲ ਹੀ ਰਿਹਾ। ਇਸ ਤਰ੍ਹਾਂ ਕੋਈ ਨਹੀਂ। ਕਹਿੰਦਾ ਕਿ ਜੀ! ਪਾਣੀ, ਮਿਰਚ, ਲੂਣ, ਮਸਾਲਾ ਤੇ ਦਾਲ ਦਿਓ। ਇਹ ਸਾਰੀਆਂ ਚੀਜ਼ਾਂ ਮਿਲ ਕੇ ਵੀ ਇਹ ਚੀਜ਼ ਦਾਲ ਹੀ ਅਖਵਾਉਂਦੀ ਹੈ, ਕਿਉਂਕਿ ਸਾਰੀਆਂ ਚੀਜ਼ਾਂ ਵਿਚ ਮੁੱਖ ਵਸਤੂ ਦਾਲ ਹੈ, ਪਰ ਜੇ ਉਹ ਨਾ ਹੋਵੇ ਤਾਂ ਬਾਕੀ ’ਕੱਠੀਆਂ
ਕਰ ਕੇ ਘੋਲੀਆਂ ਹੋਈਆਂ ਚੀਜ਼ਾਂ ਨੂੰ ਕੋਈ ਦਾਲ ਨਹੀਂ ਕਹਿੰਦਾ, ਇਸੇ ਲਈ ਕਿ ਉਹ ਗਉਣ ਵਸਤੂਆਂ ਹਨ।

(2) ਜੇ ਕਿਸੇ ਨੂੰ ਤੁਸੀਂ ਪ੍ਰਸ਼ਾਦਾ ਕਹੋ ਕਿ ਗੁਰਮੁਖ ਜੀ! ਤੁਸੀਂ ਰੋਟੀ ਮੇਰੇ ਘਰ ਖਾਣੀ, ਤਾਂ ਉਸ ਵੇਲੇ ਤੁਸੀਂ ਇਹ ਨਿਰਣਾ ਨਹੀਂ ਕਰਦੇ ਕਿ ਤੁਸਾਂ ਫੁਲਕਾ, ਦਾਲ, ਚੱਟਣੀ, ਅਚਾਰ, ਖੀਰ, ਸਾਗ ਅਤੇ ਆਲੂ ਆਦਿ ਮੇਰੇ ਘਰ ਖਾਣੇ, ਕਿਉਂਕਿ ਰੋਟੀ (ਮੁੱਖ ਵਸਤੂ) ਵਿੱਚ ਸਬਜ਼ੀਆਂ ਆਦਿ (ਗਉਣ ਵਸਤੂਆਂ) ਸਭ ਆ ਜਾਂਦੀਆਂ ਹਨ। ਜੇ ਤੁਸੀਂ ਜ਼ਿਆਦਾ ਚੀਜ਼ਾਂ ਨਹੀਂ ਬਣਾ ਸਕੇ ਜਾਂ ਰੋਟੀ ਨਾਲ ਕੇਵਲ ਲੂਣ, ਮਿਰਚ ਹੀ ਹੈ, ਤਾਂ ਵੀ ਇਹ ਕੋਈ ਨਹੀਂ ਕਹਿ ਸਕਦਾ ਕਿ ਇਹ ਰੋਟੀ ਨਹੀਂ। ਤੇ ਜੇ ਹੋਰ ਛੱਤੀ ਪ੍ਰਕਾਰ ਦੀਆਂ ਚੀਜ਼ਾਂ ਥਾਲ ਵਿੱਚ ਹੋਣ, ਕੇਵਲ ਫੁਲਕਾ (ਅੰਨ) ਨਾ ਹੋਵੇ ਤਾਂ ਉਸ ਨੂੰ ਕੋਈ ਨਹੀਂ ਕਹਿੰਦਾ ਕਿ ਇਹ ਰੋਟੀ ਹੈ, ਕਿਉਂਕਿ ਉਸ ਵਿਚ ‘ਰੋਟੀ’ ਦੀ ਮੁੱਖ ਵਸਤੂ ਅੰਨ ਨਹੀਂ ਹੁੰਦਾ।
ਇਸੇ ਤਰ੍ਹਾਂ ਸਿੱਖੀ ਦੀ ਵੀ ਮੁੱਖ ਰਹਿਤ ਕੇਸ ਹਨ। ਇਕ ਆਦਮੀ ਦੇ ਜੇ ਕੇਸ ਤੇ ਦਾੜ੍ਹਾ ਸਾਬਤ ਹੋਣ ਤਾਂ ਉਸ ਨੂੰ ਦੇਖ ਕੇ ਹਰ ਕੋਈ ਕਹਿੰਦਾ ਹੈ ਇਹ ਸਿੱਖ ਹੈ, ਭਾਵੇਂ ਉਸ ਦੇ ਕੇਸਾਂ ਵਿੱਚ ਕੰਘਾ, ਹੱਥ ਕੜਾ, ਤੇੜ ਕਛਹਿਰਾ ਅਤੇ ਗਲ ਕ੍ਰਿਪਾਨ ਹੋਵੇ ਜਾਂ ਨਾ। ਤੇ ਜੇ ਉਸ ਕੋਲ ਕੰਘਾ ਵੀ ਹੈ, ਹੱਥ ਕੜਾ, ਤੇੜ ਕਛਹਿਰਾ, ਅਥਵਾ ਗਲ ਕ੍ਰਿਪਾਨ ਵੀ ਪਹਿਨੀ ਹੋਈ ਹੈ, ਪਰ ਸਿਰ ‘ਤੇ ਕੇਸ ਨਹੀਂ ਰੱਖੇ ਹੋਏ ਤਾਂ ਉਸ ਨੂੰ ਵੇਖ ਕੇ ਕਦੀ ਕੋਈ ਨਹੀਂ ਕਹਿੰਦਾ ਕਿ ਇਹ ਸਿੱਖ ਹੈ। ਜਿਸ ਦਾ ਭਾਵ ਸਪੱਸ਼ਟ ਹੈ ਕਿ ਕੇਸਾਂ ਬਿਨ੍ਹਾਂ ਸਿੱਖ, ਪੂਰਨ ਸਿੱਖ ਨਹੀਂ ਅਖਵਾ ਸਕਦਾ। ਭਾਵੇਂ ਬਾਕੀ ਸਾਰੀਆਂ ਹੀ ਰਹਿਤਾਂ ਦਾ ਧਾਰਨੀ ਹੋਵੇ।

ਨਿਸ਼ਾਨੇ ਸਿੱਖੀ ਈਂ ਪੰਜ ਹਰਫ਼ ਕਾਫ਼॥
ਹਰਗਿਜ਼ ਨਾ ਬਾਸ਼ਦ ਈਂ ਪੰਜ ਮੁਆਫ਼॥
ਕੜਾ ਕਾਰਦੋ ਕੱਛ ਕੰਘਾ ਬਿਦਾਂ॥
ਬਿਨਾਂ ਕੇਸ ਹੇਚ ਅਸਤ ਜੁਮਲਾ ਨਿਸ਼ਾਂ॥
(ਰਹਿਤਨਾਮਾ)

ਭਾਵ : ਸਿੱਖੀ ਦੀ ਪਰਤੱਖ ਨਿਸ਼ਾਨੀ ਪੰਜ ਅੱਖਰ ਕੱਕੇ (ਕੇਸ, ਕੰਘਾ, ਕੜਾ, ਕ੍ਰਿਪਾਨ, ਕਛਹਿਰਾ) ਹਨ। ਇਨ੍ਹਾਂ ਤੋਂ ਬਿਨ੍ਹਾਂ ਸਿੱਖ, ਸਿੱਖ ਨਹੀਂ ਕਹਾ ਸਕਦਾ, ਤੇ ਜੇ ਇਨ੍ਹਾਂ ਵਿਚ ਮੁੱਖ ਕਕਾਰ ਕੇਸ ਨਾ ਹੋਣ ਤਾਂ ਦੂਜੇ ਚਾਰੇ ਕੱਕੇ ਮਜਮੂਈ ਤੌਰ ‘ਤੇ ਹੇਠ ਹਨ।

ਸੋ ਕੇਸ ਰੱਖੇ ਬਿਨਾਂ ਜੇ ਕੋਈ ਅੰਮ੍ਰਿਤ ਛਕਣ ਦੀ ਡੀਂਗ ਮਾਰੇ ਤਾਂ ਉਹ ਸਿੱਖ ਸਿੰਘ ਨਹੀਂ ਕਹਾ ਸਕਦਾ, ਹੁਕਮ ਹੈ :

ਦਿਜ, ਬਿਨ ਕੇਸ ਜੋ ਪਾਹੁਲ ਧਾਰੇ। ਤਿਸ ਪਾਖੰਡੀ ਦੂਰ ਨਿਵਾਰੇ।

ਗਿਆਨੀ ਊਧਮ ਸਿੰਘ