-ਡਾ. ਦਲਵਿੰਦਰ ਸਿੰਘ*
ਅੱਜਕਲ੍ਹ ਐਚ. ਐਮ. ਪੀ. ਵੀ. ਨਾਂ ਦੇ ਨਵੇਂ ਵਾਇਰਸ ਫੈਲ ਜਾਣ ਦਾ ਗੋਗਾ ਹੈ। ਇਸ ਨੂੰ ਕਰੋਨਾ ਵਾਂਗ ਹੀ ਚੀਨ ਤੋਂ ਹੀ ਫੈਲਦਾ ਦੱਸਿਆ ਗਿਆ ਹੈ। ਮਦਰਾਸ (ਚੈਨਈ) ਦੇ ਸ਼ਹਿਰ ਦੇ ਦੋ ਹਸਪਤਾਲਾਂ ਵਿਚ ਦੋ ਬੱਚਿਆਂ ਨੂੰ ਟੈਸਟ ਕਰਨ ਤੋਂ ਪਤਾ ਲੱਗਿਆ ਹੈ ਕਿ ਉਹ ਵੀ ਹਿਊਮਨ ਮੈਟਾ ਨਮੂਨੀਆਂ ਵਾਇਰਸ (ਐਚ.ਐਮ.ਪੀ.ਵੀ.) ਦਾ ਸ਼ਿਕਾਰ ਹਨ। ਜਿਸ ਕਰਕੇ ਪ੍ਰੈੱਸ ਟ੍ਰਸਟ ਆਫ ਇੰਡੀਆ (ਪੀਟੀਆਈ) ਅਨੁਸਾਰ ਸਿਹਤ ਵਿਭਾਗ ਵਿਚ ਵੱਡੇ ਪੱਧਰ ’ਤੇ ਮੀਟਿੰਗਾਂ ਹੋਈਆਂ ਜਿਨ੍ਹਾਂ ਵਿਚ ਇਸ ਵਾਇਰਸ ਦੀ ਰੋਕ-ਥਾਮ ਬਾਰੇ ਵਿਚਾਰਾਂ ਹੋਈਆਂ। ਕਰਨਾਟਕ ਵਿਚ ਵੀ ਦੋ ਕੇਸ ਅਤੇ ਗੁਜਰਾਤ ਵਿਚ ਇੱਕ ਕੇਸ ਹੋਣ ਦੀ ਇੰਡੀਅਨ ਕੌਸਲ ਅਤੇ ਮੈਡੀਕਲ ਰੀਸਰਚ (ਆਈ.ਸੀ.ਐਮ.ਆਰ.) ਨੇ ਪੁਸ਼ਟੀ ਕੀਤੀ ਹੈ। ਹਥਲਾ ਲੇਖ ਲਿਖਣ ਤਕ ਹਾਲੇ ਇਹ ਮੁੱਢਲੀਆਂ ਖ਼ਬਰਾਂ ਹਨ ਜੋ ਸਿਰਫ ਬੱਚਿਆਂ ਵਿਚ ਹੀ ਵੇਖੀਆਂ ਗਈਆਂ ਹਨ।
ਐਚ.ਐਮ.ਪੀ.ਵੀ. ਵਾਇਰਸ ਨਮੂਨੀਆਂ ਵਾਂਗ ਹੀ ਹੈ ਜਿਸ ਨਾਲ ਸਾਹ ਲੈਣਾ ਬੁਰੀ ਤਰ੍ਹਾ ਪ੍ਰਭਾਵਿਤ ਹੁੰਦਾ ਹੈ। ਇਹ ਇਕ ਵਾਇਰਲ ਜਰਾਸੀਮ ਹੈ ਜੋ ਹਰ ਉਮਰ ਸਮੂਹ ਦੇ ਲੋਕਾਂ ਵਿਚ ਸਾਹ ਦੀ ਲਾਗ ਦੇ ਕਾਰਨ ਬਣਦਾ ਤੇ ਫੈਲਦਾ ਹੈ। ਇਹ ਵਾਇਰਸ ਪਹਿਲੀ ਵਾਰ 2001 ਈ. ਵਿਚ ਖੋਜਿਆ ਗਿਆ ਸੀ , ਜੋ ਪੈਰਾ-ਮਾਈਕਸੋ-ਵਾਇਰੀਡੇ ਪਰਵਾਰ ਨਾਲ ਸੰਬੰਧਿਤ ਹੈ ਅਤੇ ਸਾਹ ਦੀਆਂ ਬਿਮਾਰੀਆਂ (ਰੈਸਪੀਰੇਟਰੀ ਸਿੰਸੀਟੀਅਲ ਵਾਇਰਸ: ਆਰ.ਐਸ.ਵੀ.) ਨਾਲ ਨੇੜਿਓਂ ਸੰਬੰਧਿਤ ਹੈ।
ਐਚ.ਐਮ.ਪੀ.ਵੀ. ਖੰਘਣ, ਛਿੱਕ ਮਾਰਨ ਜਾਂ ਸਾਹ ਵਿਚ ਥੁੱਕ ਦੀਆਂ ਬੂੰਦਾਂ ਰਾਹੀਂ ਫੈਲਦਾ ਹੈ। ਜੋ ਇਸ ਬਿਮਾਰੀ ਦੇ ਪਹਿਲਾਂ ਹੀ ਮਰੀਜ਼ ਹੋਣ ਉਨ੍ਹਾਂ ਨਾਲ ਨੇੜਤਾ ਹੋਣ ’ਤੇ ਵੀ ਫੈਲਦਾ ਹੈ ਅਤੇ ਜਿਨ੍ਹਾਂ ਵਸਤਾਂ-ਪਦਾਰਥਾਂ ਉੱਤੇ ਖੰਘ, ਥੁੱਕ, ਛਿੱਕ ਜਾਂ ਛੂਹਣ ਕਰਕੇ ਦੂਸ਼ਿਤ ਸਤਹਾਂ ਨੂੰ ਛੂਹਣ ਜਾਂ ਸਿੱਧੇ ਸੰਪਰਕ ਵਿਚ ਆਉਣ ਨਾਲ ਵੀ ਫੈਲਦਾ ਹੈ। ਇਹ ਵਾਇਰਸ ਹਲਕੀ ਸਾਹ ਦੀ ਬੇਅਰਾਮੀ ਤੋਂ ਲੈ ਕੇ ਗੰਭੀਰ ਬਿਮਾਰੀਆਂ ਦਾ ਕਾਰਨ ਵਜੋਂ ਜਾਣਿਆ ਜਾਂਦਾ ਹੈ, ਖਾਸ ਤੌਰ ’ਤੇ ਬੱਚਿਆਂ, ਬਜ਼ੁਰਗਾਂ ਬਿਮਾਰਾਂ ਜਾਂ ਮਾੜੀ ਸਿਹਤ ਵਾਲੇ ਮਨੁੱਖਾਂ ਵਿਚ। ਇਹ ਵਾਇਰਸ ਵਿਸ਼ਵਵਿਆਪੀ ਹੋ ਰਿਹਾ ਹੈ ਜੋ ਸਰਦੀਆਂ ਦੇ ਅਖੀਰ ਅਤੇ ਠੰਢੇ ਖੇਤਰਾਂ ਵਿਚ ਬਸੰਤ ਰੁੱਤ ਦੇ ਸ਼ੁਰੂ ਵਿਚ ਸਿਖਰ ’ਤੇ ਹੁੰਦਾ ਹੈ, ਹਾਲਾਂਕਿ ਇਹ ਕੁਝ ਖੇਤਰਾਂ ਵਿਚ ਸਾਲ ਭਰ ਅਸਰ ਕਰਦਾ ਰਹਿੰਦਾ ਹੈ।
ਐਚ. ਐਮ. ਪੀ. ਵੀ. ਦੇ ਲੱਛਣ
ਐਚ. ਐਮ. ਪੀ. ਵੀ. ਦੇ ਲੱਛਣ ਵਿਅਕਤੀ ਦੀ ਉਮਰ, ਆਮ ਸਿਹਤ ਅਤੇ ਤੰਦਰੁਸਤੀ ਦੇ ਆਧਾਰ ’ਤੇ ਵੱਖ-ਵੱਖ ਹੁੰਦੇ ਹਨ। ਆਮ ਤੌਰ ’ਤੇ ਇਸ ਦਾ ਮੁੱਢ ਵਗਦੇ ਨੱਕ, ਗਲੇ ਵਿਚ ਖਰਾਸ਼, ਖੰਘ ਅਤੇ ਬੁਖਾਰ ਦੇ ਨਾਲ ਹੁੰਦਾ ਹੈ, ਜੋ ਇੱਕ ਆਮ ਜ਼ੁਕਾਮ ਵਰਗੇ ਹੁੰਦੇ ਹਨ। ਦਰਮਿਆਨੇ ਲੱਛਣਾਂ ਵਿਚ ਲਗਾਤਾਰ ਖੰਘ, ਗਲ ਵਿਚ ਘਰਰ-ਘਰਰ ਅਤੇ ਥਕਾਵਟ ਸ਼ਾਮਲ ਹੋ ਸਕਦੇ ਹਨ। ਗੰਭੀਰ ਮਾਮਲਿਆਂ ਵਿਚ, ਖਾਸ ਤੌਰ ’ਤੇ ਨਿਆਣਿਆਂ, ਬਜ਼ੁਰਗਾਂ ਅਤੇ ਪੁਰਾਣੀਆਂ ਬਿਮਾਰੀਆਂ ਵਾਲੇ ਲੋਕਾਂ ਵਿਚ, ਬ੍ਰੌਨਕਾਈਟਿਸ (ਸਾਹ ਦੀ ਬਿਮਾਰੀ) , ਬ੍ਰੌਨਕਾਈਲਾਈਟਿਸ (ਇੱਕ ਵਾਇਰਲ ਸਾਹ ਦੀ ਲਾਗ ਹੈ ਜੋ ਮੁੱਖ ਤੌਰ ’ਤੇ ਨਿਆਣਿਆਂ ਅਤੇ ਛੋਟੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਫੇਫੜਿਆਂ ਦੀਆਂ ਛੋਟੀਆਂ ਸਾਹ ਨਾਲੀਆਂ ਵਿਚ ਸੋਜ ਹੁੰਦੀ ਹੈ ਜਿਸ ਨੂੰ ਬ੍ਰੌਨਚਿਓਲਜ਼ ਕਿਹਾ ਜਾਂਦਾ ਹੈ।) ਇਹ ਆਮ ਤੌਰ ’ਤੇ ਰੈਸਪੀਰੇਟਰੀ ਸਿੰਸੀਟੀਅਲ ਵਾਇਰਸ ਦੇ ਕਾਰਨ ਹੁੰਦਾ ਹੈ ਜਾਂ ਨਿਮੋਨੀਆ ਵਰਗੀਆਂ ਪੇਚੀਦਗੀਆਂ ਪੈਦਾ ਕਰ ਸਕਦਾ ਹੈ। ਬਲਗਮ ਦਾ ਬਣਨਾ ਵੀ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ।
ਸਾਹ ਸੰਬੰਧੀ ਗੰਭੀਰ ਬੀਮਾਰੀ ਆਰ. ਐਸ. ਵੀ. ਵੀ. ਹੋ ਸਕਦੀ ਹੈ ਜਿਸ ਲਈ ਹਸਪਤਾਲ ਵਿਚ ਭਰਤੀ ਦੀ ਲੋੜ ਹੁੰਦੀ ਹੈ। ਇਹ ਗੰਭੀਰ ਬਿਮਾਰੀਆਂ ਸਮੇਂ ਸਿਰ ਇਲਾਜ ਨਾ ਕੀਤੇ ਜਾਣ ’ਤੇ ਹੋਰ ਵਧਦੀਆਂ ਹਨ ਤੇ ਫਿਰ ਬੇਕਾਬੂ ਵੀ ਹੋ ਜਾਂਦੀਆਂ ਹਨ। ਹਥਲੇ ਮਜ਼ਮੂਨ ਦੇ ਲੇਖਕ ਨੂੰ ਵੀ ਇਨ੍ਹਾਂ ਲੱਛਣਾਂ ਕਾਰਨ ਇਸ ਸਰਦੀ ਵਿਚ ਸਿਹਤ ਨਾਲ ਜੂਝਣਾ ਪਿਆ ਹੈ ਜਿਸ ਕਰਕੇ ਅਪਣੇ ਤਜਰਬੇ ਵੀ ਸਾਂਝੇ ਕਰਨੇ ਜ਼ਰੂਰੀ ਸਮਝੇ ਹਨ।
ਫੈਲਾਅ ਅਤੇ ਰੋਕਥਾਮ
ਐਚ. ਐਮ. ਪੀ. ਵੀ. ਹੋਰ ਸਾਹ ਸੰਬੰਧੀ ਵਾਇਰਸਾਂ ਜਿਵੇਂ ਕਿ ਆਈ. ਐਸ. ਵੀ. ਅਤੇ ਫਲੂ ਦੇ ਤਰੀਕਿਆਂ ਵਾਂਗ ਫੈਲਦਾ ਹੈ। ਫੈਲਾਅ ਮੁੱਖ ਤੌਰ ’ਤੇ ਇਸ ਰੋਗ ਦੇ ਬਿਮਾਰ ਵਿਅਕਤੀਆਂ ਤੋਂ ਸਾਹ ਵਿਚ ਥੁੱਕ, ਛਿੱਕਾਂ ਜਾਂ ਖੰਘ ਦੇ ਨਾਲ ਜਾਂ ਦੂਸ਼ਿਤ ਸਤਹਾਂ ਦੇ ਸੰਪਰਕ ਰਾਹੀਂ ਹੁੰਦਾ ਹੈ। ਐਚ. ਐਮ. ਪੀ. ਵੀ. ਦੇ ਫੈਲਣ ਨੂੰ ਰੋਕਣ ਲਈ, ਹੱਥਾਂ ਦੀ ਚੰਗੀ ਸਫਾਈ ਦਾ ਅਭਿਆਸ ਕਰਨਾ ਜ਼ਰੂਰੀ ਹੈ, ਜਿਸ ਵਿਚ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਣੇ ਸ਼ਾਮਲ ਹਨ। ਬਲਗਮ ਨੂੰ ਕਿਸੇ ਲਿਫਾਫੇ ਵਿਚ ਜਾਂ ਬਰਤਨ ਵਿਚ ਕਰਕੇ ਲਗਾਤਾਰ ਸਾਫ ਰੱਖਣਾ ਚਾਹੀਦਾ ਹੈ। ਉਬਲਦੇ ਪਾਣੀ ਦੀ ਭਾਫ ਲੈਣੀ, ਗਰਾਰੇ ਕਰਨੇ ਅਤੇ ਗਰਮ ਭੋਜਣ ਖਾਣਾ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ ਜਿਸ ਨਾਲ ਬਲਗਮ ਪਿਘਲਦੀ ਰਹਿੰਦੀ ਹੈ ਕਿਉਂਕਿ ਜੰਮੀ ਬਲਗਮ ਬਹੁਤ ਤੰਗ ਕਰਦੀ ਹੈ। ਕੋਈ ਵੀ ਠੰਢੀ ਵਸਤ ਜਾਂ ਦੁੱਧ ਤੋਂ ਬਣੀ ਵਸਤ ਤੋਂ ਉੱਕਾ ਹੀ ਪ੍ਰਹੇਜ਼ ਕਰਨਾ ਚਾਹੀਦਾ ਹੈ।
ਰੋਗੀ ਨੂੰ ਇਸ ਦੇ ਫੈਲਾਅ ਨੂੰ ਰੋਕਣ ਲਈ ਸ਼ਿਸ਼ਟਾਚਾਰ ਵੱਸ ਛਿੱਕ ਜਾਂ ਖੰਘਣ ਵੇਲੇ ਮੂੰਹ ਅਤੇ ਨੱਕ ਨੂੰ ਢੱਕਣਾ ਅਤੇ ਮਾਸਕ ਪਹਿਨਣਾ, ਜ਼ਰੂਰੀ ਸਮਝਣਾ ਚਾਹੀਦਾ ਹੈ। ਦੂਸਰਿਆਂ ਨੂੰ ਰੋਗੀ ਦੇ ਨਜ਼ਦੀਕੀ ਸੰਪਰਕ ਤੋਂ ਬਚਣਾ ਅਤੇ ਅਕਸਰ ਉਸਦੀਆਂ ਛੂਹੀਆਂ ਵਸਤਾਂ ਨੂੰ ਨਿਯਮਿਤ ਤੌਰ ’ਤੇ ਰੋਗਾਣੂ ਮੁਕਤ ਕਰਨਾ ਵੀ ਰੋਕਥਾਮ ਦੇ ਉਪਾਵਾਂ ਵਿਚ ਸ਼ਾਮਿਲ ਹੈ। ਇਹ ਸਭ ਉਸੇ ਤਰ੍ਹਾਂ ਹੀ ਹੈ ਜੋ ਅਸੀਂ ਕਰੋਨਾ ਦੇ ਦਿਨੀਂ ਉਪਾਅ ਕੀਤਾ ਕਰਦੇ ਸਾਂ।
ਐਚ. ਐਮ. ਪੀ. ਵੀ. ਕਿੰਨਾ ਚਿਰ ਰਹਿੰਦਾ ਹੈ?
ਐਚ. ਐਮ. ਪੀ. ਵੀ. ਦੇ ਹਲਕੇ ਅਸਰ ਆਮ ਤੌਰ ’ਤੇ ਕੁਝ ਦਿਨਾਂ ਤੋਂ ਇੱਕ ਹਫ਼ਤੇ ਤਕ ਰਹਿੰਦੇ ਹਨ। ਗੰਭੀਰ ਮਾਮਲਿਆਂ ਵਿਚ, ਬਿਹਤਰ ਮਹਿਸੂਸ ਕਰਨ ਵਿਚ ਸ਼ਾਇਦ ਜ਼ਿਆਦਾ ਸਮਾਂ ਲੱਗੇਗਾ। ਹਾਲਾਂਕਿ, ਖੰਘ ਵਰਗੇ ਲੰਮੇ ਲੱਛਣਾਂ ਨੂੰ ਦੂਰ ਹੋਣ ਵਿਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਜਦ ਬਲਗਮ ਬਣਨ ਲੱਗ ਜਾਵੇ ਤਾਂ ਬਹੁਤ ਲੰਮਾ ਵੀ ਹੋ ਸਕਦਾ ਹੈ। ਕਈ ਵਾਰ ਖੰਘਦਿਆਂ ਦੀਆਂ ਵੱਖੀਆਂ ਵੀ ਪੱਕ ਜਾਂਦੀਆਂ ਹਨ ਤੇ ਸਾਹ ਵਿੱਚ ਵੀ ਤਕਲੀਫ ਹੁੰਦੀ ਹੈ।
ਐਚ. ਐਮ. ਪੀ. ਵੀ. ਦਾ ਉਪਚਾਰ
ਸਿਰਫ਼ ਲੱਛਣਾਂ ਦੇ ਆਧਾਰ ’ਤੇ ਐਚ ਐਮ ਪੀ ਵੀ ਦਾ ਉਪਚਾਰ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ, ਕਿਉਂਕਿ ਇਹ ਫਲੂ ਵਰਗੇ ਹੋਰ ਸਾਹ ਦੀਆਂ ਲਾਗਾਂ ਵਰਗਾ ਹੀ ਹੁੰਦਾ ਹੈ। ਭਾਰਤ ਵਿਚ, ਨਿਗਰਾਨੀ ਪ੍ਰੋਗਰਾਮ ਜਿਵੇਂ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ ਅਤੇ ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਗਰਾਮ ਸਾਹ ਦੀਆਂ ਬਿਮਾਰੀਆਂ ਦੀ ਨਿਗਰਾਨੀ ਅਤੇ ਨਿਯੰਤਰਣ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਐਚ. ਐਮ. ਪੀ. ਵੀ. ਸਮੇਤ, ਸਾਹ ਸੰਬੰਧੀ ਵਾਇਰਸਾਂ ਲਈ ਨਿਯਮਿਤ ਤੌਰ ‘ਤੇ ਟੈਸਟ ਕਰਦੇ ਹਨ। ਸਰਕਾਰ ਨੇ ਆਪਣੇ ਸਿਹਤ ਬੁਨਿਆਦੀ ਢਾਂਚੇ ਅਤੇ ਨਿਗਰਾਨੀ ਨੈਟਵਰਕ ਦੀ ਮਜ਼ਬੂਤੀ ’ਤੇ ਜ਼ੋਰ ਦਿੱਤਾ ਹੈ, ਜੋ ਉਭਰ ਰਹੇ ਖ਼ਤਰਿਆਂ ਦਾ ਪਤਾ ਲਗਾਉਣ ਅਤੇ ਜਵਾਬ ਦੇਣ ਲਈ ਚੌਕਸ ਰਹਿੰਦੇ ਹਨ।
ਵਿਸ਼ਵ ਅਤੇ ਰਾਸ਼ਟਰੀ ਪੱਧਰ ਤੇ ਨਿਗਰਾਨੀ
ਐਚ. ਐਮ. ਪੀ. ਵੀ. ਕੋਈ ਨਵਾਂ ਜਰਾਸੀਮ ਨਹੀਂ ਹੈ ਅਤੇ ਇਸ ਦੇ ਮਾਮਲੇ ਦੁਨੀਆ ਭਰ ਵਿੱਚ ਰਿਪੋਰਟ ਕੀਤੇ ਗਏ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਇਨ੍ਹਾਂ ਸਾਹ ਨਾਲ ਸੰਬੰਧਿਤ ਸਾਰੀਆਂ ਬਿਮਾਈਆਂ ਅਤੇ ਵਾਇਰਸਾਂ ਉੱਤੇ ਲਗਾਤਾਰ ਨਿਗਾਹ ਰੱਖਦੀ ਹੈ ਅਤੇ ਲੋੜੀਂਦੀ ਖੋਜ ਕਰਵਾਉਂਦੀ ਹੇ ਅਤੇ ਸਮੇਂ-ਸਮੇਂ ਸਿਰ ਹਿਦਾਇਤਾਂ ਦਿੰਦੀ ਰਹਿੰਦੀ ਹੈ ਜੋ ਇੰਟਰਨੈਟ ’ਤੇ ਉਪਲਬਧ ਹੁੰਦੀਆਂ ਹਨ।
ਐਚ. ਐਮ. ਪੀ. ਵੀ. ਅਤੇ ਕੋਵਿਡ-19 ਵਿਚਕਾਰ ਸਮਾਨਤਾਵਾਂ ਅਤੇ ਅੰਤਰ
ਐਚ. ਐਮ. ਪੀ. ਵੀ., ਕੋਵਿਡ-19 ਅਤੇ ਸਾਰਸ-ਕੋਵਿਡ-2 ਵਾਇਰਸ ਸਾਹ ਦੇ ਰੋਗਾਣੂ ਹਨ ਪਰ ਉਹ ਆਪਣੇ ਵਾਇਰੋਲੋਜੀ, ਪ੍ਰਸਾਰਣ ਗਤੀਸ਼ੀਲਤਾ ਅਤੇ ਜਨਤਕ ਸਿਹਤ ਦੇ ਪ੍ਰਭਾਵਾਂ ਵਿਚ ਮਹੱਤਵਪੂਰਨ ਤੌਰ ’ਤੇ ਵੱਖਰੇ ਹਨ।
ਸਮਾਨਤਾਵਾਂ ਵਿਚ ਥੁੱਕ, ਖੰਘ, ਛਿੱਕ ਆਦਿ ਸਿੱਧੇ ਸੰਪਰਕ ਅਤੇ ਦੂਸ਼ਿਤ ਸਤਹਾਂ ਰਾਹੀਂ ਫੈਲਣ ਦੇ ਉਨ੍ਹਾਂ ਦੇ ਪ੍ਰਸਾਰਣ ਦੇ ਢੰਗ ਸ਼ਾਮਲ ਹਨ। ਦੋਵੇਂ ਹਲਕੇ ਤੋਂ ਗੰਭੀਰ ਸਾਹ ਸੰਬੰਧੀ ਲੱਛਣਾਂ ਦਾ ਕਾਰਨ ਬਣ ਸਕਦੇ ਹਨ ਜਿਵੇਂ ਕਿ ਖੰਘ, ਬੁਖਾਰ ਅਤੇ ਸਾਹ ਦੀ ਤਕਲੀਫ਼, ਅਤੇ ਇਹ ਖਾਸ ਤੌਰ ’ਤੇ ਕਮਜ਼ੋਰ ਤੇ ਬਿਮਾਰ ਰੋਗੀਆਂ ਲਈ ਖ਼ਤਰਨਾਕ ਹਨ, ਜਿਨ੍ਹਾਂ ਵਿਚ ਬੱਚਿਆਂ, ਬਜ਼ੁਰਗ ਬਾਲਗਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਸ਼ਾਮਲ ਹਨ।
ਅੰਤਰ ਉਨ੍ਹਾਂ ਦੇ ਅੰਤਰੀਵ ਵਾਇਰਸਾਂ ਵਿਚ ਹੁੰਦੇ ਹਨ ਕੋਵਿਡ-19 ਵਿਚ ਲੱਛਣਾਂ ਦਾ ਇੱਕ ਵਿਸ਼ਾਲ ਘੇਰਾ ਹੁੰਦਾ ਹੈ, ਜਿਸ ਵਿਚ ਸਵਾਦ ਅਤੇ ਗੰਧ ਦਾ ਘਾਟਾ ਅਤੇ ਖ਼ੂਨ ਦੇ ਦੱਥੇ ਅਤੇ ਬਹੁ-ਅੰਗਾਂ ਦੀ ਅਸਫਲਤਾ ਵਰਗੀਆਂ ਪ੍ਰਣਾਲੀਗਤ ਜਟਿਲਤਾਵਾਂ ਦੀ ਉੱਚ ਸੰਭਾਵਨਾ ਸ਼ਾਮਲ ਹੁੰਦੀ ਹੈ।
ਕੋਵਿਡ-19 ਲਈ ਟੀਕੇ ਅਤੇ ਐਂਟੀਵਾਇਰਲ ਇਲਾਜ ਉਪਲਬਧ ਹਨ ਜਦੋਂ ਕਿ ਐਚ. ਐਮ. ਪੀ. ਵੀ., ਸਹਾਇਕ ਦੇਖਭਾਲ ਅਤੇ ਯੋਗ ਪ੍ਰਬੰਧ ਤਕ ਹੀ ਸੀਮਿਤ ਹੈ ਜਿਸ ਵਿਚ ਵਰਤਮਾਨ ਵਿਚ ਕੋਈ ਖਾਸ ਐਂਟੀਵਾਇਰਲ ਜਾਂ ਵੈਕਸੀਨ ਨਹੀਂ ਮਿਲਦੇ।
* #1925 ਬਸੰਤ ਐਵੀਨਿਊ, ਲੁਧਿਆਣਾ-141013; ਮੋ. 98153-66726