(ਦਸਮ ਪਾਤਸ਼ਾਹ ਦਾ 350- ਸਾਲਾ ਗੁਰਿਆਈ ਦਿਵਸ ਲੜੀ:1)
ਮਹਿਰੋਲੀ ਨੇੜੇ ਇਕ ਮਸੀਤ ਦੀ ਮਹਿਰਾਬ ‘ਤੇ ਹਜ਼ਰਤ ਮੁਹੰਮਦ ਸਾਹਿਬ ਦਾ ਮੁਹਾਂਦਰਾ ਤੇ ਨੈਨ ਨਕਸ਼ ਕਿਸੇ ਅੰਕਿਤ ਕੀਤੇ ਹੋਏ ਹਨ। ਪਰ ਵੱਡੀ ਹੈਰਾਨੀ ਇਹ ਹੈ ਕਿ ਪਹਿਲਾਂ ਬਿਸਮ-ਅਲਾਹ ਤਕ ਨਹੀਂ ਲਿਖਿਆ। ਇੰਜ ਲਗਦਾ ਹੈ ਕਿ ਕਿਸੇ ਯਾਦਦਾਸ਼ਤ ਲਈ ਉਕਰਿਆ ਤਾਂ ਕਿ ਮੁਹੰਮਦ ਸਾਹਿਬ ਦੀ ਸੂਰਤ ਸਾਂਭੀ ਰਵੇ । ਉਥੇ ਨੈਨ ਨਕਸ਼ ਇਸ ਤਰ੍ਹਾਂ ਦਰਸਾਏ ਹਨ : ਹਜ਼ਰਤ ਮੁਸਤਫ਼ਾ ਦਾ ਰੰਗ ਗੰਦਮੀ ਹੈ, ਚੌੜਾ ਮੱਥਾ ਹੈ। ਭਰਵੱਟੇ ਹਲਕੇ ਤੇ ਪਲਕਾਂ ਚੌੜੀਆਂ ਹਨ. ਜੁੱਸਾ ਮਜ਼ਬੂਤ, ਤਿੱਖਾ ਨੱਕ, ਕਾਲੀਆਂ ਚਮਕਦਾਰ ਅੱਖਾਂ, ਸਲੂਣੀ ਤੱਕਣੀ, ਲੰਮਾ ਦਾਹੜਾ, ਦੰਦਾਂ ਦਾ ਬੀੜ ਮੋਤੀਆਂ ਵਰਗਾ, ਲੰਮੀਆਂ ਬਾਹਵਾਂ ਜੋ ਗੋਡਿਆਂ ਤਕ ਜਾ ਪੁਜਦੀਆਂ ਹਨ. ਉਂਗਲੀਆਂ ਦੇ ਪੋਟੇ ਪਤਲੇ, ਜਿਸਮ ‘ਤੇ ਕੋਈ ਵਾਲ ਨਹੀਂ, ਸਿਰਫ਼ ਛਾਤੀ ਤੇ ਪੇਟ ਵਿਚਕਾਰ ਹਨ।
ਉਸੇ ਵੇਲੇ ਮੈਨੂੰ ਖ਼ਿਆਲ ਆਇਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਖ਼ਸੀਅਤ ਬਾਰੇ ਤਾਂ ਸਾਧੂ ਟੀ. ਐਲ. ਵਾਸਵਾਨੀ ਤੋਂ ਅੱਛਾ ਬਿਆਨ ਕਰਨਾ ਮੁਸ਼ਕਿਲ ਹੈ ਜਿਸ ਲਿਖਿਆ: ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਸਤਰੰਗੀ ਪੀਂਘ ਸਮਾਨ ਹੈ। ਉਨ੍ਹਾਂ ਵਿਚੋਂ ਇਕੋ ਵੇਲੇ ਗੁਰੂ ਨਾਨਕ ਦੇਵ ਜੀ ਦੀ ਮਿਠਤ ਨੀਵੀਂ (ਹਨੀਡ ਹਯੂਮਿਲਿਟੀ), ਈਸਾ ਜੀ ਵਾਲੀ ਤਰਸ ਭਰੀ ਤੱਕਣੀ (ਲੈਂਬ ਲਾਈਕ ਵਰਚਯੂ), ਬੁੱਧ ਜੀ ਵਾਲਾ ਆਤਮ ਗਯਾਨ (ਵਿਜ਼ਡਮ), ਹਜ਼ਰਤ ਮੁਹੰਮਦ ਸਾਹਿਬ ਵਾਲਾ ਡੁੱਲ੍ਹ-ਡੁੱਲ੍ਹ ਪੈਂਦਾ ਜੋਸ਼ (ਬਬਲਿੰਗ ਐਨਰਜੀ), ਕ੍ਰਿਸ਼ਨ ਜੀ ਵਾਲਾ ਸੂਰਜਵਤ ਭਖਦਾ ਜਲੋ (ਸਨ ਕਿਸਡ ਗਲੋਰੀ), ਰਾਮ ਜੀ ਵਾਂਗ ਮਰਯਾਦਾ ਪ੍ਰਸ਼ੋਤਮ ਤੇ ਸ਼ਾਹਾਂ ਵਾਲੀ ਸ਼ਾਨ ਦੇਖੀ ਜਾ ਸਕਦੀ ਹੈ। ਸੱਚੀ ਗੱਲ ਇਹ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ‘ਤੇ ਬੈਠੇ ‘ਜੋਤਿ ਰੂਪ ਹਰਿ ਆਪ’, ਜੰਗ ਵਿਚ ਨਿਰਭੈ ਯੋਧੇ, ਤਖ਼ਤ ‘ਤੇ ਬੈਠੇ ਸੱਚੇ ਪਾਤਸ਼ਾਹ ਤੇ ਸੰਗਤਾਂ ਵਿਚ ਵਿਚਰਦੇ ਇਕ ਦਰਵੇਸ਼ ਲੱਗਦੇ ਸਨ। ਪਰ ਚਿਤ ਸੁਭਾਵਕ ਪੁੱਛਦਾ ਹੈ ਕਿ ਐਸੇ ਸਾਹਿਬ-ਏ-ਕਮਾਲ ਦੀ ਨੁਹਾਰ ਕੀ ਸੀ ਜਿਸ ਦੀ ਮਿਕਨਾਤੀਸੀ ਕਸ਼ਿਸ਼ ਹਰ ਇਕ ਨੂੰ ਆਪਣੇ ਵੱਲ ਖਿੱਚੀ ਟੁਰੀ ਜਾਂਦੀ ਸੀ। ਮੇਰਾ ਖ਼ਿਆਲ ਹੈ ਕਿ ਮਹਾਂਕਵੀ ਸੰਤੋਖ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨੁਹਾਰ ਜੇ ਸੂਰਜ ਪ੍ਰਕਾਸ਼ ਦੀ ਰਾਸ ਪਹਿਲੀ ਤੇ ਅੰਸ਼ੂ ਉਨੀਵੀਂ ਵਿਚ ਦਿੱਤੀ ਹੈ ਉਹ ਬਹੁਤ ਹਦ ਤਕ ਢੁੱਕਵੀਂ ਹੈ :
ਸੂਰਜ ਪ੍ਰਕਾਸ਼ ਦਾ ਕਹਿਣਾ ਹੈ ਕਿ ਦਸਮ ਪਿਤਾ ਦਾ ਸਰੀਰ ਗਠਵਾਂ ਚਰਨ ਲਾਲ ਪੱਕੇ, ਪੈਰਾ ਦੀ ਪਿੱਠ ਉੱਚੀ ਪਰ ਕੋਮਲ। ਤਲੀਆਂ ਨੀਵੀਆਂ :
ਉਂਗਲੀਆਂ ਮਿਲੀਆਂ ਹੋਈਆਂ
“ਤਰੁਣਾ ਬਿਰਛ ਤੇ ਉਰਧ ਐਸੇ। ਕਮਰ ਪੀਠ ਹੋਇ ਕੋਮਲ ਜੈਸੇ”। ਗਿੱਟੇ ਗੋਡੇ ਮਜ਼ਬੂਤ ਤ੍ਰੈ ਵਲਾਂ ਵਾਲਾ ਪੇਟ
ਬਾਹਵਾਂ ਲੰਮੀਆਂ ਪਰ ਸਿੱਧੀਆਂ,
ਡੋਲੇ ਬਜਰ, ਛਾਤੀ ਚੌੜੀ ਪਰ ਤਕੜੀ
ਮੋਢੇ ਉੱਚੇ ਪਰ ਬਹੁਤ ਸੁੰਦਰ
ਠੋਡੀ, ਨਵੇਂ ਅੰਬ ਵਾਂਗ
ਦੰਦ ਗੁਲੀਆਂ ਦੇ ਡੱਬੇ ਵਿਚ ਫੁੱਲਾਂ ਦੀਆਂ ਕਲੀਆਂ ਭਾਸਦੇ ਹਨ।
ਗੱਲ੍ਹਾਂ ਇਤਨੀਆਂ ਖੂਬਸੂਰਤ ਹਨ ਕਿ ਕਾਮਦੇਵ ਦੇ ਸ਼ੀਸ਼ੇ ਭਾਸਦੇ ਹਨ।
ਮੁੱਖੜਾ ਪੂਰਨਮਾਸ਼ੀ ਵਾਂਗ ਚਮਕਦਾ ਹੈ ਪਰ ਇਸ ਵਿਚ ਵਾਧਾ ਹੈ ਕਿ ਇਹ ਚੰਨ ਵਾਂਗੂੰ ਵਧਦਾ ਘਟਦਾ ਨਹੀਂ। ਇਕ ਰਸ ਚਾਨਣ ਖਿਲੇਰਦਾ ਰਹਿੰਦਾ ਹੈ। ਦੇਖਣ ਵਾਲੇ ਨੂੰ ਠੰਢਕ ਮਿਲਦੀ ਹੈ।
ਬੋਲਦੇ ਹਨ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਹਿਰਦੇ ਥਲ ਤੇ ਲਗਾਤਾਰ ਕਣੀਆਂ ਪੈ ਰਹੀਆਂ ਹੋਣ। ਸਖ਼ਤ ਧਰਤੀ ‘ਤੇ ਜਦ ਬੱਦਲ ਪੈਂਦਾ ਹੈ ਤੇ ਜੋ ਧੁਨੀ ਨਿਕਲਦੀ ਹੈ, ਉਹ ਆਵਾਜ਼ ਬੋਲਾਂ ਦੀ ਹੈ। (ਮਧੁਰ ਘਨ ਧੁਨਿ ਸ਼ੁਭ ਬਾਨੀ) ਹਰ ਸ਼ਬਦ ਆਪ ਜੀ ਦਾ ਗੰਭੀਰ ਹੁੰਦਾ ਹੈ। ਅੱਖੀਆਂ ਵੱਡੀਆਂ, ਜਿਨ੍ਹਾਂ ਦੀ ਤੱਕਣੀ ਤਿੱਖੀ ਹੈ ਪਰ ਕਰੁਣਾ ਭਰੀ। ‘ਕਰੁਣਾ ਭਰੇ ਕਟਾਛ ਛਬੀਲੇ । ਅੱਖਾਂ ਘੁੰਮਦੀਆਂ ਇਤਨੀਆਂ ਸੁਹਣੀਆਂ ਲੱਗਦੀਆਂ ਹਨ ਜਿਵੇਂ ਮੱਛੀਆਂ ਜਲ ਵਿਚ ਅਠਖੇਲੀਆਂ ਕਰਦੀਆਂ ਹੋਣ। ਜਿਸ ਪਾਸੇ ਗੁਰੂ ਜੀ ਦ੍ਰਿਸ਼ਟੀ ਪਾਂਦੇ ਹਨ ਉਹ ਉਸੇ ਦਾ ਹੋ ਜਾਂਦਾ ਹੈ।
ਭਰਵੱਟੇ ਕਮਾਨ ਵਾਂਗ ਹਨ ਤੇ ਪਲਕਾਂ ਦਾ ਖੁਲ੍ਹਣਾ ਬੰਦ ਹੋਣਾ ਵਜਦ ਤਾਰੀ ਕਰ ਦੇਂਦਾ ਹੈ। ਸੁੰਦਰ ਕਾਲੇ ਕੇਸਾਂ ਤੇ ਦਸਤਾਰ ਖੂਬ ਸਜ ਰਹੀ ਹੈ :
“ਮੇਚਕ ਚਿਕਨ, ਕੇਸ਼ ਅਸ਼ੇਸ਼।
ਸਿਰ ਉਸਨੀਕ (ਦਸਤਾਰ) ਸੁਹਾਇ ਆਸ਼ੇਸ਼।”
ਉੱਪਰ ਕਲਗੀ ਚਮਕ ਰਹੀ ਹੈ। ਜਿਸ ਵੱਲ ਅੱਖੀਆਂ ਭਰ ਕੇ ਕੋਈ ਦੇਖ ਹੀ ਨਹੀਂ ਸਕਦਾ। ਜਦ ਤਖ਼ਤ ‘ਤੇ ਆ ਬਿਰਾਜਦੇ ਹਨ ਤਾਂ ਸਾਰੀ ਸੰਗਤ ਵਿਚ ਆਤਮਿਕ ਰੋ ਦੌੜਨ ਲੱਗ ਪੈਂਦੀ ਹੈ। ਇਹ ਹੀ ਕਹਿਣਾ ਫੱਬਦਾ ਹੈ ਜੋ ਅੰਮ੍ਰਿਤਰਾਇ ਨੇ ਕਿਹਾ ਸੀ ਕਿ:
ਉਨ੍ਹਾਂ ਦੀ ਸ਼ਖਸੀਅਤ ਵਿਚੋਂ ਨੌਂ ਰਸ ਝਰਦੇ ਹਨ, ਬਿਲਕੁਲ ਠੀਕ ਹੈ।
ਜੋ ਦੁਸ਼ਟ ਦਮਨ ਨੇ ਪ੍ਰਭੂ-ਪ੍ਰੇਮ ਵਿਚ ਸੁਰਤਿ ਚੁਭੋ ਰੱਖੀ ਹੈ ਉਹ ਸ਼ਿੰਗਾਰ ਰਸ ਹੀ ਹੈ। ਗਧੇ ਦੇ ਜਿਸਮ ਤੇ ਸ਼ੇਰ ਦੀ ਖੱਲ ਪਾ ਕੇ ਸਾਨੂੰ ਹਸਾਉਂਦੇ ਜ਼ਰੂਰ ਹਨ ਪਰ ਕੇਵਲ ਇਸ ਲਈ ਕਿ ਸਿੰਘ ਦਾ ਬਾਣਾ ਪਾ ਕਦੇ ਕਾਇਰ ਨ ਹੋਈਏ ਤਾਂ ਕਿ ਲੋਕ ਹਾਸੀ ਨਾ ਕਰਨ। ਦੁੱਖ ਕਿਸੇ ਦਾ ਉਨ੍ਹਾਂ ਪਾਸੋਂ ਸਹਾਰਿਆ ਨਹੀਂ ਜਾਂਦਾ। ‘ਕਰੁਣਾ’ ਦੀ ਉਹ ਮੂਰਤ ਹਨ। ਜਦ ਇਕੱਲੇ ਹੀ ਭਗਉਤੀ ਲੈ ਜੰਗ ਵਿਚ ਜੂਝਦੇ ਹਨ ਤਾਂ ਰੌਦਰ ਦੀ ਮੂਰਤ ਹੀ ਲੱਗਦੇ ਹਨ। ਕਾਇਰਾਂ ਨੂੰ ਸ਼ੇਰ ਬਣਾਉਣ ਦੀ ਉਨ੍ਹਾਂ ਵਿਚ ‘ਬੀਰ ਰਸੀ’ ਸ਼ਕਤੀ ਹੈ। ਜਦ ਰਣਜੀਤ ਨਗਾਰਾ ਵਜਾਂਦੇ ਹਨ ਤਾਂ ਸਭ ‘ਭਿਆਨ’ ਰਸ ਨਾਲ ਭਰ ਜਾਂਦੇ ਹਨ। ਹਰ ਕੋਈ ‘ਤ੍ਰਾਹ-ਤ੍ਰਾਹ’ ਕਰਨ ਲੱਗ ਪੈਂਦਾ ਹੈ। ਉਨ੍ਹਾਂ ਦਾ ਸੱਜੇ-ਖੱਬੇ ਹੱਥਾਂ ਨਾਲ ਇਕੋ ਵੇਲੇ ਤੀਰ ਛੱਡਣਾ ‘ਭੀਪਤਸ’ ਰਸ ਪੈਦਾ ਕਰਦਾ ਹੈ। ਉਨ੍ਹਾਂ ਲਾਹੌਰ ਤੋਂ ਦਇਆ, ਦਿੱਲੀ ਤੋਂ ਧਰਮ, ਪੁਰੀ ਤੋਂ ਹਿੰਮਤ, ਦਵਾਰਕਾ ਤੋਂ ਮੁਹਕਮ ਤੇ ਬਿਦਰ ਤੋਂ ਸਾਹਿਬ ਉਠਾ ਕੇ ‘ਅਦਭੁਤ’ ਕਾਰਜ ਹੀ ਨਿਭਾਇਆ ਹੈ। ਫਿਰ ਉਨ੍ਹਾਂ ਵਿਚ ਸੀਤਲਤਾ ਤੇ ਅਡੋਲਤਾ ਹੈ। ‘ਸ਼ਾਂਤ ਰਸ’ ਹਰ ਰੰਗ ਵਿਚ ਸਮਾਇਆ ਹੈ। ਧੰਨ ਹਨ ਕਲਗੀਆਂ ਵਾਲੇ ਕਿ ਪਿਤਾ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦ ਹੋਆ ਸੀਸ ਅਨੰਦਪੁਰ ਪੁੱਜਾ ਤਾਂ ਉਹ ਸ਼ਾਂਤ। ਫਿਰ ਵੱਡੇ ਸਾਹਿਬਜ਼ਾਦਿਆਂ ਦੀਆਂ ਲੋਥਾਂ ਚਮਕੌਰ ਦੀ ਗੜ੍ਹੀ ਸਾਹਮਣੇ ਗਿਰੀਆਂ ਪਰ ਉਹ ਅਡੋਲ ਚਿੱਤ ਅਤੇ ਉਨ੍ਹਾਂ ਤੇ ਖੰਜਰ ਨਾਲ ਜਮਸ਼ੇਦ ਖ਼ਾਨ ਨੇ ਹਮਲਾ ਕਰ ਮਾਰੂ ਵਾਰ ਕੀਤਾ ਤਾਂ ਵੀ ਸ਼ਾਂਤ ਚਿੱਤ।
“ਵਾਹੁ ਵਾਹੁ ਗੁਰੂ ਗੋਬਿੰਦ ਸਿੰਘ।”
ਪ੍ਰਿੰ. ਸਤਿਬੀਰ ਸਿੰਘ
