135 views 1 sec 0 comments

ਸਾ਼ਲਕੁ  

ਲੇਖ
July 01, 2025

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀ ਪਾਵਨ ਗੁਰਬਾਣੀ ਦੇ ਵਿੱਚ 22 ਵਾਰਾਂ ਹਨ। ਵਾਰਾਂ ਮੂਲ ਰੂਪ ਦੇ ਵਿੱਚ ਪੳੜੀਆਂ ਸਨ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਾਲ ਸਲੋਕ ਦਰਜ ਕੀਤੇ । ਜੋ ਸਲੋਕ ਪਉੜੀਆਂ ਦੇ ਨਾਲ ਮੇਲ ਨਹੀਂ ਸੀ ਖਾਂਦੇ ਉਹ ਸਲੋਕ ਵਾਰਾਂ ਤੇ ਵਧੀਕ ਦੇ ਸਿਰਲੇਖ ਹੇਠ ਦਰਜ ਕੀਤੇ। ਉਨਾਂ ਸਲੋਕਾਂ ਦੇ ਵਿੱਚ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਫਰਮਾਉਂਦੇ ਹਨ ਕਿ ਦੁਨੀਆ ਕਿਸ ਤਰ੍ਹਾਂ ਦੀ ਹੋ ਗਈ ਹੈ? ਸਾਲਕੁ ਮਿਤ ਇਥੇ ਕੋਈ ਵੀ ਨਹੀਂ ਰਿਹਾ, ਭਰਾਵਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਆਪਸੀ ਪਿਆਰ ਖਤਮ ਹੋ ਗਿਆ ਹੈ , ਅਜਿਹੀ ਦੁਨੀਆਂ ਕਾਰਣ ਮਨੁੱਖ ਨੇ ਆਪਣਾ ਦੀਨ ਗਵਾਇਆ ਹੈ। ਫੁਰਮਾਣ ਹੈ:

ਨਾਨਕ ਦੁਨੀਆ ਕੈਸੀ ਹੋਈ।। ਸਾਲਕੁ ਮਿਤੁ ਨ ਰਹਿਓ ਕੋਈ ।।
ਭਾਈ ਬੰਧੀ ਹੇਤੁ ਚੁਕਾਇਆ ।। ਦੁਨੀਆਂ ਕਾਰਣਿ ਦੀਨ ਗਵਾਇਆ।।

( ਸ੍ਰੀ ਗੁਰੂ ਗ੍ਰੰਥ ਸਾਹਿਬ,1410)

ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਦੇ ਵਿੱਚ ਸਾਲਕੁ ਨੂੰ ਅਰਬੀ ਭਾਸ਼ਾ ਦਾ ਸ਼ਬਦ ਤੇ ਅਰਥ ਸਾਲੂਕ ਵਾਲਾ, ਪਰਮੇਸ਼ਰ ਦੇ ਰਾਹ ‘ਤੇ ਚੱਲਣ ਵਾਲਾ ਕਰਦੇ ਹਨ। ” ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼” ਦੇ ਵਿੱਚ ਭਾਈ ਵੀਰ ਸਿੰਘ ਜੀ ਦੇ ਅਨੁਸਾਰ ਸਾਲਕੁ ਉਹ ਫਕੀਰ ਹੈ ਜੋ ਭਜਨ ਬੰਦਗੀ ਦੇ ਨਾਲ ਖੱਟ ਕੇ ਖਾਣ ਦੀ ਹੋਸ਼ ਰੱਖਦਾ ਹੋਵੇ ਤੇ ਦੂਸਰਿਆਂ ਨੂੰ ਉਸ ਰਸਤੇ ‘ ਤੇ ਪਾ ਸਕੇ, ਐਸਾ ਫਕੀਰ ਤੇ ਸੱਚਾ ਮਿੱਤਰ ਕੋਈ ਨਹੀਂ ਰਿਹਾ। ਪ੍ਰੋਫੈਸਰ ਸਾਹਿਬ ਸਿੰਘ ” ਗੁਰਬਾਣੀ ਪਾਠ ਦਰਪਣ ” ਦੇ ਅਨੁਸਾਰ, ਜੋ ਆਪ ਜਪੇ ਤੇ ਹੋਰਨਾਂ ਨੂੰ ਜਪਾਏ, ਸਹੀ ਰਸਤਾ ਦੱਸਣ ਵਾਲਾ ਸਾਲਕ ਮਿੱਤਰ ਹੈ।
ਸਾਲਕੁ: ਸਬੂਰੀ ਤਾਲੁਕੁ ਦਾ ਸੰਖੇਪ ਹੈ ।
ਐਸਾ ਮਿੱਤਰ ਜਿਹਦਾ ਸੰਬੰਧ ਸੰਤੋਖ ਨਾਲ ਹੋਵੇ, ਪਰ ਉਹ ਨਹੀਂ ਰਿਹਾ, ਸੰਤੋਖ ਨਾ ਹੋਣ ਦੇ ਕਾਰਨ ਭਰਾਵਾਂ, ਰਿਸ਼ਤੇਦਾਰਾਂ ਦੇ ਵਿੱਚੋਂ ਪਿਆਰ ਖਤਮ ਹੋ ਗਿਆ, ਦੁਨੀਆ ਲੋਭ ਦੇ ਕਰਕੇ ਕੁਤੇ ਦੇ ਵਰਗੀ ਹੋ ਗਈ । ਪਾਤਸ਼ਾਹ ਸਿੱਧਾਂ ਦੇ ਕੋਲ ਸੁਮੇਰ ਪਰਬਤ ‘ ਤੇ ਗਏ, ਸਿੱਧ ਸਤਿਗੁਰਾਂ ਤੋਂ ਮਾਤ ਲੋਕ ਦਾ ਹਾਲ ਪੁੱਛਣ ਲੱਗੇ, ਸਤਿਗੁਰ ਕਹਿਣ ਲੱਗੇ ਕੂੜ ਦੀ ਅਮਾਵਸ ਦੇ ਵਿੱਚ ਸੱਚ ਦਾ ਚੰਦਰਮਾ ਦਿਖਾਈ ਨਹੀਂ ਪੈ ਰਿਹਾ, ਲਾਲਚ ਦੇ ਕਾਰਨ ਹੀ ਰਾਜੇ ਪਰਜਾ ਦੀ ਰਾਖੀ ਕਰਨ ਦੀ ਬਜਾਏ ਉਹਨਾਂ ਨੂੰ ਲੁੱਟਣ ਲੱਗ ਪਏ ਹਨ ਜਿਵੇਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ, ਲੋਭ ਨੇ ਪਰਜਾ ਨੂੰ ਵੀ ਅੰਨ੍ਹਾ ਕਰ ਦਿੱਤਾ, ਗਿਆਨ ਦੀ ਉਹਨਾਂ ਨੂੰ ਪ੍ਰਾਪਤੀ ਨਹੀਂ ਹੋ ਰਹੀ ਤੇ ਉਹ ਆਪਣੀ ਜ਼ੁਬਾਨ ਤੋਂ ਝੂਠ ਹੀ ਬਿਆਨ ਕਰ ਰਹੇ, ਲੋਭ ਦੇ ਕਰਕੇ ਹੀ ਚੇਲੇ ਸਾਜ ਵਜਾ ਕੇ ਗੁਰੂਆਂ ਨੂੰ ਨਚਾ ਰਹੇ ਨੇ, ਕਾਜ਼ੀ ਰਿਸ਼ਵਤਾਂ ਲੈ ਕਰਕੇ ਇਨਸਾਫ ਵੇਚ ਰਹੇ ਨੇ, ਪਰਿਵਾਰ ਦੇ ਵਿੱਚ ਇਸਤਰੀ ਤੇ ਪੁਰਖਾਂ ਦਾ ਪਿਆਰ ਦਮੜਿਆਂ ਦੇ ਕਰਕੇ ਹੀ ਹੈ ਨਹੀਂ ਤੇ ਕਿਸੇ ਆਉਣ ਜਾਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਸੰਤੋਖ ਤੋਂ ਹੀਣਾ ਹੋਣ ਦੇ ਕਾਰਣ ਸਾਰਾ ਸੰਸਾਰ ਦੇ ਵਿੱਚ ਪਾਪ ਵਰਤ ਗਿਆ ਹੈ:

ਕਲਿ ਆਈ ਕੁਤੇ ਮੁਹੀ ਖਾਜੁ ਹੋਆ ਮੁਰਦਾਰ ਗੁਸਾਈ।।
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ ।।
ਪਰਜਾ ਦੀ ਗਿਆਨ ਬਿਨੁ ਕੂੜ ਕੁਸਤਿ ਮੁਖਹੁ ਆਲਾਈ ।।
ਚੇਲੇ ਸਾਜ ਵਜਾਇਦੇ ਨਚਣ ਗੁਰੂ ਬਹੁਤ ਬਿਧਿ ਭਾਈ ।।
ਸੇਵਕ ਬੈਠਨਿ ਘਰਾਂ ਵਿੱਚ ਗੁਰੂ ਉੱਠਿ ਘਰੀ ਤਿਨਾੜੀ ਜਾਈ ।।
ਕਾਜ਼ੀ ਹੋਏ ਰਿਸਵਤੀ ਵਢੀ ਲੈ ਕੈ ਹਕ ਗਵਾਈ ।।
ਇਸਤਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ
ਵਰਤਿਆ ਪਾਪ ਸਭਸ ਜਗ ਮਾਂਹੀ ।।
(ਭਾਈ ਗੁਰਦਾਸ ਜੀ ਵਾਰ 1 ਪਉੜੀ 30)

ਗਿ. ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ