ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਨ ਜਪੁਜੀ ਸਾਹਿਬ ਦੀ 21ਵੀਂ ਪਉੜੀ ਦੇ ਵਿੱਚ ਸਿਰਠੀ ਸ਼ਬਦ ਮੌਜੂਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਸਿਰਠੀ ਇੱਕੋ ਵਾਰ ਹੀ ਆਇਆ ਹੈ। ਜਗਤ ਕਦੋਂ ਬਣਿਆ, ਕਿਹੜਾ ਸਮਾਂ ਸੀ, ਕਿਹੜੀ ਰੁੱਤ ਸੀ,ਕਿਹੜੀ ਥਿਤ, ਵਾਰ ਦੇ ਮਹੀਨਾ ਕਿਹੜਾ ਸੀ ? ਇਹਦੇ ਬਾਰੇ ਨਾ ਤੇ ਪੰਡਤਾਂ ਨੂੰ ਪਤਾ ਨਾ ਮੁੱਲਾ ਨੂੰ। ਜੋਗ ਪੰਥ ਵਾਲੇ ਵੀ ਇਹਦੇ ਬਾਰੇ ਕੁਝ ਨਹੀਂ ਜਾਣਦੇ, ਬਸ ਜਗਤ ਦੀ ਰਚਨਾ ਬਾਰੇ ਕੇਵਲ ਕਰਤਾ ਹੀ ਜਾਣਦਾ ਹੈ।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ||
( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 5 )
ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਦੇ ਵਿੱਚ ਸਿਰਠੀ ਨੂੰ ਸੰਸਕ੍ਰਿਤ ਦਾ ਸ਼ਬਦ ਮੰਨਦੇ ਹਨ ਤੇ ਅਰਥ :- ਰਚਨਾ, ਬਨਾਵਟ,ਜਗਤ
ਸੰਸਾਰ ਕਰਦੇ ਹਨ। ਭਾਈ ਵੀਰ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਤੇ ਪ੍ਰੋਫੈਸਰ ਸਾਹਿਬ ਸਿੰਘ ਗੁਰਬਾਣੀ ਪਾਠ ਦਰਪਣ ਦੇ ਵਿੱਚ ਮਹਾਨ ਕੋਸ਼ ਦੇ ਨਾਲ ਮਿਲਦੇ ਜੁਲਦੇ ਅਰਥ ਹੀ ਕਰਦੇ ਹਨ।
ਪਹਿਲੇ ਪਾਤਸ਼ਾਹ ਦੇ ਪਾਵਨ ਬੋਲਾਂ ਨੂੰ ਸੁਣ ਕੇ, ਵਿਦਵਾਨਾਂ ਦੁਆਰਾ ਕੀਤੇ ਕੋਸ਼ਾਂ ਦੇ ਅਰਥ ਪੜ ਕੇ ਇਹ ਪਤਾ ਚੱਲ ਜਾਂਦਾ ਕਿ ਸਿਰਠੀ ਜਗਤ ਦੀ ਰਚਨਾ ਦੇ ਨਾਲ ਸੰਬੰਧਿਤ ਹੈ
ਸਿਰਠੀ = ਸਿਰਜਣਾ + ਇਕਠੀ ਦਾ ਸੰਖੇਪ ਹੈ ।
ਬਾਈਬਲ ਦੇ ਵਿੱਚ ਜਗਤ ਦੀ ਰਚਨਾ ਬਾਰੇ ਸੱਤ ਦਿਨਾਂ ਦਾ ਜ਼ਿਕਰ ਹੈ ਪਹਿਲੇ ਦਿਨ (god) ਗੋਡ ਨੇ ਹਨੇਰਾ ਤੇ ਪ੍ਰਕਾਸ਼ ਬਣਾਇਆ, ਦੂਸਰੇ ਦਿਨ ਅਸਮਾਨ ਤੇ ਸਮੁੰਦਰ, ਤੀਸਰੇ ਦਿਨ ਉਸਨੇ ਧਰਤੀ ਬਣਾਈ, ਚੌਥੇ ਦਿਨ ਸੂਰਜ ਤੇ ਚੰਦਰਮਾ ਬਣਾਇਆ, ਪੰਜਵੇਂ ਦਿਨ ਪੰਛੀ ਤੇ ਮੱਛੀਆਂ, ਛੇਵੇਂ ਦਿਨ ਜਾਨਵਰ ਪੁਰਸ਼ ਤੇ ਇਸਤਰੀਆਂ ਦੀ ਰਚਨਾ ਕੀਤੀ ਤੇ ਸੱਤਵੇਂ ਦਿਨ ਗੋਡ ਨੇ ਆਰਾਮ ਕੀਤਾ, ਪਰ ਸਤਿਗੁਰੂ ਬਿਆਨ ਕਰਦੇ ਹਨ ਕਿ ਪਰਮਾਤਮਾ ਨੇ ਇੱਕ ਕਵਾਉ ਤੋਂ ਇਹ ਸਾਰਾ ਪਸਾਰਾ ਇਕੱਠਿਆਂ ਹੀ ਪੈਦਾ ਕੀਤਾ ਹੈ ਸੰਸਾਰ ਬਿਰਖ ਨੂੰ ਲੱਗੇ ਹੋਏ ਫਲ ਬਿਖ ਤੇ ਅੰਮ੍ਰਿਤ ਇਕੱਠੇ ਹੀ ਕਰਤਾਰ ਨੇ ਉਪਾਏ ਹਨ
ਬਿਖ ਅੰਮ੍ਰਿਤ ਕਰਤਾਰਿ ਉਪਾਏ ।।
ਸੰਸਾਰ ਬਿਰਖ ਕਉ ਦੁਇ ਫਲ ਲਾਏ।।( ਬਸੰਤ ਮਹਲਾ 3)
ਬਾਬਾ ਫਰੀਦ ਜੀ ਵੀ ਆਪਣੇ ਪਾਵਨ ਬੋਲਾਂ ਦੇ ਵਿੱਚ ਸਿਰਠੀ ਦੀ ਵਿਆਖਿਆ ਇਸ ਤਰ੍ਹਾਂ ਦੇ ਨਾਲ ਕਰਦੇ ਹਨ:
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ||
ਜੋ ਜਨ ਪੀਰਿ ਨਿਵਾਜਿਆ ਤਿਨਾ੍ ਅੰਚ ਨ ਲਾਗ ||
( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1382 )
ਆਪਣੇ ਸਮੇਂ ਦਾ ਮਹਾਨ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਆਪਣੀ ਨਜ਼ਮ ਦੇ ਵਿੱਚ ਜ਼ਿਕਰ ਕਰਦੇ ਨੇ:
“ਵਹੀਂ ਸੇ ਰਾਤ ਕੋ ਜ਼ੁਲਮਤ ਮਿਲੀ ਹੈ
ਚਮਕ ਤਾਰੋਂ ਨੇ ਪਾਈ ਹੈ ਜਹਾਂ ਸੇ ।
ਰਾਤ ਨੂੰ ਹਨੇਰਾ ਤੇ ਤਾਰਿਆਂ ਨੂੰ ਚਮਕ ਇੱਕ ਤੋਂ ਮਿਲੀ ਹੈ।”
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ
