੨ ਮਾਰਚ ਨੂੰ ਜਨਮ ਦਿਨ ‘ਤੇ ਵਿਸ਼ੇਸ਼
-ਡਾ. ਗੁਰਪ੍ਰੀਤ ਸਿੰਘ
ਸਿਰਦਾਰ ਕਪੂਰ ਸਿੰਘ ਦਾ ਜਨਮ ੨ ਮਾਰਚ, ੧੯੦੯ ਈ. ਨੂੰ ਸ. ਦੀਦਾਰ ਸਿੰਘ ਦੇ ਘਰ ਹੋਇਆ। ਆਪ ਦੀ ਮਾਤਾ ਸ੍ਰੀਮਤੀ ਹਰਨਾਮ ਕੌਰ ਧਾਰਮਿਕ ਰੁਚੀਆਂ ਵਾਲੇ ਸਨ। ੧੯੪੭ ਈ. ਤੋਂ ਪਹਿਲਾਂ ਇਹ ਪਰਿਵਾਰ ਚੱਕ ਨੰਬਰ ੫੩੧ ਲਾਇਲਪੁਰ (ਪਾਕਿਸਤਾਨ) ਟਿਕਿਆ ਸੀ। ਸਰਦਾਰ ਸਾਹਿਬ ਦਾ ਜੱਦੀ ਪਿੰਡ ਮੰਨਣ ਚੱਕ ਕਲਾਂ ਜ਼ਿਲ੍ਹਾ ਲੁਧਿਆਣਾ ਸੀ। ਆਪ ਜੀ ਲਾਇਲਪੁਰ ਦੇ ਜਿਸ ਸਕੂਲ ਵਿਚ ਪੜ੍ਹੇ ਸਨ, ਉਸ ਸਕੂਲ ਦਾ ਹੈੱਡ ਮਾਸਟਰ ਮਾ. ਤਾਰਾ ਸਿੰਘ ਸੀ। ਕਪੂਰ ਸਿੰਘ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਉਸ ਨੇ ਕੈਂਬਰਿਜ਼ ਯੂਨੀਵਰਸਿਟੀ ਤੋਂ ਫਿਲਾਸਫ਼ੀ ਦੀ ਪੜ੍ਹਾਈ ਕੀਤੀ ਸੀ। ਅੰਗਰੇਜ਼ਾਂ ਦੇ ਸਮੇਂ ਆਈ.ਸੀ.ਐਸ ਬਣਨ ਵਾਲੇ ਗਿਣੇ-ਚੁਣੇ ਸਨ, ਜਿਨ੍ਹਾਂ ਵਿਚੋਂ ਸਿਰਦਾਰ ਕਪੂਰ ਸਿੰਘ ਵੀ ਸੀ। ਸਾਲ ੧੯੩੩ ਈ. ਵਿਚ ਆਈ.ਸੀ.ਐਸ ਵਿਚੋਂ ਸਫ਼ਲਤਾ ਪ੍ਰਾਪਤ ਕਰ ਕੇ ਟ੍ਰੇਨਿੰਗ ਲੈ ਕੇ ਸਾਲ ੧੯੩੪ ਈ. ਨੂੰ ਵਾਪਿਸ ਦੇਸ਼ ਪਰਤੇ। ੧੯੪੭ ਈ. ਵਿਚ ਸਿਰਦਾਰ ‘ਕਪੂਰ’ ਸਿੰਘ ਕਾਂਗੜੇ ਵਿਖੇ ਡਿਪਟੀ ਕਮਿਸ਼ਨਰ ਸਨ, ਜਦ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਸਾਰੇ ਜ਼ਿਲਿਆਂ ਦੇ ਕਮਿਸ਼ਨਰਾਂ ਨੂੰ ਗੁਪਤ ਫਿਰਕੂ ਪੱਤਰ ਕੱਢਿਆ ਕਿ ਸਿੱਖ ਜਰਾਇਮ ਪੇਸ਼ਾ ਕੌਮ ਸਮਝ ਕੇ ਇਨ੍ਹਾਂ ਨਾਲ ਸਖਤੀ ਵਰਤੀ ਜਾਵੇ। ਇਸ ਸਰਕਾਰੀ ਫਿਰਕੂ ਪੱਤਰ ਦੇ ਖਿਲਾਫ਼ ਸ. ਕਪੂਰ ਸਿੰਘ ਨੇ ਇਤਰਾਜ਼ ਕੀਤਾ। ਸਿੱਟੇ ਵਜੋਂ ੧੩ ਅਤੇ ੧੪ ਅਪ੍ਰੈਲ ਦੀ ਰਾਤ ੧੯੪੯ ਈ. ਨੂੰ ਗੋਪੀ ਚੰਦ ਭਾਰਗਵ ਦੀ ਸਰਕਾਰ ਵੇਲੇ ਮੁਅੱਤਲੀ ਦਾ ਹੁਕਮ ਦੇ ਦਿੱਤਾ। ਇਹ ਕੇਸ ੪ ਸਾਲ ਲਟਕਣ ਤੋਂ ਬਾਅਦ ਉਨ੍ਹਾਂ ਨੂੰ ਹਮੇਸ਼ਾ ਵਾਸਤੇ ਨੌਕਰੀ ਤੋਂ ਅਲਹਿਦਾ ਕਰ ਦਿੱਤਾ ਗਿਆ। ਇਸ ਬਾਰੇ ਸ. ਕਪੂਰ ਸਿੰਘ ਨੇ ‘ਸਾਚੀ ਸਾਖੀ” ਕਿਤਾਬ ਵਿਚ ਵਿਸਥਾਰ ਨਾਲ ਬਿਆਨ ਕੀਤਾ ਹੈ। ਇਸ ਤੋਂ ਬਾਅਦ ੧੯੬੨ ਈ. ਦੀਆਂ ਤੀਜੀਆਂ ਆਮ ਚੋਣਾਂ ਵਿਚ ਸਿਰਦਾਰ ਕਪੂਰ ਸਿੰਘ ਅਕਾਲੀ ਦਲ ਦੇ ਨੁਮਾਇੰਦੇ ਵਜੋਂ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ। ਸਰਦਾਰ ਸਾਹਿਬ ਲੋਕ ਸਭਾ ਵਿਚ ਸਿੱਖ ਹੋਮਲੈਂਡ ਬਾਰੇ ਬੋਲਦੇ ਰਹੇ। ਸ੍ਰੀ ਅਨੰਦਪੁਰ ਸਾਹਿਬ ਦਾ ਬਹੁ-ਚਰਚਿਤ ਮਤਾ ਸਿਰਦਾਰ ਕਪੂਰ ਸਿੰਘ ਨੇ ਹੀ ਲਿਖਿਆ ਸੀ। ਉਹ ਆਖਰੀ ਸਾਹਾਂ ਤਕ ਸਿੱਖ ਹੋਮਲੈਂਡ ਲਈ ਸੰਘਰਸ਼ ਕਰਦਾ ਰਿਹਾ। ਉਸ ਦੀਆਂ ਪੰਜ ਕਿਤਾਬਾਂ ਪੰਜਾਬੀ ਵਿਚ, ਅੱਠ ਕਿਤਾਬਾਂ ਅੰਗਰੇਜ਼ੀ ਵਿਚ ਤੇ ਕਈ ਖੋਜ-ਪੱਤਰ ਉਸਦੀ ਵਿਦਵਤਾ ਬਿਆਨ ਕਰਦੇ ਹਨ। ਉਸ ਨੇ ਵਿਸ਼ਵ ਧਰਮਾਂ ਦਾ ਸਾਹਿਤ ਪੜ੍ਹਿਆ ਤੇ ਉਹ ਕਈ ਭਾਸ਼ਾਵਾਂ ਦਾ ਗਿਆਤਾ ਸੀ। ਸਿੱਖ ਕੌਮ ਲਈ ਸੰਘਰਸ਼ ਕਰਦਾ ਇਹ ਵਿਦਵਾਨ ੧੩ ਅਗਸਤ, ੧੯੮੬ ਈ. ਨੂੰ ਅਕਾਲ ਚਲਾਣਾ ਕਰ ਗਿਆ। ਸਿੱਖ ਕੌਮ ਸਿਰਦਾਰ ਕਪੂਰ ਸਿੰਘ ਦੀ ਵਿਦਵਤਾ ਨੂੰ ਵੀਹਵੀਂ ਸਦੀ ਦੇ ਪ੍ਰਸੰਗ ਵਿਚ ਹਮੇਸ਼ਾ ਯਾਦ ਰੱਖੇਗੀ।
