63 views 4 secs 0 comments

ਸਿੰਘਾਂ ਨੂੰ ਆਪਨਾ ਜੀਵਨ ਕਿਸ ਪ੍ਰਕਾਰ ਰੱਖਨਾ ਚਾਹੀਏ

ਲੇਖ
June 13, 2025

_(ਖਾਲਸਾ ਅਖਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)_

ਸੰਸਾਰ ਪਰ ਜੋ ਤਨ ਧਾਰੀ ਆਉਂਦਾ ਹੈ ਓਹ ਆਪਨੇ ਜੀਵਨ ਦੇ ਸੁਖ ਦਾ ਉਪਾਓ ਕਰਦਾ ਰਹਿੰਦਾ ਹੈ-ਜਿਸ ਜਿਸ ਜਗਾ ਯਾ ਪਦਾਰਥ ਵਿੱਚ ਓਹ ਸੁਖ ਦੇਖਦਾ ਹੈ ਉਸ ਉਸ ਦੀ ਪ੍ਰਾਪਤੀ ਦਾ ਯਤਨ ਕਰਦਾ ਹੈ॥
ਹੁਣ ਅਸੀਂ ਪੰਜਾਬ ਵਿੱਚ ਸਿੰਘਾਂ ਦੇ ਹਾਲ ਕੁੱਝ ਠੀਕ ਨਹੀਂ ਦੇਖਦੇ ਹਾਂ ਜਿਸਤੇ ਡਰ ਪੈਂਦਾ ਹੈ ਕਿ ਅੱਗੇ ਨੂੰ ਇਨ੍ਹਾਂ ਦਾ ਕ੍ਯਾ ਹਾਲੁ ਹੋਵੇਗਾ॥
ਸਿੱਖਾਂ ਵਿੱਚ ਬਹੁਤ ਹਿੱਸਾ ਓਹਨਾਂ ਦਾ ਹੈ ਜੋ ਖੇਤੀ ਕਰਨੇ ਵਾਲੇ ਹਨ-ਉਸ ਤੇ ਉਤਰਕੇ ਹੱਥਾਂ ਦੀ ਕਾਰੀਗਰੀ ਕਰਨੇ ਵਾਲੇ ਪਾਏ ਜਾਂਦੇ ਹਨ ਪਰੰਤੂ ਸੌਦਾਗਰ ਯਾ ਬ੍ਯਾਪਾਰੀ ਲੋਗ ਯਾ ਸਾਹੂਕਾਰ ਲੋਗ ਸਿੰਘਾਂ ਵਿੱਚ ਬਹੁਤ ਥੋੜੇ ਹਨ- ਜੇ ਹੈਨ ਭੀ ਤਾਂ ਗਿਣਤੀ ਦੇ ਆਦਮੀ ਹਨ, ਜਿਨ੍ਹਾਂ ਦੇ ਅਮੀਰ ਹੋਨੇ ਪਰ ਕੋਈ ਕੌਮ ਅਮੀਰ ਨਹੀਂ ਗਿਨੀ ਜਾਂਦੀ, ਹਮੇਸ਼ਾਂ ਓਹ ਕੌਮ ਦੌਲਤਵੰਦ ਜਾਨੀ ਜਾਂਦੀ ਹੈ ਜਿਸ ਵਿੱਚ ਸੌ ਪਿੱਛੇ ਨੱਬੇ ਆਦਮੀ ਦੌਲਤਵੰਦ ਹੋਨ, ਪਰੰਤੂ ਜਿਸ ਵਿੱਚ ਸੌ ਪਿੱਛੇ ਦਸ ਪੁਰਖ ਅਮੀਰ ਹੋਨ ਸੋ ਕੌਮ ਅਮੀਰ ਨਹੀਂ ਸੱਦੀ ਦੀ- ਇਸੀ ਪਰਕਾਰ ਸਿੰਘਾਂ ਵਿੱਚ ਇਤਨੇ ਪੁਰਖ ਅਮੀਰ ਨਹੀਂ ਹਨ ਜਿਤਨਿਆਂ ਨਾਲ ਇਹ ਕੌਮ ਅਮੀਰ ਸਮਝੀ ਜਾਏ, ਜੈਸਾ ਕਿ ਇਸ ਵਿੱਚ ਬਹੁਤ ਸਾਰੇ ਬਹਾਦਰ ਸਿਪਾਹੀ ਹੋਨ ਕਰਕੇ ਇਹ ਕੌਮ ਬਹਾਦਰ ਸਮਝੀ ਜਾਂਦੀ ਹੈ, ਇਸੀ ਪਰਕਾਰ ਇਸ ਵਿੱਚ ਬਹੁਤ ਗਰੀਬ ਹੋਨੇ ਕਰਕੇ ਇਸ ਨੂੰ ਗਰੀਬ ਸਮਝਨਾ ਪੈਂਦਾ ਹੈ-ਪਰੰਤੂ ਇਸ ਬਾਤ ਨੂੰ ਸਭ ਕੋਈ ਮੰਨਦਾ ਹੈ ਕਿ ਜੋ ਕੌਮ ਗਰੀਬ ਹੋਵੇ ਸੋ ਨਿਰਬਲ ਭੀ ਹੁੰਦੀ ਹੈ। ਇਹ ਕੌਮ ਜੋ ਇੱਕ ਸੱਚੇ ਪਾਤਸ਼ਾਹ ਦੀ ਸਾਜੀ ਹੋਈ ਹੈ ਉਸ ਵਿੱਚ ਜੋ ਗਰੀਬੀ ਹੈ ਉਸ ਨੂੰ ਦੂਰ ਕਰਨ ਵਾਸਤੇ ਹਰ ਇੱਕ ਭਾਈ ਦਾ ਧਰਮ ਹੈ ਜੋ ਓਹ ਵਿਚਾਰ ਕਰੇ-ਇਸ ਵਾਸਤੇ ਅਸੀਂ ਭੀ ਇਸ ਪਰ ਕੁਝ ਲਿਖਕੇ ਆਪਨੇ ਭਾਈਆਂ ਅੱਗੇ ਪ੍ਰਗਟ ਕਰਦੇ ਹਾਂ॥
ਪੰਜਾਬ ਦੀ ਆਬਾਦੀ ਦੇ ਵਧ ਜਾਨ ਦੇ ਕਾਰਨ ਹਰ ਇੱਕ ਵਸਤੂ ਘਟਦੀ ਜਾਂਦੀ ਹੈ ਜਿਸਤੇ ਜ਼ਮੀਨਾਂ ਭੀ ਬਹੁਤ ਘਟ ਹੋ ਗਈਆਂ ਹਨ- ਐਥੋਂ ਤਕ ਭੀ ਦੇਖਿਆ ਗਿਆ ਹੈ ਕਿ ਇੱਕ 2 ਵੱਡੇ ਘਰਾਨੇ ਪਾਸ ਜੋ ਬਹੁਤ ਸਾਰੀ ਜ਼ਮੀਨਾਂ ਦਾ ਮਾਲਕ ਸੀ ਵਧ ਜਾਨ ਦੇ ਕਾਰਨ ਚਾਰ ਚਾਰ ਯਾ ਪੰਜ ਪੰਜ ਘਮਾਉਂ ਜ਼ਮੀਨ ਹਿੱਸੇ ਵਿੱਚ ਆਈ ਹੈ-ਜਿਸਤੇ ਓਹ ਰੋਟੀਯੋਂ ਭੀ ਤੰਗ ਹੋ ਗਏ ਹਨ, ਪਰੰਤੂ ਇਯ ਤੰਗੀ ਦੇ ਹੱਥੋਂ ਤੰਗ ਆ ਕੇ ਓਹ ਦੇਸ ਛੱਡ ਕੇ ਪਰਦੇਸ ਵਿੱਚ ਚਲੇ ਜਾਂਦੇ ਹਨ ਜਿੱਥੇ ਜਾਕੇ ਓਹ ਵਨਜ ਬ੍ਯਾਪਾਰ ਅਤੇ ਨੌਕਰੀ ਚਾਕਰੀ ਕਰਕੇ ਆਪਨੇ ਆਪ ਨੂੰ ਅੱਛੀ ਹਾਲਤ ਵਿੱਚ ਬਨਾਉਂਦੇ ਹਨ-ਜਿਸ ਦਾ ਇਹ ਫਲ ਨਿਕਲਦਾ ਹੈ ਜੋ ਦੇਸ ਪਰਦੇਸ ਵਿੱਚ ਕਮਾਈ ਕਰਕੇ ਦੌਲਤ ਜੋੜਦੇ ਹਨ ਅਤੇ ਫੇਰ ਓਸੇ ਗਰੀਬੀ ਵਾਲੇ ਘਰ ਵਿੱਚ ਆ ਕੇ ਉਸਨੂੰ ਵਰਤਦੇ ਹਨ, ਜਿਸ ਦਾ ਫਲ ਇਹ ਨਿਕਲਦਾ ਹੈ ਜੋ ਉਸ ਧਨ ਨੂੰ ਵਰਤ ਕੇ ਫੇਰ ਓਸੇ ਗਰੀਬੀ ਦੇ ਹਵਾਲੇ ਹੋ ਜਾਂਦੇ ਹਨ।
ਹੁਨ ਅਸੀਂ ਸੋਚਦੇ ਹਾਂ ਕਿ ਇਸ ਨੁਕਸ ਦੇ ਪੂਰਾ ਕਰਨ ਲਈ ਸਿੰਘਾਂ ਨੂੰ ਕਿਆ ਕੁਛ ਕਰਨਾ ਜੋਗ ਹੈ ਇਸ ਵਿਚਾਰ ਤੇ ਸਾਨੂੰ ਇਹ ਜ਼ਰੂਰ ਆਖਨਾ ਪੈਂਦਾ ਹੈ ਕਿ ਸਿੰਘ ਆਪਨੇ ਪੰਜਾਬ ਦੇ ਟੁਕੜੇ ਨੂੰ ਹੀ ਆਪਨਾ ਦੇਸ ਨਾ ਸਮਝਨ ਕਿੰਤੂ ਇਹ ਸਾਰੀ ਧਰਤੀ ਨੂੰ ਆਪਨਾ ਦੇਸ ਸਮਝਨ ਅਤੇ ਉਸੀ ਜਗਾ ਪਰ ਆਪਨੇ ਭਾਈ ਪੈਦਾ ਕਰਕੇ ਉਸਨੂੰ ਆਪਨਾ ਭਾਈ ਚਾਰਾ ਸਮਝਨ ਇਸ ਵਾਸਤੇ ਜੋ ਸਿੰਘ ਬ੍ਰਹਮਾ, ਚੀਨ ਆਦਿਕ ਦੇਸਾਂ ਵਿੱਚ ਗਏ ਹੋਏ ਹਨ, ਇਸੀ ਪਰਕਾਰ ਜੋ ਅਫ਼ਰੀਕਾ ਵਿੱਚ ਆਬਾਦੀ ਵਾਸਤੇ ਸੱਦੇ ਗਏ ਹਨ ਅਰ ਜੋ ਬਲੋਚਿਸਤਾਨ ਵਿੱਚ ਗਏ ਹੋਏ ਹਨ ਸੋ ਸਿੰਘ ਉਸ ਜਗ੍ਹਾ ਪਰ ਹੀ ਆਪਨਾ ਦੇਸ ਸਮਝ ਲੈਨ ਅਤੇ ਓਥੇ ਹੀ ਆਪਨੀ ਜਾਇਦਾਤ ਬਨਾਕੇ ਉਸ ਜਗਾ ਦੇ ਰਈਸ ਬਨ ਜਾਨ ਅਰ ਉਸੀ ਦੇਸ ਦੇ ਪੁਰਖ ਅਤੇ ਇਸਤ੍ਰੀਆਂ ਨੂੰ ਖਾਲਸਾ ਧਰਮ ਦਾ ਉਪਦੇਸ਼ ਕਰਕੇ ਆਪਨੇ ਧਾਰਮਕ ਸਿੰਘ ਭਾਈ ਅਤੇ ਬਰਾਦਰੀ ਬਨਾਉਨ ਇਸ ਕੰਮ ਤੇ ਦੋ ਲਾਭ ਹੋ ਜਾਨਗੇ ਇੱਕ ਤਾਂ ਗਰੀਬੀ ਦਾ ਨਾਸ ਅਤੇ ਦੂਜਾ ਸਾਰੀ ਜਗਾ ਪਰ ਖਾਲਸਾ ਪੰਥ ਦਾ ਆਦਮੀ ਮਿਲ ਸਕੇਗਾ, ਜਿਸ ਤੇ ਕਿਸੇ ਦਿਨ ਤਕ ਉਨ੍ਹਾਂ ਜਗਾ ਪਰ ਵੱਡੀ ਭਾਰੀ ਬਰਾਦਰੀਆਂ ਬਨ ਕੇ ਉਸ ਦੇਸ ਦੀ ਰਈਸ ਯਾ ਖਾਲਸਾ ਕੌਮ ਵਸਨੀਕ ਕਹਾਏਗੀ ਭਾਵੇਂ ਇਸ ਕੰਮ ਦੇ ਕਰਨ ਤੇ ਪਹਿਲੇ ਕਿਸੇ ਕਦਰ ਦਿੱਕਤ ਮਾਲੂਮ ਹੋਵੇਗੀ ਪਰੰਤੂ ਆਖਰ ਨੂੰ ਇਸ ਵਿੱਚ ਵੱਡਾ ਭਾਰੀ ਲਾਭ ਹੋਵੇਗਾ।
ਆਸ਼ਾ ਪੈਂਦੀ ਹੈ ਜੋ ਸਾਡੇ ਵਿਦੇਸੀ ਸਿੰਘ ਉਸ ਦੇਸ ਨੂੰ ਹੀ ਆਪਨਾ ਦੇਸ ਸਮਝ ਕੇ ਉਸ ਜਗਾ ਦੇ ਲੋਕਾਂ ਨੂੰ ਖਾਲਸਾ ਧਰਮ ਦਾ ਉਪਦੇਸ਼ ਕਰਕੇ ਧਰਮ ਅਤੇ ਧਨ ਦੀ ਉੱਨਤੀ ਕਰਨਗੇ॥

(ਖ਼ਾਲਸਾ ਅਖ਼ਬਾਰ ਲਾਹੌਰ, ੧੩ ਸਤੰਬਰ ੧੮੯੫, ਪੰਨਾ ੩)

ਗਿਆਨੀ ਦਿੱਤ ਸਿੰਘ