ਅਹਿਮਦ ਸ਼ਾਹ ਅਬਦਾਲੀ ਦੇ ਮਨ ਵਿੱਚ ਹਿੰਦੁਸਤਾਨ ਤੇ ਕਬਜ਼ਾ ਕਰਨ ਦੀ ਇੱਛਾ ਕਦੀ ਵੀ ਨਹੀਂ ਮਰੀ ਸੀ। ਉਹ ਨਾ ਕੇਵਲ ਹਿੰਦੁਸਤਾਨ ਨੂੰ ਆਪਣੇ ਰਾਜ ਅਧੀਨ ਹੀ ਕਰਨਾ ਚਾਹੁੰਦਾ ਸੀ, ਸਗੋਂ ਇੱਥੋਂ ਦੇ ਲੁੱਟ ਮਾਰ ਦੇ ਮਾਲ ਵਿੱਚ ਪੂਰੀ ਦਿਲਚਸਪੀ ਰੱਖਦਾ ਸੀ। ਇਸੇ ਮੰਤਵ ਦੀ ਪੂਰਤੀ ਲਈ ਉਸ ਨੇ ਹਿੰਦੁਸਤਾਨ ਦੀ ਧਰਤੀ ਨੂੰ ਕਈ ਵਾਰੀ ਆਪਣੇ ਪੈਰਾਂ ਥੱਲੇ ਰੋਲਿਆ। ਹਰ ਵਾਰੀ ਉਹ ਪਹਿਲਾਂ ਨਾਲੋਂ ਵੱਧ ਤਿਆਰੀ ਕਰਕੇ ਹਿੰਦੁਸਤਾਨ ‘ਤੇ ਚੜ੍ਹਾਈ ਕਰਦਾ। ਉਹ ਆਪਣਾ ਸੁਪਨਾ ਹਰ ਹਾਲਤ ਵਿੱਚ ਸਾਕਾਰ ਕਰਨਾ ਚਾਹੁੰਦਾ ਸੀ। ਅਕਤੂਬਰ 1759 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਬੜੀ ਵੱਡੀ ਸੈਨਾ ਦੀ ਕਮਾਨ ਕਰਦਿਆਂ ਹੋਇਆਂ ਹਿੰਦੁਸਤਾਨ ‘ਤੇ ਪੰਜਵੀਂ ਵਾਰ ਚੜ੍ਹਾਈ ਕੀਤੀ।
ਅਬਦਾਲੀ ਬਿਨਾਂ ਕਿਸੀ ਰੁਕਾਵਟ ਦੇ ਲਾਹੌਰ ਪਹੁੰਚ ਗਿਆ। ਕਿਸੇ ਨੇ ਉਸ ਦਾ ਟਾਕਰਾ ਨਾ ਕੀਤਾ। ਪੰਜਾਬ ਦਾ ਸੂਬੇਦਾਰ ਤਾਂ ਉਸ ਦਾ ਆਪਣਾ ਪੁੱਤਰ ਤੈਮੂਰ ਸੀ। ਉਸ ਨੇ ਤਾਂ ਖੁਸ਼ੀ ਦੇ ਸ਼ਾਦਿਆਨੇ ਵਜਾਏ। ਲੋਕ ਜਿਹੜੇ ਆਪਣੀਆਂ ਜਾਨਾਂ ਤੇ ਮਾਲ ਬਚਾਉਣਾ ਚਾਹੁੰਦੇ ਸਨ, ਸ਼ਹਿਰਾਂ ਨੂੰ ਛੱਡ ਕੇ ਦੂਰ-ਦੁਰਾਡੀਆਂ ਥਾਵਾਂ ‘ਤੇ ਨਿਕਲ ਗਏ। ਇਸ ਤਰ੍ਹਾਂ ਅਬਦਾਲੀ ਲਈ ਰਾਹ ਬਿਲਕੁਲ ਸਾਫ ਸੀ। ਹਾਂ ਸਿੱਖਾਂ ਨੇ ਅਬਦਾਲੀ ਦੀ ਸੈਨਾ ਤੇ ਹਮਲੇ ਕੀਤੇ ਅਤੇ ਦੱਸਿਆ ਜਾਂਦਾ ਹੈ ਕਿ ਇਸ ਵਾਰੀ ਅਬਦਾਲੀ ਦੇ 2000 ਸਿਪਾਹੀ ਸਿੱਖਾਂ ਦੇ ਹੱਥੋਂ ਮਾਰੇ ਗਏ।
ਜਦ ਅਬਦਾਲੀ ਲਾਹੌਰ ਪਹੁੰਚਿਆ ਤਾਂ ਉਸ ਦਾ ਸਾਰਾ ਨਜ਼ਾਮ ਦਰਮੁ ਬਰਮੁ ਹੋਇਆ ਪਿਆ ਸੀ। ਉਸਨੇ ਕਰੀਮ ਦਾਦ ਖਾਨ ਨੂੰ ਲਾਹੌਰ ਦਾ ਪ੍ਰਬੰਧ ਸੌਂਪਿਆ। ਉਸ ਨੇ ਕਾਂਗੜੇ ਦੇ ਰਾਜਾ ਘੁੰਮਡ ਚੰਦ ਨੂੰ ਜਲੰਧਰ ਦੁਆਬ ਦਾ ਸੂਬੇਦਾਰ ਥਾਪਿਆ। ਇਨ੍ਹਾਂ ਨਿਯੁਕਤੀਆਂ ਮਗਰੋਂ ਉਹ ਇਸ ਪਾਸੋਂ ਨਿਸ਼ਚਿੰਤ ਹੋ ਗਿਆ। ਉਸ ਨੇ ਸਤਲੁਜ ਦਰਿਆ ਪਾਰ ਕੀਤਾ ਅਤੇ ਤਾਰੋਲੀ ਤੱਕ ਜਾ ਪਹੁੰਚਿਆ।
ਰਾਹ ਵਿੱਚ ਕੋਈ ਮੁਕਾਬਲਾ ਕਰਨ ਵਾਲਾ ਨਹੀਂ ਸੀ। ਤਾਰੋਲੀ ਦੇ ਸਥਾਨ ਤੇ ਮਰਹੱਟਿਆਂ ਦੀ ਕਾਫੀ ਸੈਨਾ ਇਕੱਠੀ ਹੋਈ ਸੀ। ਮਰਹੱਟਿਆਂ ਨੇ ਅਬਦਾਲੀ ਦੀ ਸੈਨਾ ਨੂੰ ਠੱਲ ਪਾਉਣ ਦਾ ਯਤਨ ਕੀਤਾ ਪਰ ਉਹ ਸਫਲ ਨਾ ਹੋ ਸਕੇ। 400 ਮਰਹੱਟੇ
ਲੜਾਈ ਦੇ ਮੈਦਾਨ ਵਿੱਚ ਮਾਰੇ ਗਏ। ਇਹ ਲੜਾਈ 24 ਦਸੰਬਰ, 1759 ਨੂੰ ਹੋਈ। ਬਹੁਤ ਸਾਰੇ ਮਰਹੱਟੇ ਲੜਾਈ ਦਾ ਮੈਦਾਨ ਛੱਡ ਕੇ ਦੌੜ ਗਏ। ਅਬਦਾਲੀ ਦਾ ਹੌਂਸਲਾ ਵੱਧ ਗਿਆ ਤੇ ਉਹ ਅੱਗੇ ਵਧਿਆ ਅਤੇ ਦਿੱਲੀ ਦੇ ਨੇੜੇ ਪਹੁੰਚ ਗਿਆ। ਉਸ ਦੀ ਸੈਨਾ ਪੂਰੇ ਜੋਸ਼ ਵਿੱਚ ਸੀ ਅਤੇ ਲੁੱਟ ਮਾਰ ਦਾ ਮਾਲ ਇਕੱਠਾ ਕਰਨ ਲਈ ਬੇਚੈਨ ਹੋ ਰਹੀ ਸੀ। ਇੱਥੇ ਕੁੱਝ ਰੋਹੀਲਾ ਮੁਖੀ ਵੀ ਅਬਦਾਲੀ ਨਾਲ ਆ ਰਲੇ। ਅਬਦਾਲੀ ਨੇ ਮਾਰਚ ਜਾਰੀ ਰੱਖਿਆ ਅਤੇ ਜਮਨਾ ਦੇ ਕਿਨਾਰੇ ਬਰਾਹੜੀ ਘਾਟ ਪਹੁੰਚ ਗਿਆ। ਇੱਥੇ ਦਾਤਾ ਜੀ ਸਿੰਧਿਆ ਨੇ ਅਬਦਾਲੀ ਦੀ ਸੈਨਾ ਦਾ 9 ਜਨਵਰੀ, 1760 ਨੂੰ ਟਾਕਰਾ ਕੀਤਾ ਪਰ ਉਸ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ। ਉਹ ਲੜਾਈ ਦੇ ਮੈਦਾਨ ਵਿੱਚ ਮਾਰਿਆ ਗਿਆ ਤੇ ਉਹਦੀ ਸੈਨਾ ਵਿੱਚ ਭਾਜੜ ਮੱਚ ਗਈ। ਜਿਧਰ ਕਿਸੇ ਸਿਪਾਹੀ ਨੂੰ ਰਾਹ ਮਿਲਿਆ, ਉਧਰ ਹੀ ਉਹ ਦੌੜ ਗਿਆ।
ਅਬਦਾਲੀ ਹੋਰ ਅੱਗੇ ਵਧਿਆ। ਸਿਕੰਦਰਾਬਾਦ ਦੇ ਸਥਾਨ ‘ਤੇ ਮਲਹਾਰ ਹੌਲਦਾਰ ਨੇ ਉਸ ਦਾ 4 ਮਾਰਚ, 1760 ਨੂੰ ਟਾਕਰਾ ਕੀਤਾ ਪਰ ਉਸ ਦੀ ਵੀ ਬੁਰੀ ਤਰ੍ਹਾਂ ਹਾਰ ਹੋਈ। ਅਬਦਾਲੀ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਪਰ ਉਸ ਨੇ ਉਥੇ ਰਹਿਣਾ ਯੋਗ ਨਾ ਸਮਝਿਆ ਤੇ ਅਵਧ ਦੀ ਸੀਮਾ ਤੇ ਅਨੂਪ ਸ਼ਹਿਰ ਜਾ ਪਹੁੰਚਿਆ। ਇਥੇ ਉਸ ਨੂੰ ਜੀ ਆਇਆ ਆਖਿਆ ਗਿਆ ਅਤੇ ਸਜ਼ਾ-ਉਦ-ਦੌਲਾ ਆਪਣੀ 40,000 ਦੀ ਸ਼ਕਤੀਸ਼ਾਲੀ ਸੈਨਾ ਲੈ ਕੇ ਉਹਦੇ ਨਾਲ ਆ ਮਿਲਿਆ। ਹੁਣ ਅਬਦਾਲੀ ਦੇ ਇਸ਼ਾਰੇ ‘ਤੇ ਵੱਡੀ ਮਾਤਰਾ ਵਿੱਚ ਫੌਜ਼ ਕਿਸੇ ਪਾਸੇ ਵੀ ਹਮਲਾ ਕਰ ਸਕਦੀ ਸੀ। ਅਬਦਾਲੀ ਨੂੰ ਮੁੜ ਕੇ ਲੜਾਈ ਦੇ ਮੈਦਾਨ ਵਿੱਚ ਕੁੱਦਣ ਲਈ ਵੀ ਤਿਆਰੀ ਕਰਨ ਵਾਸਤੇ ਸਮਾਂ ਮਿਲ ਗਿਆ ਸੀ।
ਉਧਰ ਆਪਣੀ ਹਾਰ ਕਾਰਨ ਮਰਹੱਟੇ ਤੜਫ ਉਠੇ। ਉਨ੍ਹਾਂ ਇਸ ਹਾਰ ਨੂੰ ਆਪਣਾ ਵੱਡਾ ਅਪਮਾਨ ਸਮਝਿਆ। ਜਦ ਪੂਨੇ ਵਿੱਚ ਹਾਰ ਦੀ ਖਬਰ ਪਹੁੰਚੀ ਤਾਂ ਪੇਸ਼ਵਾ ਨੇ ਜਿਤਨੀ ਫੌਜ ਉਹ ਇਕੱਠੀ ਕਰ ਸਕਦਾ ਸੀ, ਕੀਤੀ ਅਤੇ ਸਦਾਸ਼ਿਵ ਬਾਹੂ ਦੀ ਕਮਾਨ ਹੇਠ ਸੈਨਾ ਨੂੰ ਕੂਚ ਕਰਨ ਦਾ ਹੁਕਮ ਦਿੱਤਾ। ਸਦਾਸ਼ਿਵ ਬਾਹੂ ਮਸਾਂ 30 ਸਾਲਾਂ ਦਾ ਜਵਾਨ ਇੱਕ ਸੂਰਬੀਰ ਤੇ ਫੌਜ ਦਾ ਕਮਾਂਡਰ ਸੀ। ਉਹ ਹਨੇਰੀ ਵਾਂਗ ਅੱਗੇ ਵਧਿਆ ਅਤੇ 22 ਜੁਲਾਈ 1760 ਨੂੰ ਦਿੱਲੀ ਤੇ ਕਬਜ਼ਾ ਕਰ ਲਿਆ। ਹੁਣ ਅਬਦਾਲੀ ਦੀ ਸੈਨਾ ਪਾਨੀਪਤ ਦੇ ਸਥਾਨ ਤੇ ਇਕੱਠੀ ਹੋ ਚੁੱਕੀ ਸੀ ਅਤੇ ਲੜਾਈ ਦੇ ਮੈਦਾਨ ਵਿੱਚ ਕੁੱਦਣ ਲਈ ਪੂਰੀ ਤਰ੍ਹਾਂ ਤਿਆਰ ਸੀ। ਸਦਾਸ਼ਿਵ ਬਾਹੂ ਦੀ ਸੈਨਾ ਵੀ ਪਾਨੀਪਤ ਪਹੁੰਚ ਗਈ। ਦੋਵੇਂ ਫੌਜਾਂ ਆਮੋ-ਸਾਹਮਣੇ ਆ ਕੇ ਖੜੀਆਂ ਹੋ ਗਈਆਂ। ਬਾਹੂ ਬੜੀ ਵੱਡੀ ਸੈਨਾ ਲੈ ਕੇ ਆਇਆ ਸੀ। ਲਤੀਫ ਅਨੁਸਾਰ ਸੈਨਾ ਦੀ ਗਿਣਤੀ 3,00,000 ਸੀ ਜਿਸ ਵਿੱਚ 55,000 ਘੋੜ ਸਵਾਰ ਸ਼ਾਮਲ ਸਨ। ਸੈਨਾ ਕੋਲ 300 ਵੱਡੀਆਂ ਤੋਪਾਂ ਵੀ ਸਨ। ਅਬਦਾਲੀ ਦੀ ਸੈਨਾ ਦੀ ਗਿਣਤੀ 91,000 ਸੀ ਅਤੇ ਉਸ ਕੋਲ 70 ਤੋਪਾਂ ਸਨ।
ਪਾਨੀਪਤ ਦੇ ਸਥਾਨ ਤੇ ਘਮਾਸਾਨ ਦਾ ਯੁੱਧ ਹੋਇਆ।
ਇਸ ਨੂੰ ਪਾਨੀਪਤ ਦੀ ਤੀਜੀ ਲੜਾਈ ਆਖਿਆ ਜਾਂਦਾ ਹੈ।
ਇਹ ਲੜਾਈ 14 ਜਨਵਰੀ, 1761 ਨੂੰ ਹੋਈ। ਦੋਹਾਂ ਪਾਸਿਆਂ ਦੀਆਂ ਸੈਨਾਵਾਂ ਨੇ ਇੱਕ ਦੂਜੇ ਦੀਆਂ ਰਸਤ ਪਹੁੰਚਾਉਣ ਵਾਲੀਆਂ ਸੜਕਾਂ ਤੇ ਰਸਤਿਆਂ ਨੂੰ ਕੱਟਣ ਦਾ ਭਰਪੂਰ ਯਤਨ ਕੀਤਾ।
ਮਰਹੱਟਿਆਂ ਦੇ ਇੱਕ ਕਮਾਂਡਰ ਗੋਵਿੰਦ ਰਾਉ ਬੁੰਡੇਲਾ ਨੇ ਅਫਗਾਨਾਂ ਦੇ ਰਸਦ ਪਹੁੰਚਾਉਣ ਵਾਲੇ ਰਾਹ ਨੂੰ ਰੋਕ ਲਿਆ।
ਅਫਗਾਨਾਂ ਲਈ ਬੜੀ ਚਿੰਤਾਜਨਕ ਸਥਿਤੀ ਪੈਦਾ ਹੋ ਗਈ। ਜੇ ਉਨ੍ਹਾਂ ਦਾ ਇਹ ਰਾਹ ਬੰਦ ਰਹਿੰਦਾ ਤਾਂ ਉਨ੍ਹਾਂ ਨੂੰ ਬੜੀ ਭਾਰੀ ਹਾਨੀ ਪਹੁੰਚ ਸਕਦੀ ਸੀ। ਅਤਾਈ ਖਾਨ ਨੇ ਸਥਿਤੀ ਨੂੰ ਸੰਭਾਲਿਆ ਤੇ ਗੋਵਿੰਦ ਰਾਉ ਦੇ ਕੈਂਪ ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜੜ੍ਹੋਂ ਉਖਾੜ ਦਿੱਤਾ। ਇਹ ਅਫਗਾਨਾਂ ਦੀ ਪਹਿਲੀ ਜਿੱਤ ਸੀ।
ਅਫਗਾਨਾਂ ਦੀ ਸਪਲਾਈ ਦਾ ਰਾਹ ਖੁੱਲ੍ਹ ਗਿਆ। ਤਿੰਨ ਮਹੀਨੇ ਤੱਕ ਅਫਗਾਨੀਆਂ ਤੇ ਮਰਹੱਟਿਆਂ ਦੀਆਂ ਫੌਜਾਂ ਆਮੋ-ਸਾਹਮਣੇ ਡੱਟੀਆਂ ਰਹੀਆਂ। ਮਰਹੱਟਿਆਂ ਦਾ ਖਾਣ-ਪੀਣ ਦਾ ਸਾਮਾਨ ਖਤਮ ਹੋਣ ਲੱਗਾ ਅਤੇ ਉਹ ਭੁਖਿਆਂ ਮਰਨ ਲੱਗੇ। ਸਥਿਤੀ ਬੜੀ ਭਿਆਨਕ ਸੀ।
ਮੁਹੰਮਦ ਲਤੀਫ ਲਿਖਦਾ ਹੈ, “ਬਾਹੂ ਅਤੇ ਵਿਸ਼ਵਾਸ ਰਾਉ ਦੋਵੇਂ ਘੋੜਿਆਂ ਤੇ ਚੜ੍ਹ ਗਏ। ਉਨ੍ਹਾਂ ਨੇ ਆਪਣੇ ਸਿਪਾਹੀਆਂ ਨੂੰ ਲੜਾਈ ਦੇ ਮੈਦਾਨ ਵਿੱਚ ਉਤਰਨ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਦੇ ਹੌਂਸਲੇ ਵਧਾਏ। ਮਰਹੱਟਿਆਂ ਦੇ ਜੰਗੀ ਨਾਅਰੇ ਹਰਿ ਹਰਿ ਜੈ ਮਹਾਂਦੇਵ ਆਕਾਸ਼ ਵਿੱਚ ਗੁੰਜਣ ਲੱਗੇ। ਉਨ੍ਹਾਂ ਵਿੱਚ
ਅਥਾਹ ਜੋਸ਼ ਭਰ ਗਿਆ। ਹਾਲਾਤ ਪੂਰੀ ਤਰ੍ਹਾਂ ਮਰਹੱਟਿਆਂ ਦੇ ਹੱਕ ਵਿੱਚ ਹੋ ਗਏ। ਨਵਾਬ ਸੁਜਾ-ਉਦ-ਦੌਲਾ, ਜਿਸ ਦੀ ਸੈਨਾ ਮਰਹੱਟਿਆਂ ਦੇ ਨੇੜੇ ਹੀ ਖੜੀ ਸੀ, ਨੂੰ ਕੁੱਝ ਦਿਖਾਈ ਨਹੀਂ ਸੀ ਦੇ ਰਿਹਾ ਕਿਉਂਕਿ ਇਤਨੀ ਮਿੱਟੀ ਉਡ ਰਹੀ ਸੀ ਕਿ ਉਹਦੇ ਵਿੱਚ ਸੈਨਾ ਘਿਰ ਗਈ। ਫਿਰ ਵਜ਼ੀਰ ਆਲਾਹ ਨੇ ਹਥਿਆਰ
ਸੰਭਾਲੇ ਅਤੇ ਆਪਣੀ ਸੈਨਾ ਦੇ ਦੌੜ ਰਹੇ ਸਿਪਾਹੀਆਂ ਵਿੱਚ ਘੁੰਮ ਕੇ ਉਸ ਨੇ ਗੁੱਸੇ ਅਤੇ ਮਾਯੂਸੀ ਵਿੱਚ ਉਨ੍ਹਾਂ ਨੂੰ ਲਲਕਾਰਿਆ ‘ਸਾਡਾ ਮੁਲਕ ਬਹੁਤ ਦੂਰ ਹੈ, ਤੁਸੀਂ ਨੱਠ ਕੇ ਕਿੱਥੇ ਜਾਉਗੇ?” ਸੁਜ਼ਾ ਜਮੀਨ ਤੋਂ ਨਾ ਹਿਲਿਆ ਪਰ ਵਜ਼ੀਰ ਦੀ ਸਹਾਇਤਾ ਕਰਨ ਲਈ ਅੱਗੇ ਵਧਿਆ। (ਹਿਸਟਰੀ ਆਫ਼ ਦੀ ਪੰਜਾਬ, ਸਫ਼ਾ 237)
ਹੁਣ ਅਬਦਾਲੀ ਦੇ ਸੈਨਕ ਜੋਸ਼ ਵਿੱਚ ਆ ਗਏ। ਵਜ਼ੀਰ ਦੀ ਅਪੀਲ ਨੇ ਕਾਰਗਰ ਅਸਰ ਕੀਤਾ ਤੇ ਉਹ ਮਰਹੱਟਿਆਂ ਉਤੇ ਟੁੱਟ ਕੇ ਪੈ ਗਏ। ਮਰਹੱਟੇ ਵੀ ਪੂਰੀ ਉਤਸ਼ਾਹ ਤੋਂ ਹੌਂਸਲੇ ਨਾਲ ਲੜੇ ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਚਲੀ। ਉਨ੍ਹਾਂ ਮੈਦਾਨ ਛੱਡਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਮਰਹੱਟੇ ਲੜਾਈ ਦੇ ਮੈਦਾਨ ਵਿੱਚ ਮਾਰੇ ਗਏ। ਬਾਕੀਆਂ ਨੂੰ ਜਿੱਧਰ ਰਾਹ ਮਿਲਿਆ ਦੌੜ ਗਏ। ਵਿਸ਼ਵਾਸ ਰਾਉ ਅਤੇ ਬਾਹੂ ਦੋਵੇਂ ਜਰਨੈਲ ਲੜਾਈ ਵਿੱਚ ਮਾਰੇ ਗਏ। ਉਨ੍ਹਾਂ ਦੀ ਸੈਨਾ ਖੇਰੂੰ-ਖੇਰੂੰ ਹੋ ਗਈ। ਸੈਨਾ ਦੀ ਵੱਧ ਗਿਣਤੀ ਵੀ ਅਫ਼ਗਾਨਾਂ ਦੀ ਸਿਖਿਅਤ ਸੈਨਾ ਦਾ ਟਾਕਰਾ ਨਾ ਕਰ ਸਕੀ।
ਇਹ ਲੜਾਈ ਮਰਹੱਟਿਆਂ ਦੇ ਹੌਂਸਲੇ ਤੋੜ ਗਈ।
ਇਸ ਤਰ੍ਹਾਂ ਅਫ਼ਗਾਨਾਂ ਦੀ ਭਾਰੀ ਜਿੱਤ ਹੋਈ। ਮਰਹੱਟਿਆਂ ਦੀ ਕਮਰ ਟੁੱਟ ਗਈ। ਉਨ੍ਹਾਂ ਦੇ ਜੁਆਨ ਤੇ ਨਾ ਤਜਰਬੇਕਾਰ ਕਮਾਂਡਰ ਉਨ੍ਹਾਂ ਦੀ ਹਾਰ ਦਾ ਕਾਰਨ ਬਣੇ।
ਅਬਦਾਲੀ ਖੁਸ਼ੀ ਨਾਲ ਝੂਮ ਰਿਹਾ ਸੀ। ਸਾਰਾ ਹਿੰਦੁਸਤਾਨ ਹੀ ਉਹਦੇ ਰਹਿਮ ਉੱਤੇ ਨਿਰਭਰ ਸੀ। ਪਰ ਉਹ ਹਿੰਦੁਸਤਾਨ ਵਿੱਚ ਮੁਗਲ ਤਖ਼ਤ ਤੇ ਕਬਜ਼ਾ ਨਹੀਂ ਸੀ ਕਰਨਾ ਚਾਹੁੰਦਾ। ਇਸ ਲਈ ਉਹ ਥੋੜ੍ਹਾ ਚਿਰ ਦਿੱਲੀ ਰਿਹਾ। ਪਹਿਲਾਂ ਪੰਜਾਬ ਤੇ ਫਿਰ ਅਫ਼ਗਾਨਿਸਤਾਨ ਪਰਤ ਗਿਆ।
ਜਦ ਪੰਜਾਬ ਤੋਂ ਬਾਹਰ ਅਬਦਾਲੀ ਮਰਹੱਟਿਆਂ ਨਾਲ ਲੋਹਾ ਲੈ ਰਿਹਾ ਸੀ ਤਾਂ ਸਿੱਖਾਂ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲ ਗਿਆ। ਉਨ੍ਹਾਂ ਮੌਕੇ ਤੋਂ ਪੂਰੀ ਤਰ੍ਹਾਂ ਲਾਭਉਠਾਇਆ, ਆਪਣੇ ਆਪ ਨੂੰ ਸੰਗਠਤ ਕੀਤਾ ਅਤੇ ਆਉਣ ਵਾਲੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਗਏ।
ਅਬਦਾਲੀ ਨੇ ਕਰੀਮ ਦਾਦ ਖਾਨ, ਜਿਸ ਨੂੰ ਉਸ ਨੇ ਲਾਹੌਰ ਦਾ ਪ੍ਰਬੰਧਕ ਬਣਾਇਆ ਸੀ, ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਕਿਉਂਕਿ ਉਸ ਦੀਆਂ ਸੇਵਾਵਾਂ ਲੜਾਈ ਦੇ ਮੈਦਾਨ ਵਿੱਚ ਲੋੜੀਂਦੀਆਂ ਸਨ। ਸਰਬੁਲੰਦ ਖਾਨ ਨੂੰ ਲਾਹੌਰ ਦਾ ਪ੍ਰਬੰਧਕ ਬਣਾਇਆ ਗਿਆ ਪਰ ਉਹ ਇਤਨਾ ਡਰਪੋਕ ਨਿਕਲਿਆ ਕਿ ਉਸ ਨੇ ਲਾਹੌਰ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ। ਉਹ ਹੁਣ ਸਿੱਖਾਂ ਦੀ ਤਾਕਤ ਅੱਗੇ ਬੇਵਸ ਸੀ। ਉਸ ਨੇ ਸਾਕਤ ਯਾਰ ਖਾਨ ਨੂੰ ਲਾਹੌਰ ਭੇਜ ਦਿੱਤਾ। ਸਿੱਖਾਂ ਦੀ ਵੱਧ ਰਹੀ ਤਾਕਤ ਉਨ੍ਹਾਂ ਲਈ
ਖਤਰਾ ਬਣ ਰਹੀ ਸੀ ਜਿਸ ਨੂੰ ਸਹਾਰਿਆ ਨਹੀਂ ਸੀ ਜਾ ਸਕਦਾ।
ਸਭ ਤੋਂ ਪਹਿਲਾਂ ਚਾਰ ਮਹਲਾ ਦੇ ਸੂਬੇਦਾਰ ਰੁਸਤਮ ਖਾਨ ਨੇ ਸਿੱਖਾਂ ਦਾ ਪਿੱਛਾ ਕੀਤਾ ਪਰ ਸਿੱਖਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ, ਕੈਦ ਵਿੱਚ ਰੱਖਿਆ ਅਤੇ ਉਦੋਂ ਛੱਡਿਆ ਜੱਦ ਉਨ੍ਹਾਂ ਨੇ ਉਹਦੀ ਰਿਹਾਈ ਲਈ 22,000 ਰੁਪਏ ਵਸੂਲ ਕਰ ਲਏ।
ਸਾਕਤ ਯਾਰ ਖਾਨ ਨੂੰ ਜਦ ਇਸ ਘਟਨਾ ਦਾ ਪਤਾ ਚਲਿਆ ਤਾਂ ਉਹ ਇਤਨਾ ਸਹਿਮ ਗਿਆ ਕਿ ਉਸ ਨੇ ਅਸਤੀਫਾ ਦੇ ਦਿੱਤਾ।
ਆਖਰ ਮੀਰ ਮੁਹੰਮਦ ਖਾਨ ਲਾਹੌਰ ਦਾ ਪ੍ਰਬੰਧਕ ਬਣਿਆ। ਉਹ ਹਾਲੀ ਸਥਿਤੀ ਨੂੰ ਵਾਚ ਹੀ ਰਿਹਾ ਸੀ ਕਿ ਸਿੱਖਾਂ ਵੱਲੋਂ ਦਿਵਾਲੀ ਦੇ ਪਵਿੱਤਰ ਤਿਉਹਾਰ ‘ਤੇ ਅੰਮ੍ਰਿਤਸਰ ਨਵੰਬਰ 1760 ਵਿੱਚ ਬੜਾ ਭਾਰੀ ਇਕੱਠ ਹੋਇਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸ੍ਰ. ਚੇਤ ਸਿੰਘ ਕਨ੍ਹਈਆ ਅਤੇ ਸਰਦਾਰ ਲਹਿਣਾ ਸਿੰਘ ਨੇ ਆਪਸ ਵਿੱਚ ਸਲਾਹ ਮਸ਼ਵਰਾ ਕੀਤਾ ਅਤੇ 7 ਨਵੰਬਰ, 1760 ਨੂੰ ਗੁਰਮਤਾ ਕੀਤਾ ਗਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਲਾਹੌਰ ‘ਤੇ ਹਮਲਾ ਕਰ ਦਿੱਤਾ ਜਾਏ ਅਤੇ ਉਸ ਨੂੰ ਆਪਣੇ ਕਬਜ਼ੇ ਅਧੀਨ ਕਰ ਲਿਆ ਜਾਏ।
ਗੁਰਮਤੇ ਤੇ ਅਮਲ ਕਰਨ ਲਈ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਕਮਾਨ ਹੇਠ 10000 ਸਿੰਘਾਂ ਨੇ ਲਾਹੌਰ ਤੇ ਚੜ੍ਹਾਈ ਕੀਤੀ। ਸਿੰਘ ਜੈਕਾਰੇ ਗਜਾਉਂਦੇ ਹੋਏ ਅੱਗੇ ਵਧੇ ਅਤੇ ਸ਼ਹਿਰ ਨੂੰ ਘੇਰ ਲਿਆ ਪਰ ਮੀਰ ਮੁਹੰਮਦ ਖਾਨ ਨੇ ਸ਼ਹਿਰ ਦੇ ਦਰਵਾਜੇ ਬੰਦ ਕਰਾ ਦਿੱਤੇ ਤੇ ਆਪ ਕਿਲ੍ਹੇ ਅੰਦਰ ਛੁਪ ਗਿਆ।
ਸਿੱਖਾਂ ਨੇ ਸਾਰੇ ਸੰਚਾਰ ਸਾਧਨ ਕੱਟ ਦਿੱਤੇ, ਕੁੱਝ ਬਾਹਰਲੇ ਇਲਾਕਿਆਂ ਵਿੱਚ ਲੁੱਟ ਮਾਰ ਕੀਤੀ। ਫਸਲਾਂ ਨੂੰ ਸਾੜਿਆ ਫੂਕਿਆ ਅਤੇ ਨਿਡਰ ਹੋ ਕੇ ਸ਼ਹਿਰ ਦੇ ਆਲੇ-ਦੁਆਲੇ ਚੱਕਰ ਕੱਟਣ ਲੱਗੇ। ਸ਼ਹਿਰ ਦੇ ਕੁੱਝ ਮੋਹਿਤਬਾਰਾਂ ਨੇ ਸੂਬੇਦਾਰ ਨੂੰ ਬੇਨਤੀ ਕੀਤੀ ਕਿ ਸਿੱਖਾਂ ਨੂੰ 30000 ਰੁਪਿਆ ਦੇ ਦਿੱਤਾ ਜਾਵੇ ਤਾਂ ਉਹ ਸ਼ਹਿਰ ਛੱਡ ਜਾਣਗੇ। ਇਸੇ ਤਰ੍ਹਾਂ ਕੀਤਾ ਗਿਆ ਅਤੇ ਸਿੱਖ ਵਾਪਸ ਮੁੜ ਗਏ।
ਅਪ੍ਰੈਲ, 1761 ਵਿੱਚ ਅਬਦਾਲੀ ਨੇ ਅਫਗਾਨਿਸਤਾਨ ਮੁੜਨ ਦਾ ਨਿਸ਼ਚਾ ਕੀਤਾ। ਸਿੱਖਾਂ ਨੇ ਉਸ ਦੀ ਸੈਨਾ ਦਾ ਪਿੱਛਾ ਕੀਤਾ ਅਤੇ ਜਦ ਉਹ ਸਤਲੁਜ ਪਾਰ ਕਰ ਰਿਹਾ ਸੀ ਤਾਂ ਉਸ ਨੂੰ ਜਾ ਘੇਰਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਪਤਾ ਲੱਗ ਚੁੱਕਿਆ ਸੀ ਕਿ ਅਬਦਾਲੀ ਆਪਣੇ ਨਾਲ ਲੁੱਟ ਦੇ ਮਾਲ ਤੋਂ ਬਿਨਾਂ ਹਿੰਦੁਸਤਾਨ ਦੀ ਇੱਜ਼ਤ ਆਬਰੂ ਵੀ ਨਾਲ ਲਿਜਾ ਰਿਹਾ ਹੈ। ਉਹਦੀ ਸੈਨਾ ਨੇ 2200 ਨੌਜੁਆਨ ਲੜਕੀਆਂ ਨਾਲ ਲਿਜਾਣ ਲਈ ਫੜੀਆਂ ਹੋਈਆਂ ਸਨ। ਸਿੱਖਾਂ ਦੇ ਆਚਰਣ ਦਾ ਲੋਕਾਂ ਦੇ ਮਨਾਂ ਤੇ ਡੂੰਘਾ ਪ੍ਰਭਾਵ ਪਿਆ। ਇਸ ਪ੍ਰਭਾਵ ਨਾਲ ਉਨ੍ਹਾਂ ਲੋਕਾਂ
ਦੇ ਮਨ ਜਿੱਤ ਲਏ। ਉਨ੍ਹਾਂ ਦੀ ਹਰ ਪਾਸੇ ਪ੍ਰਸੰਸਾ ਹੋਣ ਲੱਗੀ।
ਪੰਜਾਬ ਤੋਂ ਜਾਣ ਤੋਂ ਪਹਿਲਾਂ ਅਬਦਾਲੀ ਨੇ ਸਰਬੁਲੰਦ ਖਾਨ ਨੂੰ ਲਾਹੌਰ ਦਾ ਸੂਬੇਦਾਰ, ਖਵਾਜਾ ਉਬੇਦ ਨੂੰ ਮੁਲਤਾਨ ਦਾ ਸੂਬੇਦਾਰ ਅਤੇ ਕਾਂਗੜੇ ਦੇ ਰਾਜਾ ਘੁੰਮਡ ਚੰਦ ਕਟੋਚ ਨੂੰ ਜਲੰਧਰ ਦੁਆਬ ਦਾ ਸੂਬੇਦਾਰ ਨਿਯੁਕਤ ਕੀਤਾ। ਜੈਨ ਖਾਨ ਨੇ ਸਰਹੰਦ ਦਾ ਚਾਰਜ ਸੰਭਾਲਿਆ। ਜਲੰਧਰ ਦੁਆਬ ਦੇ ਸੂਬੇਦਾਰ ਦੇ ਦੋ ਸਹਾਇਕ ਸਾਕਤ ਖਾਨ ਅਤੇ ਸਾਦਿਕ ਖਾਨ ਅਫਰੀਦੀ ਵੀ ਨਿਯੁਕਤ ਕੀਤੇ ਗਏ। ਅਬਦਾਲੀ ਨੇ ਇਨ੍ਹਾਂ ਨੂੰ ਸਖਤ ਹੁਕਮ ਦਿੱਤੇ ਕਿ ਉਹ ਸਿੱਖਾਂ ਦਾ ਪਿੱਛਾ ਕਰਨ, ਉਨ੍ਹਾਂ ਨੂੰ ਤਸੀਹੇ ਦੇਣ ਅਤੇ ਕਰੜੀਆਂ ਸਜ਼ਾਵਾਂ ਦਿੱਤੀਆਂ ਜਾਣ। ਪਰ ਸਿੱਖਾਂ ‘ਤੇ ਇਹਦਾ ਕੋਈ ਅਸਰ ਨਾ ਹੋਇਆ। ਉਨ੍ਹਾਂ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ। ਜਦ ਅਬਦਾਲੀ ਸਿੰਧ ਪਾਰ ਕਰ ਗਿਆ ਤਾਂ ਸਿੱਖ ਚਾਰ ਚੁਫੇਰੇ ਖਿੰਡ ਗਏ ਅਤੇ ਸਾਰੇ ਪਾਸਿਉਂ ਹਮਲੇ ਕਰਨ ਲੱਗੇ। ਉਨ੍ਹਾਂ ਨੇ ਖਵਾਜ਼ਾ ਮਿਰਜ਼ਾ ਬੇਗ, ਚਾਰ ਮਹਲਾ ਦੇ ਸੂਬੇਦਾਰ ਦੇ 1000 ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਹੁਣ ਸਿੱਖਾਂ ਨੇ ਜਲੰਧਰ ਦੁਆਬ ਵੱਲ ਰੁੱਖ ਕੀਤਾ ਅਤੇ ਉਨ੍ਹਾਂ ਕੋਲ 30,000 ਦੀ ਫੌਜ਼ ਸੀ। ਫੌਜ਼ਦਾਰ ਸਾਦਤ ਖਾਨ ਅਤੇ ਸਾਦਿਕ ਖਾਨ ਅਫਰੀਦੀ ਮੈਦਾਨ ਛੱਡ ਕੇ ਦੌੜ ਗਏ। ਇੱਕ ਜਿੱਤ ਮਗਰੋਂ ਦੂਜੀ ਜਿੱਤ ਨੇ ਸਿੱਖਾਂ ਦੇ ਹੌਂਸਲੇ ਬਹੁਤ ਬੁਲੰਦ ਕਰ ਦਿੱਤੇ। ਉਨ੍ਹਾਂ ਦਾ ਹੁਣ ਅਗਲਾ ਨਿਸ਼ਾਨਾ ਸਰਹੰਦ ਸੀ ਜਿਹੜਾ ਉਨ੍ਹਾਂ ਦੀ ਮਾਰ ਤੋਂ ਕਦੀ ਵੀ ਨਾ ਬਚ ਸਕਿਆ। ਸਰਹੰਦ ‘ਤੇ ਹਮਲਾ ਕੀਤਾ ਗਿਆ। ਪਿੰਡਾਂ ਵਿੱਚ ਤਬਾਹੀ ਮਚਾਈ ਗਈ।
ਫਿਰ ਸ਼ਹਿਰ ਦੀ ਵਾਰੀ ਆਈ। ਲੁੱਟ ਮਾਰ ਕੀਤੀ ਗਈ, ਅੱਗਾਂ ਲਗਾਈਆਂ ਗਈਆਂ। ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਹੁਣ ਸਿੱਖਾਂ ਦੇ ਟਾਕਰੇ ਲਈ ਮਲੇਰ ਕੋਟਲੇ ਦਾ ਹਾਕਮ ਭੀਖਨ ਖਾਨ ਮੈਦਾਨ ਵਿੱਚ ਨਿਕਲਿਆ। ਉਸ ਨੇ ਸਿੱਖਾਂ ਤੇ ਤਕੜਾ ਹਮਲਾ ਕੀਤਾ ਅਤੇ ਸਿੱਖਾਂ ਨੂੰ ਸ਼ਹਿਰ ਛੱਡਣਾ ਪਿਆ ਪਰ ਛੇਤੀ ਹੀ ਮਗਰੋਂ ਉਨ੍ਹਾਂ ਮਲੇਰ ਕੋਟਲੇ ‘ਤੇ ਹਮਲਾ ਕਰ ਦਿੱਤਾ ਤਾਂ ਜੋ ਭੀਖਨ ਖਾਨ ਨੂੰ ਸਬਕ ਸਿਖਾਇਆ ਜਾ ਸਕੇ। ਸ਼ਹਿਰ ਦਾ ਘੇਰਾ ਪਾ ਲਿਆ ਗਿਆ। ਸੰਚਾਰ ਸਾਧਨ ਕੱਟ ਦਿੱਤੇ ਗਏ। ਕੁੱਝ ਇਲਾਕਿਆਂ ਵਿੱਚ ਲੁੱਟ ਮਾਰ ਕੀਤੀ ਗਈ। ਅੱਗਾਂ ਲਗਾਈਆਂ ਗਈਆਂ ਅਤੇ ਅਖੀਰ ਕਿਲ੍ਹੇ ਉਤੇ ਕਬਜ਼ਾ ਕਰ ਲਿਆ ਗਿਆ।
ਅਬਦਾਲੀ ਅਫਗਾਨਿਸਤਾਨ ਪਹੁੰਚਿਆ ਤਾਂ ਉਹ ਗੁੱਸੇ ਨਾਲ ਭਰਿਆ ਪਿਆ ਸੀ। ਸਿੱਖਾਂ ਨੇ ਨਾ ਕੇਵਲ ਉਹਦੀ ਸੈਨਾ ਕੋਲੋਂ ਕਾਫੀ ਮਾਲ ਹੀ ਲੁੱਟ ਲਿਆ ਸੀ, ਸਗੋਂ 2200 ਲੜਕੀਆਂ ਨੂੰ ਵੀ ਛੁਡਾ ਲਿਆ ਗਿਆ। ਪਰ ਅਬਦਾਲੀ ਵੀ ਚੈਨ ਨਾਲ ਨਹੀਂ ਸੀ ਬੈਠ ਸਕਦਾ। ਉਸ ਨੇ ਆਪਣੇ ਕਮਾਂਡਰ ਨੂਰ ਉਦ ਦੀਨ ਨੂੰ
ਸਿੱਖਾਂ ਨਾਲ ਨਜਿੱਠਣ ਲਈ ਭੇਜਿਆ। ਨੂਰ ਉਦ ਦੀਨ ਅਗਸਤ, 1761 ਵਿੱਚ ਹਿੰਦੁਸਤਾਨ ਦਾਖਲ ਹੋਇਆ। ਜੇਹਲਮ ਦਰਿਆ ਪਾਰ ਕੀਤਾ ਅਤੇ ਕਈ ਸ਼ਹਿਰਾਂ ਦੀ ਲੁੱਟ ਮਾਰ ਕੀਤੀ। ਫਿਰ ਉਹ ਝਨਾਬ ਦਰਿਆ ਦੇ ਕੰਢੇ ਉਤੇ ਆ ਪਹੁੰਚਿਆ। ਇੱਥੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਨੇ ਉਸ ਨੂੰ ਵੰਗਾਰਿਆ ਅਤੇ ਇਸ ਤਰ੍ਹਾਂ ਨੂਰ ਉਦ ਦੀਨ ਦਾ ਅੱਗੇ ਵਧਣਾ ਰੁੱਕ ਗਿਆ। ਲੜਾਈ ਹੋਈ, ਜਿਸ ਵਿੱਚ ਨੂਰ ਉਦ ਦੀਨ ਨੇ ਹਾਰ ਖਾਧੀ। ਨੱਸ ਰਹੀ ਫੌਜ਼ ਦਾ ਸਰਦਾਰ ਚੜ੍ਹਤ ਸਿੰਘ ਨੇ ਪਿੱਛਾ ਕੀਤਾ। ਫੌਜ਼ ਨੇ ਸਿਆਲਕੋਟ ਜਾ ਕੇ ਸਾਹ ਲਿਆ। ਸਿੱਖਾਂ ਨੇ ਸ਼ਹਿਰ ਨੂੰ ਘੇਰ ਲਿਆ। ਅਫਗਾਨੀ ਫੌਜ ਵਿੱਚ ਖਲਬਲੀ ਮੱਚੀ ਹੋਈ ਸੀ। ਨੂਰ ਉਦ ਦੀਨ ਭੇਸ ਬਦਲ ਕੇ ਕਿਤੇ ਦੌੜ ਗਿਆ। ਉਹ ਆਪਣੀ ਫੌਜ ਨੂੰ ਆਪਣੇ ਹਾਲ ਤੇ ਛੱਡ ਗਿਆ ਜਿਹੜੀ ਸਿੱਖਾਂ ਦੀ ਮਾਰ ਅੱਗੇ ਬਹੁਤਾ ਚਿਰ ਨਾ ਠਹਿਰ ਸਕੀ। ਉਸ ਨੇ ਹਥਿਆਰ ਸੁੱਟ ਦਿੱਤੇ। ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਦੀ ਇਹ ਇੱਕ ਵੱਡੀ ਜਿੱਤ ਸੀ। ਉਹ ਬੜੀ ਸ਼ਾਨ ਨਾਲ ਗੁਜਰਾਂ ਵਾਲੇ ਪਰਤਿਆ।
ਖੂਬ ਖੁਸ਼ੀਆਂ ਮਨਾਈਆਂ ਗਈਆਂ। ਉਹਦੀ ਜੈ-ਜੈ ਕਾਰ ਹੋ ਗਈ। ਇਸ ਜਿੱਤ ਮਗਰੋਂ ਸਿੱਖਾਂ ਦੀ ਜੁਅਰਤ ਵੱਧ ਗਈ ਅਤੇ ਹੁਣ ਉਨ੍ਹਾਂ ਨੇ ਖੁਲ੍ਹੇ ਆਮ ਸ਼ਾਹੀ ਸੈਨਾ ਨਾਲ ਟੱਕਰ ਲੈਣੀ ਸ਼ੁਰੂ ਕਰ ਦਿੱਤੀ। ਉਹ ਮਾਲੀਆ ਉਗਰਾਹੁਣ ਵਾਲੇ ਅਧਿਕਾਰੀਆਂ ਦੇ ਰਾਹ ਵਿੱਚ ਰੋੜੇ ਅਟਕਾਉਂਦੇ ਸਨ। ਇਸ ਤਰ੍ਹਾਂ ਮਾਲੀਆ ਇਕੱਠਾ ਨਹੀਂ ਸੀ ਹੋ ਰਿਹਾ ਅਤੇ ਸਰਕਾਰੀ ਖਜ਼ਾਨਾ ਖਾਲੀ ਹੋਣ ਲੱਗਾ। ਪ੍ਰਬੰਧਕ ਢਾਂਚਾ ਖੇਰੂੰ-ਖੇਰੂੰ ਹੋ ਰਿਹਾ ਸੀ।
ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਨੇ ਗੁਜਰਾਂਵਾਲੇ ਵਿੱਚ ਇੱਕ ਕਿਲ੍ਹੇ ਦੀ ਉਸਾਰੀ ਕਰ ਲਈ ਸੀ। ਜਿਹੜਾ ਹਾਕਮਾਂ ਦੀਆਂ ਅੱਖਾਂ ਵਿੱਚ ਰੜ੍ਹਕਦਾ ਸੀ। ਖਵਾਜ਼ਾ ਉਬੇਦ ਨੇ ਫੌਜ਼ ਵਿੱਚ ਨਵੀਂ ਭਰਤੀ ਕੀਤੀ ਤਾਂ ਜੋ ਸਿੱਖਾਂ ਨੂੰ ਕੁਚਲਿਆ ਜਾ ਸਕੇ। ਉਸ ਨੇ 10,000 ਸਿਪਾਹੀ ਆਪਣੀ ਫੌਜ ਵਿੱਚ ਭਰਤੀ ਰੱਖੇ ਅਤੇ ਗੁਜਰਾਂਵਾਲੇ ਵੱਲ ਕੂਚ ਕੀਤਾ ਅਤੇ ਜਦ ਉਹ ਸ਼ਹਿਰ ਦੇ ਨੇੜੇ ਪਹੁੰਚਿਆ ਤਾਂ ਸ੍ਰ. ਚੜ੍ਹਤ ਸਿੰਘ ਦੀ ਸੈਨਾ ਨੇ ਅੱਗੋਂ ਡੱਟ ਕੇ ਮੁਕਾਬਲਾ ਕੀਤਾ। ਉਬੇਦ ਖਾਨ ਦੀ ਫੌਜ਼ ਚੜ੍ਹਤ ਸਿੰਘ ਦੀ ਉਚਤਮ ਸੈਨਾ ਅੱਗੇ ਨਾ ਠਹਿਰ ਸਕੀ। ਉਧਰ ਬਾਕੀ ਦੇ ਸਿੱਖ ਸਰਦਾਰ ਸ੍ਰ. ਹਰੀ ਸਿੰਘ ਭੰਗੀ, ਸ੍ਰ. ਝੰਡਾ ਸਿੰਘ, ਸ. ਗੁਜਰ ਸਿੰਘ, ਸ੍ਰ. ਜੈ ਸਿੰਘ ਕਨ੍ਹਈਆਂ, ਸ. ਲਹਿਣਾ ਸਿੰਘ ਅਤੇ ਸੋਭਾ ਸਿੰਘ ਵੀ ਆਪਣੀ ਸੈਨਾ ਲੈ ਕੇ ਸਰਦਾਰ ਚੜ੍ਹਤ ਸਿੰਘ ਦੀ ਸਹਾਇਤਾ ਲਈ ਪਹੁੰਚ ਗਏ। ਉਨ੍ਹਾਂ ਸ਼ਹਿਰ ਤੋਂ 4 ਮੀਲ ਬਾਹਰ ਡੇਰਾ ਜਮਾਇਆ। ਚਾਰੇ ਪਾਸੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਪੈ ਰਹੀ ਸੀ।
ਖਵਾਜ਼ਾ ਉਬੇਦ ਡਰ ਤੇ ਭੈਅ ਨਾਲ ਸਹਿਮ ਗਿਆ। ਉਸ ਨੂੰ ਘੇਰ ਲਿਆ ਗਿਆ। ਉਹ ਇਤਨਾ ਡਰਿਆ ਹੋਇਆ ਸੀ ਕਿ ਰਾਤ ਦੇ ਹਨੇਰੇ ਵਿੱਚ ਕਿਤੇ ਦੌੜ ਗਿਆ। ਸਿੱਖਾਂ ਨੇ ਉਹਦੀ ਸੈਨਾ ‘ਤੇ ਹਮਲਾ ਕੀਤਾ, ਪਰ ਉਨ੍ਹਾਂ ਵਿੱਚ ਮੁਕਾਬਲਾ ਕਰਨ ਦੀ ਸ਼ਕਤੀ ਨਹੀਂ ਸੀ। ਉਨ੍ਹਾਂ ਨੂੰ ਜਿਸ ਪਾਸੇ ਰਾਹ ਮਿਲਿਆ, ਉਧਰ ਹੀ ਦੌੜ ਗਏ। ਸਿੱਖਾਂ ਦੇ ਹੱਥ ਬਹੁਤ ਸਾਰਾ ਜੰਗੀ ਸਾਮਾਨ ਲੱਗਿਆ। ਸਿੱਖ ਮਾਲਾ ਮਾਲ ਹੋ ਗਏ। ਸਰਕਾਰ ਦੇ ਮਾਣ ਨੂੰ ਸਖਤ ਧੱਕਾ ਵਜਿਆ। ਸਰਦਾਰ ਚੜ੍ਹਤ ਸਿੰਘ ਦੀ ਚੜ੍ਹਤ ਮੱਚ ਗਈ। ਸਿੱਖ ਹੁਣ ਛਾਤੀਆਂ ਕੱਢ ਕੇ ਹਾਕਮਾਂ ਨੂੰ ਲਲਕਾਰਨ ਲੱਗੇ। ਸਿੱਖਾਂ ਨੂੰ ਜਿੱਤ ਦਾ ਨਸ਼ਾ ਤਾਂ ਚੜ੍ਹਿਆ ਪਰ ਉਨ੍ਹਾਂ ਵਿੱਚ ਹੰਕਾਰ ਬਿਲਕੁਲ ਨਹੀਂ ਆਇਆ। ਉਨ੍ਹਾਂ ਦਾ ਅਕਾਲ ਪੁਰਖ ਵਿੱਚ ਵਿਸ਼ਵਾਸ ਅਟੱਲ ਰਿਹਾ।
ਦੀਵਾਲੀ ਦਾ ਤਿਉਹਾਰ ਆ ਗਿਆ। ਸਿੱਖ 22 ਅਕਤੂਬਰ, 1761 ਨੂੰ ਅੰਮ੍ਰਿਤਸਰ ਇਕੱਠੇ ਹੋਏ। ਉਨ੍ਹਾਂ ਹਰਿਮੰਦਰ ਸਾਹਿਬ ਵਿੱਚ ਅਰਦਾਸ ਕੀਤੀ ਤੇ ਅਕਾਲ ਪੁਰਖ ਦਾ ਸ਼ੁਕਰ ਕੀਤਾ। ਇੱਕ ਗੁਰਮਤਾ ਵੀ ਕੀਤਾ ਗਿਆ ਕਿ ਜੰਡਿਆਲੇ ਦੇ ਅਹਿਲਕਾਰਾਂ ਨੂੰ ਅਵੱਸ਼ ਸਜ਼ਾ ਦੇਣੀ ਚਾਹੀਦੀ ਹੈ। ਉਸ ਨੂੰ ਆਪਣੀਆਂ ਕਰਤੂਤਾਂ ਦਾ ਸਿਲਾ ਮਿਲਣਾ ਚਾਹੀਦਾ ਹੈ। ਇਹ ਵੀ ਮਿਥਿਆ ਗਿਆ ਕਿ ਲਾਹੌਰ ਤੇ ਮੁੜ ਕੇ ਹਮਲਾ ਕੀਤਾ ਜਾਏ। ਲਾਹੌਰ ਪੰਜਾਬ ਦਾ ਦਿਲ ਹੈ ਅਤੇ ਲਾਹੌਰ ਤੇ ਕਬਜ਼ੇ ਤੋਂ ਬਿਨਾਂ ਸਿੱਖ ਪੰਜਾਬ ਵਿੱਚ ਉੱਚਤਮ ਤਾਕਤ ਨਹੀਂ ਬਣ ਸਕਦੇ। ਪੰਜ ਦਰਿਆਵਾਂ ਦੀ ਧਰਤੀ, ਉਨ੍ਹਾਂ ਦੇ ਪੈਰਾਂ ਹੇਠਾਂ ਤਦੇ ਆ ਸਕਦੀ ਹੈ, ਜੇ ਲਾਹੌਰ ਵਿੱਚ ਖਾਲਸਈ ਝੰਡਾ ਲਹਿਰਾਇਆ ਜਾਏ।
ਗੁਰਮਤਾ ਪਾਸ ਕੀਤਾ ਗਿਆ ਕਿ ਨਾਲ ਹੀ ਉਹਦੇ ਤੇ ਅਮਲ ਸ਼ੁਰੂ ਹੋ ਗਿਆ। ਸਿੱਖ ਸੈਨਾ, ਦਲ ਖਾਲਸਾ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਲਾਹੌਰ ਵੱਲ ਕੂਚ ਕੀਤਾ। ਸ਼ਹਿਰ ਦੇ ਆਲੇ ਦੁਆਲੇ ਘੇਰਾ ਪਾ ਲਿਆ ਗਿਆ।
ਸੰਚਾਰ ਸਾਧਨ ਕੱਟ ਦਿੱਤੇ ਗਏ। ਕਿਸੇ ਵਿਅਕਤੀ ਨੂੰ ਨਾ ਸ਼ਹਿਰ ਦੇ ਅੰਦਰ ਜਾਣ ਜਾਂ ਸ਼ਹਿਰ ਤੋਂ ਬਾਹਰ ਨਿਕਲਣ ਦੀ ਆਗਿਆ ਸੀ। ਸੂਬੇਦਾਰ ਉਬੇਦ ਖਾਨ ਨੇ ਆਪਣੇ ਆਪ ਨੂੰ ਕਿਲ੍ਹੇ ਦੇ ਅੰਦਰ ਬੰਦ ਕਰ ਲਿਆ। ਉਹਦੇ ਵਿੱਚ ਬਾਹਰ ਨਿਕਲਣ ਦਾ ਹੌਸਲਾ ਨਹੀਂ ਸੀ। ਸ਼ਹਿਰ ਦੇ ਲੋਕ ਇਤਨਾ ਡਰ ਗਏ ਕਿ ਉਨ੍ਹਾਂ ਨੇ ਸ਼ਹਿਰ ਦੇ ਬੂਹੇ ਖੋਲ੍ਹ ਦਿੱਤੇ। ਉਨ੍ਹਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨਾਲ ਗੱਲਬਾਤ ਕੀਤੀ ਅਤੇ ਆਪਣੀ ਸੁਰੱਖਿਆ ਮੰਗੀ। ਸਰਦਾਰ ਆਹਲੂਵਾਲੀਏ ਨੇ ਉਨ੍ਹਾਂ ਨੂੰ ਵਚਨ ਦਿੱਤਾ ਕਿ ਸ਼ਾਂਤਮਈ ਸ਼ਹਿਰੀਆਂ ਨੂੰ ਕੁੱਝ ਨਹੀਂ ਆਖਿਆ ਜਾਏਗਾ। ਸ਼ਹਿਰ ਵਿੱਚ ਸਿੱਖਾਂ ਦਾ ਬੋਲ ਬਾਲਾ ਹੋ ਗਿਆ। ਕੁੱਝ ਚਿਰ ਮਗਰੋਂ ਖਵਾਜ਼ਾ ਉਬੇਦ ਕਿਲ੍ਹੇ ਦੇ ਅੰਦਰ ਹੀ ਡਰ ਨਾਲ ਮਰ ਗਿਆ। ਸਾਰਾ ਸ਼ਹਿਰ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਇਹ ਦਿਨ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਏਗਾ।
ਲਾਹੌਰ ਤੇ ਕਬਜ਼ਾ ਹੋ ਗਿਆ। ਸਿੱਖਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਬਾਦਸ਼ਾਹ ਘੋਸ਼ਿਤ ਕਰ ਦਿੱਤਾ। ਉਸ ਨੂੰ ਸੁਲਤਾਨ ਉਲ ਕੌਮ ਦਾ ਖਿਤਾਬ ਦਿੱਤਾ ਗਿਆ। ਨਵਾਬ ਕਪੂਰ ਸਿੰਘ ਦੀ ਭਵਿੱਖਬਾਣੀ ਸੱਚ ਨਿਕਲੀ ਅਤੇ ਸਿੰਘਾਂ ਦਾ ਸੁਪਨਾ ਸਾਕਾਰ ਹੋ ਗਿਆ। ਖਜਾਨੇ ਉਤੇ ਕਬਜ਼ਾ ਹੋਇਆ। ਸਿੰਘਾਂ ਨੇ ਸਿੱਕਾ ਜਾਰੀ ਕੀਤਾ। ਸਿੱਕੇ ਉਤੇ ਉਕਰਿਆ ਹੋਇਆ।
“ਦੇਗ ਤੇਗ ਫਤਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ।”
ਕਿਹਾ ਜਾਂਦਾ ਹੈ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਆਪਣੇ ਨਾਂ ਦੇ ਸਿੱਕੇ ਜਾਰੀ ਕੀਤੇ ਪਰ ਇਹ ਗੱਲ ਠੀਕ ਨਹੀਂ ਜਾਪਦੀ ਕਿਉਂਕਿ ਕੋਈ ਵੀ ਸਿੱਖ ਸਰਦਾਰ ਆਪਣੇ ਨਾਂ ਦਾ ਸਿੱਕਾ ਜਾਰੀ ਕਰਨ ਬਾਰੇ ਸੋਚ ਵੀ ਨਹੀਂ ਸੀ ਸਕਦਾ।
ਲਾਹੌਰ ਦੀ ਜਿੱਤ ਸਿੱਖਾਂ ਵੱਲੋਂ ਆਪਣੀ ਸਲਤਨਤ ਕਾਇਮ ਕਰਨ ਲਈ ਇਹ ਮਹੱਤਵਪੂਰਨ ਕਦਮ ਸੀ। ਹੁਣ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਛੇਤੀ ਹੀ ਸਿੱਖ ਸਾਰੇ ਪੰਜਾਬ ਦੇ ਮਾਲਕ ਬਣ ਜਾਣਗੇ ਪਰ ਜਿਵੇਂ ਹਰੀ ਰਾਮ ਗੁਪਤਾ ਲਿਖਦਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਹੋਇਆ ਸੀ। ਕਿ ਸਿੱਖਾਂ ਦੀ ਇਸ ਸ਼ਾਨਦਾਰ ਜਿੱਤ ਮਗਰੋਂ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਸਿੱਖਾਂ ਨੂੰ ਇੱਕ ਬਹੁਤ ਵੱਡੀ ਸੱਟ ਸਹਿਣੀ ਪਈ। ਇੰਨੀ ਵੱਡੀ ਕਿ ਬੰਦਾ ਸਿੰਘ ਬਹਾਦਰ ਦੀ ਮੌਤ ਮਗਰੋਂ ਇਹੋ ਜਿਹੀ ਸੱਟ ਉਨ੍ਹਾਂ ਨੂੰ ਕਦੀ ਨਹੀਂ ਸੀ ਵੱਜੀ (ਹਿਸਟਰੀ ਆਫ਼ ਦੀ ਸਿੱਖਸ-1, ਸਫਾ 163)
ਹਾਲ ਦੀ ਘੜੀ ਤਾਂ ਸਾਰਾ ਪੰਜਾਬ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ। ਕਿਤੇ-ਕਿਤੇ ਕਿਸੇ ਟੁਕੜੇ ਵਿੱਚ ਅਫ਼ਗਾਨੀ ਹਕੂਮਤ ਦੇ ਆਸਾਰ ਮਿਲਦੇ ਸਨ।
ਸੁਰਿੰਦਰ ਸਿੰਘ ਜੋਹਰ
