
ਪੰਜਾਬੀ ਦੇ ਪ੍ਰੋਫੈਸਰ ਨੇ ਕਲਾਸ ਰੂਮ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੇ ਬੁਰਾਈਆਂ ਪ੍ਰਤੀ ਜਾਗ੍ਰਤ ਕਰਨ ਲਈ, ਇਕ ਨਸ਼ੇੜੀ ਦਾ ਚਿੱਤਰ ਦਿਖਾਉਂਦਿਆਂ ਸਵਾਲ ਕੀਤਾ ਕਿ ਤੁਸੀਂ ਇਸ ਚਿੱਤਰ ਤੋਂ ਕੀ ਅਨੁਭਵ ਕਰਦੇ ਹੋ?
ਇਹ ਸੁਣ ਕੇ ਪਹਿਲਾ ਵਿਦਿਆਰਥੀ ਬੋਲਿਆ, “ਸਰ ਇਸ ਚਿੱਤਰ ਵਿਚ ਨਸ਼ੇੜੀ ਦੇ ਪਿੱਛੇ ਇਕ ਡਿੱਗਦਾ ਢਹਿੰਦਾ ਜਿਹਾ ਘਰ ਵੀ ਦਿਖਾਇਆ ਹੋਇਆ ਜੋ ਇਹਦੇ ਨਸ਼ਿਆਂ ਵਿਚ ਕੀਤੇ ਉਜਾੜੇ ਦਾ ਪ੍ਰਤੀਕ ਵੀ ਹੋ ਸਕਦੈ ਤੇ ਇਸ ਤਰ੍ਹਾਂ ਚਿੱਤਰ ਵਿੱਚੋਂ ਦੋਹਾਂ ਦੀ ਬਰਬਾਦੀ ਝਲਕਦੀ ਐ।”
ਦੂਜਾ ਬੋਲਿਆ, “ਇਹ ਇਕ ਮਾਪਿਆਂ ਦਾ ਘਰੋਂ ਬਾਹਰ ਕੱਢਿਆ ਨਸ਼ੇੜੀ ਪੁੱਤਰ ਵੀ ਹੋ ਸਕਦੈ, ਜੋ ਖ਼ਿਆਲਾਂ ਵਿਚ ਆਪਣੇ ਘਰ ਬਾਰੇ ਸੋਚ ਰਿਹਾ ਕਿ ਆਪਣੇ ਘਰੋਂ ਇਉਂ ਵੀ ਫਿਟਕਾਰਾਂ ਪੈਣੀਆਂ ਸਨ।”
ਤੀਜਾ ਕਹਿੰਦਾ, “ਵੇਖੋ ਇਹਦਾ ਭਾਵ ਇਹ ਵੀ ਤਾਂ ਹੋ ਸਕਦੈ ਕਿ ਨਸ਼ੇੜੀ ਪਾਸ ਹੁਣ ਨਸ਼ਾ ਪੱਤਾ ਕਰਨ ਲਈ ਕੁਝ ਵੀ ਬਾਕੀ ਨਹੀਂ ਰਿਹਾ ਤੇ ਨਸ਼ੇ ਦੀ ਤੋਟ ਵਿਚ ਆਪਣੇ ਹਿੱਸੇ ਦਾ ਘਰ ਵੇਚਣ ਦੀ ਸੋਚ ਰਿਹਾ ਜਾਂ ਇਹ ਸੌਦਾ ਕਰ ਬੈਠਾ ਤੇ ਇਹ ਇਕ ਬੇਘਰ ਨਸ਼ੇੜੀ ਵੀ ਹੋ ਸਕਦਾ।”
ਚੌਥਾ ਬੋਲਿਆ, “ਚਿੱਤਰ ਦੀ ਇਕ ਆਪਣੀ ਭਾਸ਼ਾ ਹੈ ਤੇ ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਇਹ ਨਸ਼ੇ ਵਿਚ ਏਨਾ ਟੁੰਨ ਹੋ ਗਿਆ ਕਿ ਆਪਣਾ ਘਰ ਹੀ ਨਹੀਂ ਲੱਭ ਰਿਹਾ ਤੇ ਚਿੱਤਰ ‘ਚ ਖ਼ਿਆਲਾਂ ਵਿਚ ਘੁੰਮਦਾ ਹੋਇਆ ਘਰ ਵੀ ਹੋ ਸਕਦਾ।”
ਪੰਜਵਾਂ ਕਹਿਣ ਲੱਗਾ, “ਮੇਰਾ ਆਈਡੀਆ ਹੈ ਕਿ ਡਿੱਗਦਾ ਢਹਿੰਦਾ ਘਰ ਨਸ਼ੇੜੀ ਦੇ ਸਰੀਰ ਰੂਪੀ ਘਰ ਦੇ ਖੰਡਰ ਹੋਣ ਦਾ ਪ੍ਰਤੀਕ ਹੈ ਤੇ ਚਿੱਤਰ ਅਨੁਸਾਰ ਦੋਨਾਂ ਵਿੱਚੋਂ ਸਭ ਕੁਝ ਬਿਖਰ ਚੁੱਕਾ ਦਿਖਾਈ ਦਿੰਦਾ ਐ ਕਿ ਪਿੱਛੇ ਕੁਝ ਨਹੀਂ ਰਿਹਾ।
ਸਾਰਿਆਂ ਦੇ ਵਿਚਾਰ ਸੁਣ ਕੇ ਛੇਵਾਂ ਵਿਦਿਆਰਥੀ ਬੋਲਿਆ, “ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਇਹਦੀ ਪਤਨੀ ਏਹਦੇ ਨਸ਼ਿਆਂ ਤੋਂ ਤੰਗ ਆ ਕੇ, ਬਾਲ ਬੱਚਾ ਲੈ ਕੇ ਪੇਕੇ ਚਲੀ ਗਈ ਹੋਵੇ ਤੇ ਬਾਅਦ ਵਿਚ ਇਸਤਰੀ ਤੋਂ ਬਗੈਰ ਘਰ ਦਾ ਜੋ ਹਾਲ ਹੁੰਦਾ ਉਹ ਚਿੱਤਰਕਾਰ ਨੇ ਚਿਤਰਿਆ ਹੋਵੇ।”
ਸੱਤਵਾਂ ਬੋਲਿਆ, “ਪਰ ਯਾਰੋ ਜ਼ਰੂਰੀ ਵੀ ਨਹੀਂ ਕਿ ਪਤਨੀ ਪੇਕੇ ਚਲੀ ਗਈ ਹੋਵੇ, ਇਹ ਨਸ਼ੇੜੀ ਨਸ਼ਿਆਂ ‘ਚ ਗਰਕੇ ਨਿਪੁੰਸਕ ਨੌਜਵਾਨਾਂ ਦਾ ਪ੍ਰਤੀਕ ਵੀ ਹੋ ਸਕਦਾ ਜਿਸ ਦੇ ਬਾਲ ਬੱਚਾ ਪੈਦਾ ਕਰਨ ਦੀ ਸਮਰੱਥਾ ਹੀ ਨਹੀਂ ਰਹੀ, ਤੇ ਪਤਨੀ ਨੇ ਤਲਾਕ ਲੈ ਲਿਆ ਹੋਵੇ।”
ਅੱਠਵਾਂ ਵਿਦਿਆਰਥੀ ਕਹਿੰਦਾ, “ਚਿੱਤਰ ਦਾ ਦੂਜਾ ਪੱਖ ਵੀ ਤਾਂ ਦੇਖੋ, ਇਹ ਵੀ ਹੋ ਸਕਦਾ ਹੈ ਕਿ ਇਹਨੂੰ ਕਿਸੇ ਨੇ ਆਪਣੀ ਲੜਕੀ ਦਾ ਰਿਸ਼ਤਾ ਹੀ ਨਾ ਕੀਤਾ ਹੋਵੇ ਤੇ ਹੁਣ ਘਰ ਵੱਲ ਦੇਖ ਕੇ ਆਪਣੀ ਕਿਸਮਤ ਨੂੰ ਕੋਸ ਰਿਹਾ ਹੋਵੇ।”
ਨੌਵਾਂ ਕਹਿੰਦਾ, “ਮੇਰਾ ਖ਼ਿਆਲ ਐ ਕਿ ਇਹ ਵੀ ਹੋ ਸਕਦਾ ਕਿ ਇਹ ਕਿਸੇ ਨਸ਼ਾ ਛੁਡਾਊ ਕੈਂਪ ਵਿੱਚੋਂ ਨਸ਼ਾ ਛੱਡ ਕੇ ਘਰ ਆਇਆ ਹੋਵੇ ਤੇ ਹੁਣ ਸੁਰਤ ਆਈ ਤੋਂ ਘਰ ਦਾ ਹਾਲ ਦੇਖ ਕੇ ਪਛਤਾ ਰਿਹਾ ਹੋਵੇ ਕਿ ਮੇਰੀ ਇਕ ਗ਼ਲਤੀ ਨੇ ਘਰ ਤੇ ਸਰੀਰ ਦੋਨੋਂ ਹੀ ਉਜਾੜ ਦਿੱਤੇ।”
ਦਸਵਾਂ ਬੋਲਿਆ, “ਮੈਨੂੰ ਜਾਪਦਾ ਕਿ ਇਸ ਚਿੱਤਰ ਵਿਚ ‘ਨਸ਼ੇੜੀ’ ਨਸ਼ਿਆਂ ‘ਚ ਗਰਕ ਹੋਈ ਪੰਜਾਬ ਦੀ ਜਵਾਨੀ ਦਾ ਪ੍ਰਤੀਕ ਐ ਅਤੇ ਪਿੱਛੇ ਖੰਡਰ ਘਰ’ ਪੰਜਾਬ ਦੇ ਅਜਿਹੇ ਉੱਜੜੇ ਘਰਾਂ ਦੀ ਦਾਸਤਾਂ ਹੈ।”
ਫਿਰ ਸਾਰੇ ਵਿਦਿਆਰਥੀ ਇਕ ਅਵਾਜ਼ ਵਿਚ ਬੋਲੇ, “ਕਿਉਂ ਸਰ! ਤੁਹਾਨੂੰ ਸਾਰਿਆਂ ਵਿੱਚੋਂ ਕਿਹੜਾ ਉੱਤਰ ਠੀਕ ਲੱਗਿਆ?”
ਮੇਰੇ ਹੋਣਹਾਰ ਵਿਦਿਆਰਥੀਓ ! ਤੁਸੀਂ ਇਸ ਚਿੱਤਰ ਨੂੰ ਦੇਖ ਕੇ ਜਿੰਨੇ ਵੀ ਉੱਤਰ ਦਿੱਤੇ, ਉਹ ਸਾਰੇ ਹੀ ਸਹੀ ਹਨ। ਹਰੇਕ ਉੱਤਰ ਕਿਸੇ ਨਾ ਕਿਸੇ ਨਸ਼ੇੜੀ ਉੱਪਰ ਸਹੀ ਢੁੱਕਦਾ ਐ। ਮੈਂ ਆਸ ਕਰਦਾ ਹਾਂ ਕਿ ਪੰਜਾਬ ਦਾ ਹਰ ਨੌਜਵਾਨ ਜੇਕਰ ਤੁਹਾਡੇ ਵਾਂਗ ਸੋਚਣ ਸਮਝਣ ਦੀ ਕੋਸ਼ਿਸ਼ ਕਰੇ ਤਾਂ ਉਹ ਕਿਸੇ ਪ੍ਰਕਾਰ ਦੇ ਨਸ਼ੇ ਨੂੰ ਮੂੰਹ ਨਹੀਂ ਲਾਵੇਗਾ।
ਡਾ. ਇੰਦਰਜੀਤ ਸਿੰਘ ਗੋਗੋਆਣੀ