ਭਾਈ ਮਨੀ ਸਿੰਘ ਦਾ ਵੱਡ ਵਡੇਰਾ ਭਾਈ ਰਾਉ ਸੀ, ਜਿਸ ਦਾ ਜਨਮ ਰਿਆਸਤ ਨਾਹਨ ਵਿਚੇ 20 ਦਸੰਬਰ 1525 ਈ. ਨੂੰ ਹੋਇਆ । ਇਸਦੇ ਘਰ ਭਾਈ ਮੂਲੇ ਦਾ ਜਨਮ ਪਿੰਡ ਅਲੀਪੁਰ (ਮੁਜ਼ੱਫਰਗੜ) 17 ਜੁਲਾਈ 1543 ਈ. ਨੂੰ ਹੋਇਆ। ਭਾਈ ਮੂਲਾ ਦੇ ਘਰ 2 ਅਪ੍ਰੈਲ 1560 ਈ. ਨੂੰ ਭਾਈ ਬੱਲੂ ਦਾ ਜਨਮ ਹੋਇਆ। ਭਾਈ ਬੱਲੂ ਦਾ ਪੁੱਤਰ ਮਾਈਦਾਸ ਸੀ। ਮਾਈ ਦਾਸ ਦੇ ਘਰ ਮਾਤਾ ਮੱਧਰੀ ਬਾਈ ਜੀ ਦੀ ਕੁਖੋਂ 10 ਮਾਰਚ 1644 ਈ. ਐਤਵਾਰ ਭਾਈ ਮਨੀ ਰਾਮ (ਮਨੀ ਸਿੰਘ) ਦਾ ਜਨਮ ਹੋਇਆ।” 1675 ਈ. ਵਿਚ ਆਪ ਦੇ ਪਿਤਾ ਜੀ ਭਾਈ ਮਨੀ ਰਾਮ ਜੀ ਨੂੰ ਕੀਰਤਪੁਰ ਲੈ ਕੇ ਆਏ ਤੇ ਗੁਰੂ ਹਰਿ ਰਾਇ ਜੀ ਦੇ ਅਰਪਣ ਕਰ ਦਿੱਤਾ। ਤਕਰੀਬਨ ਢੇਡ ਸਾਲ ਕੀਰਤਪੁਰ ਸੇਵਾ ਕਰਕੇ ਫਿਰ ਆਪਣੇ ਪਿੰਡ ਚਲੇ ਗਏ। ਭਾਈ ਮਨੀ ਰਾਮ ਦਾ ਵਿਆਹ 15 ਸਾਲ ਦੀ ਉਮਰ ਵਿਚ 15 ਮਾਰਚ 1659 ਈ. ਨੂੰ ਭਾਈ ਲੱਖੀ ਸ਼ਾਹ ਲੁਬਾਣਾ ਵਾਸੀ ਪਿੰਡ ਖ਼ੈਰਪੁਰ ਦੀ ਸਪੁੱਤਰੀ ਬੀਬੀ ਸੀਤੋ ਨਾਲ ਹੋਇਆ। (ਇਸ ਭਾਈ ਲੱਖੀ ਸ਼ਾਹ ਨੇ ਹੀ ਨੌਵੇਂ ਪਾਤਸ਼ਾਹ ਦੇ ਧੜ ਦਾ ਸਸਕਾਰ ਕੀਤਾ ਸੀ ਆਪਣੇ ਘਰ ਵਿਚ ਜਿਥੇ ਅੱਜ ਗੁ. ਰਕਾਬ ਗੰਜ ਹੈ) ਗੁਰੂ ਹਰਿ ਰਾਇ ਜੀ ਤੋਂ ਬਾਅਦ, ਗੁਰੂ ਹਰਿ ਕ੍ਰਿਸ਼ਨ ਜੀ ਤੇ ਫਿਰ ਗੁਰੂ ਤੇਗ਼ ਬਹਾਦਰ ਜੀ ਦੀ ਸੇਵਾ ਵਿਚ ਭਾਈ ਮਨੀ ਰਾਮ ਰਹੇ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਵੇਲੇ ਆਪ 31 ਸਾਲ ਦੇ ਭਰ ਨੌਜਵਾਨ ਸਨ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਚੱਕ ਨਾਨਕੀ ਆ ਗਏ।
ਭਾਈ ਮਨੀ ਰਾਮ ਨੇ ਨਦੌਣ ਦੀ ਜੰਗ ਵਿਚ 1691 ਈ. ਵਿਚ ਹਿੱਸਾ ਲਿਆ। 29 ਮਾਰਚ 1691 ਈ. ਨੂੰ ਭਾਈ ਮਨੀ ਰਾਮ ਨੂੰ ਗੁਰੂ ਘਰ ਵਿਚ ‘ਦਰਬਾਰੀ ਦੀਵਾਨ’ ਲਗਾ ਦਿੱਤਾ ਗਿਆ। ਜਦ ਖਾਲਸਾ ਪ੍ਰਗਟ ਕੀਤਾ ਗਿਆ ਤਾਂ ਭਾਈ ਮਨੀ ਰਾਮ ਖੰਡੇ ਦੀ ਪਾਹੁਲ ਲੈ ਕੇ ਮਨੀ ਸਿੰਘ ਬਣ ਗਏ। ਇਸੇ ਦਿਨ ਹੀ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਦੀ ਬੇਨਤੀ ‘ਤੇ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਦੀ ਸੇਵਾ ਲਈ ਭੇਜ ਦਿੱਤਾ । ਇਥੇ ਭਾਈ ਮਨੀ ਸਿੰਘ ਜੀ ਰੋਜ਼ ਕਥਾ ਕਰਦੇ ਸਨ। 5-6 ਦਸੰਬਰ 1705 ਈ. ਨੂੰ ਗੁਰੂ ਜੀ ਨੇ ਜਦ ਅਨੰਦਪੁਰ ਛੱਡਿਆ ਸੀ ਤਾਂ ਉਸ ਸਮੇਂ ਭਾਈ ਮਨੀ ਸਿੰਘ ਜੀ ਅੰਮਿ੍ਤਸਰ ਹੀ ਸਨ। ਅਕਤੂਬਰ 1706 ਈ. ਵਿਚ ਭਾਈ ਮਨੀ ਸਿੰਘ ਤਲਵੰਡੀ ਸਾਬੋ ਵਿਖੇ ਗੁਰੂ ਜੀ ਨੂੰ ਮਿਲੇ ਸੀ। ਦਸਮ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਵੇਲੇ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਛੱਡ ਦਿੱਤਾ ਤੇ ਝੰਗ ਦੇ ਇਲਾਕੇ ਵਿਚ ਪ੍ਰਚਾਰ ਕਰਨ ਲਈ ਚਲੇ ਗਏ।
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਵਿਚ ਕੁਝ ਸਮਾਂ ਸ਼ਾਂਤੀ ਰਹੀ ਤਾਂ ਭਾਈ ਮਨੀ ਸਿੰਘ ਜੀ ਫਿਰ ਅੰਮ੍ਰਿਤਸਰ ਆ ਗਏ। 29 ਮਾਰਚ 1733 ਈ. ਦੇ ਦਿਨ ਅਕਾਲ ਤਖ਼ਤ ਵਿਖੇ ਕਪੂਰ ਸਿੰਘ ਜੀ ਨੂੰ ਨਵਾਬੀ ਦਿੱਤੀ ਗਈ। ਪਰ ਕੁਝ ਸਮੇਂ ਬਾਅਦ
ਸਿੱਖਾਂ ਨੇ ਨਵਾਬੀ ਠੁਕਰਾ ਦਿੱਤੀ ਤਾਂ ਫਿਰ ਸਖ਼ਤੀ ਦਾ ਦੌਰ ਸ਼ੁਰੂ ਹੋ ਗਿਆ। ਸਿੱਖਾਂ ਦਾ ਇਕ ਇੱਕਠ ਭਾਈ ਮਨੀ ਸਿੰਘ ਜੀ ਨੇ 20 ਤੋਂ 26 ਅਕਤੂਬਰ 1733 ਈ. ਨੂੰ 10 ਹਜ਼ਾਰ ਰੁਪਏ ਅਦਾਇਗੀ ਦੀ ਸ਼ਰਤ ‘ਤੇ ਮੁਗ਼ਲ ਹਕੂਮਤ ਤੋਂ ਇਜਾਜ਼ਤ ਲੈ ਕੇ ਬੁਲਾਇਆ। ਪਰ ਹਕੂਮਤ ਦੀ ਨੀਤ ਸਾਫ਼ ਨਾ ਹੋਣ ਕਾਰਨ ਸਿੱਖ ਇਸ ਇਕੱਠ ‘ਤੇ ਨਾ ਪਹੁੰਚੇ। ਇਹ ਪੈਸਾ ਇਕੱਠਾ ਨਾ ਹੋ ਸਕਿਆ। 9 ਅਪ੍ਰੈਲ 1734 ਈ. ਨੂੰ ਵਿਸਾਖੀ ‘ਤੇ ਫਿਰ ਇਕੱਠ ਬੁਲਾਇਆ। ਪਰ ਸਿੱਖ ਸਮਝ ਗਏ ਕਿ ਜੇਕਰ ਅੰਮ੍ਰਿਤਸਰ ਸਿੱਖ ਇਕੱਠੇ ਹੋਏ ਤਾਂ ਜ਼ਕਰੀਆ ਖ਼ਾਨ ਇਥੇ ਸਿੱਖਾਂ ਦੀ ਕਤਲੇਆਮ ਕਰੇਗਾ। ਇਸ ਕਾਰਨ ਇਕੱਠ ਨਾ ਹੋ ਸਕਿਆ। ਭਾਈ ਮਨੀ ਸਿੰਘ ਜੀ ਇਹ ਪੈਸਾ ਇਕੱਠਾ ਨਾ ਕਰ ਸਕੇ। ਇਸ ਤੇ ਜ਼ਕਰੀਆ ਖ਼ਾਨ ਨੇ ਭਾਈ ਸਾਹਿਬ ਅਤੇ ਅੰਮ੍ਰਿਤਸਰ ਰਹਿ ਰਹੇ ਬਾਕੀ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ । ਇਹਨਾਂ ਨੂੰ ਲਾਹੌਰ ਦੇ ਕੈਦਖਾਨੇ ਵਿਚ ਤਸੀਹੇ ਦਿੱਤੇ ਗਏ। ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ 24 ਜੂਨ 1734 ਈ. ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਮਨੀ ਸਿੰਘ ਹੋਰੀ 12 ਭਰਾ ਸਨ, ਜਿਸ ਵਿਚੋਂ 11 ਭਰਾਵਾਂ ਨੇ ਸ਼ਹਾਦਤ ਦਾ ਜਾਮ ਪੀਤਾ। ਭਾਈ ਮਨੀ ਸਿੰਘ ਦੇ 10 ਪੁੱਤਰ ਸਨ ਤੇ ਸਾਰੇ ਹੀ ਸ਼ਹੀਦ ਹੋਏ। ਭਾਈ ਮਨੀ ਸਿੰਘ ਜੀ ਦੇ ਪਰਿਵਾਰ ਵਿਚੋਂ ਕੋਈ 56 ਸ਼ਖ਼ਸੀਅਤਾਂ ਨੇ ਸ਼ਹਾਦਤ ਪਾਈ ਹੈ।
ਇਸ ਤਰ੍ਹਾਂ ਸਿੱਖ ਕੌਮ ਦੇ ਲਾਸਾਨੀ, ਯੋਧੇ, ਵਿਦਵਾਨ ਤੇ ਮਹਾਨ ਲਿਖਾਰੀ ਸਨ, ਭਾਈ ਮਨੀ ਸਿੰਘ ਜੀ।
ਡਾ. ਗੁਰਪ੍ਰੀਤ ਸਿੰਘ
