
ਸਤਿਗੁਰਾਂ ਦਾ ਸਿਦਕੀ ਸਿੱਖ ਸਤਿਗੁਰਾਂ ਦੇ ਹੁਕਮ-ਆਦੇਸ਼ ਦਾ ਪਾਬੰਦ ਹੈ ਅਤੇ ਉਸ ਉੱਤੇ ਬਚਪਨ ਤੋਂ ਹੀ ਸ਼ਰਧਾ ਤੇ ਸਿਦਕ ਨਾਲ ਪਹਿਰਾ ਦੇ ਰਿਹਾ ਹੈ। ਇਸ ਸੰਬੰਧੀ ਸਤਿਗੁਰਾਂ ਦਾ ਅਟੱਲ ਹੁਕਮ ਉਸ ਨੂੰ ਕੇਸਾਂ ਦੀ ਕਿਸੇ ਕਿਸਮ ਦੀ ਬੇਅਦਬੀ, ਛੇੜ-ਛਾੜ ਜਾਂ ਕਟਾਈ-ਮੁੰਨਾਈ ਤੋਂ ਕਤਈ ਤੌਰ ’ਤੇ ਹੋੜਦਾ ਹੈ ਅਤੇ ਇਸ ਦੀ ਉਲੰਘਣਾ ਨੂੰ ਸਭ ਤੋਂ ਪਹਿਲੀ ‘ਬੱਜਰ ਕੁਰਹਿਤ’ ਦੱਸਦਾ ਹੈ।
ਕਿਸੇ ਵੀ ਗੁਰਸਿੱਖ ਵਾਸਤੇ ਸਤਿਗੁਰਾਂ ਦਾ ਇਹ ਹੁਕਮ ਕੋਈ ਜ਼ਬਾਨੀ ਜਾਂ ਵਕਤੀ ਬੋਲ-ਚਾਲ ਜਾਂ ਕਥਾ-ਕਹਾਣੀ ਦਾ ਹਿੱਸਾ ਨਹੀਂ, ਇਹ ਤਾਂ ਉਨ੍ਹਾਂ ਦੇ ਅਜਿਹੇ ਨਿਸ਼ਚਿਤ ਬਚਨਾਂ ਦਾ ਭਾਗ ਹੈ ਜੋ ਉਨ੍ਹਾਂ ਦੇ ਆਪਣੇ ਸਮੇਂ ਤੋਂ ਹੀ ਨਿਰੰਤਰ ਲਿਖਤੀ ਰੂਪ ਵਿਚ ਪ੍ਰਾਪਤ ਹਨ। ਹੁਣ ਤਕ ਪ੍ਰਾਪਤ ਸਾਰੀਆਂ ਸੰਬੰਧਿਤ ਸਮਕਾਲੀ ਜਾਂ ਨਿਕਟ-ਸਮਕਾਲੀ ਇਤਿਹਾਸਿਕ ਲਿਖਤਾਂ ਇਸ ਤੱਥ ਦੀ ਸਪੱਸ਼ਟ ਸ਼ਾਹਦੀ ਭਰਦੀਆਂ ਹਨ ਕਿ ਸਿੱਖ ਅਤੇ ਸਿੱਖੀ ਦਾ ਕੁਦਰਤ ਦੀ ਇਸ ਵਿਲੱਖਣ ਤੇ ਕਾਇਮ-ਦਾਇਮ ਦਾਤ ਕੇਸਾਂ ਨਾਲ ਸੰਬੰਧ ਜਮਾਂਦਰੂ ਅਤੇ ਅਨਿੱਖੜ ਹੈ।
ਕੇਸ ਸਿੱਖ ਧਰਮ ਦਾ ਬੁਨਿਆਦੀ ਸ਼ਨਾਖਤੀ ਨਿਸ਼ਾਨ ਹਨ, ਉਸ ਦੀ ਮੂਲ ਤੇ ਵਿਆਪਕ ਪਛਾਣ ਦਾ ਚਿੰਨ੍ਹ ਹਨ। ਇਹ ਸਤਿਗੁਰਾਂ ਦਾ ਨਾਮ-ਲੇਵਿਆਂ ਦੀ ਪਹਿਲੀ ਤੇ ਪ੍ਰਮੁੱਖ ਸ਼ਰਤ ਤੇ ਜ਼ਰੂਰੀ ਅੰਸ਼ ਹਨ।ਇਹ ਸਿੱਖਾਂ ਦਾ ਸਭ ਤੋਂ ਉੱਘੜਵਾਂ ਤੇ ਨਿਸ਼ਚਿਤ ਲੱਛਣ ਹਨ: ਸਿੱਖਾਂ ਦੇ ਮੂੰਹ ਮੁਹਾਂਦਰੇ ਦੀ ਪ੍ਰਥਮ ਤੇ ਸਾਫ਼-ਸਪੱਸ਼ਟ, ਨਿਆਰੀ ਤੇ ਨਿਵੇਕਲੀ, ਝਟਪਟੀ ਤੇ ਇਕਦਮੀ ਪਛਾਣ ਹਨ।
ਮਿਸਾਲ ਵਜੋਂ, ਕੁਝ ਇਤਿਹਾਸਿਕ ਕਿਰਤਾਂ ਵਿੱਚੋਂ ਲਈਆਂ ਤੇ ਕਾਲ-ਕ੍ਰਮ ਅਨੁਸਾਰ ਹੇਠਾਂ ਲਿਖੀਆਂ ਟੂਕਾਂ ਸਿੱਖੀ ਦਾ ਕੇਸ ਨਾਲ ਸੰਬੰਧ ਹੋਣ ਦੀ ਅਚੂਕ ਤੇ ਅਕੱਟ ਸਾਖ ਭਰਦੀਆਂ ਹਨ:
1. ਹਜ਼ੂਰੀ ਰਹਿਤਨਾਮਾ ਕ੍ਰਿਤ ਭਾਈ ਚਉਪਾ ਸਿੰਘ, ਸ੍ਰੀ ਅਨੰਦਪੁਰ ਸਾਹਿਬ, 1702 ਈ: (ਲਪ.) ਵਿੱਚੋਂ ਹਦਾਇਤ ਨੰ: 138:
ਸਿੱਖੀ ਕੇਸਾਂ ਸਾਸਾਂ ਕੀ…।
2. ਪਰਚੀਆਂ ਕ੍ਰਿਤ ਸਾਧੂ ਸੇਵਾ ਦਾਸ ਉਦਾਸੀ, ਨਾਂਦੇੜ, 1708 ਈ: ਵਿੱਚੋਂ ਪਰਚੀ ਨੰ: 18: ਜੋ ਮੇਰਾ ਸਿੱਖ ਹੋਵੈਗਾ, ਸੋ ਕੇਸਾਂ ਬਿਨਾਂ ਅਰ ਸ਼ਸਤ੍ਰਾਂ ਬਿਨਾਂ ਨ ਰਹੇਗਾ।
ਕੇਸਾਂ ਸ਼ਸਤ੍ਰਾਂ ਬਿਨ ਆਧਾ ਮਨੁੱਖ ਹੈ, ਸਾਰਾ ਮਨੁੱਖ ਤਬ ਹੀ ਹੋਤਾ ਹੈ ਜਬ ਕੇਸਾਂ ਸ਼ਸਤਰਾਂ ਸਹਿਤ ਹੋਤਾ ਹੈ।
3. ਸ੍ਰੀ ਗੁਰ ਸੋਭਾ ਕ੍ਰਿਤ ਸ੍ਰੀ ਚੰਦਰਸੈਨ ਸੈਨਾਪਤੀ, ਵਜ਼ੀਰਾਬਾਦ, 1711 ਈ: ਵਿੱਚੋਂ ਕਾਂਡ ਨੰ: 5, ਪਦ ਨੰ: 30: …ਮਾਨੇਗਾ ਹੁਕਮ ਸੋ ਤੇ ਹੋਵੇਗਾ ਸਿੱਖ ਸਹੀ,
ਨਾ ਮਾਨੇਗਾ ਹੁਕਮ ਸੋ ਤੋ ਹੋਵੇਗਾ ਬਿਹਾਲਸਾ।…
ਹੁੱਕਾ ਨਾ ਪੀਵੈ, ਸੀਸ ਦਾੜ੍ਹੀ ਨਾ ਮੁੰਡਾਵੈ,
ਸੋ ਤੋ ਵਾਹਿਗੁਰੂ, ਵਾਹਿਗੁਰੂ, ਗੁਰੂ ਜੀ ਕਾ ਖਾਲਸਾ।
4. ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਕ੍ਰਿਤ ਭਾਈ ਕੇਸਰ ਸਿੰਘ ਛਿੱਬਰ, ਜੰਮੂ, 1769 ਈ: ਵਿੱਚੋਂ ਕਾਂਡ ਨੰ: 10, ਪਦ 290-292:
1) ਅਤੇ ਪੰਥ ਕੀਤਾ ਜੁਦਾ, ਨੀਸ਼ਾਨੀ ਕੇਸ ਲਾਏ।
2) ਨਾਈ ਦਾ ਹੱਥ ਸੀਸ ਚਿਹਰੇ ਨ ਲਗਾਣਾ ਪਾਵੈ,
ਕੇਸਾਧਾਰੀ ਗੁਰੂ ਕਾ ਪੰਥ ਕਹਾਵੈ।
5. ਮਾਖ਼ਿਜੇ ਤਵਾਰੀਖੈ ਸਿੱਖਾਂ, ਸੰਪਾਦਿਤ ਡਾ. ਗੰਡਾ ਸਿੰਘ, ਸ੍ਰੀ ਅੰਮ੍ਰਿਤਸਰ, 1949 ਈ: ਵਿੱਚੋਂ ਪੰਨਾ ਨੰ: 89: ਨਿਸ਼ਾਨੇ ਸਿੱਖੀ ਈਂ ਪੰਜ ਹਰਫ਼ ਕਾਫ਼,
ਹਰਗਿਜ਼ ਨ ਬਾਸ਼ੰਦ ਈਂ ਪੰਜ ਮੁਆਫ਼।
ਕੜਾ, ਕਾਰਦੋ, ਕੱਛ, ਕੰਘਾ, ਬਿਦਾਂ,
ਬਿਲਾ ਕੇਸ ਹੇਚ ਅੰਦ ਜੁਮਲਾ ਨਿਸ਼ਾਂ।
ਅਰਥਾਤ ਅੱਗੋਂ ਤੋਂ ਸਿੱਖ ਦੀ ਨਿਸ਼ਾਨੀ ਇਹ ਪੰਜ ਕਕਾਰ ਹੋਣਗੇ। ਉਨ੍ਹਾਂ ਦੀ ਛੋਟ ਕਦੇ ਵੀ ਨਹੀਂ ਦਿੱਤੀ ਜਾ ਸਕਦੀ :
ਕੜਾ, ਕਿਰਪਾਨ, ਕੱਛ, ਕੰਘਾ, ਕੇਸ। ਚੇਤੇ ਰੱਖਣਾ, ਕੇਸਾਂ ਬਿਨਾਂ ਬਾਕੀ ਸਾਰੇ ਨਿਸ਼ਾਨ ਤੁੱਛ ਸਮਝੇ ਜਾਣਗੇ।
6. ਗੁਰੂ ਕੀਆਂ ਸਾਖੀਆਂ ਕ੍ਰਿਤ ਭੱਟ ਸਰੂਪ ਸਿੰਘ ਕੋਸ਼ਿਸ਼, ਭਾਦਸੋਂ, 1790 ਈ: ਵਿੱਚੋਂ ਸਾਖੀ ਨੰ: 59: ਪਹਿਲੀ ਤੇ ਪ੍ਰਮੁੱਖ ਕੁਰਹਿਤ:
ਪ੍ਰਿਥਮੇ ਚੋਟੀ ਸੇ ਲੈ ਕੇ ਪਾਉ ਕੇ ਅੰਗੂਠੇ ਤੀਕ ਰੋਮਾਂ ਕੀ ਬੇਅਦਬੀ।
7. ਗੁਰਬਿਲਾਸ ਪਾਤਸ਼ਾਹੀ 10 ਕ੍ਰਿਤ ਭਾਈ ਸੁੱਖਾ ਸਿੰਘ, ਸ੍ਰੀ ਅਨੰਦਪੁਰ ਸਾਹਿਬ, 1797 ਈ: ਵਿੱਚੋਂ ਕਾਂਡ ਨੰ: 23, ਪਦ ਨੰ: 35:
ਬਿਨਾਂ ਸ਼ਸਤ੍ਰ ਕੇਸੰ, ਨਰੰ ਭੇਡ ਜਾਨੋ।
ਗਹੈ ਕਾਨ ਤਾਕੋ ਕਿਤੇ ਲੇ ਸਿਧਾਨੋ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਤੇ ਸਿੱਖਾਂ ਲਈ ਕੇਸਾਂ ਦੀ ਕਾਇਮੀ, ਸੁੱਚਮ ਤੇ ਸੰਭਾਲ ਬਾਰੇ ਕੀਤੇ ਹੁਕਮਾਂ ਦੀ ਪਾਲਣਾ ਕਰਨ ਉੱਤੇ ਵਿਸ਼ੇਸ਼ ਬਲ ਦਿੰਦਿਆਂ, ਸਿੱਖਾਂ ਨਾਲ ਆਪਣੇ ਸੰਬੰਧ ਦੀ ਮੁੱਢਲੀ ਸ਼ਰਤ ਹੀ ਉਨ੍ਹਾਂ ਦਾ ਅਜਿਹਾ ਕਿਰਦਾਰ ਵਿਦਤ ਕਰਦਿਆਂ, ਮਾਨੋ ਐਲਾਨੀਆ ਫੁਰਮਾਇਆ ਹੋਇਆ ਹੈ:
ਰਹਿਣੀ ਰਹੈ ਸੋਈ ਸਿੱਖ ਮੇਰਾ।
(ਰਹਿਤਨਾਮਾ ਕ੍ਰਿਤ ਭਾਈ ਪ੍ਰਹਿਲਾਦ ਸਿੰਘ, ਨੰਦੇੜ, 1708 ਈ:, ਪਦ ਨੰ: 36)
ਸਤਿਗੁਰਾਂ ਦੇ ਸਿਦਕੀ ਸਿੱਖਾਂ ਦਾ ਇਹ ਦ੍ਰਿੜ੍ਹ ਨਿਸ਼ਚਾ ਇਸੇ ਕਰਕੇ ਅਜੇ ਤਕ ਕਾਇਮ ਹੈ ਕਿ ਸਾਬਤ-ਸੂਰਤ ਸਰੂਪ ਦੇ ਧਾਰਨੀ ਸਿੱਖ ਵਿਚ ਹੀ ਉਨ੍ਹਾਂ ਦੀ ਬਖਸ਼ੀ ਹੋਈ ਚੜ੍ਹਦੀ ਕਲਾ ਵਾਲੀ ਸਪਿਿਰਟ ਕਾਇਮ ਰਹਿ ਸਕਦੀ ਹੈ। ਇਸੇ ਲਈ ਸਿੱਖ ਇਸ ਸਪਿਿਰਟ ਨੂੰ ਬਰਕਰਾਰ ਰੱਖਦੇ ਹੋਏ ਹਰ ਜਬਰ-ਜ਼ੁਲਮ ਦਾ ਟਾਕਰਾ ਕਰਦੇ, ਅਸਹਿ ਤੇ ਅਕਹਿ ਕਸ਼ਟ ਸਹਾਰਦੇ, ਸਿਰ- ਧੜ ਦੀਆਂ ਬਾਜ਼ੀਆਂ ਲਾਉਂਦੇ ਅਤੇ ਖਿੜੇ ਮੱਥੇ ਸ਼ਹੀਦੀਆਂ ਪਾਉਂਦੇ ਰਹੇ ਹਨ।
ਡਾ. ਹਰਨਾਮ ਸਿੰਘ ਸ਼ਾਨ