ਬਚਪਨ ਵਿਚ ਅਸੀਂ ਆਪਣੇ ਨਾਨਕੇ ਪਿੰਡ ਬੌੜ ਤੋਂ ੪ ਕੋਹ ਦੂਰ ਫਤਹਿਗੜ੍ਹ ਸਾਹਿਬ-ਸਰਹੰਦ ਦੇ ਮੇਲੇ ‘ਤੇ ਪਰਵਾਰ ਨਾਲ ਹਰ ਸਾਲ ਜਾਂਦੇ । ਕੋਹਾਂ ਤਕ ਚਾਰੇ ਪਾਸੇ ਖਿੰਡੀਆਂ ਰੋੜੀਆਂ ਤੇ ਠੀਕਰੀਆਂ ਦਿੱਸਣੀਆਂ। ਵੱਡਿਆਂ ਦੱਸਣਾ, “ਜਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੀ ਫੌਜ ਲੈ ਕੇ ਸਾਹਿਬਜ਼ਾਦਿਆਂ ਉਪਰ ਕੀਤੇ ਜ਼ੁਲਮ ਦਾ ਬਦਲਾ ਲੈਣ ਲਈ ਹਮਲਾ ਕੀਤਾ ਤਾਂ ਉਸ ਨੇ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ । ਮੀਲਾਂ ਵਿਚ ਫੈਲਿਆ ਸਰਹੰਦ ਵਾਰ-ਵਾਰ ਕੀਤੇ ਹਮਲਿਆਂ ਸਦਕਾ ਰੋੜੀਆਂ ਤੇ ਠੀਕਰੀਆਂ ਵਿਚ ਬਦਲ ਗਿਆ।” ਸਾਨੂੰ ਉਦੋਂ ਸਿੱਖਾਂ ਦਾ ਸਰਹੰਦ ਉਪਰ ਚੜ੍ਹ ਆਉਣਾ ਤੇ ਸਰਹੰਦ ਦੀ ਇੱਟ ਨਾਲ ਇੱਟ ਵਜਾਉਣਾ, ਸਾਫ ਆਪਣੀਆਂ ਅੱਖਾਂ ਅੱਗੇ ਹੋ ਰਿਹਾ ਲਗਦਾ ।
ਫਤਹਿਗੜ੍ਹ ਸਾਹਿਬ ਪਹੁੰਚ ਰੇਲਵੇ ਲਾਈਨ ਟੱਪ ਜਦੋਂ ਅਸੀਂ ਭੱਜ ਕੇ ਉਸ ਨੀਂਹ ਨੂੰ ਵਾਰ-ਵਾਰ ਮੱਥਾ ਛੁਹਾਉਣਾ ਜਿਸ ਵਿਚ ਦੋਨੋਂ ਛੋਟੇ ਸਾਹਿਬਜ਼ਾਦੇ- ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੂੰ ਨੀਹਾਂ ਵਿਚ ਚਿਣਿਆ ਗਿਆ ਸੀ ਤਾਂ ਸਾਡੇ ਵੱਡਿਆ ਦੱਸਣਾ, “ਦੇਖੋ ਬੱਚਿਓ ! ਦੋਨੇਂ ਸਾਹਿਬਜ਼ਾਦੇ ਤੁਹਾਡੀ ਉਮਰ ਦੇ ਸਨ, ਜਦੋਂ ਜ਼ਾਲਮ ਸੂਬੇ ਨੇ ਉਨ੍ਹਾਂ ਨੂੰ ਨੀਹਾਂ ਵਿਚ ਚਿਣੇ ਜਾਣ ਦਾ ਹੁਕਮ ਦਿੱਤਾ । ਨੀਹਾਂ ਵਿਚ ਚਿਣਦੇ-ਚਿਣਦੇ ਉਹ ਸਾਹਿਬਜ਼ਾਦਿਆਂ ਨੂੰ ਵਾਰ-ਵਾਰ ਕਹਿੰਦੇ, “ਦੀਨ ਕਬੂਲ ਕਰ ਲਓ, ਹੂਰਾਂ ਬਖਸ਼ਾਂਗੇ, ਦੌਲਤ ਦੇ ਭੰਡਾਰ ਲਾ ਦਿਆਂਗੇ” ਪਰ ਜਿੰਨ੍ਹਾਂ ਦੇ ਪੜਦਾਦੇ ਤੇ ਨਕੜਦਾਦੇ ਨੇ ਸਖ਼ਤ ਤਸੀਹੇ ਸਹਿ ਕੇ ਵੀ ਧਰਮ ਨਹੀਂ ਹਾਰਿਆ, ਉਨ੍ਹਾਂ ਨੇ ਦੀਨ ਕਦੋਂ ਕਬੂਲਣਾ ਸੀ ?
ਇੱਟਾਂ ਨੂੰ ਸਹੀ ਚਿਣਨ ਲਈ ਜਦ ਇਨ੍ਹਾਂ ਬਾਲਾਂ ਦੇ ਗੋਡੇ ਤਰਾਸ਼ੇ ਗਏ ਤਾਂ ਵੀ ਸਾਹਿਬਜ਼ਾਦਿਆਂ ਨੇ ਸੀਅ ਨਾ ਕੀਤੀ । ਜਦ ਛੋਟੇ ਸਾਹਿਬਜ਼ਾਦੇ ਬਾਬਾ ਫਤਹਿ ਸਿੰਘ ਦੇ ਸਿਰ ਤਕ ਇੱਟਾਂ ਪਹੁੰਚ ਗਈਆ ਤਾਂ ਵੱਡੇ ਸਾਹਿਬਜ਼ਾਦੇ ਨੇ ਇੰਨਾ ਹੀ ਕਿਹਾ, “ਵਾਰੀ ਤਾਂ ਪਹਿਲਾਂ ਮੇਰੀ ਸੀ, ਪਰ ਲੈ ਤੂੰ ਚਲਿਆ ਹੈਂ !” ਅਸਹਿ ਅਤੇ ਅਕਹਿ ਕਸ਼ਟ ਭੋਗਦੇ ਦੋਨੋਂ ਬਾਲ ਜ਼ਾਲਮਾਂ ਦੇ ਜਬਰ ਅੱਗੇ ਨਾ ਝੁਕ ਕੇ ਇਕ ਅਦੁੱਤੀ ਮਿਸਾਲ ਕਾਇਮ ਕਰ ਗਏ ।
ਅਸੀਂ ਜੋ ਸੁਣਦੇ ਸਾਂ, ਸਿੱਧਾ ਸਾਡੇ ਦਿਮਾਗ ਵਿਚ ਧਸ ਜਾਂਦਾ ਸੀ, ਕਿਉਂਕਿ ਅਸੀਂ ਸਾਹਮਣੇ ਉਹ ਨੀਹਾਂ ਵੇਖ ਰਹੇ ਹੁੰਦੇ ਸਾਂ ਜਿਨ੍ਹਾਂ ਵਿਚ ਸਾਹਿਬਜ਼ਾਦੇ ਚਿਣੇ ਗਏ ਸਨ। ਸੁਣਦੇ-ਸੁਣਦੇ ਸਾਨੂੰ ਇਉਂ ਲੱਗਣ ਲੱਗ ਪੈਂਦਾ ਜਿਵੇਂ ਅਸੀਂ ਖੁਦ ਨੀਹਾਂ ਵਿਚ ਖੜ੍ਹੇ ਹੋਈਏ! ਸਾਨੂੰ ਉਨ੍ਹਾਂ ਸਭ ਤਸੀਹਿਆਂ ਦੇ ਦਰਦ ਮਹਿਸੂਸ ਹੋਣ ਲੱਗ ਪੈਂਦੇ ਜੋ ਸਾਹਿਬਜ਼ਾਦਿਆਂ ਨੇ ਜਰੇ ਸਨ, ਪਰ ਸਿਦਕ ਨਹੀਂ ਸੀ ਹਾਰਿਆ।
ਸਾਡਾ ਮਨ-ਤਨ ਇਹ ਸਭ ਹੰਢਾ ਕੇ ਆਪਣੇ ਵਿਚ ਉਹ ਸਮੋ ਲੈਂਦਾ ਜੋ ਸਿੱਖੀ ਦੀ ਜੜ੍ਹ ਹੈ।
“ਸਿਦਕ ਨਹੀਂ ਹਾਰਨਾ”, “ਜ਼ੁਲਮਾਂ ਅੱਗੇ ਨਹੀਂ ਝੁਕਣਾ”, “ਸ਼ਹਾਦਤ ਹੱਸ ਕੇ ਪਾਉਣਾ”, “ਜਾਨ ਨਾਲੋਂ ਧਰਮ ਪਿਆਰਾ ਸਮਝਣਾ”
ਵੱਡਿਆਂ ਦੇ ਗਾਏ ਸ਼ਬਦ ‘ਸਿਰ ਜਾਏ ਤਾਂ ਜਾਏ, ਸਾਡਾ ਸਿੱਖੀ ਸਿਦਕ ਨਾ ਜਾਏਂ’ ਦੇ ਭਾਵ-ਅਰਥ ਸਮਝਣ ਵਿਚ ਦੇਰ ਨਾ ਲੱਗਣੀ ਤੇ ਹਰ ਸ਼ਬਦ ਦਿਮਾਗ ਦੀ ਪੱਟੀ ‘ਤੇ ਛਪ ਜਾਣਾ। ਇਸੇ ਤਰ੍ਹਾਂ ਦੇ ਪ੍ਰਭਾਵ ਭੱਠਾ ਸਾਹਿਬ, ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ, ਸੀਸ ਗੰਜ, ਚਮਕੌਰ ਦੀ ਗੜ੍ਹੀ, ਮਾਛੀਵਾੜਾ ਆਦਿ ਤੋਂ ਵੀ ਬਚਪਨ ਵਿਚ ਹੀ ਪੈ ਗਏ।
ਹੁਣ ਜਦ ਕਈ ਵਰ੍ਹੇ ਬਾਅਦ ਬਾਹਰੋਂ ਪੰਜਾਬ ਪਰਤਿਆ ਤਾਂ ਫਤਹਿਗੜ੍ਹ ਸਾਹਿਬ ਦੇ ਦਰਸ਼ਨਾਂ ਦੀ ਉਮੰਗ ਮਨ ਵਿਚ ਤੀਬਰ ਸੀ । ਬੌੜੋਂ ਚੱਲੇ ਤਾਂ ਰਸਤੇ ਵਿਚ ਕਿਧਰੇ ਵੀ ਉਹ ਰੋੜੇ-ਠੀਕਰੀਆਂ ਨਜ਼ਰ ਨਾ ਆਈਆਂ। ਫਤਹਿਗੜ੍ਹ ਸਾਹਿਬ ਪਹੁੰਚ ਸਭ ਤੋਂ ਪਹਿਲਾਂ ਉਨ੍ਹਾਂ ਨੀਹਾਂ ਦੀ ਤਲਾਸ਼ ਵਿਚ ਅੱਖਾਂ ਲੱਗ ਗਈਆਂ, ਜੋ ਬਚਪਨ ਵਿਚ ਸਾਡੀ ਖਿੱਚ ਦਾ ਕਾਰਨ ਹੁੰਦੀਆਂ ਸਨ। ਪਰ ਇਹ ਕੀ? ਚਾਰੇ ਪਾਸੇ ਬੜੇ ਸੁਹਣੇ ਭਵਨ ਉਸਰ ਗਏ ਹਨ, ਜਿਨ੍ਹਾਂ ਵਿਚ ਸੰਗਮਰਮਰ ਡਲ੍ਹਕਾ ਮਾਰਦਾ ਹੈ, ਕਾਰੀਗਰੀ ਦਾ ਕਮਾਲ ਹੈ। ਪੱਖਿਆਂ ਦੀ ਹਵਾ ਨੇ ਠੰਢਕ ਪਾਈ ਹੈ । ਕਈ ਥਾਈਂ ਏਅਰ ਕੰਡੀਸ਼ਨਰ ਵੀ ਲੱਗੇ ਹੋਏ ਹਨ। ਮੈਨੂੰ ਦੱਸਿਆ ਗਿਆ ਕਿ ਇਨ੍ਹਾਂ ਉਪਰ ਬਾਬਿਆਂ ਨੇ ਕਰੋੜਾਂ ਰੁਪਏ ਲਾਏ ਹਨ । ਪਰ ਮੇਰੀਆਂ ਅੱਖਾਂ ਤਾਂ ਉਨ੍ਹਾਂ ਨੀਹਾਂ ਦੀ ਤਲਾਸ਼ ਵਿਚ ਸਨ, ਜਿਨ੍ਹਾਂ ਨੂੰ ਭਵਨਾਂ ਵਿਚ ਛੁਪਾ ਦਿੱਤਾ ਗਿਆ ਸੀ । ਇਕ ਝਲਕ ਲੈਣੀ ਵੀ ਮੁਸ਼ਕਲ ਹੋ ਗਈ ਸੀ। ਜੋ ਨਿਸ਼ਾਨੀਆਂ ਮੇਰੇ ਬਚਪਨ ਨਾਲ ਜੁੜ ਗਈਆਂ ਸਨ ਤੇ ਜਿਨ੍ਹਾਂ ਨਿਸ਼ਾਨੀਆਂ ਨੇ ਮੇਰੇ ਦਿਮਾਗ ਵਿਚ ਸਿੱਖੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰ ਦਿੱਤਾ ਸੀ, ਉਹ ਭਾਲਦਾ ਮੈਂ ਹੈਰਾਨ ਹੋ ਗਿਆ। ਮੇਰੀ ਸਿੱਖੀ ਦੀ ਨਿਸ਼ਾਨੀ ਸੁੰਦਰ ਭਵਨਾਂ ਵਿਚ ਗੁਆਚ ਗਈ । ਮੈਂ ਸਿਰ ਫੜ ਕੇ ਬਹਿ ਗਿਆ ਤੇ ਇਹੋ ਸੋਚਦਾ ਰਿਹਾ ਕਿ ਜੇ ਇਨ੍ਹਾਂ ਚਕਾ-ਚੌਂਧ ਵਾਲੇ ਭਵਨਾਂ ਨੇ ਸਾਡੀ ਸਿੱਖੀ ਨੂੰ ਇਸੇ ਤਰ੍ਹਾਂ ਛੁਪਾਉਣਾ ਜਾਰੀ ਰੱਖਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਸਿੱਖੀ ਯਾਦ ਕਰਾਉਣ ਵਾਲੀ ਕੋਈ ਨਿਸ਼ਾਨੀ ਹੀ ਨਹੀਂ ਰਹੇਗੀ ।
ਇਸੇ ਤੱਥ ਨਾਲ ਸੰਬੰਧਤ ਹੈ ਮੇਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ। ਮੈਨੂੰ ਉਹ ਹਰ ਪਲ ਯਾਦ ਹੈ ਜਦ ਮੈਂ ਹਰਿਮੰਦਰ ਸਾਹਿਬ ਉਪਰ ਹੋਏ ਜ਼ਾਲਮਾਨਾ ਹਮਲੇ ਪਿਛੋਂ ਪਹੁੰਚਿਆ ਸੀ।
ਟੈਕਾਂ ਨੇ ਪਰਕਰਮਾ ਉਖਾੜ ਦਿੱਤੀਆ ਸਨ, ਲਾਇਬ੍ਰੇਰੀ ਵਿਚੋਂ ਹਾਲੇ ਵੀ ਧੂੰਆਂ ਨਿਕਲ ਰਿਹਾ ਸੀ। ਖੂਨ ਹਾਲੇ ਵੀ ਜੰਮਿਆ ਹੋਇਆ ਸੀ । ਹਰ ਦੀਵਾਰ ਗੋਲੀਆਂ ਨਾਲ ਵਿੰਨ੍ਹੀ ਹੋਈ ਸੀ । ਡਿਉਢੀ ਵਿਚੋਂ ਦੀ ਟੈਕਾਂ ਦੇ ਗੋਲਿਆਂ ਨਾਲ ਮਘੋਰੇ ਪਾਏ ਹੋਏ ਸਨ। ਅਕਾਲ ਤਖ਼ਤ ਤਾਂ ਗੋਲਿਆਂ ਨਾਲ ਇਸ ਤਰ੍ਹਾਂ ਤਬਾਹ ਕਰ ਦਿੱਤਾ ਸੀ ਜਿਵੇਂ ਕਿ ਬਹੁਤ ਪੁਰਾਣਾ ਖੰਡਰ ਹੋਵੇ । ਦਰਬਾਰ ਸਾਹਿਬ ਦੀਆਂ ਦੀਵਾਰਾਂ ‘ਤੇ ਵੀ ਗੋਲੀਆਂ ਦੇ ਨਿਸ਼ਾਨ ਸਨ । ਉਹ ਵਾਕਿਆ ਮੇਰੇ ਦਿਮਾਗ ਵਿਚ ਛਪ ਕੇ ਰਹਿ ਗਿਆ ਹੈ ਤੇ ਜਦ ਵੀ ਉਸ ਨੂੰ ਯਾਦ ਕਰਦਾ ਹਾਂ ਤਾਂ ਮੇਰੇ ਮਨ ਵਿਚ ਇਕ ਰੋਹ ਜਾਗ ਪੈਂਦਾ ਹੈ ਤੇ ਮੈਂ ਉਸ ਜ਼ੁਲਮ ਨੂੰ ਰੋਕਣ ਲਈ ਉਤਸੁਕ ਹੁੰਦਾ ਹਾਂ।
ਪਰ ਹੁਣ ਜਦ ਕੁਝ ਦਿਨ ਹੋਏ ਫਿਰ ਹਰਿਮੰਦਰ ਸਾਹਿਬ ਪਹੁੰਚਿਆ ਤਾਂ ਹੈਰਾਨ ਸਾਂ ਕਿ ਉਹ ਯਾਦ-ਚਿੰਨ੍ਹ ਸਰਹੰਦ ਦੀ ਦੀਵਾਰ ਦੀ ਤਰ੍ਹਾਂ ਹੀ ਮਿਟਾ ਦਿੱਤੇ ਗਏ ਹਨ । ਸਿੱਖਾਂ ਨੂੰ ਕੋਈ ਵੀ ਯਾਦ ਦਿਵਾਉਣ ਵਾਲਾ ਨਹੀਂ ਕਿ ਜੇ ਅਸੀਂ ਸਿੱਖੀ ਦੇ ਰਾਹਾਂ ਤੋਂ ਭਟਕੇ ਤੇ ਵੱਖ-ਵੱਖ ਹੋ ਕੇ ਆਪਣੀਆਂ ਡਫਲੀਆਂ ਵਜਾਉਂਦੇ ਰਹੇ ਤਾਂ ਸਾਡਾ ਕੀ ਹਸ਼ਰ ਹੋਣਾ ਹੈ ! ਉਸ ਅਕਾਲ ਤਖ਼ਤ ਦਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਜੋ ਮੈਨੂੰ ਕਹਿ ਰਿਹਾ ਹੋਵੇ ਕਿ “ਯਾਦ ਰੱਖ ! ਤੇਰੀ ਸਿੱਖੀ ਇਤਨੀ ਉਚੀ ਹੋ ਜਾਵੇ ਕਿ ਕੋਈ ਵੀ ਦੁਸ਼ਮਣ ਤੇਰੇ ਸਰਵਉਚ ਧਰਮ ਅਸਥਾਨ ਵੱਲ ਬੁਰੀ ਅੱਖ ਨਾਲ ਨਾ ਵੇਖ ਸਕੇ ! ਤੂੰ ਇਤਨੀ ਤਾਕਤ ਪੈਦਾ ਕਰ ਕਿ ਤੇਰੀ ਸਿੱਖੀ ਦੀ ਹਰ ਥਾਂ ਜਿੱਤ ਹੋਵੇ ਤੇ ਰਾਜ ਕਰੇਗਾ ਖਾਲਸਾ ਦਾ ਸੁਪਨਾ ਸਾਕਾਰ ਹੋਵੇ !” ਪਰ ਕਾਸ਼! ਸਾਡੇ ‘ਭਵਨ-ਨਿਰਮਾਤਾ’ ਇਨ੍ਹਾਂ ਯਾਦਗਾਰ ਨਿਸ਼ਾਨੀਆਂ ਨੂੰ ਸਮਝਦੇ ! (ਸੰਨ,੨੦੦੦)
ਕਰਨਲ ਦਲਵਿੰਦਰ ਸਿੰਘ (ਡਾ.)
