
ਸੰਨ ੧੮੦੮ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਜੀ ਦੀ ਵਧੇਰੀ ਰੱਖਿਆ ਲਈ ਇਕ ਬਹੁਤ ਬੜਾ ਸ਼ਾਨਦਾਰ ਕਿਲ੍ਹਾ ਉਸਾਰਨ ਦਾ ਹੁਕਮ ਦਿੱਤਾ । ਇਹ ਮਹਾਨ ਕੰਮ ਸਿਆਣੇ ਸਰਦਾਰ ਸ਼ਮੀਰ ਸਿੰਘ ਦੇ ਹੱਥ ਸੌਂਪਿਆ ਗਿਆ।
ਇਸ ਕਿਲ੍ਹੇ ਦੀ ਉਸਾਰੀ ਬਾਰੇ ਪਹਿਲਾਂ ਅੰਦਾਜ਼ਾ ਇਹ ਸੀ ਕਿ ਇਸ ਉਪਰ ਘੱਟੋ ਘੱਟ ਤਿੰਨ ਸਾਲ ਲੱਗਣਗੇ । ਪਰ ਸਰਦਾਰ ਸ਼ਮੀਰ ਸਿੰਘ ਦੀ ਦਿਨ ਰਾਤ ਦੀ ਅਥੱਕ ਘਾਲ ਦੇ ਕਾਰਨ ਕਿਲ੍ਹਾ
ਨੀਯਤ ਸਮੇਂ ਤੋਂ ਬਹੁਤ ਪਹਿਲਾਂ ਤਿਆਰ ਹੋ ਗਿਆ। ਅਰਥਾਤ ਇਹ ਕਿਲ੍ਹਾ ਸੰਨ ੧੮੦੯ ਦੇ ਮੁਕਣ ਤੋਂ ਪਹਿਲਾਂ ਹੀ ਤਿਆਰ ਹੋ ਗਿਆ ਸੀ ।
ਇਸ ਪਰ ੩੫੦੦੦੦ ਰੁਪਿਆ ਖਰਚ ਆਇਆ ਸੀ । ਇਸ ਵਿਚ ੨੦੦ ਫੌਜੀ ਜਵਾਨਾਂ ਦੇ ਰਹਿਣ ਦਾ ਪੱਕਾ ਪ੍ਰਬੰਧ ਸੀ । ਕਿਲ੍ਹੇ ਦੀਆਂ ਫਸੀਲਾਂ ਪਰ ੨੦ ਵੱਡੀਆਂ ਤੋਪਾਂ ਬੀੜਨ ਦੇ ਬੁਰਜ ਸਨ। ਇਸ ਵਿਚ ਖਾਲਸਾ ਰਾਜ ਦੇ ਸਭ ਤੋਂ ਵੱਡੇ ਖਜ਼ਾਨੇ ਜਮਾਂ ਕਰਨ ਲਈ ਪੱਕੇ ਜ਼ਮੀਨ ਦੋਜ਼ ਸਥਾਨ ਬਣਾਏ ਗਏ ਸਨ। ਜਿਨ੍ਹਾਂ ਵਿਚ ਪਿਛੋਂ ਜਾ ਕੇ ਸੋਨੇ ਚਾਂਦੀ ਦੀਆਂ ਇੱਟਾਂ, ਮੋਹਰਾਂ ਤੇ ਬੁਤਕੀਆਂ, ਜਿਨ੍ਹਾਂ ਦੀ ਮਾਲੀਅਤ ੮੦ ਕਰੋੜ ਰੁਪਿਆ ਸੀ ਅਤੇ ਇਸ ਤੋਂ ਵੱਖ ਦਸ ਕਰੋੜ ਰੁਪਿਆ ਰੋਕ ਵੀ ਇਥੇ ਜਮਾਂ ਕੀਤਾ ਗਿਆ ਸੀ।
ਕਿਲ੍ਹੇ ਦਾ ਨਾਮ ਰੱਖਣਾ:-
ਜਦ ਇਹ ਕਿਲ੍ਹਾ ਤਿਆਰ ਹੋ ਗਿਆ ਤਾਂ ਇਸ ਵਿਚ ਪ੍ਰਵੇਸ਼ ਕਰਨ ਦਾ ਬੜਾ ਦਰਬਾਰ ਕੀਤਾ ਗਿਆ, ਜਿਸ ਵਿਚ ਦੂਰ ਦੂਰ ਦੀਆਂ ਛਾਵਣੀਆਂ ਤੋਂ ਫੌਜੀ ਸਰਦਾਰ ਤੇ ਮੁਲਕੀ ਰਈਸਾਂ ਨੂੰ ਮੰਗਵਾਇਆ ਗਿਆ ਸੀ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਸੰਪੂਰਨਤਾ ਦੇ ਉਪਰੰਤ ਇਸ ਕਿਲ੍ਹੇ ਦੇ ਨਾਮ ਰੱਖਣ ਪਰ ਦਰਬਾਰ ਵਿਚ ਖੁਲ੍ਹੀ ਵਿਚਾਰ ਕਰਨ ਲਈ ਮਹਾਰਾਜਾ ਸਾਹਿਬ ਨੇ ਇੱਛਾ ਪ੍ਰਗਟ ਕੀਤੀ।
ਲੰਮੀ ਵਿਚਾਰ ਦੇ ਬਾਅਦ ਸ਼ੇਰਿ-ਪੰਜਾਬ ਦੀ ਹਜ਼ੂਰੀ ਵਿਚ ਉਸ ਸਮੇਂ ਜੇਹੜੇ ਨਾਮ ਪੇਸ਼ ਕੀਤੇ ਗਏ ਉਨ੍ਹਾਂ ਵਿਚੋਂ ਕੁਝ ਕੁ ਇਹ ਸਨ, “ਰਣਜੀਤ ਗੜ੍ਹ” , “ਕੋਟ ਖੜਗ ਸਿੰਘ”, “ਸ਼ੇਰ ਗੜ੍ਹ” ਆਦਿ। ਇਨ੍ਹਾਂ ਸਾਰੇ ਦੱਸੇ ਗਏ ਨਾਵਾਂ ਨੂੰ ਸੁਨਣ ਦੇ ਉਪਰੰਤ ਸ਼ੇਰਿ ਪੰਜਾਬ ਨੇ ਆਪਣੇ ਵੱਲੋਂ ਸੋਚਿਆ ਹੋਇਆ ਨਾਮ ਦੱਸਿਆ ਅਤੇ ਉਹ ਨਾਮ ਸੀ ਮਹਾਰਾਜਾ ਸਾਹਿਬ ਦੇ ਆਪਣੇ ਸਤਿਕਾਰ ਯੋਗ ਸਤਿਗੁਰੂ ਸ੍ਰੀ ਦਸਮੇਸ਼ ਜੀ ਦੇ ਨਾਮ ਪਰ ‘ਗੋਬਿੰਦਗੜ੍ਹ’ ਸੀ। ਸ਼ੇਰਿ ਪੰਜਾਬ ਦੀ ਸ਼ਰਧਾ ਅਨੁਸਾਰ ਕਿਲ੍ਹੇ ਦਾ ਨਾਮ ਇਹ ਰੱਖਿਆ ਗਿਆ, ਇਸ ਨਾਮ ਨੂੰ ਸੁਣ ਕੇ ਸਾਰੇ ਦਰਬਾਰੀ ਧੰਨ ਧੰਨ ਕਰ ਉਠੇ।
ਮਹਾਰਾਜਾ ਰਣਜੀਤ ਸਿੰਘ ਦੀ ਆਪਣੇ ਸਤਿਗੁਰੂ ਲਈ ਸ਼ਰਧਾ ਦੇ ਪਿਆਰ ਦੀ ਇਹ ਦੂਜੀ ਮਿਸਾਲ ਸੀ। ਪਹਿਲੀ ਵੇਰ ਸਿੱਕਾ (ਜ਼ਰਬ ਚਲਾਣ ਸਮੇਂ, ਸਰਕਾਰ ਨੇ ਆਪਣੇ ਨਾਮ ਦੀ ਥਾਂਏ ਸਤਿਗੁਰੂ ਨਾਨਕ ਦੇਵ ਜੀ ਦੇ ਨਾਮ ਪਰ ‘ਨਾਨਕ ਸ਼ਾਹੀ’ ਰੁਪਿਆ ਚਾਲੂ ਕੀਤਾ ਸੀ ਅਤੇ ਹੁਣ ਦੂਜੀ ਵੇਰ ਇਸ ਯਾਦਗਾਰੀ ਕਿਲ੍ਹੇ ਦਾ ਨਾਮ ਆਪਣੇ ਯਾ ਆਪਣੇ ਸ਼ਾਹਜ਼ਾਦਿਆਂ ਦੇ ਨਾਮ ਪਰ ਰੱਖਣ ਦੀ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀ ਯਾਦਗਾਰ ਅਟੱਲ ਰਖਣ ਲਈ ‘ਗੋਬਿੰਦ ਗੜ੍ਹ’ ਰੱਖਿਆ। ਸ਼ੇਰਿ ਪੰਜਾਬ ਦੇ ਇਨ੍ਹਾਂ ਅਮਲੀ ਕਰਤਵਾਂ ਤੋਂ ਸੌਖੇ ਹੀ ਸਰਕਾਰ ਦੇ ਧਾਰਮਿਕ ਜੀਵਨ ਦੀ ਝਲਕ ਅੱਖਾਂ ਅਗੇ ਆ ਖਲੋਂਦੀ ਹੈ।
ਗੋਬਿੰਦਗੜ੍ਹ ਦੀ ਕਿਲ੍ਹਾਦਾਰੀ:-
ਇਸ ਕਿਲ੍ਹੇ ਦੀ ਉਸਾਰੀ ਦੇ ਕੰਮ ਨੂੰ ਠੇਠਰ ਸਰਦਾਰ ਦੇ ਐਸੀ ਯੋਜਨਾ ਨਾਲ ਸਿਰੇ ਚਾੜ੍ਹਨ ਦੇ ਕਾਰਨ ਸ਼ੇਰਿ ਪੰਜਾਬ ਸ: ਸ਼ਮੀਰ ਸਿੰਘ ਪਰ ਐਨੇ ਪ੍ਰਸੰਨ ਹੋਏ ਕਿ ਇਸ ਕਿਲ੍ਹੇ ਦਾ ਪਹਿਲਾ ਕਿਲ੍ਹੇਦਾਰ ਆਪ ਨੂੰ ਹੀ ਨੀਯਤ ਕੀਤਾ।
ਖਾਲਸਾ ਰਾਜ ਸਮੇਂ ਇਹ ਅਹੁਦਾ ਬੜਾ ਹੀ ਉੱਚਾ ਤੇ ਭਰੋਸੇ ਵਾਲਾ ਸਮਝਿਆ ਜਾਂਦਾ ਸੀ । ਕਈ ਕਰੋੜ ਰੁਪਏ ਦੇ ਖ਼ਜ਼ਾਨੇ ਤੋਂ ਛੁਟ ਜੰਗੀ ਹਥਿਆਰ ਤੇ ਬਹੁਤ ਭਾਰੀ ਜ਼ਖੀਰਾ ਗੋਲਾ ਬਰੂਦ ਅਤੇ ਹੋਰ ਜੰਗੀ ਸਾਮਾਨ ਇਸੇ ਕਿਲ੍ਹੇ ਵਿਚ ਰੱਖਿਆ ਗਿਆ ਸੀ ।
ਇਸ ਭਾਰੀ ਜ਼ਿੰਮੇਵਾਰੀ ਦੇ ਅਹੁਦੇ ਪਰ ਆਪ ੧੦ ਸਾਲ ੮ ਮਹੀਨੇ ਰਹੇ। ਇਸ ਦੇ ਉਪਰੰਤ ਜਦ ਆਪ ਦੀ ਸੇਵਾ ਦੀ ਪਹਾੜੀ ਇਲਾਕੇ ਦੇ ਪ੍ਰਬੰਧ ਲਈ ਲੋੜ ਪ੍ਰਤੀਤ ਹੋਈ ਤਾਂ ਆਪ ਨੂੰ ਕਿਲ੍ਹਾ ਨੂਰਪੁਰ ਦੀ ਕਿਲ੍ਹਾਦਾਰੀ ਤੇ ਨਿਜ਼ਾਮਤ ਦਿੱਤੀ ਗਈ।
ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ