99 views 3 secs 0 comments

(ਸਿੱਖ ਇਤਿਹਾਸ ਦੀ ਬੁੱਕਲ ‘ਚੋਂ:) ਗੋਰਖੇ ਤੇ ਸਿੱਖ ਅਤੇ ਕਾਂਗੜੇ ਦੀ ਜੰਗ

ਲੇਖ
October 01, 2025

੧੮੦੯ ਈਸਵੀ ਦੀ ਗਲ ਹੈ ਕਿ ਗੋਰਖਿਆਂ ਨੇ ਕਾਂਗੜੇ ਤੇ ਚੜ੍ਹਾਈ ਕੀਤੀ। ਅਮਰ ਸਿੰਹ ਗੋਰਖਾ ਇਸ ਸੈਨਾ ਦਾ ਜਰਨੈਲ ਸੀ। ਦੀਵਾਨ ਅਮਰ ਨਾਥ ਲਿਖਦਾ ਹੈ ਕਿ ਪੰਜਾਹ ਹਜ਼ਾਰ ਚੋਣਵੇਂ ਸੂਰਮੇ ਉਹਦੀ ਕਮਾਨ ਵਿਚ ਸੀ । ਸਮੁੰਦਰ ਵਾਂਗ ਠਾਠਾਂ ਮਾਰਦੀ ਸੈਨਾਂ ਕਾਂਗੜੇ ਦੇ ਲਾਗੇ ਆ ਪੁਜੀ।

ਰਾਜਾ ਸੰਸਾਰ ਚੰਦ ਆਪਣੀ ਫੌਜ ਲੈ ਕੇ ਸਾਹਮਣੇ ਆਇਆ। ਲੜਾਈ ਦਾ ਮੈਦਾਨ ਗਰਮ ਹੋ ਗਿਆ, ਕਟਾ ਵਢ ਸ਼ੁਰੂ ਹੋਈ, ਥੋੜ੍ਹੇ ਹੀ ਦਿਨਾਂ ਦੀ ਜੰਗ ਨੇ ਪ੍ਰਗਟ ਕਰ ਦਿੱਤਾ ਕਿ ਗੋਰਖਿਆਂ ਦੇ ਗੰਢਵੇਂ ਸਰੀਰ, ਤੇ ਖੂਨ ਪੀਣ ਵਾਲੀਆਂ ਖੋਖਰੀਆਂ ਦੇ ਸਾਹਮਣੇ ਸੰਸਾਰ ਚੰਦ ਦੀ ਸੈਨਾ ਦਾ ਮੈਦਾਨ ਵਿਚ ਵਧੀਕ ਚਿਰ ਲਈ ਠਹਿਰ ਕੇ ਲੜਨਾ ਅਸੰਭਵ ਹੈ। ਸੰਸਾਰ ਚੰਦ ਕਾਂਗੜੇ ਦੇ ਕਿਲੇ ਵਿਚ ਜਾ ਬੈਠਾ, ਗੋਰਖਿਆਂ ਕਿਲੇ ਨੂੰ ਘੇਰਾ ਪਾ ਲਿਆ, ਤੇ ਕਦੇ-ਕਦੇ ਦਿਨ ਜਾਂ ਰਾਤ ਵੇਲੇ ਮਾਮੂਲੀ ਜਹੀ ਠੂੰਹ ਠਾਂਹ ਹੋਣ ਤੋਂ ਬਿਨਾਂ ਲੜਾਈ ਬੰਦ ਹੋ ਗਈ।

ਕਾਂਗੜੇ ਦਾ ਰਾਜਾ ਸੰਸਾਰ ਚੰਦ ਸਮਝਦਾ ਸੀ ਕਿ ਗੋਰਖੇ ਪ੍ਰਦੇਸ਼ ਵਿਚ ਹਨ, ਖ਼ੁਰਾਕ ਦੀ ਟੋਟ ਇਹਨਾਂ ਨੂੰ ਮਜਬੂਰ ਕਰ ਦੇਵੇਗੀ ਕਿ ਉਹ ਘੇਰਾ ਚੁਕ ਕੇ ਵਾਪਸ ਚਲੇ ਜਾਣ। ਦੂਜੇ ਪਾਸੇ ਗੋਰਖੇ ਸਮਝਦੇ ਸੀ ਕਿ ਸੰਸਾਰ ਚੰਦ ਕਿਲੇ ਵਿਚ ਖਾਣ ਦਾ ਸਾਮਾਨ ਮੁਕਣ ‘ਤੇ ਆਪ ਹੀ ਹਥਿਆਰ ਸੁਟਣ ਲਈ ਮਜਬੂਰ ਹੋ ਜਾਏਗਾ। ਇਹ ਲੜਾਈ ਦੋਨਾਂ ਧਿਰਾਂ ਵਲੋਂ ਇਕ ਖ਼ੁਰਾਕ ਦੇ ਮੁਕਣ ਤੇ ਨਿਰਭਰ ਰਖਦੀ ਬਣ ਗਈ ਸੀ। ਜਿਤ ਤੇ ਹਾਰ ਦਾ ਫੈਸਲਾ ਤਲਵਾਰ, ਬੰਦੂਕ, ਤੇ ਯੋਧਿਆਂ ਦੀ ਸੂਰਮਗਤੀ ਤੇ ਅਫਸਰਾਂ ਦੀ ਰਣ ਪੰਡਤਾਈ ਤੇ ਨਹੀ ਰਿਹਾ ਸੀ।

ਸੰਸਾਰ ਚੰਦ ਨੂੰ ਕਿਲੇ ਵਿਚ ਬੈਠਿਆਂ ਅਨੁਭਵ ਹੋ ਗਿਆ ਕਿ ਹੁਣ ਵਧੀਕ ਸਮੇਂ ਤਕ ਖ਼ੁਰਾਕ ਦਾ ਜ਼ਖੀਰਾ ਸਾਥ ਨਹੀਂ ਦੇਵੇਗਾ । ਲੜਾਈ ਲੜ ਕੇ ਉਹ ਵੇਖ ਹੀ ਚੁਕਾ ਸੀ। ਹੁਣ ਉਸ ਨੂੰ ਆਪਣਾ ਭਵਿਸ਼ਤ ਅੰਧ ਅੰਧਾਰ ਤੇ ਧੁੰਦੂਕਾਰ ਦਿਸਿਆ। ਸੋਚ ਵਿਚਾਰ ਮਗਰੋਂ ਆਪਣੀ ਸਲਾਮਤੀ ਕਿਸੇ ਦੀ ਸਹਾਇਤਾ ਵਿਚ ਦਿਸੀ, ਪ੍ਰੰਤੂ ਚਾਰੇ ਪਾਸੇ ਨਜ਼ਰ ਫੇਰੀ, ਕੋਈ ਹਿੰਦੂ ਰਾਜਾ ਉਹਦੀ ਨਜ਼ਰੀ ਨਾ ਪਿਆ, ਜੋ ਇਸ ਔਖ ਵੇਲੇ ਇਹਦੀ ਬਾਂਹ ਫੜ ਸਕੇ । ਆਖਰ ਉਹਦੀ ਨਜ਼ਰ ਲਾਹੌਰ ਦਰਬਾਰ ਵਲ ਝੁਕੀ ਤੇ ਆਪਣੇ ਭਰਾ ਫਤਹ ਸਿੰਹ ਨੂੰ ਸ਼ੇਰੇ ਪੰਜਾਬ ਪਾਸ ਭੇਜਿਆ ਤਾਂ ਕਿ ਉਹ ਖਾਲਸੇ ਦੀ ਮਦਦ ਲਈ ਯਾਚਨਾ ਕਰੇ ।

ਸ਼ੇਰੇ ਪੰਜਾਬ ਨੇਂ ਫਤਹ ਸਿੰਹ ਦੀ ਜ਼ਬਾਨੀ ਸਾਰੀ ਵਿਥਿਆ ਸੁਣੀ। ਗਵਾਂਢੀ ਦੀ ਸਹਾਇਤਾ ਕਰਨ ਵਿਚ ਉਹਨਾਂ ਨੂੰ ਕਦ ਸੰਕੋਚ ਹੋ ਸਕਦਾ ਸੀ, ਪਰੰਤੂ ਜੇ ਸੋਚ ਸੀ ਤਾਂ ਇਸ ਗਲ ਦੀ ਕਿ ਪੰਜਾਹ ਹਜ਼ਾਰ ਸੈਨਾ ਦੇ ਮੁਕਾਬਲੇ ਤੇ ਜੇਹੜਾ ਲਸ਼ਕਰ ਭੇਜਿਆ ਜਾਏਗਾ, ਉਹਦਾ ਖਰਚ ਖ਼ੁਰਾਕ ਕੌਣ ਦੇਵੇਗਾ। ਸੰਸਾਰ ਚੰਦ ਪਾਸ ਬਹੁਤ ਧਨ ਸੀ ਹੀ ਨਹੀ ਜੋ ਦੇ ਦੇਂਦਾ । ਆਪਸ ਦੀ ਵਿਚਾਰ ਮਗਰੋਂ ਇਹ ਫੈਸਲਾ ਹੋਇਆ ਕਿ ਸੰਸਾਰ ਚੰਦ ਦੀ ਜੰਗੀ ਸਹਾਇਤਾ ਲਈ ਗਈ ਫੌਜ ਦੇ ਖਰਚ ਵਜੋਂ ਕਾਂਗੜੇ ਦਾ ਕਿਲਾ ਸ਼ੇਰੇ ਪੰਜਾਬ ਨੂੰ ਦਿੱਤਾ ਜਾਏ । ਸੰਸਾਰ ਚੰਦ ਨੇ ਇਹ ਗਲ ਪ੍ਰਵਾਨ ਕਰ ਲਈ, ਸ਼ੇਰੇ ਪੰਜਾਬ ਨੇ ਸੈਨਾ ਨੂੰ ਤਿਆਰੀ ਦਾ ਹੁਕਮ ਦਿੱਤਾ ਤੇ ਮਈ ਦੇ ਅਖੀਰਲੇ ਦਿਨਾਂ ਵਿਚ ਆਪ ਕਾਂਗੜੇ ਜਾ ਪੁਜੇ ।

ਕਾਂਗੜੇ ਦੀ ਜੰਗ :-ਸ਼ੇਰੇ ਪੰਜਾਬ ਦੀ ਫੌਜ ਕਾਂਗੜੇ ਪੁੱਜੀ। ਜਿਸ ਵੇਲੇ ਇਹਨਾਂ ਦੇ ਆਉਣ ਦੀ ਖ਼ਬਰ ਅਮਰ ਸਿਹੁੰ ਗੋਰਖੇ ਨੂੰ ਪੁੱਜੀ ਤਦ ਉਸਨੇ ਅਮਰ ਸਿਹੁੰ ਥਾਪੇ ਦੇ ਰਾਹੀ ਸੁਨੇਹਾ ਭੇਜਿਆ ਕਿ ਕੁਝ ਲੱਖ ਰੁਪਏ ਗੋਰਖਿਆਂ ਦਾ ਰਾਜਾ ਦੇਣ ਨੂੰ ਤਿਆਰ ਹੈ ਜੇ ਆਪ ਇਥੋਂ ਵਾਪਸ ਚਲੇ ਜਾਓ। ਸ਼ੇਰੇ ਪੰਜਾਬ ਨੇ ਇਸ ਤਰ੍ਹਾਂ ਲਾਲਚ ਵਿਚ ਪੈ ਕੇ ਮਦਦ ਦੇਣ ਦੇ ਇਕਰਾਰ ਨੂੰ ਛੱਡਣਾ ਪਸੰਦ ਨਾ ਕੀਤਾ। ਆਪ ਚਾਹੁੰਦੇ ਸਨ ਕਿ ਕਾਂਗੜੇ ਦੇ ਕਿਲੇ ਤੇ ਕਬਜ਼ਾ ਕਰ ਕੇ ਫਿਰ ਗੋਰਖਿਆਂ ਨਾਲ ਜੰਗ ਕੀਤੀ ਜਾਵੇ । ਸੰਸਾਰ ਚੰਦ ਨੂੰ ਕਿਲਾ ਖਾਲੀ ਕਰਨ ਲਈ ਕਿਹਾ ਗਿਆ। ਉਸਨੇ ਪਤਾ ਨਹੀ ਕਿਉ ਅੱਖਾਂ ਬਦਲ ਲਈਆਂ ਤੇ ਕਹਿਣ ਲੱਗਾ ਕਿ “ਇਤਨੀ ਜਲਦੀ ਕਿਯਾ ਪੜੀ ਹੈ, ਜਦ ਗੋਰਖਾ ਫੌਜ ਕਾਂਗੜਾ ਸੇ ਵਾਪਸ ਚਲੀ ਜਾਏਗੀ ਵੋ ਫੌਰਨ ਕਿਲਾ ਮਹਾਰਾਜ ਕੇ ਹਵਾਲੇ ਕਰ ਦੇਗਾ।” ਲੇਕਿਨ ਰਣਜੀਤ ਸਿੰਘ ਇਸ ਚਾਲ ਵਿਚ ਕਦੋਂ ਆਉਣ ਵਾਲਾ ਸੀ। ਸ਼ੇਰੇ ਪੰਜਾਬ ਹੁਣ ਸੋਚਾਂ ਵਿਚ ਪੈ ਗਿਆ। ਬਿਗਾਨੀ ਥਾਂ ਲੜਨ ਵਾਸਤੇ ਫੌਜ ਲੈ ਆਇਆ ਹੈ। ਜਿਸ ਦੀ ਮਦਦ ਲਈ ਆਇਆ ਹਾਂ, ਉਹ ਅਗੋਂ ਚਾਲ ਚਲਕੇ ਗੱਲਾਂ ਨਾਲ ਟਕਰਾਣਾ ਚਾਹੁੰਦਾ ਹੈ, ਖੁਲ੍ਹੇ ਮੈਦਾਨ ਲੜਨਾ ਜਾਨਾਂ ਦਾ ਨੁਕਸਾਨ ਕਰਨਾ ਹੈ। ਆਪ ਦੀ ਪੇਸ਼ੀ ਵਿਚ ਕਾਂਗੜੇ ਦੇ ਰਾਜਾ ਦਾ ਲੜਕਾ ਅਨਰੋਧ ਚੰਦ ਸੀ, ਇਸ ਨੂੰ ਨਜ਼ਰਬੰਦ ਕਰ ਦਿਤਾ। ਹੁਣ ਸੰਸਾਰ ਚੰਦ ਕਿਲਾ ਖਾਲੀ ਕਰਨ ਲਈ ਤਿਆਰ ਹੋ ਗਿਆ ਤੇ ੨੪ ਅਗਸਤ ੧੮੦੯ ਨੂੰ ਮਹਾਰਾਜਾ ਦੇ ਕਿਲਾ ਕਾਂਗੜੇ ਤੇ ਕਬਜ਼ਾ ਕਰ ਲਿਆ।ਸ਼ੇਰੇ ਪੰਜਾਬ ਨੇ ਕਾਂਗੜੇ ਦੇ ਗਿਰਦੇ ਦੀਆਂ ਰਿਆਸਤਾਂ ਦੇ ਨਾਮ ਹੁਕਮ ਜਾਰੀ ਕੀਤਾ ਕਿ ਇਹਨਾਂ ਰਿਆਸਤਾਂ ਦੇ ਵਿਚਲੇ ਰਸਤਿਆਂ ਤੋਂ ਗੋਰਖਿਆਂ ਦਾ ਸਾਮਾਨੇ ਜੰਗ ਤੇ ਰਸਦ ਆਉਂਦੀ ਹੈ, ਉਹ ਬੰਦ ਕਰ ਦਿਤੇ ਜਾਣ। ਸੋ ਅਜਿਹਾ ਹੀ ਹੋਇਆ। ਹੁਣ ਸ਼ੇਰੇ ਪੰਜਾਬ ਨੇ ਗੋਰਖਿਆਂ ਤੇ ਹੱਲਾ ਕੀਤਾ। ਗੋਰਖਿਆਂ ਦੇ ਪਹਿਲੇ ਮੋਰਚੇ ਕਾਂਗੜੇ ਦੇ ਕਿਲੇ ਤੋਂ ਇਕ ਮੀਲ ਦੀ ਵਿਥ ਤੇ ਸਨ । ਉਹਨਾਂ ਤੇ ਕਬਜ਼ਾ ਕਰ ਲਿਆ, ਭਿਆਨਕ ਜੰਗ ਸ਼ੁਰੂ ਹੋ ਗਈ, ਗੋਰਖੇ ਆਪਣੀਆਂ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਰੱਖਣ ਲਈ ਜਾਨ ਤੋੜ ਕੇ ਲੜਣ ਲੱਗੇ, ਕਾਂਗੜੇ ਦੀਆਂ ਪਹਾੜੀਆਂ ਖੂਨ ਨਾਲ ਨਹਾਉਣ ਲਗੀਆਂ, ਅੰਤ ਗੋਰਖਿਆਂ ਦੇ ਪੈਰ ਉਖੜ ਗਏ ਤੇ ਇਹ ਮੋਰਚਾ ਖਾਲਸੇ ਦੇ ਕਬਜ਼ੇ ਵਿਚ ਆ ਗਿਆ।’ਗਨੇਸ਼’ ਨਾਮ ਦੀ ਘਾਟੀ ‘ਤੇ ਗੋਰਖਿਆਂ ਨੇ ਅੜ ਕੇ ਜੰਗ ਕਰਨੀ ਚਾਹੀ ਤੇ ਪਹਿਲੀ ਲੜਾਈ ਦੀ ਭਾਂਜ ਤੋਂ ਲੱਗੀ ਕਾਲਖ ਨੂੰ ਧੋਣ ਵਾਸਤੇ ਉਹਨਾਂ ਨੇ ਉਥੇ ਕੋਈ ਕਸਰ ਬਾਕੀ ਨਾ ਛੱਡੀ। ਕੌਮੀ ਆਣ ਕਾਇਮ ਰੱਖਣ ਵਾਸਤੇ ਪੁਰਜ਼ੋਰ ਜੰਗ ਕੀਤੀ, ਖੂਨ ਦੀਆਂ ਨਦੀਆਂ ਵਗ ਤੁਰੀਆਂ, ਲੋਥਾਂ ਦੇ ਢੇਰਾਂ ਨਾਲ ਗਾਰਾਂ ਭਰ ਗਈਆਂ ਤੇ ਕਈ ਥਾਵੀ ਨਵੇਂ ਪਹਾੜ ਬਣ ਗਏ। ਗੋਲੀਆਂ ਤੋਂ ਪਿਛੋਂ ਤਲਵਾਰਾਂ ਦੀ ਨੌਬਤ ਪੁੱਜੀ। ਦੋਵੇਂ ਧਿਰਾਂ ਆਪਣੇ ਜੌਹਰ ਦੱਸਣ ਲਈ ਅੱਗੇ ਵੱਧ ਰਹੀਆਂ ਸਨ ਪਰ ਗੋਰਖੇ ਸਿਪਾਹੀ ਲੰਮੇ ਕਦ ਵਾਲੇ ਸਿਖਾਂ ਦੀ ਲੰਮੀ ਤਲਵਾਰ ਦੀ ਛਾਵੇਂ ਨਾ ਠਹਿਰ ਸਕੇ। ਉਹਨਾਂ ਦੀਆਂ ਖੋਖਰੀਆਂ ਖਾਲਸੇ ਦੀਆਂ ਚਮਕੀਲੀਆਂ ਤਲਵਾਰਾਂ ਦੇ ਸਾਹਮਣੇ ਰਾਤ ਦੇ ਹਨੇਰੇ ਵਾਂਗ ਮਧਮ ਪੈ ਗਈਆਂ। ਗੋਰਖੇ ਇਕਦਮ ਪਿਛੇ ਹਟੇ ਤੇ ਨੱਸ ਟੁਰੇ । ਮੈਦਾਨ ਖਾਲਸੇ ਦੇ ਹੱਥ ਵਿਚ ਰਿਹਾ

ਅਮਰ ਸਿਹੁੰ ਗੋਰਖੇ ਨੇ ਭਾਂਜ ਖਾ ਕੇ ਸ਼ੇਰੇ ਪੰਜਾਬ ਅਗੇ ਦਰਖ਼ਾਸਤ ਕੀਤੀ ਕਿ ਅਸੀਂ ਪਰਦੇਸੀ ਹਾਂ। ਲਸ਼ਕਰ ਦਾ ਹੌਸਲਾ ਟੁੱਟ ਗਿਆ ਹੈ, ਘਰ ਦੂਰ ਹਨ, ਜੇ ਭਾਰ ਬਰਦਾਰੀ ਦਾ ਕੁਛ ਪ੍ਰਬੰਧ ਕਰ ਦਿਓ ਤਾਂ ਬੜੀ ਕਿਰਪਾ ਹੋਵੇਗੀ। ਸ਼ੇਰੇ ਪੰਜਾਬ ਨੇ ਬੜੀ ਹਮਦਰਦੀ ਨਾਲ ਇਹ ਸਾਰਾ ਪ੍ਰਬੰਧ ਅਮਰ ਸਿਹੁੰ ਦੀ ਇੱਛਾ ਨਾਲ ਕਰ ਦਿਤਾ।
ਸ਼ੇਰੇ ਪੰਜਾਬ ਇਸ ਫ਼ਤਹਿ ਦੇ ਪਿਛੋਂ ਕਾਂਗੜੇ ਵਿਚ ਸ਼ਾਹੀ ਦਰਬਾਰ ਪੁੱਜਾ। ਕਾਂਗੜਾ, ਚੰਬਾ, ਨੂਰਪੁਰ, ਕੋਟਲਾ, ਸ਼ਾਹਪੁਰ, ਜਸਰੋਟਾ, ਬਸੋਹਲੀ, ਮਾਨਕੋਟ, ਜਸਵਾਂ,ਮੰਡੀ ਤੇ ਸੁਕੇਤ ਆਦਿਕ ਪਹਾੜੀ ਰਾਜੇ ਨਜ਼ਰਾਨਾ ਲੈ ਕੇ ਹਾਜ਼ਰ ਹੋਏ । ਸਰਦਾਰ ਦੇਸਾ ਸਿੰਘ ਮਜੀਠਾ ਨੂੰ ਇਸ ਇਲਾਕੇ ਦੇ ਪ੍ਰਬੰਧ ਵਾਸਤੇ ਨੀਯਤ ਕੀਤਾ ਤੇ ਪਹਾੜਾ ਸਿੰਘ ਇਹਨਾਂ ਦੇ ਹੇਠ ਨਾਜ਼ਮ ਨੀਯਤ ਹੋਇਆ।
( ਉਪਰੋਕਤ ਲਿਖਤ ਅਸੀਂ ਲਿਖਾਰੀ ਵੱਲੋਂ ਲਿਖੀ ਪੁਰਾਤਨ ਪੰਜਾਬੀ ਵਿਚ ਹੂਬਹੂ ਦਿੱਤੀ ਹੈ- ਸੰਪਾਦਕ)

ਭਾਈ ਸਾਹਿਬ ਭਾਈ ਵੀਰ ਸਿੰਘ ਜੀ