
ਗਿਆਨੀ ਗਰਜਾ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਸਿੱਖ ਇਤਿਹਾਸ ਦੇ ਅਣਗੌਲੇ ਗ੍ਰੰਥਾਂ ਨੂੰ ਸੰਭਾਲਣ ‘ਤੇ ਹੀ ਗੁਜਾਰ ਦਿੱਤੀ। ਇਸ ਵਿਦਵਾਨ ਨੇ ਸਿੱਖ ਕੌਮ ਦੇ ਇਤਿਹਾਸ ਵਿਚ ਜੋ ਯੋਗਦਾਨ ਪਾਇਆ ਹੈ ਉਹ ਬਹੁਮੁੱਲਾ ਹੈ ਪਰ ਬਹੁਤ ਥੋੜ੍ਹੇ ਸਿੱਖ ਇਸ ਇਤਿਹਾਸਕਾਰ ਤੋਂ ਜਾਣੂ ਹਨ। ਗਿਆਨੀ ਜੀ ਦਾ ਜਨਮ ਪਿੰਡ ਗਹਿਲ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਵਿਚ ਸ. ਸੁਰਜਨ ਸਿੰਘ ਦੇ ਘਰ 20 ਅਗਸਤ 1904 ਈ. ਨੂੰ ਹੋਇਆ। ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੜ੍ਹੀ ਅਤੇ ਫਿਰ ਸੰਤ ਬੀਰਮ ਦਾਸ ਉਦਾਸੀ ਸਾਧੂ ਕੋਲ ਧਾਰਮਿਕ ਗ੍ਰੰਥ ਪੜ੍ਹਦੇ ਰਹੇ। 1919 ਈ. ਵਿਚ ਫ਼ੌਜ ਵਿਚ ਭਰਤੀ ਹੋਏ। ਇਸ ਵੇਲੇ ਅਕਾਲੀ ਲਹਿਰ ਚਲ ਪਈ। ਨਨਕਾਣਾ ਸਾਹਿਬ ਦੇ ਸਾਕੇ ਵਿਚ ਇਨ੍ਹਾਂ ਦਾ ਵੱਡਾ ਭਰਾ ਬੁੱਧ ਸਿੰਘ ਸ਼ਹੀਦੀ ਪਾ ਗਿਆ । ਫਿਰ ਗਿਆਨੀ ਜੀ ਨੌਕਰੀ ਛੱਡ ਕੇ ਅਕਾਲੀ ਲਹਿਰ ਵਿਚ ਜੁੱਟ ਪਏ। ਆਪ ਨੇ 1922 ਈ. ਵਿਚ ਕੈਮਲਪੁਰ ਜੇਲ੍ਹ, 1923 ਈ. ਵਿਚ ਜੈਤੋ ਮੋਰਚੇ ਵਿਚ ਨਾਭਾ ਜੇਲ੍ਹ, 1930 ਈ. ਵਿਚ 8-10 ਮਹੀਨੇ ਮੁਲਤਾਨ ਜੇਲ੍ਹ ਤੇ 1940-42 ਵਿਚ ਵੀ ਕੈਦ ਰਹੇ। ਦੇਸ਼ ਵੰਡ ਉਪਰੰਤ ਰਾਜਪੁਰੇ ਲਾਗੇ ਪਿੰਡ ਖਿਰਾਜਪੁਰ ਵੱਸ ਗਏ। ਗਿਆਨੀ ਗਰਜਾ ਸਿੰਘ ਬਹੁਤ ਗਰੀਬ, ਸਿੱਧੇ-ਸਾਧੇ ਤੇ ਪ੍ਰਤੀਬੱਧ ਇਤਿਹਾਸਕਾਰ ਸਨ। ਆਪ ਨੇ ਭੱਟਾਖਰੀ ਲਿਪੀ ਬੜੀ ਮਿਹਨਤ ਨਾਲ ਭੱਟਾਂ ਦੀ ਸ਼ਗਿਰਦੀ ਕਰ ਕੇ ਸਿੱਖੀ ਤੇ ਫਿਰ ਭੱਟਾਂ ਨੂੰ ਵਹੀਆਂ ਦਿਖਾਉਣ ਲਈ ਮਨਾ ਲਿਆ। ਆਪ ਨੇ ਦਿਨ ਰਾਤ ਲਗਾ ਕੇ ਉਨ੍ਹਾਂ ਦਾ ਅਧਿਐਨ ਕੀਤਾ ਅਤੇ ਜਿਥੇ ਕਿਤੇ ਵੀ ਸਿੱਖ ਇਤਿਹਾਸ ਨਾਲ ਸੰਬੰਧਤ ਇੰਦਰਾਜ ਸਨ, ਉਨ੍ਹਾਂ ਦਾ ਉਤਾਰਾ ਕਰ ਲਿਆ। ਆਪ ਨੇ ਉਨ੍ਹਾਂ ਤੱਥਾਂ ਨੂੰ ਆਧਾਰ ਬਣਾ ਕੇ ਸਿੱਖ ਇਤਿਹਾਸ ਲਿਖਣ ਦਾ ਯਤਨ ਕੀਤਾ। ਇਸ ਇਤਿਹਾਸਕਾਰ ਨੇ ਸਮੱਗਰੀ ਇਕੱਤਰ ਕਰਨ ਲਈ ਸ੍ਰੋਤ ਗ੍ਰੰਥਾਂ, ਭੱਟ ਵਹੀਆਂ ਤੇ ਕਾਵਿ ਗ੍ਰੰਥਾਂ ਦਾ ਅਧਿਐਨ ਕੀਤਾ ਅਤੇ ਆਪਣੇ ਪੁਰਾਣੇ ਜਿਹੇ ਸਾਈਕਲ ਤੇ ਸਾਰੇ ਭਾਰਤ ਦੇ ਇਤਿਹਾਸਕ ਸਥਾਨਾਂ, ਗੁਰਦੁਆਰਿਆਂ ਤੇ ਹੋਰ ਸਥਾਨਾਂ ਦਾ ਭ੍ਰਮਣ ਕੀਤਾ। ਉਥੋਂ ਦੀਆਂ ਮੌਖਿਕ ਪਰੰਪਰਾਵਾਂ ਨੂੰ ਲਿਖਿਆ ਤੇ ਉਨ੍ਹਾਂ ਇਲਾਕਿਆਂ ਵਿਚੋਂ ਹੱਥ ਲਿਖਤ ਪੋਥੀਆਂ ਵਿਚੋਂ ਸਮੱਗਰੀ ਲਈ। ਗਿਆਨੀ ਜੀ ਨੇ ਬਹੁਤ ਸਾਰੀਆਂ ਹੱਥ ਲਿਖਤ ਪੋਥੀਆਂ ਇਕੱਤਰ ਕੀਤੀਆਂ ਸਨ। ਗਿਆਨੀ ਗਰਜਾ ਸਿੰਘ ਨੇ ਭੱਟ ਵਹੀ ਤਲਾਉਂਡਾ, ਭੱਟ ਵਹੀ ਮੁਲਤਾਨੀ, ਭੱਟ ਵਹੀ ਸਿੰਧੀ ਆਦਿ ਬਾਰੇ ਵਿਸਤਾਰ ਸਹਿਤ ਚਾਨਣਾ ਪਾਇਆ ਤੇ ਇਨ੍ਹਾਂ ਭੱਟ ਵਹੀਆਂ ਨੂੰ ਗੁਰਮੁਖੀ ਵਿਚ ਲਿਪੀਅੰਤਰਿਤ ਕੀਤਾ। ਇਹਨਾਂ ਭੱਟ ਵਹੀਆਂ ਦੇ ਉਤਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਗ ਵਿਚ ਸਾਂਭੇ ਪਏ ਹਨ। ਗਿ. ਗਰਜਾ ਸਿੰਘ ਨੇ ਜਿਨ੍ਹੀ ਮਿਹਨਤ ਕਰਕੇ ਸਿੱਖ ਇਤਿਹਾਸ ਦੇ ਸਰੋਤ ਲੱਭੇ ਸਨ, ਉਹ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਕੱਚੇ ਘਰ ਵਿਚ ਬਾਰਸ਼ਾਂ ਦੌਰਾਨ ਛੱਤ ਡਿਗਣ ਕਾਰਨ ਨਸ਼ਟ ਹੋ ਗਏ। ਜੋ ਗਿੱਲੀ ਮਿੱਟੀ ਵਿਚੋਂ ਬਚਾਇਆ ਗਿਆ, ਉਹ
ਜਾਂ ਤਾਂ ਅਧੂਰਾ ਸੀ ਜਾਂ ਫਿਰ ਉਸਦਾ ਅੱਗਾ-ਪਿੱਛਾ ਨਾ ਮਿਲਣ ਕਾਰਨ ਉਹ ਬੇਕਾਰ ਹੋ ਗਏ ਸਨ । ਇਉਂ ਉਨ੍ਹਾਂ ਦੁਆਰਾ ਇਕੱਤਰ ਕੀਤੀ ਇਤਿਹਾਸਕ ਸਮੱਗਰੀ ਸਿੱਖ ਕੌਮ ਦੀ ਅਣਗਹਿਲੀ ਕਾਰਨ ਭੰਗ ਦੇ ਭਾੜੇ ਚਲੀ ਗਈ । ਗਿਆਨੀ ਗਰਜਾ ਸਿੰਘ ਦੁਆਰਾ ‘ਸ਼ਹੀਦ ਬਿਲਾਸ’, ਕ੍ਰਿਤ ਭਾਈ ਸੇਵਾ ਸਿੰਘ ਅਤੇ ‘ਗੁਰੂ ਕੀਆਂ ਸਾਖੀਆਂ’, ਕ੍ਰਿਤ ਸਰੂਪ ਸਿੰਘ ਕੌਸ਼ਿਸ਼ ਲੱਭ ਕੇ ਪ੍ਰਕਾਸ਼ਿਤ ਕਰਵਾਉਣ ਨਾਲ ਸਿੱਖ ਇਤਿਹਾਸ ਦੀਆਂ ਕਈ ਗੁੰਝਲਾਂ ਵੀ ਦੂਰ ਹੋਈਆਂ ਅਤੇ ਸਿੱਖ ਇਤਿਹਾਸ ਵਿਚ ਬਹੁਤ ਸਾਰੇ ਨਵੇਂ ਅਧਿਆਇ ਆਰੰਭ ਹੋਏ। ਇਸ ਵਿਦਵਾਨ ਨੂੰ ਸਿੱਖ ਇਤਿਹਾਸ ਸਾਂਭਣ ਦਾ ਏਨਾ ਜਨੂੰਨ ਸੀ ਕਿ ਅੱਤ ਦੀ ਗਰੀਬੀ ਵਿਚ ਵੀ ਇਹ ਇਸ ਕਾਰਜ ਲਈ ਲੱਗਾ ਰਿਹਾ। ਇਸ ਦਾ ਸਿੱਟਾ ਇਹ ਨਿਕਲਿਆ ਕਿ ਸਖ਼ਤ ਮਿਹਨਤ ਅਤੇ ਸਰੀਰ ਵਲੋਂ ਲਾਪਰਵਾਹੀ ਰੱਖਣ ਕਾਰਨ ਇਸ ਵਿਦਵਾਨ ਨੂੰ ਤਪਦਿਕ ਦੀ ਨਾ-ਮੁਰਾਦ ਬਿਮਾਰੀ ਨੇ ਢਾਹ ਲਿਆ। ਆਪ ਗੁੰਮਨਾਮੀ ਵਿਚ ਹੀ 30 ਅਗਸਤ 1977 ਈ. ਨੂੰ ਆਪਣੇ ਪਿੰਡ ਅਕਾਲ ਚਲਾਣਾ ਕਰ ਗਏ। ਵਰਤਮਾਨ ਸਮੇਂ ਵਿਚ ਸਿੱਖ ਕੌਮ ਨੂੰ ਗਿਆਨੀ ਗਰਜਾ ਸਿੰਘ ਵਰਗੇ, ਅਣਥੱਕ, ਮਿਹਨਤੀ, ਸਿਰੜੀ ਤੇ ਸਮਰਪਿਤ ਇਤਿਹਾਸਕਾਰ ਪੈਦਾ ਕਰਨ ਦੀ ਲੋੜ ਹੈ। ਪਰਮਾਤਮਾ ਕਰੇ ਕੌਮ ਦੀ ਵਰਤਮਾਨ ਪੀੜ੍ਹੀ ਆਪਣਾ ਇਤਿਹਾਸ ਅਤੇ ਵਿਰਸਾ ਸਾਂਭਣ ਵੱਲ ਫਿਰ ਤੋਂ ਪਰਤੇ।
ਡਾ. ਗੁਰਪ੍ਰੀਤ ਸਿੰਘ
ਸੰਪਰਕ : 87250 15163