-ਡਾ. ਚਮਕੌਰ ਸਿੰਘ
ਗੁਰੂ-ਕਾਲ ਤੋਂ ਹੀ ਵੱਖ-ਵੱਖ ਇਲਾਕਿਆਂ ਦੀ ਸੰਗਤ ਗੁਰੂ-ਘਰ ਨਾਲ ਜੁੜਨੀ ਸ਼ੁਰੂ ਹੋ ਗਈ ਸੀ, ਜਿਨ੍ਹਾਂ ਵਿੱਚੋਂ ਕਾਸ਼ੀ (ਬਨਾਰਸ) ਦੀ ਸੰਗਤ ਦਾ ਉਲੇਖ ਸਿੱਖ ਇਤਿਹਾਸ ਦੇ ਸਰੋਤਾਂ ਵਿਚ ਸਪੱਸ਼ਟ ਰੂਪ ਵਿਚ ਪ੍ਰਾਪਤ ਹੁੰਦਾ ਹੈ। ਇਸ ਦਾ ਪ੍ਰਮਾਣ ਕਾਸ਼ੀ ਵਿਖੇ ਬੜੀ ਸੰਗਤ ਤੇ ਛੋਟੀ ਸੰਗਤ ਨਾਮ ਉੱਪਰ ਗੁਰਦੁਆਰਾ ਸਾਹਿਬਾਨ ਦਾ ਸਥਾਪਿਤ ਹੋਣਾ ਹੈ। ਕਾਸ਼ੀ ਨੂੰ ਤਿੰਨ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਹੈ, ਜਿਨ੍ਹਾਂ ਦੀ ਆਮਦ ਦੀ ਯਾਦ ਵਿਚ ਕਾਸ਼ੀ ਵਿਖੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਬਣੇ ਹੋਏ ਹਨ।
ਸਿੱਖ ਪੰਥ ਨਾਲ ਕਾਸ਼ੀ (ਬਨਾਰਸ) ਦਾ ਸੰਬੰਧ ਪਹਿਲੀ ਵਾਰ ਉਸ ਸਮੇਂ ਬਣਿਆ, ਜਦੋਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਉਧਾਰਣ ਹਿੱਤ ਆਪਣੀ ਪਹਿਲੀ ਉਦਾਸੀ ਦੌਰਾਨ ਇੱਥੇ ਚਰਨ ਪਾਏ। ਗੁਰਦੁਆਰਾ ਗੁਰੂ ਕਾ ਬਾਗ ਦੇ ਸਥਾਨ ਉੱਪਰ ਗੁਰੂ ਜੀ ਦਾ ਪੰਡਿਤ ਚਤੁਰਦਾਸ ਨਾਲ ਸੰਵਾਦ ਹੋਇਆ। ਕਾਸ਼ੀ (ਬਨਾਰਸ) ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੰਗਾ ਦੇ ਕਿਨਾਰੇ ਤੁਲਸੀ ਮਾਲਾ, ਸਾਲਗਰਾਮ ਤੋਂ ਬਿਨਾਂ ਬੈਠਾਂ ਵੇਖ ਕੇ ਪੰਡਿਤ ਚਤੁਰਦਾਸ ਨੇ ਸ਼ੰਕਾ ਕੀਤਾ ਕਿ ਤੁਸੀਂ ਕਿਸ ਤਰ੍ਹਾਂ ਦੇ ਹੋ? ਵਾਰਤਾਲਾਪ ਦੌਰਾਨ ਗੁਰੂ ‘ ਜੀ ਨੇ ਪੰਡਿਤ ਚਤੁਰਦਾਸ ਨੂੰ ਵਹਿਮਾਂ-ਭਰਮਾਂ ਤੇ ਕਰਮ-ਕਾਂਡਾਂ ਤੋਂ ਮੁਕਤ ਹੋ ਕੇ ਇਕ ਪ੍ਰਭੂ ਨਾਲ ਜੁੜਨ ਅਤੇ ਸੱਚ-ਭਰਪੂਰ ਮਾਨਵੀ ਕਦਰਾਂ-ਕੀਮਤਾਂ ਵਾਲਾ ਜੀਵਨ ਜਿਊਣ ਦਾ ਉਪਦੇਸ਼ ਦੇ ਕੇ ਆਪਣਾ ਸਿੱਖ ਸਾਧੂ ਬਣਾਇਆ।
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਪੂਰਬ ਦੀ ਯਾਤਰਾ ਦੌਰਾਨ ਅਸਾਮ-ਬੰਗਾਲ ਵੱਲ ਜਾਂਦੇ ਹੋਏ ਕਾਸ਼ੀ ਵਿਖੇ ਪਹੁੰਚੇ, ਜਿੱਥੇ ਗੁਰਦੁਆਰਾ ਬੀੜ ਸੰਗਤ ਸੁਸ਼ੋਭਿਤ ਹੈ। ਜਵੇਹਰੀ ਮੱਲ ਮਸੰਦ ਨੇ ਗੁਰੂ ਜੀ ਦਾ ਸਵਾਗਤ ਕੀਤਾ ਅਤੇ ਗੁਰੂ ਜੀ ਨੇ ਭਾਈ ਕਲਿਆਣ ਮੱਲ ਦੇ ਘਰ ਟਿਕਾਣਾ ਕੀਤਾ। ਇੱਥੇ ਗੁਰੂ ਜੀ ਦੇ ਚੋਲੇ ਅਤੇ ਜੋੜੇ ਅੱਜ ਵੀ ਸਾਂਭ ਕੇ ਰੱਖੇ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੁਝ ਮਹੱਤਵਪੂਰਨ ਬੀੜਾਂ ਤੋਂ ਇਲਾਵਾ ਇੱਥੇ ਨੌਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਸਮੇਤ ਮਾਤਾ ਸਾਹਿਬ ਦੇਵਾਂ ਜੀ ਵੱਲੋਂ ਇੱਥੋਂ ਦੀ ਸੰਗਤ ਤੇ ਸੇਵਕਾਂ ਨੂੰ ਭੇਜੇ ਗਏ ਇਕ ਦਰਜਨ ਤੋਂ ਵਧੇਰੇ ਹੁਕਮਨਾਮੇ ਵੀ ਮੌਜੂਦ ਹਨ। ਇਨ੍ਹਾਂ ਸਥਾਨਾਂ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਯਾਤਰਾ ਦੀ ਵਾਪਸੀ ਦੌਰਾਨ ਗੁਰਦੁਆਰਾ ਛੋਟੀ ਸੰਗਤ, ਗੁਰਦੁਆਰਾ ਸੰਗਤ ਮੀਰਘਾਟ ਦੇ ਸਥਾਨਾਂ ਉੱਪਰ ਚਰਨ ਕੰਵਲ ਪਾਏ। ਇਨ੍ਹਾਂ ਅਸਥਾਨਾਂ ਨੂੰ ਬਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਚਰਨ-ਕੰਵਲਾਂ ਦੀ ਛੋਹ ਵੀ ਪ੍ਰਾਪਤ ਹੈ।
ਪਾਉਂਟਾ ਸਾਹਿਬ ਵਿਖੇ ਜਦ ਪੰਡਤ ਰਘੂਨਾਥ ਨੇ ਸ਼ੂਦਰ ਸ਼੍ਰੇਣੀ ਨਾਲ ਸੰਬੰਧਿਤ ਕੁਝ ਸਿੱਖ ਵਿਦਿਆਰਥੀਆਂ ਨੂੰ ‘ਦੇਵ-ਭਾਸ਼ਾ’ ਸੰਸਕ੍ਰਿਤ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਜਾਤਾਂ ਨਾਲ ਸੰਬੰਧਿਤ ਪੰਜ ਸਿੰਘਾਂ ਨੂੰ ਸੰਸਕ੍ਰਿਤ ਭਾਸ਼ਾ ਸਿੱਖਣ ਦੇ ਉਦੇਸ਼ ਨਾਲ ੧੬੮੬ ਈਸਵੀ ਵਿਚ ਕਾਸ਼ੀ ਭੇਜਿਆ, ਜਿਨ੍ਹਾਂ ਨੂੰ ਸਿੱਖ ਪੰਥ ਵਿਚ ਨਿਰਮਲੇ ਸਿੱਖ ਕਿਹਾ ਜਾਂਦਾ ਹੈ। ਇਨ੍ਹਾਂ ਪੰਜ ਸਿੱਖਾਂ ਦੇ ਨਾਮ ਭਾਈ ਰਾਮ ਸਿੰਘ, ਭਾਈ ਕਰਮ ਸਿੰਘ, ਭਾਈ ਗੰਡਾ ਸਿੰਘ, ਭਾਈ ਵੀਰ ਸਿੰਘ ਅਤੇ ਭਾਈ ਸੈਨਾ ਸਿੰਘ ਸਨ। ਇਨ੍ਹਾਂ ਨੇ ਵਿੱਦਿਆ ਪ੍ਰਾਪਤੀ ਲਈ ਕਾਸ਼ੀ ਵਿਚ ਜਿਸ ਸਥਾਨ ’ਤੇ ਟਿਕਾਣਾ ਕੀਤਾ, ਉੱਥੇ ਅੱਜਕਲ੍ਹ ਗੁਦੁਆਰਾ ਸ੍ਰੀ ਚੇਤਨ ਮੱਠ ਬਣਿਆ ਹੋਇਆ ਹੈ। ਇਸੇ ਸਥਾਨ ਉੱਪਰ ਹੀ ਭਾਈ ਗੁਰਦਾਸ ਜੀ ਲੰਮਾ ਸਮਾਂ ਰਹਿ ਕੇ ਗੁਰਬਾਣੀ ਦੀ ਅਰਥ ਵਿਆਖਿਆ ਕਰਦੇ ਅਤੇ ਕਾਸ਼ੀ ਦੇ ਪੰਡਿਤਾਂ ਨਾਲ ਸੰਵਾਦ ਰਚਾਉਂਦੇ ਰਹੇ।
*ਡਾਇਰੈਕਟਰ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ, ਪਟਿਆਲਾ-੧੪੭੦੦੨; ਮੋ. +੯੧੯੪੧੭੯-੩੫੪੭੪, ੮੭੨੭੦-੭੭੭੨੫
