ਕਰਮ ਯੋਗ ਕੰਮ ਕਰਨ ਦਾ ਨਾਂ ਹੈ। ਉੱਦਮ ਹਿੰਮਤ ਦਾ ਤੱਤ ਹੈ, ਜੀਵਨ ਦਾ ਆਸਰਾ ਹੈ। ਏਹਦੇ ਵਿਚ ਅਗਾਂਹ ਵਧਾਊ ਤਾਕਤ ਹੈ, ਨਵਾਂ ਰੰਗ ਅਪਣਾਉਣ ਦੀ ਸੱਤਿਆ ਹੈ। ਕਰਮ ਯੋਗ, ਰਾਜ ਨੂੰ ਉਲਟ ਪੁਲਟ ਕਰਨ ਨੂੰ ਹੀ, ਨਹੀਂ ਕਹਿੰਦੇ। ਦੂਜਿਆਂ ਲਫ਼ਜ਼ਾਂ ਵਿਚ ਕਰਮ ਯੋਗ ਹੱਥਾਂ ਪੈਰਾਂ ਨਾਲ ਹੀ ਸਬੰਧ ਨਹੀਂ ਰਖਦਾ, ਏਹਦਾ ਰਿਸ਼ਤਾ ਦਿਮਾਗ਼ ਨਾਲ ਵੀ ਹੈ। ਸ਼ੰਕਰਾਚਾਰੀਆ ਨੂੰ ਦਿਮਾਗੀ ਕਰਮ ਯੋਗੀ ਕਹਿ ਸਕਦੇ ਹਾਂ। ਓਹਨੇ ਦਿਮਾਗ਼ ਲੜਾਇਆ, ਲੋਕਾਂ ਨੂੰ ਆਪਣੇ ਵੱਲ ਖਿੱਚਿਆ ਤੇ ਬੋਧਾਂ ਨੂੰ ਉਲਟਾਇਆ। ਕਈ ਦਿਮਾਗ਼, ਤਸੱਵਰ ਵਿਚ ਰਹਿਣਾ ਚਾਹੁੰਦੇ ਹਨ, ਜਾਂ ਖ਼ਿਆਲੀ ਮਹਿਲਾਂ ਵਿਚ ਹੀ ਵਸਣਾ ਲੋੜਦੇ ਹਨ, ਦੁਨੀਆਂ ਨੂੰ ਗੁੰਝਲਾਂ ਵਿਚ ਪਾ ਦੇਂਦੇ ਹਨ । ਓਹ ਕਰਮ ਯੋਗੀ ਕੀ ਹੋਏ ? ਸਾਹ ਲੈਣੀਆਂ ਲੋਥਾਂ ਸਮਝੋ ।
ਸਿੱਖਾਂ ਦਾ ਫ਼ਲਸਫ਼ਾ ਹੀ ਕਰਮ ਯੋਗ ਹੈ। ਏਹ ਦਿਮਾਗ਼ ਤੋਂ ਜ਼ਰਾ ਸੂਝ ਲੈ ਕੇ, ਬਸ ਓਸ ਉੱਤੇ ਤਨ, ਮਨ ਤੇ ਧਨ ਕਰ ਕੇ ਲੱਗ ਜਾਂਦੇ ਹਨ। ਏਹਨਾਂ ਦੇ ਕਰਮ ਯੋਗ ਦੇ ਦੋ ਟੀਚੇ ਹਨ । ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਤੇ ਦੂਜਾ ਸਰਬੱਤ ਦਾ ਭਲਾ ਕਰਨਾ । ਗੁਰੂ ਸਾਹਿਬਾਨ ਵੇਲੇ ਸਿੱਖਾਂ ਦਾ ਚਾਲ-ਚਲਣ ਉੱਚਾ ਹੋ ਚੁੱਕਾ ਸੀ, ਪਿੱਛੋਂ ਵੀ ਖ਼ਾਸ ਡਿੱਗਾ ਨਹੀਂ । ਅਬਦਾਲੀ ਦੇ ਨਾਲ ਓਹਦਾ ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਵੀ ਸੀ । ਸਿੱਖਾਂ ਦਾ ਵੈਰੀ ਹੋਂਦਾ ਹੋਇਆ ਵੀ, ਏਹਨਾਂ ਦੇ ਚਾਲ ਚਲਣ ਨੂੰ ਖੁਲ੍ਹੇ ਦਿਲ ਨਾਲ ਸਲਾਹ ਗਿਆ।
ਦੂਜੀ ਗੱਲ, ਸਰਬੱਤ ਦਾ ਭਲਾ। ਪਹਿਲੀ ਪਾਤਸ਼ਾਹੀ ਨੇ ਸਮੇਂ ਅਨੁਸਾਰ ਲੋਕ ਸੇਵਾ ਦੀ ਸੋਹਣੀ ਪਿਰਤ ਪਾਈ । ਲੰਗਰ ਲਾਉਂਦੇ, ਦੀਵਾਨ ਸਜਾਉਂਦੇ ਸਨ। ਏਹ ਸਭ ਗੱਲਾਂ, ਸਰਬੱਤ ਦੇ ਭਲੇ ਲਈ ਹੀਲੇ ਸਨ । ਅਖ਼ੀਰ ਏਸ ਟੀਚੇ ‘ਤੇ ਅਪੜਨ ਲਈ, ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ। ਗੁਰੂ ਸਾਹਿਬਾਨ ਹੀ ਨਹੀਂ, ਸਗੋਂ ਸਿੱਖ ਤੇ ਮਿਸਲਾਂ ਵਾਲੇ ਬੀਰ ਵੀ ਕਮਜ਼ੋਰਾਂ ਲਈ ਲੜੇ। ਮਹਾਰਾਜਾ ਰਣਜੀਤ ਸਿੰਘ ਦਾ ਨਿਸ਼ਾਨਾ ਵੀ ਬਹੁਤ ਹੱਦ ਤਕ, ਲੋਕ ਭਲਾਈ ਜਾਂ ਸਰਬੱਤ ਦਾ ਭਲਾ ਕਰਨਾ ਹੀ ਸੀ। ਏਸ ਵੇਲੇ ਸਾਡੇ ਵਿਚ ਕੁਝ ਲੋਭ ਤੇ ਕੁਝ ਈਰਖਾ ਨੇ ਆ ਪਥਾੜਾ ਪਾਇਆ । ਮਤਲਬ ਕੀ ਕਿ ਸਾਡੇ ਸੁਭਾ ਵਿਚ ਗਿਰਾਵਟ ਆਉਣ ਲੱਗੀ, ਜਾਂ ਇਉਂ ਸਮਝੋ ਪਈ ਅਸੀਂ ਕਰਮ ਯੋਗ ਤੋਂ ਹਟਣ ਲੱਗੇ । ਸਿੱਟਾ ਨਿਕਲਿਆ, ਰਾਜ ਦੀ ਬਰਬਾਦੀ।
ਸਾਡਾ ਕਰਮ ਯੋਗੀ ਇਤਿਹਾਸ, ਓਸ ਦਰਿਆ ਵਾਂਗ ਹੈ, ਜੋ ਪਹਿਲਾਂ ਕਿਰਨਾਂ ਦੇ ਨਿਘ ਨਾਲ ਵਹਿੰਦਾ । ਥੋੜ੍ਹਾ-ਥੋੜ੍ਹਾ ਚਲਦਿਆਂ ਸੋਹਣਾ ਲਗਦਾ ਹੈ। ਬਹੁਤਿਆਂ
ਨੂੰ ਏਹ ਨਹੀਂ ਪਤਾ ਲੱਗਦਾ ਪਈ ਏਹਨੇ ਵੱਡੇ ਵੀ ਹੋਣਾ ਹੈ, ਪਰ ਨਾਲਾ ਕਰਮ ਯੋਗੀ ਹੋਂਦਾ ਹੈ, ਓਹਨੇ ਟੀਚਾ ਮਿੱਥ ਲਿਆ ਹੋਂਦਾ ਹੈ। ਜਿਹੜਾ ਆਪਣੇ ਨਿਸ਼ਾਨੇ ਉੱਤੇ ਜਾਣ ਵਿਚ, ਕਾਮਯਾਬ ਹੋਈ ਜਾਵੇ, ਓਹਨੂੰ ਮਿਤਰ ਵੀ ਦੇਖ ਕੇ ਈਰਖਾ ਕਰਦੇ ਤੇ ਢੰਗ ਨਾਲ ਹਟਕਣਾ-ਹੋੜਨਾ ਚਾਹੁੰਦੇ ਹਨ। ਨਾਲਾ, ਲੋਕ-ਹਿਤ ਦਾ ਨਾਅਰਾ ਲਾਂਦਾ, ਪੱਥਰ ਚੀਰਦਾ ਤੇ ਸਿਲਾਂ ਪਟਕਾਂਦਾ ਹੋਇਆ, ਮੁੜ ਮੁੜਾ ਕੇ ਅਗਾਂਹ ਵਧਦਾ ਹੈ । ਅਖ਼ੀਰ ਦਰਿਆ ਬਣ ਕੇ, ਉਜੜੇ ਥੇਹ ਵਸਾਉਂਦਾ ਹੈ ।
ਹੁਣ, ਤੁਸੀਂ ਗੁਰੂ ਨਾਨਕ ਸਾਹਿਬ ਵੱਲ ਧਿਆਨ ਧਰੋ । ਲੋਕ-ਹਿੱਤ ਦੀ ਗਰਮੀ
ਨਾਲ ਹਿਰਦਾ ਪੰਘਰਿਆ, ਖ਼ੁਦਾਈ-ਖ਼ਿਦਮਤ ਦੇ ਟੀਚੇ ਵੱਲ ਵਹਿਣ ਲੱਗੇ । ਪੰਜਾਂ ਗੁਰੂਆਂ ਤਕ, ਹਾਕਮਾਂ ਨੂੰ ਨਿੱਕਾ ਜਿਹਾ ਨਾਲਾ ਸੋਹਣਾ ਲੱਗਾ । ਹੁਣ ਇਹ ਜ਼ੋਰ ਨਾਲ ਚੱਲਣ ਲੱਗ ਪਿਆ । ਸਰਬੱਤ ਦਾ ਭਲਾ ਉੱਚੀ ਉੱਚੀ ਕੂਕਣ ਲੱਗ ਪਿਆ। ਰਾਹ ਵਿਚ ਅਟਕਾ ਆਏ, ਪਰ ਦੁਖ ਸਹਿ ਵਹਿੰਦਾ ਗਿਆ । ਬਿਖੜੇ ਪੈਂਡੇ ਪਹਾੜੀ ਰਾਜੇ, ਪੱਥਰਾਂ ਵਾਂਗ ਆਏ, ਏਹ ਚੀਰਦਾ ਅਗਾਂਹ ਵਧਿਆ। ਰਣਜੀਤ ਸਿੰਘ ਵੇਲੇ ਦਰਿਆ ਬਣ ਗਿਆ । ਸਾਡਾ ਕਰਮ ਯੋਗ ਰਣਜੀਤ ਸਿੰਘ ਤੋੜੀ ਸਾਫ਼ ਰਿਹਾ। ਪਿੱਛੋਂ ਸੁਭਾ ਡਿੱਗੇ, ਸਮਝੋ ਸਿਆਲੇ ਦੀ ਰੁੱਤ ਆਈ, ਏਹ ਸੁੱਕ ਗਿਆ। ਏਹ ਦੋ ਧਾਰਾਂ ਮੁੜ ਚਲੀਆਂ, ਇਕ ਤਾਂ ਸ਼ਾਮ ਸਿੰਘ ਅਟਾਰੀਏ ਦੀ ਸ਼ਹਾਦਤ ਸੀ ਤੇ ਦੂਜੀ ਚੇਲੀਆਂ ਵਾਲੇ ਦੀ ਜਿੱਤ । ਮਗਰੋਂ ਅਸੀਂ ਕਰਮ ਯੋਗੀ ਨ ਰਹੇ। ਆਪਣਿਆਂ ਪੈਰਾਂ ਤੋਂ ਥਿੜਕ ਚੁੱਕੇ ਸਾਂ ਤੇ ਹੁਣ ਅਸਾਂ ਸਰਬੱਤ ਦਾ ਭਲਾ ਕੀ ਕਰਨਾ ਸੀ ?
ਦਇਆ ਨੰਦ ਦਾ ਜ਼ੋਰ ਹੋਇਆ। ਅਸੀਂ ਵੀ ਜਾਗੇ, ਪਰ ਆਪਣੇ ਲਈ, ਵੱਡੇ ਟੀਚਿਓਂ ਖੁੰਝ ਚੁੱਕੇ ਸਾਂ । ਅਕਾਲੀ ਲਹਿਰ ਵੇਲੇ ਸਾਡਾ ਟੀਚਾ ਕੁਝ ਖੁੱਲ੍ਹਾ ਹੋਇਆ; ਕਿਉਂਕਿ ਅਸੀਂ ਕਰਮ ਯੋਗੀ ਹਾਂ, ਸਾਡੀ ਬਿਰਤੀ ਨਵੇਂ ਖ਼ਿਆਲ ਵੱਲ ਝੁਕਦੀ ਗਈ।
ਏਸੇ ਕਰ ਕੇ ਸਾਡੇ ਵਿਚ ਕਮਿਊਨਿਸਟਾਂ ਦਾ ਪ੍ਰਚਾਰ ਸਭ ਨਾਲੋਂ ਵਧੇਰੇ ਸੀ, ਪਰ ਜਿਸ ਵੇਲੇ ਉਹ ਪਿਛਾਂਹ ਖਿੱਚੂ ਧੜੇ ਨਾਲ ਮਿਲਦੇ ਤੱਕੇ, ਤਾਂ ਅਸਾਂ ਅਸੈਂਬਲੀ ਦੀ ਇਕ ਸੀਟ ਵੀ ਓਹਨਾਂ ਦੇ ਪੱਲੇ ਨੇ ਪਾਈ; ਭਾਵੇਂ ਹੋਰ ਸੂਬਿਆਂ ਵਿਚ, ਓਹਨਾਂ ਦਾ ਨਾਮ ਮਾਤ੍ਰ ਦਾਲ-ਦਲੀਆ ਹੋ ਹੀ ਗਿਆ।
ਕੁਝ ਸਾਲਾਂ ਤੋਂ, ਕੁਝ ਅਕਾਲੀ ਸਿੰਘ ਢਿੱਲੇ ਹੋ ਗਏ ਸਨ । ਕਰਮ ਯੋਗੀ ਸਿੱਖਾਂ ਬਰਖ਼ਿਲਾਫ਼ ਆਵਾਜ਼ ਉਠਾਈ। ਅਖ਼ੀਰ ਸਾਰੇ ਸਿੱਖ ਕਰਮ ਯੋਗੀ ਹੀ ਹਨ। ਕਰਮ ਯੋਗੀ ਹਰ ਵਕਤ ਜ਼ੁਲਮ ਵਿਰੁੱਧ ਹੁੰਦਾ ਹੈ, ਜ਼ੁਲਮ ਵਿਚ ਜ਼ਾਲਮ ਦੀ ਮਨ ਮਰਜ਼ੀ ਹੋਂਦੀ ਹੈ। ਮਨ ਮਰਜ਼ੀ ਜਾਂ ਖ਼ੁਦ ਗਰਜ਼ੀ ਲੋਕ-ਭਲਾਈ ਜਾਂ ਸਰਬੱਤ ਦਾ ਭਲਾ ਨਹੀਂ ਕਰ ਸਕਦੀ । ਸਿੱਖ ਏਸੇ ਕਰ ਕੇ ਪਾਕਿਸਤਾਨ ਦੇ ਖ਼ਿਲਾਫ਼ ਸਨ। ਕਿਉਂਕਿ ਉਸ ਵਿਚ ਇਕ ਧੜੇ ਨੇ ਮਨ ਮਰਜ਼ੀ ਕਰਨੀ ਸੀ ।
ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਕਰਮ ਯੋਗ ਨਵਾਂ ਰੰਗ ਲੈਂਦਾ ਹੈ ਜਾਂ ਨਵੀਆਂ ਨਵੀਆਂ ਕਾਢਾਂ ਕੱਢਦਾ ਹੈ । ਸਿੱਖਾਂ ਨੇ ਕਿਸ ਕਿਸ ਉੱਤੇ ਨਵਾਂ ਰੰਗ ਚਾੜ੍ਹਿਆ ਹੈ, ਦੋ ਚਾਰ ਗੱਲਾਂ ਬਾਬਤ ਹੀ ਸਰਸਰੀ ਲਿਖਿਆ ਜਾਏਗਾ। ਸਿੱਖਾਂ ਸ਼ਾਂਤੀ ਅਪਣਾਈ
ਤਾਂ ਹੱਦ ਦਰਜੇ ਦੀ ਦਿਖਾਈ । ਉਬਲਦੀਆਂ ਦੇਗਾਂ ਵਿਚ ਸੀ ਨਾ ਕੀਤੀ, ਤੱਤੀਆਂ ਤਵੀਆਂ ਸੀਤਲ ਜਾਪੀਆਂ। ਖੱਲਾਂ ਲੁਹਾਉਣ ਵੇਲੇ ਕੁਸਕੇ ਨਾ, ਸਿਰੀਂ ਆਰੇ ਧਰਵਾਉਣ ਵੇਲੇ ਹਿੱਲੇ ਨਾ । ਹਿੰਦ ਦੇ ਇਤਿਹਾਸ ਵਿਚ, ਸ਼ਾਂਤੀ ਦੀਆਂ ਅਨਹੋਣੀਆਂ ਮਿਸਾਲਾਂ ਕਾਇਮ ਕਰ ਦਿਖਾਈਆਂ। ਜੰਗ ਜੁੱਧ ਕੀਤੇ, ਤਾਂ ਪੁਰਾਣਾ ਚਤਰੰਗਣੀ ਦਲ ਦਾ ਤਰੀਕਾ ਛੱਡ ਦਿੱਤਾ । ਕਮਾਨ ਵਾਂਗ ਫ਼ੌਜਾਂ ਖਲਿਹਾਰਨੀਆਂ ਸ਼ੁਰੂ ਕੀਤੀਆਂ।
ਜਦੋਂ ਵਧਦੇ ਸਨ, ਸੱਜੇ ਖੱਬੇ ਪਾਸੇ ਅਗਾਂਹ ਹੋਦੇ ਜਾਂਦੇ ਸਨ, ਦੁਸ਼ਮਨ ਘੇਰੇ ਵਿਚ ਆ ਜਾਂਦਾ ਸੀ । ਇੰਞ ਪੁੱਠੀ ਕਮਾਨ ਦੀ ਸ਼ਕਲ ਹੋ ਜਾਂਦੀ ਸੀ । ਜਦੋਂ ਧਕੀਣੇ ਸ਼ੁਰੂ ਹੋਂਦੇ ਸਨ, ਤਾਂ ਵਿਚਲਾ ਹਿੱਸਾ ਅਗਾਂਹ ਲੜਦਾ ਤੇ ਸੱਜਾ ਖੱਬਾ ਪਾਸਾ ਅੰਦਰ ਸੁੰਗੜਦਾ ਆਉਂਦਾ, ਜਿਸ ਤਰ੍ਹਾਂ ਕਮਾਨ ਕੰਨਾਂ ਤਕ ਖਿੱਚ ਕੇ ਸ਼ਕਲ ਬਣਦੀ ਹੈ; ਏਸ ਤਰ੍ਹਾਂ ਹੋ ਜਾਂਦੀ ਸੀ। ਵਿਚਕਾਹੇ ਸਾਮਾਨ ਵਗ਼ੈਰਾ ਹੋਂਦਾ ਸੀ । ਸਭਰਾਵਾਂ ਵੇਲੇ ਸਿੰਘ ਈਕੁਣ ਹੀ ਪਿੱਛੇ ਹਟੇ ਸਨ। ਸਰਦਾਰ ਸ਼ਾਮ ਸਿੰਘ ਨੇ ਹੁਕਮ ਦਿੱਤਾ ਸੀ, ‘ਖਾਲਸਾ ਜੀ ਕਮਾਨ ਗੋਸ਼ੇ ਹੋ ਜਾਓ।’ ਸਿੱਖ ਰਾਜ ਦੇ ਪਿਆਰੇ ਕਵੀ ਸ਼ਾਹ ਮੁਹੰਮਦ ਨੇ ਵੀ ਕਮਾਨ ਗੋਸ਼ੇ ਦਾ ਇਸ਼ਾਰਾ ਕੀਤਾ ਹੈ । ਖੰਡਾ ਹਥਿਆਰ ਸਿੱਖਾਂ ਨੇ ਬਣਾਇਆ ਸੀ।
ਸਿੱਖਾਂ, ਮੋਹਰਾ-ਕਸ਼ੀ ਵਿਚ ਨਵੀਂ ਰੰਗਤ ਪੈਦਾ ਕੀਤੀ । ਫੁੱਲ-ਬੂਟੇ ਮੁਸਲਿਮ ਭਾਈਆਂ ਤੋਂ ਕਾਫ਼ੀ ਮਹੀਨ ਬਣਾਏ। ਨਮੂਨੇ ਲਈ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮੋਹਰਾ-ਕਸ਼ੀ ਤੱਕੋ। ਫੁੱਲ-ਬੂਟਿਆਂ ਤੋਂ ਛੁੱਟ ਮੁਸੱਵਰਾਂ ਵਿਚ, ਮੁਗਲਈ ਤੇ ਕਾਂਗੜਾ ਕਲਮ ਨਾਲੋਂ ਵੱਖਰੀ ਰੰਗਤ ਰੱਖੀ। ਗੁਰੂ ਗ੍ਰੰਥ ਸਾਹਿਬ ਵਿਚ ਕਈ ਸੰਗੀਤਾਂ ਨਾਲੋਂ ਰਾਗ ਜ਼ਿਆਦਾ ਹਨ । ਸਰਦਾ ਸਾਜ਼ ਸਿੱਖਾਂ ਨੇ ਬਣਾਇਆ। ਛੀਂਬੇ, ਨਾਈਂ, ਚਮਿਆਰ ਦੀ ਕਵਿਤਾ ਨੂੰ, ਗੁਰੂ ਸਾਹਿਬਾਨ ਦੀ ਬਾਣੀ ਨਾਲ ਰੱਖਣਾ, ਹੱਦੋਂ ਵੱਧ ਅਗਾਂਹ ਵਧੂ ਬਿਰਤੀ ਦਾ ਚਮਤਕਾਰਾ ਹੈ।
ਪਹਿਲਾਂ ਦੱਸਿਆ ਗਿਆ ਹੈ ਪਈ ਇਕ ਗੱਲ ਪਹਿਲਾਂ ਸੋਚ ਕੇ, ਫੇਰ ਤੁਰ ਪੈਂਦੇ ਹਨ । ਤਸੱਵਰੀ ਜਾਲ ਵਿਚ ਨਹੀਂ ਫਸਦੇ। ਅਮਲੀ ਗੱਲ ਉੱਤੇ ਰੀਝ ਪੈਂਦੇ ਹਨ। ਏਸ ਕਰ ਕੇ ਏਹਨਾਂ ਦੇ ਇਤਿਹਾਸ ਦਾ ਪੱਤਰਾ-ਪੱਤਰਾ ਸ਼ਹੀਦੀਆਂ ਨਾਲ ਭਰਿਆ ਪਿਆ ਹੈ।
ਜਾਂ ਸ਼ਹੀਦੀਆਂ ਦਾ ਸਮਾਂ ਆਇਆ ਤਾਂ ਪਹਿਲਾਂ ਅਜ਼ਾਦ ਹਿੰਦ ਫੌਜ ਦਾ ਬਾਨੀ ਸਿੱਖ ਮੋਹਨ ਸਿੰਘ ਹੀ ਨਿੱਤਰਿਆ। ਕਰਮ ਯੋਗੀ ਜਿੰਦ ਨੂੰ ਪਿਆਰਦਾ ਨਹੀਂ, ਪਰ ਭੰਗ ਭਾੜੇ ਵੀ ਨਹੀਂ ਗਵਾਉਂਦਾ। ਸਿੱਖ ਵੀ ਸਮਝ ਕੇ ਜਿੰਦ ਦੇਂਦਾ ਹੈ। ਸਾਡੀਆਂ ਸ਼ਹੀਦੀਆਂ ਰੰਗ ਕਿਉਂ ਲਾ ਦੇਂਦੀਆਂ ਸਨ ? ਅਸੀਂ ਸਮਝ ਕੇ ਸ਼ਹੀਦੀ ਬਾਟੇ ਛਕਦੇ मां ।
ਭਾਵੇਂ ਸਿੱਖਾਂ ਦੇ ਸਿਰ ਉੱਤੇ ਕਿੰਨੀਆਂ ਔਕੜਾਂ ਆਉਣ, ਜਿੰਨਾ ਚਿਰ ਇਹ ਕਰਮ ਯੋਗੀ ਰਹਿਣਗੇ, ਦਬੀਣਗੇ ਨਹੀਂ, ਸਗੋਂ ਚੜ੍ਹਦੀਆਂ ਕਲਾਂ ਵਿਚ ਜਾਣਗੇ।
ਹਰਿੰਦਰ ਸਿੰਘ ਰੂਪ
