ਨਾਦਰਸ਼ਾਹ ਦੀ ਭਵਿੱਖਬਾਣੀ:
ਕੰਧਾਰ ਦੇ ਲੁਟੇਰੇ ਨਾਦਰਸ਼ਾਹ ਨੇ ਸੰਨ 1739 ਈਸਵੀ ਵਿੱਚ ਭਾਰਤ ‘ਤੇ ਹਮਲਾ ਕੀਤਾ ਸੀ। ਦਿੱਲੀ ਨੂੰ ਜਿੱਤਣ ਤੋਂ ਬਾਅਦ ਉਹ ਅਰਬਾਂ ਰੁਪਏ ਦੇ ਲੁਟ ਦੇ ਮਾਲ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸੁੰਦਰ ਲੜਕੀਆਂ ਅਤੇ ਗੁਲਾਮ ਆਪਣੇ ਅੱਗੇ ਲਾ ਕੇ ਲਾਹੌਰ ਪਹੁੰਚਿਆ। ਲਾਹੌਰ ਦੇ ਸੂਬੇ ਤੋਂ ਇੱਕ ਕਰੋੜ ਰੁਪਿਆ ਖਰਾਜ ਵਜੋਂ ਲੈ ਕੇ, ਦਰਿਆ ਰਾਵੀ ਪਾਰ ਕਰਨ ਲੱਗਾ ਤਾਂ ਜੰਗਲ ਵਿੱਚ ਛੁਪੇ ਸਿੱਖਾਂ ਨੇ ਚਾਣਚੱਕ ਹੱਲਾ ਬੋਲ ਕੇ ਨਾਦਰਸ਼ਾਹ ਦਾ ਖਜ਼ਾਨਾ ਲੁੱਟ ਲਿਆ ਅਤੇ ਕੈਦ ਕੀਤੀਆਂ ਲੜਕੀਆਂ ਤੇ ਗੁਲਾਮਾਂ ਨੂੰ ਵੀ ਛੁਡਾ ਲਿਆ।
ਨਾਦਰਸ਼ਾਹ ਨੇ ਜ਼ਕਰੀਏ ਨੂੰ ਬੁਲਾ ਕੇ ਪੁੱਛਿਆ ਕਿ ਇਹ ਲੁਟੇਰੇ ਕੌਣ ਹਨ?
ਜ਼ਕਰੀਏ ਨੇ ਉਤਰ ਦਿੱਤਾ, “ਹਜ਼ੂਰ, ਇਹ ਲੁਟੇਰੇ ਸਿੱਖ ਹਨ। ਅਸੀਂ ਕਈ ਵਾਰ ਇਨ੍ਹਾਂ ਦਾ ਖੁਰਾ-ਖੋਜ ਮਿਟਾ ਚੁਕੇ ਹਾਂ। ਪਤਾ ਨਹੀਂ ਇਹ ਫਿਰ ਕਿੱਥੋਂ ਹਜ਼ਾਰਾਂ ਦੀ ਗਿਣਤੀ ਵਿੱਚ ਆ ਜਾਂਦੇ ਹਨ ਅਤੇ ਲੱਖਾਂ ਰੁਪਿਆਂ ਦਾ ਖਜ਼ਾਨਾ ਲੁੱਟ ਕੇ ਜੰਗਲ ਵਿੱਚ ਅਲੋਪ ਹੋ ਜਾਂਦੇ ਹਨ?”
ਕੁੱਝ ਪਲ ਚੁੱਪ ਰਹਿ ਕੇ ਨਾਦਰਸ਼ਾਹ ਨੇ ਕਿਹਾ ਕਿ ਇਨ੍ਹਾਂ ਸਿੱਖਾਂ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ। ਇੱਕ ਦਿਨ ਇਹ ਪੰਜਾਬ ‘ਤੇ ਰਾਜ ਕਰਨਗੇ।
ਕੁੱਝ ਸਾਲਾਂ ਪਿੱਛੋਂ ਹੀ ਪੰਜਾਬ ਵਿੱਚ ਸਿੱਖ ਰਾਜ ਕਾਇਮ ਹੋ ਗਿਆ, ਜਿਸ ਦੀ ਹੱਦ ਪਿਸ਼ਾਵਰ ਤੋਂ ਲੈ ਕੇ ਕਸ਼ਮੀਰ ਤੋਂ ਅੱਗੇ ਲੱਦਾਖ ਤੱਕ ਜਾ ਮਿਲਦੀ ਸੀ।
ਨਾਦਰਸ਼ਾਹ ਦੇ ਜਾਣ ਤੋਂ ਬਾਅਦ ਜ਼ਕਰੀਏ ਨੇ ਸਿੱਖਾਂ ‘ਤੇ ਅਤਿ ਦਰਜੇ ਦੇ ਭਿਆਨਕ ਜ਼ੁਲਮ ਕੀਤੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸ਼ਹੀਦ ਹੋਏ ਅਤੇ ਬਾਕੀ ਦੇ ਲੱਖੀ ਜੰਗਲ ਵਿੱਚ ਛੁਪ ਗਏ। ਜ਼ਕਰੀਏ ਨੇ ਸਿੱਖਾਂ ਦੀ ਹਾਲਤ ਦਾ ਅੰਦਾਜ਼ਾ ਲਾਉਣ ਲਈ ਆਪਣੇ ਸੂਹੀਏ ਭੇਜੇ। ਉਨ੍ਹਾਂ ਨੇ ਜ਼ਕਰੀਏ ਨੂੰ
ਰਿਪੋਰਟ ਪੁਚਾਈ :
ਸਿੱਖ ਜੰਗਲ ਵਿੱਚ ਦੋਵੇਂ ਵੇਲੇ ਕੀਰਤਨ ਕਰਦੇ ਹਨ। ਦਿਨ ਵੇਲੇ ਕੋਈ ਮਹਾਂਪ੍ਰਸ਼ਾਦਿ ਤਿਆਰ ਕਰਦਾ ਹੈ। ਕੁੱਝ ਆਪਣੇ ਘੋੜਿਆਂ ਦੀ ਮਾਲਿਸ਼ ਕਰਦੇ ਹਨ। ਕੁੱਝ ਆਪਣੇ ਹਥਿਆਰ ਤੇਜ਼ ਕਰਦੇ ਹਨ। ਕੁੱਝ ਸ਼ਿਕਾਰ ਕਰਨ ਲਈ ਚਲੇ ਜਾਂਦੇ ਹਨ। ਕਈ ਬੰਦੂਕ ਦਾ ਨਿਸ਼ਾਨਾ ਲਾਉਣ ਦਾ ਅਭਿਆਸ ਕਰਦੇ ਹਨ। ਭੁਝੰਗੀ ਸਿੰਘ, ਆਪਣੇ ਤੋਂ ਵਡਿਆਂ ਅਤੇ ਵਿਦਵਾਨ ਤੇ ਸੰਤ ਸਰੂਪ ਬਜੁਰਗਾਂ ਦੀ ਮੁੱਠੀ-ਚਾਪੀ ਕਰਦੇ ਹਨ। ਕਈ ਜੰਗਲ ਵਿੱਚੋਂ ਲੰਗਰ ਲਈ ਲਕੜੀਆਂ ਲਿਆ ਰਹੇ ਹਨ, ਜਾਂ ਦੂਰੋਂ-ਦੂਰੋਂ ਪਾਣੀ ਲਿਆ ਕੇ ਸਿੰਘਾਂ ਨੂੰ ਇਸ਼ਨਾਨ ਕਰਾਉਂਦੇ ਹਨ। ਕਈ ਕਛਹਿਰੇ ਸੀਂਦੇ ਹਨ। ਉਥੇ ਕੋਈ ਕਿਸੇ ਨੂੰ ਛੋਟਾ ਵੱਡਾ ਨਹੀਂ ਸਮਝਦਾ। ਸਭ ਬਰਾਬਰ ਦੇ ਸਮਝੇ ਜਾਂਦੇ ਹਨ।
ਸਿੰਘਾਂ ਦੀ ਚੜ੍ਹਦੀ ਕਲਾ ਦੀ ਇਹ ਖਬਰ ਸੁਣ ਕੇ ਜ਼ਕਰੀਆ ਹੈਰਾਨ ਰਹਿ ਗਿਆ।
2. ਕਾਜੀ ਨੂਰ ਮੁਹੰਮਦ :
ਪ੍ਰਸਿੱਧ ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਸੰਨ 1764 ਵਿੱਚ ਅਹਿਮਦਸ਼ਾਹ ਦੇ ਸਤਵੇਂ ਹਮਲੇ ਸਮੇਂ, ਦੁਰਾਨੀ ਫੌਜਾਂ ਨਾਲ ਭਾਰਤ ਆਇਆ ਸੀ। ਸਿੱਖਾਂ ਨਾਲ ਹੋਈਆਂ ਲੜਾਈਆਂ ਦਾ ਹਾਲ ਉਸ ਨੇ ਆਪਣੇ ਜੰਗਨਾਮੇ ਵਿੱਚ ਦੱਸਿਆ ਹੈ। ਉਸਨੇ ਸਿੱਖ ਦੀ ਥਾਂ ‘ਸਗ’ ਪਦ ਦੀ ਵਰਤੋਂ ਕੀਤੀ ਹੈ।
ਇਸ ਦੇ ਬਾਵਜੂਦ ਉਸਨੇ ਸਿੱਖਾਂ ਬਾਰੇ ਲਿਖਿਆ ਹੈ :
ਉਨ੍ਹਾਂ ਨੂੰ ਸਗ (ਕੁੱਤੇ) ਨਾ ਕਹੋ, ਕਿਉਂਕਿ ਉਹ ਮੈਦਾਨ ਵਿੱਚ ਸ਼ੇਰਾਂ ਵਾਂਗ ਬੜੀ ਬਹਾਦਰੀ ਨਾਲ ਲੜਦੇ ਹਨ। ਜੇ ਤੁਸਾਂ ਲੜਾਈ ਦੀ ਤਕਨੀਕ ਤੋਂ ਜਾਣੂ ਹੋਣਾ ਹੋਵੇ, ਤਾਂ ਉਨ੍ਹਾਂ ਤੋਂ ਸਿਖੋ। ਉਹ ਲੜਾਈ ਦੇ ਕਰਤਬ ਇਸ ਯੋਗਤਾ ਨਾਲ ਦਰਸਾਉਣਗੇ ਕਿ ਤੁਸੀਂ ਅਸ਼-ਅਸ਼ ਕਰ ਉਠੋਗੇ। ਜਦੋਂ ਉਹ ਤਲਵਾਰ ਲੈ ਕੇ ਮੈਦਾਨੇ -ਜੰਗ ਵਿੱਚ ਨਿਕਲਦੇ ਹਨ ਤਾਂ ਦੁਸ਼ਮਣਾਂ ਦੀਆਂ ਸਫਾਂ ਚੀਰਦੇ ਚਲੇ ਜਾਂਦੇ ਹਨ। ਜਦੋਂ ਉਹ ਤੀਰ ਕਮਾਨ ਦਾ ਚਿੱਲਾ ਆਪਣੇ ਕੰਨਾਂ ਤੱਕ ਖਿਚ ਕੇ ਚੜ੍ਹਾਉਂਦੇ ਹਨ ਤਾਂ ਦੁਸ਼ਮਣ ਡਰ ਨਾਲ ਕੰਬਣ ਲੱਗ ਜਾਂਦਾ ਹੈ। ਜਦੋਂ ਉਹ ਬਰਛਿਆਂ ਨਾਲ ਦੁਸ਼ਮਣ ‘ਤੇ ਟੁੱਟ ਪੈਂਦੇ ਹਨ ਤਾਂ ਦੁਸ਼ਮਣ ਦੀ ਮੌਤ ਯਕੀਨੀ ਹੁੰਦੀ ਹੈ। ਇਕੱਲਾ-ਇਕੱਲਾ ਸਿੱਖ 50-50 ਦੁਸ਼ਮਣਾਂ ‘ਤੇ ਭਾਰੂ ਹੁੰਦਾ ਹੈ।
ਜਦੋਂ ਉਹ ਆਪਣੀਆਂ ਬੰਦੂਕਾਂ ਲੈ ਕੇ ਜੰਗ ਵਿੱਚ ਵੜਦੇ ਹਨ ਤਾਂ ਦੁਸ਼ਮਣਾਂ ਦੀਆਂ ਛਾਤੀਆਂ ਫਟ ਜਾਂਦੀਆਂ ਹਨ ਅਤੇ ਲਹੂ ਨਾਲ ਧਰਤੀ ਰੰਗੀ ਜਾਂਦੀ ਹੈ। ਕਿਹਾ ਜਾਂਦਾ ਹੈ ਪੁਰਾਣੀ ਕਿਸਮ ਦੀਆਂ ਬੰਦੂਕਾਂ (ਰਾਮ ਜੰਗਾ) ਸਿੰਘਾਂ ਦੀ ਹੀ ਈਜਾਦ ਸੀ।
‘ਸਿੱਖ ਤੋਪਚੀ, ਗੋਲਾਬਾਰੀ ਕਰਨ ਵਿੱਚ ਬੜੇ ਮਾਹਿਰ ਹੁੰਦੇ ਹਨ। ਉਹ ਚਾਰੋਂ ਪਾਸੇ ਬੇਪਨਾਹ ਗੋਲਾਬਾਰੀ ਲਗਾਤਾਰ ਜਾਰੀ ਰੱਖਦੇ ਹਨ। ਜੋ ਤੁਸੀਂ ਮੇਰੇ ਕਹੇ ‘ਤੇ ਯਕੀਨ ਨਾ ਕਰੋ, ਤਾਂ ਤੁਸੀਂ ਉਨ੍ਹਾਂ ਯੋਧਿਆਂ ਤੋਂ ਪੁੱਛ ਸਕਦੇ ਹੋ, ਜਿਨ੍ਹਾਂ ਸਿੱਖਾਂ ਨਾਲ ਲੜਾਈਆਂ ਲੜੀਆਂ ਹਨ। ਉਹ (ਥੋੜ੍ਹੀ ਗਿਣਤੀ ਵਿੱਚ) ਤੀਹ-ਤੀਹ ਹਜ਼ਾਰ ਦੁਸ਼ਮਣਾਂ ਨਾਲ ਟੱਕਰ ਲੈਂਦੇ ਰਹੇ ਹਨ।
‘ਕਿਹਾ ਜਾਂਦਾ ਹੈ ਕਿ ਬਹਿਰਾਮ ਗੋਰ ਦਾ ਨਾਂ ਸੁਣ ਕੇ ਸ਼ੇਰ ਕੰਬ ਉਠਦੇ ਸਨ। ਪਰ ਜੇ ਬਹਿਰਾਮ ਗੋਰ ਸਿੱਖਾਂ ਨਾਲ ਟੱਕਰ ਲਵੇ ਤਾਂ ਯਕੀਨਨ ਉਹ ਇਨ੍ਹਾਂ ਬਹਾਦਰ ਸਿੱਖਾਂ ਨੂੰ ਝੁੱਕ ਕੇ ਸਲਾਮ ਕਰੇ।’
‘ਜੇ ਲੜਾਈ ਸਮੇਂ ਸਿੱਖ ਮੈਦਾਨ ਛੱਡ ਕੇ ਨੱਠ ਜਾਣ ਤਾਂ ਭੁੱਲ ਕੇ ਵੀ ਉਨ੍ਹਾਂ ਨੂੰ ਭਗੌੜੇ ਨਾ ਸਮਝ ਲੈਣਾ। ਇਹ ਉਨ੍ਹਾਂ ਦੀ ਲੜਾਈ ਦੀ ਆਪਣੀ ਹੀ (ਨਿਰਾਲੀ) ਤਕਨੀਕ ਹੈ। ਲੜਾਈ ਦੇ ਮੈਦਾਨ ‘ਚੋਂ ਅਚਾਨਕ ਇਨ੍ਹਾਂ ਦੇ ਨੱਠ ਜਾਣ ਦਾ ਮਤਲਬ ਇਹ ਹੁੰਦਾ ਹੈ ਕਿ ਜਦ ਗੁੱਸੇ ਵਿੱਚ ਭਰੇ ਸਾਡੇ ਫੌਜੀ ਉਨ੍ਹਾਂ ਦਾ ਪਿੱਛਾ ਕਰਨਗੇ, ਤਾਂ ਉਹ ਪਿੱਛਾ ਕਰਦੇ ਆ ਰਹੇ ਵੈਰੀਆਂ ਤੇ ਅਜਿਹਾ ਤੂਫਾਨੀ ਹੱਲਾ ਬੋਲਣਗੇ ਕਿ ਸਾਰੇ ਦਸਤੇ ਨੂੰ ਕਤਲ ਕਰ ਦੇਣਗੇ।’
‘ਤੁਸੀਂ ਵੇਖਿਆ ਨਹੀਂ ਸੀ? ਭਗੌੜਾ ਹੋਣ ਸਮੇਂ ਸਿੱਖਾਂ ਨੇ ਖਾਨ ਅਹਿਮਦਸ਼ਾਹ ਦੁਰਾਨੀ ਨੂੰ ਧੋਖਾ ਦੇਣ ਲਈ ਆਪਣੀ ਬਨਾਉਟੀ ਹਾਰ ਦਰਸਾਈ ਸੀ ਅਤੇ ਥੋੜ੍ਹੀ ਦੇਰ ਪਿੱਛੋਂ ਹੀ ਕਿਸ ਤਰ੍ਹਾਂ ਉਸ ‘ਤੇ ਟੁੱਟ ਪਏ ਸਨ? ਉਸ ਭਿਆਨਕ ਸਥਿਤੀ ਵਿੱਚ ਖਾਨ ਨੇ ਘੋੜੇ ਤੋਂ ਉਤਰ ਕੇ ਸਿੱਖਾਂ ਤੇ ਤੀਰਾਂ ਦੀ ਬੋਛਾੜ ਕੀਤੀ। ਸੀ ਅਤੇ ਬੜੀ ਮੁਸ਼ਕਿਲ ਨਾਲ ਭੱਜ ਕੇ ਸਿੱਖਾਂ ਦੇ ਘੇਰੇ ‘ਚੋਂ ਆਪਣੀ ਜਾਨ ਬਚਾਈ ਸੀ।’
‘ਤੁਸੀਂ ਆਪ ਹੀ ਸੋਚੋ, ਕਿਵੇਂ ਸਿੱਖਾਂ ਦਾ ਇੱਕ ਛੋਟਾ ਜਿਹਾ ਦਸਤਾ ਮੁਲਤਾਨ ਸ਼ਹਿਰ ‘ਤੇ ਜਾ ਪਿਆ ਸੀ ਅਤੇ ਖਜ਼ਾਨਾ ਲੁੱਟ ਕੇ ਸਾਫ ਬਚ ਕੇ ਨਿਕਲ ਗਿਆ ਸੀ? ਮੁਲਤਾਨ ਵਿੱਚ ਜੋ ਕੁੱਝ ਹੋਇਆ, ਸਾਨੂੰ ਸਾਰਿਆਂ ਨੂੰ ਖੁਦਾ ਦੀ ਮਰਜ਼ੀ ਸਮਝ ਕੇ, ਉਸ ਅੱਗੇ ਝੁਕਣਾ ਹੀ ਪੈਣਾ ਹੈ।”
‘ਲੜਾਈ ਦੀ ਤਕਨੀਕ ਤੋਂ ਇਲਾਵਾ ਸਿੱਖਾਂ ਵਿੱਚ ਇੱਕ ਹੋਰ ਵਿਸ਼ੇਸ਼ ਗੁਣ ਹੈ ਕਿ ਉਹ ਕਿਸੇ ਭੱਜੇ ਜਾਂਦੇ ਦੁਸ਼ਮਣ ‘ਤੇ ਹਮਲਾ ਨਹੀਂ ਕਰਦੇ। ਉਹ ਕਦੀ ਵੀ ਕਿਸੇ ਇਸਤੀ ‘ਤੇ ਹੱਥ ਨਹੀਂ ਉਠਾਉਂਦੇ। ਇਨ੍ਹਾਂ ਵਿੱਚ ਕੋਈ ਵੀ ਬੰਦਾ ਵਿਭਚਾਰੀ ਨਹੀਂ ਹੁੰਦਾ ਅਤੇ ਨਾ ਹੀ ਇਹ ਲੋਕ ਚੋਰੀ ਕਰਦੇ ਹਨ। ਭਾਵੇਂ ਕੋਈ ਤੀਵੀਂ ਜਵਾਨ ਹੋਵੇ ਭਾਵੇਂ ਬਜ਼ੁਰਗ, ਇਹ ਉਸਨੂੰ ਮਾਂ ਭੈਣ ਦਾ ਸਤਿਕਾਰ ਦਿੰਦੇ ਹਨ। ਇਹ ਲੋਕ, ਲੁੱਚੇ, ਲਫੰਗਿਆਂ ਨਾਲ ਦੋਸਤੀ ਨਹੀਂ ਰੱਖਦੇ।
3. ਪਾਕਿਸਤਾਨ ਦੇ ਰੀਟਾਇਰਡ ਮੇਜਰ ਜਨਰਲ ਮੁਕੀਸ਼ ਖਾਨ ਨੇ ਅੰਗਰੇਜ਼ੀ ਵਿੱਚ ਲਿਖੀ ਆਪਣੀ ਪੁਸਤਕ ‘ਕਰਾਈਸਿਜ਼ ਆਫ ਲੀਡਰਸ਼ਿਪ’ ਦੇ ਪੰਨਾ 250 ‘ਤੇ ਸੰਨ 1971 ਵਿੱਚ ਹੋਈ ਹਿੰਦ-ਪਾਕ ਜੰਗ ਬਾਰੇ ਲਿਖਿਆ ਹੈ :
‘ਸਿੱਖ ਬਹੁਤ ਬਹਾਦਰ ਹਨ। ਇਹ ਏਨੀ ਦਲੇਰੀ ਨਾਲ ਲੜਦੇ ਹਨ ਕਿ ਆਪਣੇ ਨਾਲੋਂ ਕਈ ਗੁਣਾਂ ਵੱਡੀ ਫੌਜ ਨੂੰ ਹਾਰ ਦੇਣ ਦੀ ਸਮਰੱਥਾ ਰੱਖਦੇ ਹਨ। ਸਾਡੀ ਹਾਰ ਦਾ ਵੱਡਾ ਕਾਰਨ ਸਿੱਖਾਂ ਦੇ ਸਾਹਮਣੇ ਹੋ ਕੇ ਲੜਨਾ ਸੀ। ਉਨ੍ਹਾਂ ਦੇ ਸਾਹਮਣੇ ਸਾਡੀ ਕੋਈ ਪੇਸ਼ ਨਾ ਗਈ।’
3 ਦਸੰਬਰ 1971 ਨੂੰ ਅਸਾਂ ਹਿੰਦੁਸਤਾਨ ਦੇ ਬਾਰਡਰ ‘ਹੁਸੈਨੀ ਵਾਲਾ’ ਤੇ ਇਨਫੈਂਟਰੀ ਬਰੀਗੇਡ ਨਾਲ ਇੱਕ ਜ਼ਬਰਦਸਤ ਹਮਲਾ ਕੀਤਾ। ਸਾਡੀ ਬ੍ਰਿਗੇਡ ਵਿੱਚ ਪਾਕਿਸਤਾਨ ਦੀ ਲੜਾਕੂ ਪੰਜਾਬੀ ਰਜਮੈਂਟ ਦੇ ਨਾਲ ‘ਬਲੋਚ ਰਜਮੈਂਟ’ ਵੀ ਸੀ। ਅਸੀਂ ਮਿੰਟਾਂ ਵਿੱਚ ਹੀ ਭਾਰਤੀ ਫੌਜ ਨੂੰ ਬੜੀ ਦੂਰ ਤੱਕ ਪਿੱਛੇ ਧੱਕ ਦਿੱਤਾ। ਉਨ੍ਹਾਂ ਦੇ ਮੋਰਚੇ ਸਾਡੇ ਕਬਜ਼ੇ ਵਿੱਚ ਆ ਗਏ। ਭਾਰਤੀ ਸੈਨਾ ਬੜੀ ਤੇਜ਼ੀ ਨਾਲ ਪਿੱਛੇ ਭੱਜੀ ਜਾ ਰਹੀ ਸੀ।’
‘ਸਾਡੀ ਫੌਜ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਸੀ। ਸਾਡੀ ਫੌਜ ਕੇਸਰੇ ਹਿੰਦ ਚੌਂਕੀ ਕੋਲ ਜਾ ਪੁੱਜੀ। ਉਸ ਚੌਂਕੀ ਦੀ ਰੱਖਿਆ ਫੌਜੀਆਂ ਦੀ ਇੱਕ ਛੋਟੀ ਜਿਹੀ ਟੁਕੜੀ, ਜੋ ‘ਸਿੱਖ ਰਜਮੈਂਟ’ ਵਿੱਚੋਂ ਸੀ ਕਰ ਰਹੀ ਸੀ। ਉਨ੍ਹਾਂ ਜਵਾਨਾਂ ਨੇ ਲੋਹੇ ਦੀ ਦੀਵਾਰ ਵਾਂਗ ਸਾਡਾ ਰਾਹ ਰੋਕ ਲਿਆ ਅਤੇ ਜ਼ੋਰ-ਜ਼ੋਰ ਦੀ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾ ਕੇ ਸਾਡੇ ਉਤੇ ਭੁੱਖੇ ਬਾਜ਼ਾਂ ਅਤੇ ਸ਼ੇਰਾਂ ਦੀ ਤਰ੍ਹਾਂ ਟੁੱਟ ਪਏ। ਉਹ ਸਭ ਸਿਪਾਹੀ ਸਿੱਖ ਸਨ।’
‘ਬੜੀ ਖੌਫਨਾਕ ਲੜਾਈ ਹੋਈ। ਲੜਦੇ-ਲੜਦੇ ਸਿਪਾਹੀ ਇੱਕ ਦੂਜੇ ਦੇ ਆਹਮੋ-ਸਾਹਮਣੇ ਹੱਥੋਪਾਈ ਤੱਕ ਜਾ ਪਹੁੰਚੇ। ‘ਯਾ ਅਲੀ’ ਅਤੇ ‘ਸਤਿ ਸ੍ਰੀ ਅਕਾਲ’ ਦੇ ਨਾਹਰਿਆਂ ਨਾਲ ਆਕਾਸ਼ ਗੂੰਜ ਉਠਿਆ। ਸਿੰਘਾਂ ਨੇ ਹਥੋਪਾਈ ਦੀ ਲੜਾਈ ਵਿੱਚ ਵੀ ਏਨੀ ਬਹਾਦਰੀ ਵਿਖਾਈ ਕਿ ਸਾਡੇ ਸਾਰੇ ਅਰਮਾਨ ਮਿੱਟੀ ਵਿੱਚ ਮਿਲਾ ਦਿੱਤੇ।’
‘ਇਸ ਲੜਾਈ ਵਿੱਚ ਬਲੋਚ ਰਜਮੈਂਟ ਦਾ ਲੈਫਟੀਨੈਂਟ ਕਰਨਲ ਗੁਲਾਬ ਹੁਸੈਨ ਮਾਰਿਆ ਗਿਆ। ਮੇਜਰ ਮੁਹੰਮਦ ਜ਼ਈਫ ਅਤੇ ਕੈਪਟਨ ਆਰਿਫ ਸਲੀਮ ਵੀ ਮਾਰੇ ਗਏ। ਸਾਡੇ ਜਵਾਨਾਂ ਦੇ ਮਾਰੇ ਜਾਣ ਦੀ ਗਿਣਤੀ ਨਹੀਂ ਸੀ ਕੀਤੀ ਜਾ ਸਕਦੀ। ਮੁੱਠੀ ਭਰ ਸਿੰਘਾਂ ਦੇ ਹੌਂਸਲਾ ਵੇਖ ਕੇ ਅਸੀਂ ਹੱਕੇ-ਬੱਕੇ ਰਹਿ ਗਏ।’
…’ਜਦੋਂ ਅਸੀਂ ਪੱਕੀ ਪੋਸਟ, ਜੋ ਤਿੰਨ ਮੰਜ਼ਲੀ ਬਣੀ ਹੋਈ ਸੀ ‘ਤੇ ਕਬਜ਼ਾ ਕਰ ਲਿਆ ਤਾਂ ਸਿੱਖ ਸਿਪਾਹੀ ਉਪਰਲੀ ਛੱਤ ਤੇ ਚੜ੍ਹ ਗਏ ਅਤੇ ਡਟ ਕੇ ਸਾਡਾ ਮੁਕਾਬਲਾ ਕਰਦੇ ਰਹੇ।
ਉਹ ਸਾਰੀ ਰਾਤ ਸਾਡੇ ਉਤੇ ਗੋਲੀਆਂ ਦਾ ਮੀਂਹ ਵਰ੍ਹਾਉਂਦੇ ਰਹੇ ਅਤੇ ਉੱਚੀ ਆਵਾਜ਼ ਵਿੱਚ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਛੱਡਦੇ ਰਹੇ। ਉਹ ਅਗਲੇ ਦਿਨ ਤੱਕ ਮੁਕਾਬਲਾ ਕਰਦੇ ਰਹੇ। ਅਗਲੇ ਦਿਨ ਸਾਡੇ ਟੈਂਕਾਂ ਨੇ ਚੌਂਕੀ ਨੂੰ ਘੇਰਾ ਪਾ ਕੇ ਤੋਪਾਂ ਨਾਲ ਉਡਾ ਦਿੱਤਾ। ਉਹ ਮੁੱਠੀ ਭਰ ਸਿੰਘ ਮੁਕਾਬਲਾ ਕਰਦੇ ਸ਼ਹੀਦ ਹੋ ਗਏ। ਏਨੇ ਚਿਰ ਨੂੰ ਉਨ੍ਹਾਂ ਦੇ ਜੈਕਾਰਿਆਂ ਦੀ ਆਵਾਜ਼ ਸੁਣ ਕੇ, ਸਿੱਖ ਰੇਜੀਮੈਂਟ ਉਥੇ ਪਹੁੰਚ ਗਈ। ਉਨ੍ਹਾਂ ਆਪਣੇ ਤੋਪਖਾਨੇ ਨਾਲ ਸਾਡੇ ਟੈਂਕ ਨਸ਼ਟ ਕਰ ਦਿੱਤੇ। ਇਸ ਤਰ੍ਹਾਂ ਸਾਡੀ ਫੌਜ ਦੇ ਪੈਰ ਉਖੜ ਗਏ। ਸਾਰੇ ਬਾਰਡਰ ਤੇ ਸਾਡੇ ਹੌਸਲੇ ਪਸਤ ਹੋ ਗਏ। ਇਹੋ ਹਾਲ ਸਾਡੇ ਨਾਲ ਢਾਕੇ (ਬੰਗਲਾ ਦੇਸ਼) ਵਿੱਚ ਹੋਇਆ। ਜੈਸੂਰ ਦੀ ਲੜਾਈ ਵਿੱਚ ਸਿੰਘਾਂ ਨੇ ਸਾਡੀ ਫੌਜ ਨਾਲ ਉਹ ਟੱਕਰ ਲਈ, ਜਿਸ ਨਾਲ ਸਾਡੀ ਕਮਰ ਟੁੱਟ ਗਈ। ਇਹੀ ਇੱਕ ਵੱਡਾ ਕਾਰਨ ਸਾਡੀ ਹਾਰ ਦਾ ਸੀ।’
4. ਅੰਗਰੇਜ਼ੀ ਫੌਜ ਦੇ ਇੱਕ ਕਰਨਲ ਲਾਈਨਜ਼ ਫਰਜੰਦੋ ਨੇ ਸਿੱਖ ਕਿਰਦਾਰ ਬਾਰੇ ਇੱਕ ਸੱਜਣ ਨੂੰ ਦੱਸਿਆ ਸੀ ਕਿ 1981 ਵਿੱਚ ਇੱਕ ਵਾਰ ਸਰਦੀ ਦੇ ਮੌਸਮ ਵਿੱਚ ਮੈਂ ਰੇਲਗੱਡੀ ‘ਤੇ ਸ੍ਰੀ ਅੰਮ੍ਰਿਤਸਰ ਗਿਆ ਸਾਂ। ਰਾਤ ਨੂੰ ਖੂਬ ਠੰਡ ਹੋ ਗਈ। ਮੇਰੇ ਨਾਲ ਦੀ ਸੀਟ ‘ਤੇ ਇੱਕ ਪੇਂਡੂ ਸਿੱਖ ਬੈਠਾ ਸੀ। ਉਹਨੇ ਆਪਣਾ ਕੰਬਲ ਮੈਨੂੰ ਪੇਸ਼ ਕੀਤਾ। ਪਰ ਮੈਂ, ਇਹ ਸੋਚ ਕੇ ਕਿ ਉਹ ਆਪ ਸਾਰੀ ਰਾਤ ਪਾਲੇ ਵਿੱਚ ਬੈਠਾ ਰਹੇਗਾ, ਨਾਂਹ ਕਰ
ਦਿੱਤੀ। ਜਦੋਂ ਮੈਨੂੰ ਨੀਂਦ ਆ ਗਈ ਤਾਂ ਉਹਨੇ ਆਪਣਾ ਕੰਬਲ ਮੇਰੇ ਉਤੇ ਪਾ ਦਿੱਤਾ। ਸਵੇਰੇ ਜਾਗਿਆ ਤਾਂ ਨਾਲ ਵਾਲਾ ਸਰਦਾਰ ਬੈਠਾ ਮੁਸਕਰਾ ਰਿਹਾ ਸੀ। ਇਹ ਵੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਇਨ੍ਹਾਂ ਲੋਕਾਂ ਵਿੱਚ ਦੂਜਿਆਂ ਲਈ ਹਮਦਰਦੀ ਕੁਟ-ਕੁਟ ਕੇ ਭਰੀ ਹੋਈ ਹੈ।
ਇਸ ਘਟਨਾ ਤੋਂ ਮੈਂ ਬੜਾ ਪ੍ਰਭਾਵਤ ਹੋਇਆ। ਅੰਮ੍ਰਿਤਸਰ ਪਹੁੰਚ ਕੇ ਮੈਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਿਆ। ਉਥੋਂ ਦੇ ਪ੍ਰਬੰਧਕਾਂ ਨੇ ਮੇਰਾ ਬਹੁਤ ਸਤਿਕਾਰ ਕੀਤਾ। ਹਰਿਮੰਦਰ ਸਾਹਿਬ ਵਿੱਚ ਮੈਂ ਗੁਰਬਾਣੀ ਦਾ ਕੀਰਤਨ ਸੁਣਿਆ। ਫਿਰ ਮੈਨੂੰ ਲੰਗਰ ਛਕਾਇਆ ਗਿਆ ਤੇ ਰਾਤ ਰਹਿਣ ਨੂੰ ਕਮਰਾ ਦਿੱਤਾ। ਗਿਆ। ਦਰਬਾਰ ਸਾਹਿਬ ਵਿੱਚ ਮੇਰੇ ਨਾਲ ਕੀਤੇ ਪ੍ਰਾਹੁਣਚਾਰੀ ਦੇ ਸਲੂਕ ਤੋਂ ਵੀ ਮੈਂ ਬਹੁਤ ਪ੍ਰਭਾਵਤ ਹੋਇਆ।’
ਆਉ! ਅਸੀਂ ਆਪਣੇ ਮਨਾਂ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਕੀ ਅਸੀਂ ਦਸਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਉਹੀ ਸਿੱਖ ਹਾਂ ਜਿਨ੍ਹਾਂ ਬਾਰੇ ਵਿਦੇਸ਼ੀ ਲੁਟੇਰਿਆਂ, ਇਤਿਹਾਸਕਾਰਾਂ ਅਤੇ ਸ਼ਾਸਕਾਂ ਨੇ ਸਿੱਖੀ ਕਿਰਦਾਰ ਅਤੇ ਸੁਨਹਿਰੀ ਕਾਰਨਾਮਿਆਂ ਦਾ ਵਰਨਣ ਕੀਤਾ ਹੈ? ਕੀ ਅਸੀਂ ਸਿੱਖੀ ਕਿਰਦਾਰ ਅਤੇ ਗੁਰੂ ਸਾਹਿਬਾਨ ਵੱਲੋਂ ਦੱਸੇ ਮਾਰਗ ਤੋਂ ਭਟਕ ਤਾਂ ਨਹੀਂ ਗਏ?
ਸ. ਬਖਸ਼ੀਸ਼ ਸਿੰਘ ਰਾਮਪੁਰਾ
