
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਬਾਰੇ ਕੁਝ ਆਦੇਸ਼ ਜਾਰੀ ਕਰਨ ਤੋਂ ਬਾਅਦ ਸਿੱਖ ਪੰਥ ਦੇ ਦੋ ਮਹਾਨ ਤਖਤਾਂ ਦੇ ਪ੍ਰਬੰਧਕਾਂ ਵਿਚਕਾਰ ਮੌਜੂਦਾ ਤਣਾਅ ਵਾਲੇ ਹਾਲਾਤ ਬਣਨ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਪੰਥ ਅੰਦਰ ਤਖ਼ਤ ਸਾਹਿਬਾਨ ਦੀ ਇਤਿਹਾਸਕ ਤੇ ਸਿਧਾਂਤਕ ਮਹਾਨਤਾ ਬਹੁਤ ਵੱਡੀ ਹੈ, ਜਿਸ ਦੇ ਮੱਦੇਨਜ਼ਰ ਇਨ੍ਹਾਂ ਦੇ ਸਤਿਕਾਰ ਨੂੰ ਬਰਕਰਾਰ ਰੱਖਣਾ ਕੌਮ ਦੀ ਵੱਡੀ ਜ਼ੁੰਮੇਵਾਰੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਲੰਘੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੁਆਰਾ ਕੀਤੇ ਗਏ ਫੈਸਲਿਆਂ ਬਾਅਦ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਾਰੀ ਕੀਤੇ ਆਦੇਸ਼ ਨਾਲ ਕੌਮ ਅੰਦਰ ਚੰਗਾ ਸੁਨੇਹਾ ਨਹੀਂ ਗਿਆ।
ਉਨ੍ਹਾਂ ਕਿਹਾ ਕਿ ਪੰਥਕ ਸੰਸਥਾਵਾਂ ਅਤੇ ਪੰਥਕ ਮਸਲਿਆਂ ਨੂੰ ਸੰਜੀਦਗੀ ਨਾਲ ਹੀ ਹੱਲ ਕਰਨਾ ਚਾਹੀਦਾ ਹੈ ਅਤੇ ਇਸ ਲਈ ਆਪਸੀ ਵਿਚਾਰ-ਵਟਾਂਦਰੇ ਦਾ ਰਾਹ ਹੀ ਬਿਹਤਰ ਰਸਤਾ ਹੈ। ਉਨ੍ਹਾਂ ਆਖਿਆ ਕਿ ਕੌਮ ਦੀਆਂ ਸੰਸਥਾਵਾਂ ਅਤੇ ਤਖ਼ਤ ਸਾਹਿਬਾਨ ਤੋਂ ਪੂਰਾ ਸਿੱਖ ਜਗਤ ਪ੍ਰੇਰਣਾ ਲੈਂਦਾ ਹੈ, ਪ੍ਰੰਤੂ ਅਜਿਹੇ ਆਪਸੀ ਟਕਰਾਅ ਵਾਲੇ ਮਾਹੌਲ ਨਾਲ ਕੌਮ ਅੰਦਰ ਦੁਬਿਧਾ ਬਣੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਮਾਂ ਕੌਮ ਲਈ ਬੇਹੱਦ ਸੰਜੀਦਾ ਅਤੇ ਚੁਣੌਤੀਆਂ ਭਰਪੂਰ ਹੈ, ਜਿਸ ਨੂੰ ਵੇਖਦਿਆਂ ਸਿੱਖ ਸੰਸਥਾਵਾਂ ਨੂੰ ਇਕਜੁਟਤਾ ਨਾਲ ਅੱਗੇ ਵਧਣਾ ਪਵੇਗਾ। ਉਨ੍ਹਾਂ ਆਖਿਆ ਕਿ ਮੌਜੂਦਾ ਮਾਮਲੇ ਪ੍ਰਤੀ ਸਿੱਖ ਪ੍ਰੰਪਰਾਵਾਂ, ਸਿਧਾਂਤਾਂ ਅਤੇ ਸਰਬਉੱਚ ਸੰਸਥਾਵਾਂ ਦੇ ਵਕਾਰ ਨੂੰ ਬਰਕਰਾਰ ਰੱਖਣ ਦੇ ਯਤਨ ਵੱਲ ਵਧਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਉਹ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਸੰਸਥਾਗਤ ਤੌਰ ’ਤੇ ਅਤੇ ਸਿੱਖ ਪੰਥ ਦਾ ਅੰਗ ਹੋਣ ਕਰਕੇ ਨਿੱਜੀ ਤੌਰ ’ਤੇ ਯਤਨ ਕਰਨਗੇ ਕਿ ਇਹ ਮਸਲਾ ਜਲਦ ਹੱਲ ਹੋਵੇ।